932
ਡਿਉਢੀ ਵਿੱਚ ਬੈਠੇ ਸਾਰੇ ਇਕੱਠੇ ਚਾਹ ਪੀ ਰਹੇ ਸੀ, ਅਚਾਨਕ ਬਾਹਰੋਂ ਆਵਾਜ਼ ਆਈ ਕੁੜੇ ਇਹ ਕੀ ਭਾਣਾ ਵਰਤ ਗਿਆ ਅੱਤਘੋਰ ਕਲਯੁਗ ਦਾ ਵਖ਼ਤ ਜ਼ੋਰਾਂ ਤੇ ਚੱਲ ਪਿਆ।ਮੰਮੀ ਆਪਣੇ ਸਕੂਲ ਵੇਲੇ ਦੀਆਂ ਗੱਲਾਂ ਦੱਸ ਰਹੇ ਸਨ, ਕਿਵੇਂ ਉਨ੍ਹਾਂ ਦੇ ਮਾਸਟਰ ਕੁੱਟ- ਕੁੱਟ ਕਿ ਪੜ੍ਹਾਉਂਦੇ।ਫਿਰ ਘਰੋਂ ਕਦੇ ਕੰਮ ਨਾ ਕਰਨਾ,ਫਿਰ ਕੁੱਟ ਪੈ ਜਾਣੀ।ਅੱਜ ਕੱਲ੍ਹ ਦੇ ਜਵਾਕ ਤਾਂ ਟਿੱਚ ਨੀ ਜਾਣਦੇ ਮਾਂ-ਬਾਪ ਨੂੰ।
ਇੰਨ੍ਹੇ ਨੂੰ ਚਾਚੀ ਭੱਜੀ ਆਈ ਗੁਆਂਢ ਵਿੱਚੋਂ “ਅਖੇ ਇਹ ਕੀ ਭਾਣਾ ਵਰਤ ਗਿਆ”।
ਅਸੀਂ ਸਾਰੇ ਹੈਰਾਨ ਵੀ ਕੀ ਹੋ ਗਿਆ ਇਹੋ -ਜਿਹਾ।ਮੇਰਾ ਨਕਾਰਾਤਮਕ ਦਿਮਾਗ ਸੋਚ ਹੀ ਰਹਿਆ ਸੀ,ਕਿਤੇ ਕੋਈ ਮਰ ਤਾਂ ਨੀ ਗਿਆ ਇੰਨ੍ਹੇ ਨੂੰ ਪਾਪਾ ਨੇ ਚਾਚੀ ਦੀ ਗੱਲ ਟੋਕਦਿਆਂ ਆਖ ਦਿੱਤਾ,ਕੀ ਹੋਇਆ ਚਾਚੀ ਕੋਈ ਪਿੰਡ ਵਿੱਚ ਚੜ੍ਹਾਈ ਕਰ ਗਿਆ ।
ਨਾ ਵੇ ਕਾਨੂੰ ਭਾਈ ਇਹ ਤਾਂ ਜਿਊਂਦੇ ਜੀਅ ਮਾਰ ਗਿਆ ,ਸਾਰੇ ਟੱਬਰ ਨੂੰ। ਦੋ ਦਿਨ ਪਹਿਲਾਂ ਮੋਹਨੇ ਦੀ ਨੂੰਹ ਨੇ ਅੱਗ ਲਾ ਕੇ ਮਰਨ ਦੀ ਕੋਸ਼ਿਸ਼ ਕਰੀ।ਸਾਰੇ ਕਮਰੇ ਦਾ ਸਾਮਾਨ ਫੂਕ ਤਾਂ ਨਾਲੇ ਸਹੁਰੇ ਦੇ ਪੈਰ ਫੂਕੇ ਗਏ।ਆਪ ਤਾਂ ਬਚ ