ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ

by admin

ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ।

ਉਸ ਤੋਂ ਉਹਦੀ ਯੋਗਤਾ ਪੁੱਛੀ ਗਈ।
ਉਸ ਆਖਿਆ
“ਸਿਆਸੀ ਹਾਂ।”
(ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ)

ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ।
ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ,
ਉਸ ਆਖਿਆ, “ਇਹ ਘੋੜਾ ਨਸਲੀ ਨਹੀਂ ਏ।”

ਬਾਦਸ਼ਾਹ ਬੜਾ ਹੈਰਾਨ ਹੋਇਆ, ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ।
ਉਸ ਦੱਸਿਆ, “ਬਾਦਸ਼ਾਹ !! ਘੋੜਾ ਤਾਂ ਨਸਲੀ ਜੋ, ਪਰ ਜਦ ਇਹ ਜੰਮਿਆ ਸੀ ਤਦ ਇਸਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਘ ਕੇ ਉਸ ਨਾਲ ਪਲਿਆ ਹੈ।”

ਬਾਦਸ਼ਾਹ ਉਸਨੂੰ ਸੱਦਿਆ ਤੇ ਪੁੱਛਿਆ “ਤੈਨੂੰ ਕਿਸ ਤਰਾਂ ਪਤਾ ਲੱਗਾ ਕਿ ਇਹ ਘੋੜਾ ਨਸਲੀ ਨਹੀਂ ਏ?”

ਉਸ ਆਖਿਆ, “ਜਦੋਂ ਇਹ ਘੋੜਾ ਘਾਹ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਙੂੰ ਮੂੰਹ ਹੇਠਾਂ ਕਰਕੇ ਖਾਂਦਾ, ਜਦਕਿ ਨਸਲੀ ਘੋੜਾ ਬੁਰਕ ਭਰਕੇ ਮੂੰਹ ਉਤਾਂਹ ਚੁੱਕ ਕੇ ਘਾਹ ਖਾਂਦਾ।”

ਬਾਦਸ਼ਾਹ ਉਸਦੀ ਸੂਝ ਤੋਂ ਏਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ, ਘਿਓ, ਭੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਘੱਲਿਆ ਤੇ ਉਸਨੂੰ ਮਲਿਕਾ (ਰਾਣੀ) ਦੇ ਰਣਵਾਸ ‘ਤੇ ਤੈਨਾਤ ਕਰ ਘੱਤਿਆ।

ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸ ਤੋਂ ਆਪਣੀ ਬੇਗ਼ਮ ਬਾਰੇ ਪੁੱਛਿਆ, ਉਸ ਆਖਿਆ,”ਰਹਿਣ- ਸਹਿਣ ਤਾਂ ਮਲਿਕਾ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਏ।”

ਬਾਦਸ਼ਾਹ ਬੜਾ ਅਵਾਜ਼ਾਰ ਹੋਇਆ ਤੇ ਉਸ ਨੂੰ ਖਲੋਣ ਨੂੰ ਧਰਤੀ ਵਿਹਲ ਨਾ ਦੇਵੇ। ਉਸ ਓਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ।

ਸੱਸ ਆਂਹਦੀ, “ਸੱਚਾਈ ਇਹ ਹੈ ਕਿ ਤੁਹਾਡੇ ਮਾਪਿਆਂ ਮੇਰੇ ਖ਼ਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੀ, ਪਰ ਸਾਡੀ ਕੁੜੀ ਛੇ ਮਹੀਨਿਆਂ ਦੀ ਉਮਰੇ ਹੀ ਚਲ ਵਸੀ, ਇਸ ਤਰਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ।”

ਤਦ ਬਾਦਸ਼ਾਹ ਉਸ ਨੂੰ ਪੁੱਛਿਆ,”ਤੈਨੂੰ ਕੇਸਰਾਂ ਪਤਾ ਲੱਗਾ, ਭਲਾ ?”

