ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ।
ਇੱਕ ਦਿਨ ਕਾਂ ਉਸ ਦੀ ਖੁੱਡ ਕੋਲ ਗਿਆ ਅਤੇ ਉਸ ਨੇ ਚੂਹੇ ਨੂੰ ਆਵਾਜ਼ ਮਾਰੀ। ਚੂਹੇ ਨੇ ਆਪਣੀ ਖੁੱਡ ਦੇ ਅੰਦਰੋਂ ਹੀ ਕਾਂ ਨੂੰ ਪੁੱਛਿਆ, ‘‘ਤੈਨੂੰ ਮੇਰੇ ਨਾਲ ਕੋਈ ਕੰਮ ਹੈ?’’
ਕਾਂ ਨੇ ਉਸ ਨੂੰ ਕਿਹਾ, ‘‘ਅਸੀਂ ਦੋਵੇਂ ਗੁਆਂਢੀ ਹਾਂ ਅਤੇ ਇੱਕ-ਦੂਜੇ ਲਈ ਚੰਗੇ ਮਿੱਤਰ ਸਿੱਧ ਹੋ ਸਕਦੇ ਹਾਂ।’’
ਇਹ ਸੁਣ ਕੇ ਚੂਹੇ ਨੇ ਕਿਹਾ ਕਿ ਦੋ ਜਣਿਆਂ ਵਿੱਚ ਮਿੱਤਰਤਾ ਦੀ ਪਹਿਲੀ ਸ਼ਰਤ ਇਹ ਹੈ ਕਿ ਇੱਕ ਮਿੱਤਰ ਦਾ ਮੋਹ ਦੂਜੇ ਮਿੱਤਰ ਦੀ ਬਰਬਾਦੀ ਦਾ ਕਾਰਨ ਨਾ ਬਣੇ।
ਕਾਂ ਨੇ ਕਿਹਾ, ‘‘ਹਾਂ, ਮੈਂ ਇਹ ਜਾਣਦਾ ਹਾਂ ਕਿ ਕਾਂ, ਚੂਹੇ ਦਾ ਦੁਸ਼ਮਣ ਹੁੰਦਾ ਹੈ, ਪਰ ਤੇਰੇ ਨਾਲ ਮਿੱਤਰਤਾ ਤੋਂ ਮੈਂ ਸੰਤੁਸ਼ਟੀ ਮਹਿਸੂਸ ਕਰਦਾ ਹਾਂ। ਇਸ ਲਈ ਤੈਨੂੰ ਵਚਨ ਦਿੰਦਾ ਹਾਂ ਕਿ ਮੈਂ ਕਦੇ ਵੀ ਤੇਰਾ ਸ਼ਿਕਾਰ ਨਹੀਂ ਕਰਾਂਗਾ।’’
ਦੋਵਾਂ ਨੇ ਇਸ ਵਿਸ਼ੇ ਸਬੰਧੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਅੰਤ ਚੂਹੇ ਨੂੰ ਕਾਂ ਦੀ ਗੱਲ ਦਾ ਵਿਸ਼ਵਾਸ ਹੋ ਗਿਆ। ਚੂਹਾ ਆਪਣੀ ਖੁੱਡ ਵਿੱਚੋਂ ਬਾਹਰ ਆਇਆ ਅਤੇ ਦੋਵੇਂ ਜਣੇ ਮਿੱਤਰ ਬਣ ਗਏ।
ਸਮਾਂ ਲੰਘਦਾ ਗਿਆ। ਇੱਕ ਦਿਨ ਕਾਂ ਨੇ ਚੂਹੇ ਨੂੰ ਕਿਹਾ, ‘‘ਆਪਾਂ ਇੱਥੇ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਇਸ ਦਾ ਕਾਰਨ ਇਹ ਹੈ ਕਿ ਇੱਥੋਂ ਜ਼ਿਆਦਾਤਰ ਸ਼ਿਕਾਰੀ ਲੰਘਦੇ ਹਨ। ਇਸ ਤੋਂ ਪਹਿਲਾਂ ਮੈਂ ਇੱਕ (ਹਰੇ-ਭਰੇ ਖੇਤਰ) ਵਿੱਚ ਇੱਕ ਝਰਨੇ ਨੇੜੇ ਆਪਣੇ ਇੱਕ ਹੋਰ ਦੋਸਤ ਕੱਛੂ ਕੋਲ ਰਹਿੰਦਾ ਸੀ। ਉਹ ਥਾਂ ਬਹੁਤ ਹੀ ਸ਼ਾਂਤ ਅਤੇ ਚੰਗੀ ਹੈ। ਉਸ ਥਾਂ ’ਤੇ ਸਭਨਾਂ ਲਈ ਭੋਜਨ ਮੌਜੂਦ ਹੈ। ਜੇ ਤੂੰ ਰਾਜ਼ੀ ਹੈਂ ਤਾਂ ਆਪਾਂ ਦੋਵੇਂ ਉੱਥੇ ਚਲਦੇ ਹਾਂ। ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਉੱਥੇ ਸਾਡੇ ਦਿਨ ਚੰਗੇ ਲੰਘਣਗੇ।
ਚੂਹੇ ਨੇ ਕਾਂ ਦੀ ਤਜਵੀਜ਼ ਕਬੂਲ ਕਰ ਲਈ । ਇਸ ਤੋਂ ਬਾਅਦ ਕਾਂ ਨੇ ਚੂਹੇ ਨੂੰ ਇੱਕ ਡੋਲੀ ਵਿੱਚ ਰੱਖ ਕੇ ਉਸ ਨੂੰ ਆਪਣੀ ਚੁੰਝ ਨਾਲ ਫੜਿਆ ਅਤੇ ਉਸ ਝਰਨੇ ਵੱਲ ਉਡਾਨ ਭਰੀ ਜਿੱਥੇ ਕੱਛੂ ਰਹਿੰਦਾ ਸੀ। ਕਾਂ ਨੂੰ ਦੇਖ ਕੇ ਕੱਛੂ ਬਹੁਤ ਖ਼ੁਸ਼ ਹੋਇਆ। ਕਾਂ ਨੇ ਚੂਹੇ ਨਾਲ ਆਪਣੀ ਮਿੱਤਰਤਾ ਅਤੇ ਚੂਹੇ ਦੇ ਤਿਆਗ ਦੀਆਂ ਕੁਝ ਗੱਲਾਂ ਕੱਛੂ ਨੂੰ ਦੱਸੀਆਂ।
ਕੱਛੂ ਬੜਾ ਹੀ ਅਨੁਭਵੀ ਸੀ। ਉਸ ਨੇ ਚੂਹੇ ਦੇ ਤਿਆਗ ਦੀਆਂ ਗੱਲਾਂ ਸੁਣ ਕੇ ਉਸ ਦੀ ਪ੍ਰਸ਼ੰਸਾ ਕੀਤੀ। ਉਹ ਸਾਰੇ ਦੇਰ ਤਕ ਦੋਸਤੀ ਭਰੇ ਵਾਤਾਵਰਨ ਵਿੱਚ ਗੱਲਾਂ ਕਰਦੇ ਰਹੇ। ਇਸ ਵਿਚਾਲੇ ਉਨ੍ਹਾਂ ਨੇ ਦੂਰ ਤੋਂ ਇੱਕ ਬਾਰਾਂਸਿੰਙੇ ਨੂੰ ਆਉਂਦਿਆਂ ਦੇਖਿਆ। ਇਉਂ ਜਾਪਦਾ ਸੀ ਕਿ ਕੋਈ ਸ਼ਿਕਾਰੀ ਉਸ ਦਾ ਪਿੱਛਾ ਕਰ ਰਿਹਾ ਹੈ। ਇਹ ਸਭ ਦੇਖ ਕੇ ਉਹ ਤਿੰਨੋਂ ਬਚਣ ਲਈ ਭੱਜੇ, ਪਰ ਜਦੋਂ ਬਾਰਾਂਸਿੰਙਾ ਉਨ੍ਹਾਂ ਕੋਲ ਪਹੁੰਚਿਆ ਤਾਂ ਉਸ ਨੇ ਥੋੜ੍ਹਾ ਜਿਹਾ ਪਾਣੀ ਪੀਤਾ ਅਤੇ ਸ਼ਾਂਤੀ ਨਾਲ ਉਨ੍ਹਾਂ ਦੇ ਨੇੜੇ ਖੜ ਗਿਆ।
