ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ ਪੁੱਤਰ ਕੰਮਾਂ ਕਾਰਾਂ ਵਿੱਚ ਸੈੱਟ ਸਨ ਪੋਤਰੇ ਪੋਤਰੀਆਂ ਚੰਗੀ ਪੜ੍ਹਾਈ ਕਰਕੇ ਉਡਾਰੂ ਹੋ ਗਏ ਨੇ , ਲਾਡਲੀ ਬੇਟੀ ਵੀ ਬਾਹਰ ਈ ਏ, ਆਪਣੇ ਪਰਿਵਾਰ ਵਿੱਚ ਸੁੱਖੀਂ ਵੱਸਦੀ ਰੱਸਦੀ।
ਉਹ ਬੈਠਾ ਬੈਠਾ ਇੱਕ ਫਕੀਰ ਸਾਈਂ ਦਾ ਬਿਰਤਾਂਤ ਪੜ੍ਹ ਰਿਹਾ ਸੀ ,ਜਦੋਂ ਇੱਕ ਵੇਸਵਾ ਨੇ ਉਸ ਸਾਂਈਂ ਨੂੰ ਸਵਾਲ ਕੀਤਾ ਸੀ ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਏ ਤੇ ਤੇਰੀ ਦਾਹੜੀ ਵੀ ਚਿੱਟੀ ,ਫਰਕ ਕੀ ਹੋਇਆ , ਚੰਗੀ ਕੌਣ ਹੋਈ, ਪੂਛ ਕੇ ਦਾਹੜੀ ?
ਤਾਂ ਸਾਈਂ ਨੇ ਜਵਾਬ ਦਿੱਤਾ ਕਿ ਇਸ ਗੱਲ ਦਾ ਜਵਾਬ ਮੈ ਠਹਿਰ ਕੇ ਦਿਆਂਗਾ ।
ਤੇ ਆਖਰ ਜਵਾਬ ਓਸ ਦਿਨ ਦਿੱਤਾ , ਜਦੋਂ ਫਕੀਰ ਦਾ ਅੰਤ ਵੇਲਾ ਆ ਗਿਆ ।ਫਕੀਰ ਨੇ ਕਿਹਾ ਕਿ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਮੇਰੀ ਦਾਹੜੀ ਤੇਰੇ ਕੁੱਤੇ ਦੀ ਪੂਛ ਨਾਲ਼ੋਂ ਬਿਹਤਰ ਏ, ਮੈ ਜਿਉਂਦੇ ਜੀਅ ਇਸਦੀ ਪਾਕੀਜਗੀ ਨੂੰ ਦਾਗ ਨਹੀ ਲੱਗਣ ਦਿੱਤਾ ।ਅਗਰ ਕਿਤੇ ਡੋਲ ਜਾਂਦਾ ਤਾਂ ਕੋਈ ਫਰਕ ਨਹੀ ਸੀ ਰਹਿਣਾ ।
ਤੇ ਉਹ ਬੈਠਾ ਬੈਠਾ ਪਹੁੰਚ ਗਿਆ 92/93 ਦੇ ਉਸ ਵਕਤ ਵਿੱਚ , ਜਦੋਂ ਉਹ ਪੁਲੀਸ ਵਿੱਚ ਇੰਸਪੈਕਟਰ ਦੇ ਰੈਂਕ ਤੇ ਸਰਹੱਦੀ ਜਿਲੇ ਦੇ ਸਰਹੱਦੀ ਥਾਣੇ ਵਿੱਚ ਮੁੱਖ ਅਫਸਰ ਤਾਇਨਾਤ ਸੀ । ਅੱਗ ਵਰ੍ਹਦੀ ਸੀ ਹਰ ਪਾਸੇ , ਕਿਤੇ ਮੁਕਾਬਲਾ , ਕਿਤੇ ਫਿਰੌਤੀਆਂ ਤੇ ਕਿਤੇ ਤਸ਼ੱਦਦ ਦਾ ਦੌਰ ,ਪਰ ਉਹਦਾ ਪ੍ਰਭਾਵ ਈ ਅਜਿਹਾ ਸੀ ਕਿ ਉਹਦੇ ਇਲਾਕੇ ਵਿੱਚ ਕੋਈ ਵਾਰਦਾਤ ਈ ਨਹੀ ਸੀ ਹੋ ਰਹੀ, ਬਾਬਾ ਕਹਿੰਦੇ ਸਨ ਸਾਰੇ ਮਹਿਕਮੇ ਵਿੱਚ ਲੋਕ ਉਹਨੂੰ , ਤੇ ਸਹਿਜੇ ਸਹਿਜੇ ਲੋਕ ਵੀ ਬਾਬਾ ਈ ਕਹਿਣ ਲੱਗ ਪਏ । ਸਿਪਾਹੀ ਤੋਂ ਇੰਸਪੈਕਟਰ ਪਦ ਤੇ ਪਹੁੰਚਦਿਆਂ ਲੱਗਦੀ ਵਾਹ ਇਮਾਨਦਾਰੀ ਦਾ ਦਾਮਨ ਨਹੀ ਸੀ ਛੱਡਿਆ ਓਹਨੇ , ਕਈ ਵਾਰ ਅਵਾਰਡ ਵੀ ਮਿਲੇ ਸਨ ਸਰਵਿਸ ਦੌਰਾਨ ।ਉਹ ਚੜ੍ਹਦੀ ਉਮਰੇ ਈ ਨਿੱਤ-ਨੇਮ ਦਾ ਪੱਕਾ ਧਾਰਨੀ ਬਣ ਗਿਆ ਸੀ ਜੋ ਸਰਵਿਸ ਦੇ ਅਖੀਰਲੇ ਸਾਲਾਂ ਵਿੱਚ ਵੀ ਹੋਰ ਪਰਿਪੱਕਤਾ ਨਾਲ ਨਿਭਾਅ ਰਿਹਾ ਸੀ । ਪਰ ਹਾਲਾਤ ਬਦਲ ਗਏ ਸਨ , ਜਿਵੇਂ ਜੰਗ ਲੱਗ ਗਈ ਹੋਵੇ , ਅਣ ਐਲਾਨੀ। ਤੇ ਉਹ ਵੀ ਆਪਣਿਆਂ ਦਰਮਿਆਨ । ਉਹਨਾਂ ਈ ਘਰਾਂ ਚੋ ਮੁੰਡੇ ਪੁਲੀਸ ਚ ਭਰਤੀ ਹੋ ਰਹੇ ਸਨ ਤੇ ਉਹਨਾਂ ਵਰਗੇ ਕੁਝ ਹੋਰ ਖਾੜਕੂ ਬਣ ਘਰਾਂ ਤੋਂ ਤੁਰ ਗਏ ਸਨ । ਰੁੱਖਾਂ ਤੇ ਆਸ਼ੀਆਨੇ ਬਣਾ ਕੇ ਰੈਣ ਬਸੇਰਾ ਕਰਨ ਵਾਲੇ ਪਰਿੰਦੇ ਵੀ ਤ੍ਰਾਹ ਕੇ ਜਿੱਧਰ ਮੂੰਹ ਹੁੰਦਾ , ਉੱਡ ਜਾਂਦੇ, ਜਦ ਅੱਧੀ ਰਾਤ ਨੂੰ ਤਾੜ੍ਹ ਤਾੜ੍ਹ ਗੋਲੀਂਆਂ ਵਰ੍ਹਨ ਲੱਗਦੀਆਂ ।
ਹਰਿੰਦਰ ਸਿੰਘ ਨੂੰ ਬੜਾ ਗਰੂਰ ਸੀ ਆਪਣੀ ਬੇਦਾਗ਼ ਸੇਵਾ ਤੇ, ਲਗਾਤਾਰ ਥਾਣਾ ਮੁਖੀ ਈ ਲੱਗਦਾ ਆ ਰਿਹਾ ਸੀ ਉਹ , ਜਦ ਤੋ ਸਬ ਇੰਸਪੈਕਟਰ ਬਣਿਆਂ ਸੀ । ਕਦੀ ਕਿਸੇ ਜ਼ਿਲ੍ਹਾ ਮੁਖੀ ਨੇ ਉਸਨੂੰ ਨਜ਼ਰ ਅੰਦਾਜ਼ ਨਹੀ ਸੀ ਕੀਤਾ । ਪਰ ਹੁਣ ਹਵਾ ਬਦਲ ਗਈ ਸੀ । ਇੱਕ ਪਾਸੇ ਸੱਥਰ ਵਿਛ ਰਹੇ ਸਨ ਜਦ ਕਿ ਦੂਜੇ ਪਾਸੇ ਨਵੇਂ ਭਰਤੀ ਹੋਏ ਕੁਝ ਛਲਾਰੂ ਤਰੱਕੀਆਂ ਹਾਸਲ ਕਰਨ ਲਈ ਖ਼ੂਨ ਵਿੱਚ ਹੱਥ ਰੰਗਣ ਲਈ ਤਿਆਰ ਸਨ ।
ਇਕਨਾਂ ਦੇ ਮਨ ਖੁਸ਼ੀਆਂ
ਗੋਸ਼ਤ ਖਾਵਾਂਗੇ ।
ਇਕਨਾਂ ਦੇ ਮਨ ਗ਼ਮੀਆਂ
ਜਹਾਨੋਂ ਜਾਵਾਂਗੇ ।
ਸੁੱਕੀ ਨਾਲ ਗਿੱਲੀ ਵੀ ਬਲਣ ਲੱਗੀ, ਜਾਇਜ਼ ਨਾਜਾਇਜ਼ ਇੱਕੋ ਰੱਸੇ ਬੱਝਣ ਲੱਗੇ । ਪਰ ਹਰਿੰਦਰ ਸਿੰਘ ਰੱਬ ਦੇ ਸ਼ੁਕਰਾਨੇ ਚ ਰਹਿ ਕੇ ਸੇਵਾ ਨਿਭਾ ਰਿਹਾ ਸੀ ਕਿ
ਤੂੰ ਆਪਣੀ ਸੰਭਾਲ਼ , ਤੈਨੂੰ ਕਿਸੇ ਨਾਲ ਕੀ ।
ਪਰ ਇਹ ਖੁਸ਼ਫਹਿਮੀ ਬਹੁਤੀ ਦੇਰ ਨਾ ਚੱਲ ਸਕੀ, ਨਵੇਂ ਆਏ ਜ਼ਿਲ੍ਹਾ ਮੁਖੀ ਨੇ ਸਾਰੇ ਥਾਣਾ ਮੁਖੀਆਂ ਦੀ ਮੀਟਿੰਗ ਸੱਦੀ ਤੇ ਧੜੱਲੇਦਾਰ ਲੜਾਈ ਲੜਨ ਲਈ ਵੰਗਾਰਿਆ , ਹਰਿੰਦਰ ਸਿੰਘ ਸਭ ਕੁਝ ਸੁਣਦਾ ਰਿਹਾ , ਪਰ ਹੈਰਾਨ ਹੋ ਗਿਆ ਜਦੋਂ ਹੁਕਮ ਮਿਲਿਆ ਕਿ ਪੁੱਛ-ਗਿੱਛ ਸੈਂਟਰ ਤੋਂ ਚਾਰ ਚਾਰ ਮੁੰਡੇ ਲੈ ਕੇ ਜਾਓ ਤੇ ਅਗਲੇ ਕੁਝ ਦਿਨਾਂ ਵਿੱਚ ਮੁਕਾਬਲੇ ਬਣਾ ਕੇ ਗੱਡੀ ਚੜ੍ਹਾ ਦਿਓ। ਹਰਿੰਦਰ ਸਿੰਘ ਆਦਰ ਸਹਿਤ ਖੜਾ ਹੋ ਗਿਆ ਕਿ ਇਹ ਕੰਮ ਉਸਤੋਂ ਨਹੀ ਹੋਣਾ, ਅਸਲ ਮੁਕਾਬਲਾ ਹੋਵੇ ਤਾਂ ਇੰਚ ਪਿੱਛੇ ਨਹੀ ਹਟਾਂਗਾ ਪਰ ਨਿਹੱਥੇ ਨੂੰ ਬੰਨ੍ਹ ਕੇ ਮਾਰਨਾ ਮੇਰੇ ਵੱਸ ਦਾ ਰੋਗ ਨਹੀਂ। ਭਾਵਕ ਹੋਏ ਹਰਿੰਦਰ ਸਿੰਹੁੰ ਨੇ ਭਾਈ ਘਨਈਆ ਦਾ ਹਵਾਲਾ ਦੇਣਾ ਚਾਹਿਆ ਪਰ ਹੰਕਾਰ ਦੇ ਘੋੜੇ ਤੇ ਸਵਾਰ ਜ਼ਿਲ੍ਹਾ ਮੁਖੀ ਨੇ ਟੋਕ ਦਿੱਤਾ,”ਠੀਕ ਆ , ਤੈਨੂੰ ਬਾਬਾ ਕਹਿੰਦੇ ਨੇ, ਪਰ ਮੈ ਤੇਰੇ ਉਪਦੇਸ਼ ਨਹੀ ਸੁਣਨਾ ਚਾਹੁੰਦਾ , ਹੰਨੇ ਜਾਂ ਬੰਨੇ !ਮੈਨੂੰ ਥਾਣੇਦਾਰਾਂ ਦਾ ਘਾਟਾ ਨਹੀਂ”
ਭਰੀ ਮੀਟਿੰਗ ਵਿੱਚ ਸੰਨਾਟਾ ਛਾ ਗਿਆ , ਪਰ ਹਰਿੰਦਰ ਸਿੰਘ ਅਡੋਲ ਰਿਹਾ,ਨਤੀਜੇ ਵਜੋਂ ,ਹਰਿੰਦਰ ਸਿੰਘ ਲਾਈਨ ਹਾਜ਼ਰ ਕਰ ਦਿੱਤਾ ਗਿਆ , ਪਰ ਸਿਤਮ ਦੀ ਗੱਲ ਇਹ ਹੋਈ ਕਿ ਉਸਦੀ ਯਗਾ ਮੁਖੀ ਲੱਗਣ ਵਾਲਾ ਥਾਣੇਦਾਰ ਇੱਕ ਚਾਰ ਸਾਲ ਦੀ ਸੇਵਾ ਵਾਲਾ ਸਿਪਾਹੀ ਸੀ, ਜਿਸਨੇ ਹਵਾਲਦਾਰੀ ਦਾ ਕੋਰਸ ਵੀ ਨਹੀ ਸੀ ਕੀਤਾ ਹਾਲੇ , ਮੂੰਹ ਐਸਾ ਲਹੂ ਲੱਗਾ , ਐਡਹਾਕ ਪ੍ਰਮੋਟ ਹੋ ਕੇ ਰੈਂਕ ਤੇ ਰੈੰਕ ਲੈਂਦਾ ਹੋਇਆ ਉਹ ਥਾਣਾ ਮੁਖੀ ਜਾ ਲੱਗਿਆ। ਅਗਲੇ ਦਿਨ ਅਖ਼ਬਾਰਾਂ ਲਾਲੋ ਲਾਲ ਸਨ, ਇੱਕ ਈ ਜਿਲੇ ਵਿੱਚ ਪੰਜ ਛੇ ਮੁਕਾਬਲੇ , ਪਰ ਹਰਿੰਦਰ ਸਿੰਘ ਇਸ ਸਭ ਕਾਸੇ ਤੋਂ ਦੂਰ , ਜ਼ਲਾਲਤ ਦੇ ਹੰਝੂ ਕੇਰ ਰਿਹਾ ਸੀ । ਮਨ ਉਚਾਟ ਹੋ ਗਿਆ ਉਹਦਾ ਇਸ ਨੌਕਰੀ ਤੋਂ, ਜਿਸਨੂੰ ਕਦੀ ਪਿਆਰ ਕਰਦਾ ਸੀ ਉਹ । ਮਨ ਲੱਗਣੋ ਹਟ ਗਿਆ ਨੌਕਰੀ ਵਿੱਚ ਉਹਦਾ, ਬਸ ਦਿਨ ਕਟੀ ਹੀ ਰਹਿ ਗਈ ।
ਫਿਰ ,ਕੁਝ ਵਕਤ ਪਾ ਕੇ , ਹਰਿੰਦਰ ਸਿੰਘ ਡੀ ਐਸ ਪੀ ਪਦ ਉੱਨਤ ਹੋ ਕੇ ਪੈਨਸ਼ਨ ਆ ਗਿਆ । ਬੇਟੇ ਜੋ ਪਹਿਲਾਂ ਈ ਕੈਨੇਡਾ ਜਾ ਚੁੱਕੇ ਸਨ , ਉਹਨਾਂ ਕੋਲ ਜਾ ਵੱਸਿਆ , ਤੇ ਬੱਸ ਓਥੇ ਦਾ ਈ ਹੋ ਕੇ ਰਹਿ ਗਿਆ , ਬਸ ਦੋ ਤਿੰਨ ਸਾਲ ਬਾਅਦ ਗੇੜਾ ਮਾਰਦਾ ਏ ਵਤਨਾਂ ਨੂੰ ।
ਹੁਣ ਸੋਸ਼ਲ ਮੀਡੀਆ ਦਾ ਯੁਗ ਏ, ਹਰ ਖ਼ਬਰ ਕੁਝ ਸੈਕਿੰਡ ਵਿੱਚ ਈ ਸਾਰੀ ਦੁਨੀਆਂ ਵਿੱਚ ਫੈਲ ਜਾਂਦੀ ਏ , ਏਥੋ ਈ ਅੱਜ ਉਹਨੂੰ ਪਤਾ ਲੱਗਾ ਕਿ ਓਹ ਕਮਾਦੀ ਥਾਣੇਦਾਰ ਜੋ ਉਹਦੀ ਯਗਾ ਮੁੱਖ ਅਫਸਰ ਲੱਗਿਆ ਸੀ ਓਸ ਵਕਤ , ਬਾਅਦ ਵਿੱਚ ਸੀ ਬੀ ਆਈ ਇਨਕੁਆਰੀਆਂ ਚ ਉਲਝ ਗਿਆ ਸੀ , ਨੀਮ ਪਾਗਲ ਹੋ ਕੇ ਆਤਮ ਹੱਤਿਆ ਕਰ ਗਿਆ ਏ।
ਸੋਚ ਕੇ ਉਹਨੂੰ ਆਪਣੀ ਓਸ ਵੇਲੇ ਵਿਖਾਈ ਜੁਅਰਤ ਤੇ ਮਾਣ ਮਹਿਸੂਸ ਹੋਇਆ ਕਿ ਪਾਪਾਂ ਦਾ ਭਾਗੀ ਨਾ ਬਣਨ ਕਰਕੇ ਅੱਜ ਕਿੰਨਾ ਸਕੂਨ ਏ ਓਹਦੀ ਜਿੰਦਗੀ ਚ ।
ਤੇ ਉਹ ਉੱਠਕੇ ਟਹਿਲਦਾ ਹੋਇਆ ਆਦਮਕੱਦ ਸ਼ੀਸ਼ੇ ਮੂਹਰੇ ਜਾ ਖਲੋਤਾ । ਆਪਣੀ ਸੋਹਣੀ ਚਿੱਟੀ ਦਾਹੜੀ ਵੇਖਕੇ ਖ਼ੁਦ ਤੇ ਰਸ਼ਕ ਜਿਹਾ ਹੋਇਆ, ਸ਼ੁਕਰਾਨੇ ਚ ਹੱਥ ਜੁੜ ਗਏ , ਬੁੱਲ੍ਹ ਫਰਕੇ ,”ਹੇ ਵਾਹਿਗੁਰੂ , ਤੇਰਾ ਲੱਖ ਸ਼ੁਕਰ ਏ, ਇਸ ਚਿੱਟੀ ਦਾਹੜੀ ਨੂੰ ਅੱਜ ਤੱਕ ਕੋਈ ਦਾਗ ਨਹੀ ਲੱਗਾ , ਜੋ ਮੈਨੂੰ ਅੰਤ ਵੇਲੇ ਸ਼ਰਮਿੰਦਾ ਕਰ ਸਕੇ , ਰਹਿੰਦੀ ਜਿੰਦਗੀ ਵੀ ਕਿਰਪਾ ਕਰੀਂ, ਇਹ ਪ੍ਰੀਤ ਓੜਕ ਨਿਭ ਜਾਵੇ “
ਹਲਕੇ ਬੱਦਲ਼ਾਂ ਵਿੱਚੋਂ ਛਣ ਕੇ ਆ ਰਹੀ ਧੁੱਪ ਉਸਦੇ ਚਿਹਰੇ ਨੂੰ ਨੂਰੋ ਨੂਰ ਕਰ ਰਹੀ ਸੀ ।
ਚਿੱਟੀ ਦਾਹੜੀ
958
previous post