ਮੋਰਾਂ ਦਾ ਮਹਾਰਾਜਾ

by admin

ਮੋਰਾਂ ਦਾ ਮਹਾਰਾਜਾ ਪੜਨ ਤੋਂ ਪਹਿਲਾਂ ਕਈ ਤਰਾਂ ਦੇ ਖਿਆਲ ਦਿਲ ਵਿੱਚ ਆਉਂਦੇ ਰਹਿੰਦੇ ਸਨ ਕਿ ਕਿਹੋ ਜਿਹੀ ਕਿਤਾਬ ਹੋਊ ਯਾਰ । ਅਕਸਰ ਏਦਾਂ ਹੁੰਦਾ ਏ ਕਿ ਜਿਸ ਕਿਤਾਬ ਦੀ ਸਿਫਾਰਿਸ਼ ਜਿਆਦਾ ਹੁੰਦੀ ਏ ਉਹਨੂੰ ਪੜ੍ਹਕੇ ਐਨਾ ਸੁਆਦ ਨਹੀੰ ਆਉੰਦਾ ਹੁੰਦਾ ਕਿਉਂਕਿ ਗੱਲਾਂ ਸੁਣ ਸੁਣ ਕੇ ਅਸੀੰ ਉਸ ਬਾਰੇ ਕਿਆਸ  ਬਹੁਤ ਲਾ ਲੈੰਦੇ ਹਾਂ ਪਰ ਅਸਲ ‘ਚ ਉਹ ਐਨੇ ਜੋਗੀ ਹੁੰਦੀ ਨਹੀੰ । ਪਰ ਮੋਰਾਂ ਦਾ ਮਹਾਰਾਜਾ ਪੜਨ ਤੋੰ ਬਾਅਦ ਉਹ ਭੁਲੇਖਾ ਬਿਲਕੁਲ ਹੀ ਦੂਰ ਹੋ ਗਿਆ । ਪੜ੍ਹਕੇ ਜਿੰਨਾ ਆਨੰਦ ਆਇਆ ਉਸਨੂੰ ਮੈਂ ਬਿਆਨ ਨਹੀੰ ਕਰ ਸਕਦਾ । ਕਿਤਾਬ ਵਿੱਚ ਕਈ ਤੱਥਾਂ ਨੂੰ ਉਘਾੜਿਆ ਗਿਆ ਹੈ ਜਿੰਨਾਂ ਬਾਰੇ ਜਾਂ ਤਾਂ ਇਤਿਹਾਸਕਾਰਾਂ ਨੂੰ ਗਿਆਨ ਨਹੀੰ ਸੀ ਜਾਂ ਫਿਰ ਉਹ ਉਸਨੂੰ ਸਾਹਮਣੇ ਲਿਆਉਣ ਤੋਂ ਆਨਾ ਕਾਨੀ ਕਰਦੇ ਰਹੇ । ਜਿੰਨਾਂ ਵਿੱਚੋਂ ਇੱਕ ਘਟਨਾ ਅਕਾਲੀ ਫੂਲਾ ਸਿੰਘ ਵੱਲੋੰ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਬੁਲਾਕੇ ਤਨਖਾਹੀਆ ਕਰਾਰ ਦੇਣਾ  ਅਤੇ ਸੌ ਕੋੜਿਆਂ ਦੀ ਸਜਾ ਦੇਣਾ ਸੀ ।

ਮੋਰਾਂ ਅਤੇ ਮਹਾਰਾਜੇ ਦੇ ਇਸ਼ਕੀਆ ਸੰਬੰਧ ਅਤੇ ਗੁਲ ਬੇਗਮ ਦੇ ਆਉਣ ਤੋਂ ਬਾਅਦ ਮੋਰਾਂ ਨਾਲੋੰ ਤੋੜ ਵਿਛੋੜਾ ਅਤੇ ਗੁਲ ਬੇਗਮ ਨਾਲ ਇਸ਼ਕ ਦੀਆਂ ਪੀਘਾਂ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਬਿਆਨ ਕੀਤਾ ਹੈ ਲੇਖਕ ਨੇ । ਇਸ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਏ ਕਿ ਮਹਾਰਾਜੇ ਦੀ ਸ਼ਖਸ਼ੀਅਤ ਇੱਕ ਹਾਕਮ ਅਤੇ ਇੱਕ ਇਨਸਾਨ ਦੇ ਰੂਪ ਵਿੱਚ ਵੱਖੋ ਵੱਖਰੀ ਸੀ । ਇਸ ਕਿਤਾਬ ਵਿਚਲੀਆਂ ਦੋ ਕਹਾਣੀਆਂ ‘ਲੇਡੀ ਗੌਡੀਵਾ ਦਾ ਨੰਗਾ ਸੱਚ’ ਅਤੇ ‘ਬੇਲਿਬਾਸ ਮੁਹੱਬਤ’ ਮੇਰੇ ਲਈ ਨਵਾਂ ਵਿਸ਼ਾ ਅਤੇ ਨਵੇੰ ਪਾਤਰ ਸਨ । ਹੁਣ ਮੈਂ ਉਹਨਾਂ ਪਾਤਰਾਂ ਦੀ ਸ਼ਖਸ਼ੀਅਤ ਨੂੰ ਜਾਂ ਲਿਖਣ ਪ੍ਰਕਿਰਿਆ ਨੂੰ ਸਲਾਮ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਕਾਰਨਾਂ ਕਰਕੇ ਕੀਲਿਆ ਗਿਆ ਤੇ ਇਹਨਾਂ ਦੋਹਾਂ ਕਹਾਣੀਆਂ ਨੂੰ ਆਪਣੇ ਜਿਹਨ ‘ਚੋਂ ਕੱਢ ਨਹੀਂ ਪਾ ਰਿਹਾ । ਬੜੇ ਲੰਮੇ ਸਮੇਂ ਬਾਅਦ ਮੰਟੋ ਦੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਪੜਨ ਨੂੰ ਮਿਲੀਆਂ ।

ਧੰਨਵਾਦ ਲੇਖਕ ਬਲਰਾਜ ਸਿੱਧੂ ਜੀ ਦਾ ਇਹ ਸ਼ਾਨਦਾਰ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਦੇਣ ਲਈ ।

You may also like