ਸਾਡੇ ਪਿੰਡ ਦਾ ਬੱਸ ਅੱਡਾ
ਤਾਂ ਮੇਨ ਰੋਡ ਤੇ ਸਥਿਤ ਹੈ ਪਰ ਪਿੰਡ ਮੇਨ ਰੋਡ ਤੋਂ ਥੋੜ੍ਹਾ ਹਟ ਕੇ ਹੈ।ਜਿਸ ਕਰਕੇ ਪਿੰਡ ਦੇ ਅੰਦਰ ਜਾਣ ਲਈ ਲਈ ਲੱਗਪਗ ਇਕ ਡੇਢ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ। ਮਈ ਦੀ ਤਿੱਖੀ ਧੁੱਪ ਚ’ ਕਾਲਜ ਤੋ ਘਰ ਆਉਂਦਿਆਂ ਪਿੰਡ ਦੀਆ ਦੋ ਅੱਧਖੜ੍ਹ ਉਮਰ ਦੀਆ ਔਰਤਾਂ ਨੂੰ ਆਪਣੇ ਨਾਲ਼ ਬੱਸ ਵਿੱਚੋ ਉਤਰਦਿਆਂ ਦੇਖ ਮਨ ਨੂੰ ਤਸੱਲੀ ਹੋਈ ਕਿ ਚਲੋ ਇਹਨਾ ਨਾਲ ਗੱਲਬਾਤੀ ਵਾਟ ਛੇਤੀ ਨਿਬੜੇਗੀ।ਮੇਰੇ ‘ਸਤਿ ਸ਼੍ਰੀ ਅਕਾਲ ‘ਦਾ ਜਵਾਬ ਦੇਣ ਉਪਰੰਤ ਓਹ ਔਰਤਾਂ ਆਪਣੀਆ ਹੀ ਗੱਲਾਂ ਮਾਰਦੀਆ ਮੇਰੇ ਅੱਗੇ ਤੁਰ ਰਹੀਆ ਸਨ। ਮੈ ਵੀ ਓਹਨਾ ਦੀਆ ਕੁਝ ਗੱਲਾ ਨੂੰ ਸੁਣਦੀ ਤੇ ਕੁਝ ਗੱਲਾਂ ਨੂੰ ਅਣਸੁਣਿਆ ਕਰਦੀ ਓਹਨਾ ਦੇ ਮਗਰ ਹੀ ਤੁਰੀ ਆ ਰਹੀ ਸੀ।
ਹਲੇ ਥੋੜ੍ਹੀ ਵਾਟ ਹੀ ਤੁਰੀਆ ਸਾਂ ਅਚਾਨਕ ਰਾਹ ਵਿੱਚ ਟਰੈਕਟਰ ਆਉਂਦਾ ਦੇਖ ਓਹਨਾ ਵਿੱਚੋ ਇਕ ਔਰਤ ਨੇ ਨਵੀਂ ਗੱਲ ਸ਼ੁਰੂ ਕੀਤੀ।
” ਇਹ ਸੱਚ ਤੈਨੂੰ ਪਤਾ..ਓਹ ਆਪਣੇ ਪਿੰਡ ਦੀ ਕਰਤਾਰੀ ਦੀ ਪੋਤੀ ਟਰੈਕਟਰ ਚਲਾਦੀ ਆ”
“ਆਹੋ ਭੈਣੇ ਸਾਡੇ ਦੀਸ਼ੇ ਨੇ ਵੀ ਦੇਖੀ ਸੀ ਕੱਲ..ਦੂਜੀ ਔਰਤ ਨੇ ਗੱਲ ਦਾ ਜਵਾਬ ਦਿੰਦਿਆਂ ਕਿਹਾ”
“ਔਹਦੀ ਮਾਂ ਦਾ ਤਾਂ ਡਮਾਕ ਹੀ ਖਰਾਬ ਆ….ਜਬਾਨ ਧੀ ਨੂੰ ਚੁੱਲ੍ਹਾ ਚੌਂਕਾ ਸਿਖਾਉਣ ਦੇ ਵਜਾਏ ਕਿਹੜੇ ਚਾਟੇ ਲਾਂਦੀ ਆ ਭਲਾ ਇਹ ਟਰੈਕਟਰ ਟਰੁਕਟਰ ਵੀ ਕੁੜੀਆ ਚਿੜੀਆਂ ਦੇ ਬਸ ਦੀ ਗੱਲ ਆ..ਰਾਮ ਨਾਲ ਚੰਗਾ ਰਿਸ਼ਤਾ ਦੇਖ ਹੱਥ ਪੀਲੇ ਕਰੇ ਔਹਦੇ”
“ਆਦਮੀ ਤਾਂ ਔਹਦਾ ਬਾਹਰਲੇ ਮੁਲਖ ਆ ਦਾਦੇਮਾਗਾਉਣਾ ਵੀਹਾਂ ਸਾਲਾਂ ਤੋਂ.. ਤੀਮੀ ਲੋਕਾ ਤੋ ਕੇਹੰਦੀੰ ਫਿਰਦੀ ਆ ਮੇਰੀਆ ਧੀਆਂ ਮੇਰੇ ਪੁੱਤ ਹੀ ਆ”
