ਸੂਫ਼ੀ ਫ਼ਕੀਰ ਹੋਈ ਹੈ, ਰਾਬਿਆ । ਉਸਦੇ ਘਰ ਇਕ ਮਹਿਮਾਨ ਆਇਆ, ਫ਼ਕੀਰ ਹਸਨ । ਸਵੇਰ ਸੀ, ਹਸਨ ਬਾਹਰ ਆਇਆ । ਬੜੀ ਸੋਹਣੀ ਸਵੇਰ । ਸੂਰਜ ਉੱਗ ਰਿਹਾ ਸੀ, ਪੰਛੀ ਗੀਤ ਗਾ ਰਹੇ ਸੀ, ਹਰੇ-ਭਰੇ ਰੁੱਖ ਤੇ ਰੁੱਖਾਂ ‘ਤੇ ਫੁੱਲ ਖਿੜੇ ਹੋਏ ਸਨ ਤੇ ਅਕਾਸ਼ ‘ਤੇ ਮਨਮੋਹਣੇ ਰੰਗ ਬਿਖਰੇ ਹੋਏ ਸਨ, ਅਜਿਹੀ ਪਿਆਰੀ ਸਵੇਰ ਤੇ ਰਾਬਿਆ ਅਜੇ ਵੀ ਝੋਪੜੇ ‘ਚ ਸੀ, ਤਾਂ ਹਸਨ ਨੇ ਅਵਾਜ਼ ਦਿੱਤੀ, ਰਾਬਿਆ, ਪਾਗਲ ਰਾਬਿਆ, ਅੰਦਰ ਤੂੰ ਕੀ ਕਰ ਰਹੀ ਏਂ, ਬਾਹਰ ਆ । ਆ ਵੇਖ, ਰੱਬ ਨੇ ਕਿੰਨੀ ਸੋਹਣੀ ਸਵੇਰ ਰਚੀ ਏ । ਤੇ ਰਾਬਿਆ ਖਿੜ-ਖਿੜਾ ਕੇ ਹੱਸੀ, ਉਸਦਾ ਹਾਸਾ ਸੁਣੋ, ਜੇ ਸੁਣਾਈ ਪੈ ਜਾਵੇ, ਤੁਹਾਡੀ ਜਿੰਦਗੀ ਬਦਲ ਜਾਵੇਗੀ । ਰਾਬਿਆ ਖਿੜ-ਖਿੜਾ ਕੇ ਹੱਸੀ ਤਾਂ ਹਸਨ ਚੌਂਕ ਗਿਆ, ਹਾਸਾ ਉਸਦਾ ਬੜਾ ਡਰਾਵਣਾ ਸੀ । ਅਤੇ ਉਸਨੇ ਕਿਹਾ, ਪਾਗਲ ਹਸਨ, ਤੂੰ ਹੀ ਅੰਦਰ ਆ । ਮੈਨੂੰ ਪਤਾ ਹੈ ਕਿ ਸਵੇਰ ਸੁੰਦਰ ਹੈ । ਮੈਂ ਬਹੁਤ ਸਵੇਰਾਂ ਵੇਖੀਆਂ ਨੇ । ਉਸਦੀ ਕੁਦਰਤ ਬੜੀ ਪਿਆਰੀ ਹੈ । ਉਸਦੀ ਕਾਇਨਾਤ ਬੜੀ ਅਦਭੁੱਤ ਹੈ, ਅਲੋਕਿਕ ਹੈ, ਪਰ ਜਿਸਨੇ ਉਸਨੂੰ ਵੇਖ ਲਿਆ, ਉਸਦੇ ਲਈ ਇਹ ਕੁਦਰਤ ਫਿਰ ਬੜੀ ਫਿੱਕੀ ਹੋ ਜਾਂਦੀ ਹੈ । ਤੂੰ ਚਿੱਤਰ ਵੇਖ ਰਿਹਾ ਏਂ, ਪਰ ਮੈਂ ਚਿੱਤਰਕਾਰ ਨੂੰ ਵੇਖ ਰਹੀ ਹਾਂ । ਤੂੰ ਕਵਿਤਾ ਸੁਣ ਰਿਹਾ ਏਂ, ਤੇ ਮੈਂ ਕਵੀ ਦੇ ਰੂ-ਬ-ਰੂ ਖੜੀ ਹਾਂ । ਤੂੰ ਗੂੰਜ ਸੁਣ ਰਿਹਾ ਏਂ, ਮੈਂ ਮੂਲ ਸਰੌਤ ਨੂੰ ਸੁਣ ਰਹੀ ਹਾਂ । ਮੈਂ ਅੰਦਰ ਉਸ ਮਾਲਕ ਨੂੰ ਵੇਖ ਰਹੀ ਹਾਂ, ਜਿਸਨੇ ਬਾਹਰ ਦੀ ਸਵੇਰ ਬਣਾਈ ਏ ।
ਜਿਸਨੇ ਅੰਦਰ ਛੁਪੇ ਮਾਲਕ ਨੂੰ ਵੇਖ ਲਿਆ, ਉਸਨੂੰ ਸਭ ਮੰਦਰ ਮਿਲ ਗਏ, ਮਸਜਿਦਾਂ ਮਿਲ ਗਈਆਂ । ਫਿਰ ਤੁਸੀਂ ਜਿੱਥੇ ਹੋ, ਓਹੀ ਮੰਦਰ ਹੈ, ਓਹੀ ਮਸਜਿਦ ।
ਤੁਸੀਂ ਜਿੱਥੇ ਹੋ, ਓਹੀ ਮੰਦਰ ਹੈ
1.1K
previous post