ਹੁਣ ਉਹ ਇਸ ਗੱਲ ਤੋਂ ਸੰਤੁਸ਼ਟ ਹੋ ਗਏ ਕਿ ਕੋਈ ਵੀ ਸ਼ਿਕਾਰੀ ਉਸ ਦਾ ਪਿੱਛਾ ਨਹੀਂ ਕਰ ਰਿਹਾ ਹੈ। ਕੱਛੂ ਨੇ ਬਾਰਾਂਸਿੰਙੇ ਤੋਂ ਪੁੱਛਿਆ, ‘‘ਤੂੰ ਕਿੱਥੋਂ ਆ ਰਿਹਾ ਹੈਂ? ਤੂੰ ਇੰਨਾ ਫ਼ਿਕਰਮੰਦ ਕਿਉਂ ਹੈਂ?’’ ਬਾਰਾਂਸਿੰਙੇ ਨੇ ਕਿਹਾ, ‘‘ਮੈਂ ਕੋਲ ਦੀ ਇੱਕ ਚਰਾਗਾਹ ਵਿੱਚ ਰਹਿੰਦਾ ਹਾਂ। ਅੱਜ ਮੈਂ ਚਰਾਗਾਹ ਕੋਲ ਇੱਕ ਕਾਲੀ ਚੀਜ਼ ਦੇਖੀ। ਇਹ ਸੋਚਦੇ ਹੋਏ ਕਿ ਸ਼ਾਇਦ ਉਹ ਦੁਸ਼ਮਣ ਹੈ ਮੈਂ ਭੱਜ ਖੜ੍ਹਾ ਹੋਇਆ। ਭੱਜਦਾ-ਭੱਜਦਾ ਹੁਣ ਮੈਂ ਇੱਥੇ ਪਹੁੰਚਿਆ ਹਾਂ।’’
ਕੱਛੂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਅਜਿਹਾ ਜਾਨਵਰ ਹੈਂ ਜਿਸ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ। ਅਸੀਂ ਤਿੰਨ ਗੂੜ੍ਹੇ ਮਿੱਤਰ ਹਾਂ ਜੋ ਇਕੱਠੇ ਇੱਥੇ ਰਹਿੰਦੇ ਹਾਂ। ਜੇ ਤੂੰ ਚਾਹੇਂ ਤਾਂ ਚੌਥੇ ਮਿੱਤਰ ਦੇ ਰੂਪ ਵਿੱਚ ਸਾਡੇ ਨਾਲ ਇੱਥੇ ਰਹਿ ਸਕਦਾ ਹੈਂ।’’ ਬਾਰਾਂਸਿੰਙੇ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨਾਲ ਮਿਲ ਕੇ ਰਹਿਣ ਲੱਗਾ। ਚਾਰੇ ਮਿੱਤਰ ਹਰ ਰੋਜ਼ ਵੱਖੋ-ਵੱਖ ਵਿਸ਼ਿਆਂ ’ਤੇ ਗੱਲਾਂ ਕਰਦੇ ਅਤੇ ਖ਼ੁਸ਼ੀ ਭਰਪੂਰ ਜੀਵਨ ਬਤੀਤ ਕਰ ਰਹੇ ਸਨ।
ਇੱਕ ਦਿਨ ਦੀ ਗੱਲ ਹੈ ਕਿ ਮਿਥੀ ਹੋਈ ਥਾਂ ’ਤੇ ਕਾਂ, ਕੱਛੂ ਅਤੇ ਚੂਹਾ ਤਿੰਨੋਂ ਪਹੁੰਚੇ, ਪਰ ਬਾਰਾਂਸਿੰਙਾ ਉੱਥੇ ਨਾ ਪੁੱਜਿਆ। ਇਸ ’ਤੇ ਉਹ ਬੜੇ ਫ਼ਿਕਰਮੰਦ ਹੋਏ। ਕੱਛੂ ਅਤੇ ਚੂਹੇ ਨੇ ਕਾਂ ਨੂੰ ਕਿਹਾ ਕਿ ਉਹ ਉੱਡਦਾ ਹੋਇਆ ਦੇਖੇ ਕਿ ਬਾਰਾਂਸਿੰਙੇ ਦਾ ਕੁਝ ਅਤਾ-ਪਤਾ ਹੈ ਜਾਂ ਨਹੀਂ।
