ਨਵੀਂ ਰਜਾਈ

by Sandeep Kaur

ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ।
ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ ਲਈ ਰੱਖੀਆਂ ਸਨ। ਪੰਦਰਾਂ ਸਾਲ ਦੇ ਜੌੜੇ ਮੁੰਡੇ ਇੱਕ ਰਜਾਈ ਵਿੱਚ ਪੈਂਦੇ ਸਨ। ਸਭ ਤੋਂ ਛੋਟਾ ਦਸ ਸਾਲ ਦਾ ਕੁਲਦੀਪ ਆਪਣੀ ਅਠਾਰਾਂ ਸਾਲ ਦੀ ਭੈਣ ਸੀਬੋ ਨਾਲ ਪੈਂਦਾ ਸੀ। ਕੁਲਦੀਪ ਹਰ ਰੋਜ ਜਿੱਦ ਕਰਿਆ ਕਰਦਾ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ, ਉਹ ਔਖਾ ਹੁੰਦਾ ਏ। ਭੈਣ ਨਿੱਤ ਆਪਣੇ ਵੀਰ ਨੂੰ ਪਿਆਰ ਕਰਕੇ ਅਤੇ ਉਸ ਦੇ ਕੰਨ ਵਿੱਚ ਕੁਝ ਕਹਿਕੇ ਨਾਲ ਪਾ ਲਿਆ ਕਰਦੀ ਸੀ।
ਅੱਜ ਦੀਪਾ ਆਪਣੀ ਜਿੱਦ ਉੱਤੇ ਅੜ ਹੀ ਗਿਆ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ। ਵੱਡੇ ਮੁੰਡੇ ਜਵਾਨ ਸਨ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੁੜੀ ਨਾਲ ਪਾਉਣਾ ਯੋਗ ਨਹੀਂ ਸੀ। ਬਚਨੀ ਰੋਜ਼ ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਗਈ ਸੀ। ਅੱਜ ਉਹ ਦੀਪੇ ਦੇ ਦੋ ਚਾਰ ਲਾ ਦੇਣਾ ਚਾਹੁੰਦੀ ਸੀ।
‘‘ਤੂੰ ਰੋਜ਼ ਔਖਾ ਹੋਣ ਦਾ ਰੌਲਾ ਪਾਉਂਦਾ ਰਹਿੰਣੈ, ਆਸਲ ਗੱਲ ਕੀ ਐ? ਮਾਂ ਨੇ ਦੀਪੇ ਤੋਂ ਪੁੱਛਿਆ।
ਮੁੰਡੇ ਨੇ ਭੈਣ ਵਲ ਵੇਖਿਆ। ਕੁੜੀ ਨੇ ਉਸ ਨੂੰ ਅੱਖਾਂ ਨਾਲ ਘੂਰਿਆ ਅਤੇ ਚੁੱਪ ਰਹਿਣ ਲਈ ਥੱਪੜ ਦਾ ਡਰਾਵਾ ਵੀ ਵਿਖਾਇਆ। “ਬੇਬੇ ਭੈਣ ਮੈਨੂੰ ਦੱਬਕੇ ਨਾਲ ਘੱਟ ਲੈਂਦੀ ਐ, ਕਿਨਾ ਚਿਰ ਫਿਰ ਛੱਡਦੀ ਨੀ, ਮੈਂ ਔਖਾ ਹੋ ਜਾਨਾ।’’ ਕੁੜੀ ਨੇ ਸ਼ਰਮ ਦੇ ਮਾਰੇ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਸਨ। ਦੂਜੇ ਦਿਨ ਪੁਰਾਣੀਆਂ ਰਜਾਈਆਂ ਵਰਗੀ ਘਰ ਵਿੱਚ ਇੱਕ ਨਵੀਂ ਰਜਾਈ ਆ ਗਈ ਸੀ।

You may also like