ਨਾਮ ਸਿਮਰਨ ਬਾਰੇ ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਤ੍ਰਿਲੋਚਨ ਜੀ ਨਾਮਦੇਵ ਜੀ ਨੂੰ ਕਹਿੰਦੇ ਹਨ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਠੇਕਦਾ ਭਾਵ ਰੰਗਦਾ ਰਹੇਂਗਾ!
ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਫੁਰਮਾਂਦੇ ਹਨ –
ਨਾਮਾ ਕਹਿ ਤਿਲੋਚਨਾ ਮੁਖਿ ਤੇ ਰਾਮੁ ਸੰਮਾਲਿ॥ ਹਾਥ ਪਾਉਂ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ॥ (1375)
ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਰ ਵੀ ਉਦਾਹਰਣਾਂ ਦਿੰਦੇ ਹਨ ਕਿ ਨਾਮ ਕਿਵੇਂ ਜਪਣਾ ਹੈ –
ਆਨੀਲੇ ਕਾਗਦੁ ਕਾਟੀ ਲੇ ਗੂਡੀ ਆਕਾਸ ਮਧੇ ਭਰਮੀਅਲੇ॥
ਪੰਚ ਜਨਾ ਸਿਉਂ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ ੧॥
ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥੧॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
ਪੰਜ ਉਦਾਹਰਣਾਂ ਦੇ ਕੇ ਨਾਮ ਜਾਪ ਵਿਧੀ ਦਰਸਾਉਂਦੇ ਹਨ –
ਜਿਵੇਂ ਬੱਚੇ ਅਕਾਸ਼ ਵਿਖੇ ਪਤੰਗ ਉਡਾਉਂਦੇ ਹਨ ਪਰ ਆਪਣਾ ਸਾਰਾ ਧਿਆਨ ਡੋਰ ਵਿਖੇ ਰੱਖਦੇ ਹਨ ਕਿ ਕਿਤੇ ਡੋਰ ਕੱਟੀ ਨਾ ਜਾਵੇ
ਜਿਵੇਂ ਸੁਨਾਰ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ ਪਰ ਆਪਣਾ ਧਿਆਨ ਘਾੜਤ ਵੱਲ ਰੱਖਦਾ ਹੈ
ਖੂਹ ਤੋਂ ਪਾਣੀ ਭਰ ਕੇ ਲਿਆ ਰਹੀਆਂ ਕੁੜੀਆਂ ਆਪਸ ਵਿੱਚ ਹੱਸਦੀਆਂ ਖੇਡਦੀਆਂ ਵੀ ਹਨ ਪਰ ਆਪਣਾ ਸਾਰਾ ਧਿਆਨ ਪਾਣੀ ਦਿਆਂ ਘੜਿਆਂ ਜਾਂ ਗਾਗਰਾਂ ਵੱਲ ਰੱਖਦੀਆਂ ਹਨ
ਜਿਵੇਂ ਪੰਜ ਕੋਹ ਦੂਰ ਚਰਦੀ ਹੋਈ ਗਊ ਆਪਣਾ ਸਾਰਾ ਧਿਆਨ ਆਪਣੇ ਵੱਛੇ ਵੱਲ ਰੱਖਦੀ ਹੈ
ਜਿਵੇਂ ਛੋਟੇ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਮਾਂ ਘਰ ਦੇ ਸਾਰੇ ਕੰਮ ਵੀ ਕਰਦੀ ਹੈ ਪਰ ਚਿੱਤ ਬੱਚੇ ਵੱਲ ਰੱਖਦੀ ਹੈ ਭਾਵ ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ, ਸੁਨਾਰ ਦਾ ਘਾੜਤ ਵੱਲ, ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ, ਗਊ ਦਾ ਵੱਛੇ ਵੱਲ ਅਤੇ ਮਾਂ ਦਾ ਪੰਗੂੜੇ ਪਏ ਬੱਚੇ ਵੱਲ ਹੁੰਦਾ ਹੈ ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਨਾਮ ਹੀ ਸਿਮਰਨ ਹੈ।