ਕਾਂ ਕੁਝ ਦੇਰ ਉੱਡਦਾ ਰਿਹਾ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਬਾਰਾਂਸਿੰਙਾ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਹੈ। ਕੱਛੂ ਨੇ ਚੂਹੇ ਨੂੰ ਕਿਹਾ, ‘‘ਇਹ ਸਮਾਂ ਤਿਆਗ ਅਤੇ ਬਲੀਦਾਨ ਦਾ ਹੈ। ਛੇਤੀ ਨਾਲ ਚੱਲੋ ਤਾਂ ਕਿ ਬਾਰਾਂਸਿੰਙੇ ਨੂੰ ਮੁਕਤੀ ਦਿਵਾਈ ਜਾ ਸਕੇ।’’
ਉੱਥੇ ਪਹੁੰਚ ਕੇ ਚੂਹੇ ਨੇ ਜਾਲ ਨੂੰ ਕੱਟਿਆ ਅਤੇ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜਿਆ। ਇਸੇ ਦੌਰਾਨ ਕੱਛੂ ਵੀ ਉੱਥੇ ਪੁੱਜਾ। ਬਾਰਾਂਸਿੰਙੇ ਨੇ ਕੱਛੂ ਨੂੰ ਕਿਹਾ, ‘‘ਐ ਪਿਆਰੇ ਮਿੱਤਰ! ਚੱਲ ਇੱਥੋਂ ਭੱਜ ਚੱਲੀਏ। ਜਦ ਤੂੰ ਤੇਜ਼ ਤੁਰ ਨਹੀਂ ਸਕਦਾ ਤਾਂ ਤੂੰ ਇੱਥੇ ਕਿਉਂ ਆਇਆ?’’
ਇਸ ’ਤੇ ਕੱਛੂ ਨੇ ਜਵਾਬ ਦਿੱਤਾ, ‘‘ਮੈਂ ਦੋਸਤੀ ਨਿਭਾਉਣਾ ਚਾਹੁੰਦਾ ਸੀ ਤਾਂ ਕਿ ਖ਼ਤਰੇ ਦੇ ਸਮੇਂ ਤੁਹਾਡੇ ਨਾਲ ਰਹਾਂ।’’ ਬਾਕੀ ਤਿੰਨੋਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਉਹ ਇੱਥੋਂ ਭੱਜ ਜਾਵੇ। ਇੰਨਾ ਕਹਿ ਕੇ ਉਹ ਤਿੰਨੇ ਵੀ ਉੱਥੋਂ ਭੱਜ ਪਏ। ਕੁਝ ਸਮੇਂ ਬਾਅਦ ਸ਼ਿਕਾਰੀ ਉਸ ਥਾਂ ਪੁੱਜਿਆ ਤਾਂ ਉਹ ਸਮਝ ਗਿਆ ਕਿ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜ ਚੁੱਕਾ ਹੈ। ਸ਼ਿਕਾਰੀ ਨੇ ਚਹੁੰ ਪਾਸੇ ਨਜ਼ਰ ਘੁਮਾਈ, ਪਰ ਉਸ ਨੂੰ ਕਿਤੇ ਕੁਝ ਵੀ ਦਿਖਾਈ ਨਾ ਦਿੱਤਾ। ਉਹ ਇਸ ਗੱਲ ’ਤੇ ਹੈਰਾਨ ਸੀ ਕਿ ਬਾਰਾਂਸਿੰਙਾ ਜਾਲ ਕੱਟ ਕੇ ਕਿਵੇਂ ਨਿਕਲ ਗਿਆ। ਇਕਦਮ ਸ਼ਿਕਾਰੀ ਦੀ ਨਜ਼ਰ ਕੱਛੂ ’ਤੇ ਪਈ। ਉਸ ਨੇ ਖ਼ੁਦ ਨੂੰ ਕਿਹਾ ਕਿ ਹਾਲਾਂਕਿ ਕੱਛੂ ਦਾ ਕੋਈ ਮਹੱਤਵ ਨਹੀਂ ਹੈ, ਪਰ ਨਾ ਹੋਣ ਨਾਲੋਂ ਕੁਝ ਹੋਣਾ ਤਾਂ ਬਿਹਤਰ ਹੈ।
ਸ਼ਿਕਾਰੀ ਨੇ ਕੱਛੂ ਨੂੰ ਫੜ ਕੇ ਆਪਲੇ ਝੋਲੇ ਵਿੱਚ ਪਾਇਆ ਅਤੇ ਝੋਲੇ ਦਾ ਮੂੰਹ ਕੱਸ ਕੇ ਬੰਨ੍ਹ ਦਿੱਤਾ। ਝੋਲੇ ਨੂੰ ਮੋਢੇ ’ਤੇ ਸੁੱਟਿਆ ਅਤੇ ਹੌਲੀ-ਹੌਲੀ ਅੱਗੇ ਵਧਣ ਲੱਗਾ। ਜਦ ਕਾਂ, ਚੂਹਾ ਅਤੇ ਬਾਰਾਂਸਿੰਗਾ ਤਿੰਨੇ ਇੱਕ-ਦੂਜੇ ਨੂੰ ਮਿਲੇ ਤਾਂ ਉਨ੍ਹਾਂ ਨੇ ਕੱਛੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਾਫ਼ੀ ਭਾਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੱਛੂ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਉਹ ਸਮਝ ਗਏ ਕਿ ਸ਼ਿਕਾਰੀ ਕੱਛੂ ਨੂੰ ਲੈ ਗਿਆ ਹੈ। ਇਸ ਗੱਲ ਨਾਲ ਬਾਰਾਂਸਿੰਙਾ ਬੜਾ ਫ਼ਿਕਰਮੰਦ ਹੋਇਆ। ਉਸ ਨੇ ਕਿਹਾ, ‘‘ਗ਼ਲਤੀ ਮੇਰੀ ਸੀ। ਮੇਰੇ ਹੀ ਕਾਰਨ ਕੱਛੂ ਸ਼ਿਕਾਰੀ ਦੇ ਪੰਜੇ ਵਿੱਚ ਫਸ ਗਿਆ ਅਤੇ ਮੈਂ ਕੁਝ ਕਰ ਵੀ ਨਹੀਂ ਸਕਦਾ।’’ ਕਾਂ ਨੇ ਕਿਹਾ, ‘‘ਅਸੀਂ ਕਿਉਂ ਕੋਈ ਕੰਮ ਨਹੀਂ ਕਰ ਸਕਦੇ? ਜਦ ਕਿਸੇ ਗੁੱਟ ਦੇ ਮੈਂਬਰ ਸੰਗਠਿਤ ਹੋਣ ਅਤੇ ਇੱਕ-ਦੂਜੇ ਲਈ ਤਿਆਗ ਕਰਨ ਨੂੰ ਤਿਆਰ ਹੋਣ ਤਾਂ ਉਹ ਹਰੇਕ ਕੰਮ ਕਰਨ ਦੀ ਤਾਕਤ ਰੱਖਦੇ ਹਨ। ਇਸ ਸਮੱਸਿਆ ਦਾ ਹੱਲ ਵੀ ਸਾਡੇ ਹੀ ਹੱਥ ਵਿੱਚ ਹੈ।’’