“ਲੈ ਦੱਸ… ਭਲਾ ਅੰਬਾ ਦੀ ਭੁੱਖ ਵੀ ਕਦੇ ਅੰਬਾਖੜੀਆ ਨਾਲ ਪੂਰੀ ਹੋਈ ਆ”
“ਹੈਥੇ ਟਰੈਕਟਰ ਚਲਾਂਦੀ ਜਦੋਂ ਸੱਟ ਚੋਟ ਖਾਊ ਫੇਰ ਪਤਾ ਲੱਗੂ” ਇੰਨੀ ਗੱਲ ਕਹਿਣ ਤੇ ਓਹ ਦੋਵੇਂ ਔਰਤਾਂ ਹੱਸਣ ਲੈੱਗੀਆ”
ਓਹਨਾ ਦੋਵਾਂ ਔਰਤਾਂ ਦੀ ਗੱਲ ਸੁਣ ਮਨ ਨੂੰ ਥੋੜ੍ਹਾ ਧੱਕਾ ਲੱਗਿਆ ਕਿ ਦਿਲ ਕਰੇ ਇਹਨਾ ਨੂੰ ਦੱਸਾ ਕਿ ਆਂਟੀ ਤੁਹਾਨੂੰ ਪਤਾ ਵੀ ਹੈ ਕਿ ਅੱਜ ਸਭ ਤੋਂ ਜਿਆਦਾ ਪਾਇਲਟ ਕੁੜੀਆ ਆਪਣੇ ਦੇਸ਼ ਦੀਆ ਹਨ। ਜੇਕਰ ਕੋਈ ਕੁੜੀ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਮਾ ਬਾਪ ਦਾ ਵਟਾਉਣਾ ਚਾਹੁੰਦੀ ਹੈ ਤਾਂ ਇਹਦੇ ਚ ਗਲਤ ਵੀ ਕੀ ਹੈ..?ਪਰ ਮੈਨੂੰ ਓਹਨਾ ਦੇ ਆਪਣੇ ਤੋ ਉਮਰ ਵਡੇਰੀ ਕਰਕੇ ਉਲਝਣਾਂ ਠੀਕ ਨਹੀਂ ਲੱਗਿਆ ।
ਪਰ ਦੁੱਖ ਹੁੰਦਾ ਹੈ ਕਿ ਅੱਜ 21 ਸਦੀ ਵਿੱਚ ਵੀ ਲੋਕ ਨੂੰ ਮੁੰਡਿਆ ਦੇ ਬਰਾਬਰ ਦਰਜ਼ਾ ਦੇਣ ਤੋ ਗੁਰੇਜ਼ ਕਰਦੇ ਹਨ। ਜਦ ਤਕ ਸਾਡੇ ਸਮਾਜ ਵਿੱਚ ਔਰਤਾਂ ਹੀ ਅਜਿਹੀ ਸੋਚ ਰੱਖਣਗੀਆਂ ਤਦ ਤੱਕ ਸਮਾਜ ਔਰਤਾਂ ਨੂੰ ਮਰਦਾਂ ਨਾਲੋਂ ਛੋਟੀ ਤੇ ਕਮਜ਼ੋਰ ਹੀ ਸਮਝੇਗਾ।
ਇਸ ਲਈ ਸਾਡੇ ਸਮਾਜ ਵਿਚੋਂ ਇਹ ਵਹਿਮ ਦੂਰ ਕਰਨਾ ਬਹੁਤ ਹੀ ਜਰੂਰੀ ਹੈ, ਕਿ ਜੋ ਕੰਮ ਸਿਰਫ਼ ਮਰਦਾ ਦੇ ਹਨ ਓਹ ਸਿਰਫ ਮਰਦ ਹੀ ਕਰ ਸਕਦੇ ਹਨ, ਔਰਤਾਂ ਦਾ ਕੰਮ ਸਿਰਫ ਚੁਲ੍ਹਾ ਚੋਕਾਂ ਜਾ ਬੱਚੇ ਸੰਭਾਲਣਾ ਹੀ ਨਹੀਂ ਹੁੰਦਾ।
ਦੋਵੇਂ ਔਰਤਾਂ ਮੇਰੇ ਤੋਂ ਅੱਗੇ ਕੋਈ ਨਾ ਕੋਈ ਨਵੀ ਗੱਲ ਸ਼ੁਰੂ ਤੇ ਪੁਰਾਣੀ ਗੱਲ ਖਤਮ ਕਰਦੀਆ ਆਪਣੇ ਆਪਣੇ ਘਰੀ ਜਾ ਵੜੀਆਂ,ਮੈ ਵੀ ਓਹਨਾ ਦੀ ਇਸ ‘ਛੋਟੀ ਸੋਚ ‘ ਤੇ ਵਿਚਾਰ ਕਰਦੀ ਕਦੋਂ ਘਰ ਆ ਪਹੁੰਚੀ ਕੁਝ ਪਤਾ ਹੀ ਨਾ ਲੱਗਾ।
✍️ਪ੍ਰੀਤ
ਛੋਟੀ ਸੋਚ
1.3K
previous post