ਜਦ ਦਾ ਉਸਨੂੰ ਰਸਾਲਾ ਮਿਲਿਆ ਸੀ, ਉਦੋਂ ਤੋਂ ਹੀ ਉਹ ਉਸਦੇ ਮੁਖ ਚਿੱਤਰ ਨੂੰ ਦੇ ਖਦਾ ਰਿਹਾ ਸੀ। ਕਿੰਨਾ ਸੋਹਣਾ ਚਿਤਰ ਹੈ, ਉਸ ਸੋਚਿਆ ਤੇ ਉਹਦੀ ਨਿਗਾਹ ਆਪਣੇ ਕਮਰੇ ਦੀ ਖਾਲੀ ਦੀਵਾਰ ਤੇ ਚਲੀ ਗਈ। ਉਸਨੂੰ ਇਕ ਸੋਹਣੇ ਜਿਹੇ ਫਰੇਮ ਵਿਚ ਜੜਿਆ ਚਿੱਤਰ ਦੀਵਾਰ ਤੇ ਲਟਕਦਾ ਪ੍ਰਤੀਤ ਹੋਇਆ। ਤੇ ਕਮਰਾ ਸੋਹਣਾ-2 ਲੱਗਣ ਲੱਗ ਪਿਆ। ਫੇਰ ਉਸਦਾ ਹੱਥ ਆਪਣੀ ਜੇਬ ਵਿਚ ਚਲਿਆ ਗਿਆ। ਸਿਰਫ ਢਾਈ ਰੁਪਏ ਸਨ ਉਸਦੀ ਜੇਬ ਵਿੱਚ। ਉਹਦੀ ਚੇਤਨਾ ਪਰਤੀ। ਨਿਗਾਹ ਕੈਲੰਡਰ ਤੇ ਚਲੀ ਗਈ। ਮਹੀਨੇ ਦੀ 27 ਤਰੀਖ ਹੋ ਗਈ ਸੀ। ਤਨਖਾਹ ਮਿਲਣ ਵਿਚ ਅਜੇ 4 ਦਿਨ ਬਾਕੀ ਸਨ।
ਜੇ ਕਿਸੇ ਚੀਜ਼ ਦੀ ਲੋੜ ਪੈ ਗਈ? ਉਸਦੇ ਦਿਮਾਗ ਵਿਚ ਸਵਾਲ ਉਕਰ ਆਇਆ। ਚਲੋ ਦੇਖੀ ਜਾਏ ਗੀ ਦਿਲ ਨੇ ਉੱਤਰ ਦਿੱਤਾ।
ਫੇਰ ਉਹ ਰਸਾਲੇ ਤੋਂ ਚਿੱਤਰ ਪਾੜਕੇ ਬਜ਼ਾਰ ਜਾਣ ਲਈ ਤਿਆਰ ਹੋ ਗਿਆ। ਉਸਦੀ ਤਿਆਰੀ ਦੇਖ ਕੇ ਸ੍ਰੀਮਤੀ ਨੇ ਪੁੱਛਿਆ, ਬਜਾਰ ਚਲੇਓ?
ਆਹੋ| ਕੀ ਗੱਲ
ਗੱਲ ਕੀ, ਲੱਕੜਾਂ ਤੇ ਗੁੜ ਮੁੱਕ ਗਿਐ, ਆਉਂਦੇ ਹੋਏ ਲੈਂਦੇ ਹੀ ਆਉਣਾ। | ਪਤਨੀ ਦੀ ਗੱਲ ਸੁਣਕੇ ਉਹਨੇ ਅਗਲੇ ਮਹੀਨੇ ਚਿੱਤਰ ਫਰੇਮ ਕਰਾਉਣ ਦੀ ਸੋਚੀ ਪਰ ਇਕ ਮਿੰਟ ਵਿਚ ਹੀ ਉਹਦੇ ਕਲੱਰਕ ਦਿਮਾਗ ਨੇ ਅਗਲੇ ਸਾਰੇ ਮਹੀਨੇ ਦਾ ਹਿਸਾਬ ਕਰ ਦਿੱਤਾ ਤੇ ਉਸ ਨੇ ਆਟਾ ਭਿਉਂ ਕੇ ਚਿੱਤਰ ਕਮਰੇ ਦੀ ਦੀਵਾਰ ਨਾਲ ਆਉਣ ਵਾਲੇ ਚੰਗੇ ਸਮੇਂ ਵਿਚ ਫਰੇਮ ਕਰਾਉਣ ਦੀ ਆਸ ਤੇ ਛੱਡਕੇ, ਚਿਪਕਾ ਦਿੱਤਾ।
ਗੁਰਮੇਲ ਮਡਾਹੜ