ਬਾਰਾਂਸਿੰਙੇ ਨੇ ਪੁੱਛਿਆ ਕਿ ਕੀ ਕੀਤਾ ਜਾਏ? ਕਾਂ ਨੇ ਕਿਹਾ, ‘‘ਧਿਆਨ ਨਾਲ ਸੁਣੋ! ਮੇਰੇ ਕੋਲ ਇੱਕ ਯੋਜਨਾ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਠੀਕ ਢੰਗ ਨਾਲ ਪੂਰੀ ਕਰਨਾ ਹੋਵੇਗਾ।’’ ਕਾਂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਜਾਵੀਂ। ਮੈਂ ਤੇਰੇ ’ਤੇ ਹਮਲਾ ਕਰਾਂਗਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਵੇਂ ਮੈਂ ਤੇਰੀਆਂ ਅੱਖਾਂ ਭੰਨਣੀਆਂ ਚਾਹੁੰਦਾ ਹਾਂ। ਸ਼ਿਕਾਰੀ ਸਾਨੂੰ ਜ਼ਰੂਰ ਦੇਖੇਗਾ। ਤੂੰ ਆਪਣੀ ਥਾਂ ਤੋਂ ਉੱਠ ਕੇ ਹੌਲੀ-ਹੌਲੀ ਤੁਰ ਪਈਂ। ਸ਼ਿਕਾਰੀ ਇਹ ਸਮਝੇਗਾ ਕਿ ਤੂੰ ਤੇਜ਼ ਨਹੀਂ ਭੱਜ ਸਕਦਾ। ਇਸ ਲਈ ਉਹ ਤੈਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਜਦੋਂ ਸ਼ਿਕਾਰੀ ਤੇਰੇ ਤੀਕ ਪਹੁੰਚੇ ਤਾਂ ਤੂੰ ਤੇਜ਼ੀ ਨਾਲ ਭੱਜ ਪਈਂ। ਅਜਿਹੇ ਵਿੱਚ ਸ਼ਿਕਾਰੀ ਤੈਨੂੰ ਫੜਨ ਲਈ ਆਪਣੇ ਥੈਲੇ ਨੂੰ ਧਰਤੀ ’ਤੇ ਸੁੱਟ ਕੇ ਤੇਜ਼ੀ ਨਾਲ ਤੇਰਾ ਪਿੱਛਾ ਕਰੇਗਾ। ਇਸੇ ਦੌਰਾਨ ਚੂਹਾ ਸ਼ਿਕਾਰੀ ਦੇ ਥੈਲੇ ਵਿੱਚ ਮੋਘਾ ਕਰ ਦੇਵੇਗਾ ਤਾਂ ਕਿ ਕੱਛੂ ਉਸ ’ਚੋਂ ਬਾਹਰ ਆ ਜਾਵੇ। ਇਸ ਤੋਂ ਬਾਅਦ ਅਸੀਂ ਸਾਰੇ ਭੱਜ ਜਾਵਾਂਗੇ।’’