ਉਸ ਆਖਿਆ, “ਬਾਦਸ਼ਾਹ ਤੁਹਾਡੀ ਬੇਗ਼ਮ ਦਾ ਨੌਕਰਾਂ ਨਾਲ ਵਤੀਰਾ ਅਨਪੜ੍ਹਾਂ ਤੋਂ ਵੀ ਭੈੜਾ ਏ। ਇਕ ਖਾਨਦਾਨੀ ਬੰਦੇ ਦਾ ਦੁਜਿਆਂ ਨਾਲ ਵਿਹਾਰ ਕਰਨ ਦਾ ਇਕ ਸਲੀਕਾ ਹੁੰਦਾ ਏ, ਜੋ ਉਨ੍ਹਾਂ ਵਿਚ ਭੋਰਾ ਵੀ ਨਹੀਂ ਏ।”

ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਵਾਹਵਾ ਸਾਰਾ ਅਨਾਜ ਤੇ ਭੇਡਾਂ- ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸਨੂੰ ਆਪਣਾ ਦਰਬਾਰੀ ਬਣਾ ਲਿਆ।

ਕੁਝ ਦਿਨ ਲੰਘੇ, ਬਾਦਸ਼ਾਹ ਵੱਲੋਂ ਉਸਨੂੰ ਸੱਦਿਆ ਗਿਆ ਤੇ ਉਸਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ।

ਉਸ ਆਖਿਆ, “ਜਾਨ ਬਖ਼ਸ਼ ਦਿਆ ਜੇ।”

ਬਾਦਸ਼ਾਹ ਵਾਅਦਾ ਕੀਤਾ ਕਿ ਕੱਖ ਨਈਂ ਆਂਹਦਾ।

ਉਸ ਆਖਿਆ, “ਨਾ ਤਾਂ ਤੁਸਾਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ।”

ਬਾਦਸ਼ਾਹ ਬੱਬੋੜਿੱਕਾ ਹੋਇਆ ਗੁੱਸੇ ਚ ਆ ਗਿਆ ਪਰ ਜਾਨ ਬਖ਼ਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪ- ਚਾਪ ਆਪਣੀ ਮਾਂ ਦੇ ਮਹੱਲ ਜਾ ਅੱਪੜਿਆ।

ਉਸਦੀ ਮਾਂ ਆਖਿਆ, “ਪੁੱਤਰਾ ਇਹ ਸੱਚ ਵੇ ਕਿ ਤੂੰ ਇਕ ਆਜੜੀ ਦਾ ਮੁੰਡਾ ਏਂ, ਸਾਡੇ ਕੋਈ ਧੀ- ਪੁੱਤ ਨਹੀਂ ਸੀ ਤਦ ਅਸਾਂ ਤੇਨੂੰ ਗੋਦ ਲੈ ਕੇ ਪਾਲਿਆ।”

ਬਾਦਸ਼ਾਹ ਆਪਣੇ ਸਿਆਸੀ ਨੂੰ ਸੱਦਕੇ ਪੁੱਛਿਆ, “ਦੱਸ ! ਤੈਨੂੰ ਕਿੰਞ ਪਤਾ ਲੱਗਾ ?”
ਉਸ ਆਖਿਆ, “ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦੇਂਦੇ ਨੇ ਤਾਂ ਉਹ ਹੀਰੇ, ਮੋਤੀ ਜਵਾਹਰ ਦੇਂਦੇ ਨੇ, ਪਰ ਤੁਸਾਂ ਤਾਂ ਭੇਡਾਂ, ਬੱਕਰੀਆਂ ਤੇ ਖਾਣ-ਪੀਣ ਦੀਆਂ ਸ਼ੈਆਂ ਦਿੱਤੀਆਂ ਸਨ।

ਇਸ ਤੋਂ ਪਤਾ ਲਗਦਾ ਕਿ ਤੁਸਾਂ ਕੋਈ ਸ਼ਹਿਜ਼ਾਦੇ ਨਹੀਂ, ਕਿਸੇ ਆਜੜੀ ਦੇ ਮੁੰਡੇ ਜੋ।”

ਕਿਸੇ ਮਨੁੱਖ ਕੋਲਾਂ ਕਿੰਨੀ ਵੀ ਧਨ-ਦੌਲਤ, ਸੁਖ- ਅਰਾਮ, ਰੁਤਬਾ, ਗਿਆਨ, ਤਾਕਤ ਹੋਵੇ, ਇਹ ਸਭ ਬਾਹਰੀ ਸ਼ੈਆਂ ਨੇ। ਬੰਦੇ ਦੀ ਅਸਲੀਅਤ ਉਸਦੇ ਲਹੂ, ਉਸਦੇ ਵਿਹਾਰ ਤੋਂ ਪਤਾ ਲਗਦੀ ਹੈ |

You may also like