ਸਾਰਿਆਂ ਨੇ ਕਾਂ ਦੀ ਇਸ ਯੋਜਨਾ ਦਾ ਸਮਰਥਨ ਕੀਤਾ। ਬਾਰਾਂਸਿੰਙਾ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਗਿਆ ਤੇ ਕਾਂ ਨੇ ਉਸ ’ਤੇ ਹਮਲੇ ਦਾ ਨਾਟਕ ਕੀਤਾ। ਅਜਿਹੇ ਵਿੱਚ ਬਾਰਾਸਿੰਙਾ ਆਪਣੀ ਥਾਂ ਤੋਂ ਉੱਠਿਆ ਅਤੇ ਲੰਙ ਮਾਰਦਾ ਹੋਇਆ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸ਼ਿਕਾਰੀ ਨੇ ਉਸ ਨੂੰ ਫੜਨ ਲਈ ਉਸ ਦਾ ਪਿੱਛਾ ਕੀਤਾ। ਜਦ ਸ਼ਿਕਾਰੀ ਬਾਰਾਂਸਿੰਙੇ ਕੋਲ ਪੁੱਜਿਆ ਤਾਂ ਉਹ ਤੇਜ਼ੀ ਨਾਲ ਭੱਜਣ ਲੱਗਾ। ਸ਼ਿਕਾਰੀ ਨੇ ਆਪਣਾ ਥੈਲਾ ਧਰਤੀ ’ਤੇ ਸੁੱਟਿਆ ਅਤੇ ਤੇਜ਼ੀ ਨਾਲ ਬਾਰਾਂਸਿੰਙੇ ਵੱਲ ਹੋ ਤੁਰਿਆ। ਇਸ ਦੌਰਾਨ ਚੂਹੇ ਨੇ ਸ਼ਿਕਾਰੀ ਦਾ ਝੋਲਾ ਕੁਤਰ ਦਿੱਤਾ ਅਤੇ ਕੱਛੂ ਉਸ ਵਿੱਚੋਂ ਬਾਹਰ ਆ ਗਿਆ।
ਕਾਂ ਉੱਡਦਾ ਹੋਇਆ ਸਾਰਿਆਂ ’ਤੇ ਨਜ਼ਰ ਰੱਖ ਰਿਹਾ ਸੀ। ਜਦ ਉਸ ਨੇ ਦੇਖਿਆ ਕਿ ਚੂਹੇ ਨੇ ਆਪਣਾ ਕੰਮ ਚੰਗੇ ਢੰਗ ਨਾਲ ਕੀਤਾ ਹੈ ਅਤੇ ਉਹ ਦੋਵੇਂ ਛੁਪ ਗਏ ਤਾਂ ਬਾਰਾਂਸਿੰਙੇ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਭੱਜੇ। ਹੁਣ ਸ਼ਿਕਾਰੀ ਬਾਰਾਸਿੰਙੇ ਨੂੰ ਫੜਨ ਤੋਂ ਨਿਰਾਸ਼ ਹੋ ਚੁੱਕਾ ਸੀ। ਉਹ ਆਪਣੇ ਥੈਲੇ ਨੂੰ ਚੁੱਕਣ ਲਈ ਮੁੜਿਆ। ਉਸ ਨੇ ਬੜੀ ਹੈਰਾਨੀ ਨਾਲ ਦੇਖਿਆ ਕਿ ਥੈਲੇ ਵਿੱਚ ਮੋਘਾ ਹੋ ਗਿਆ ਅਤੇ ਉਸ ਵਿੱਚੋਂ ਕੱਛੂ ਨਿਕਲ ਚੁੱਕਾ ਹੈ। ਇਸ ਨਾਲ ਉਸ ਨੂੰ ਬੜੀ ਨਮੋਸ਼ੀ ਹੋਈ।
ਉਸ ਨੇ ਆਪਣਾ ਥੈਲਾ ਚੁੱਕਿਆ ਅਤੇ ਸ਼ਹਿਰ ਵੱਲ ਪਰਤ ਗਿਆ।
ਚੂਹਾ, ਕਾਂ, ਕੱਛੂ ਅਤੇ ਬਾਰਾਂਸਿੰਙਾ ਸਾਲਾਂ ਤਕ ਨਾਲ-ਨਾਲ ਰਹਿੰਦੇ ਰਹੇ ਅਤੇ ਕਈ ਵਾਰ ਉਨ੍ਹਾਂ ਨੇ ਇੱਕ-ਦੂਜੇ ਨੂੰ ਮੁਕਤੀ ਦਿਵਾਈ।
-ਨਿਰਮਲ ਪ੍ਰੇਮੀ
Nirmal Premi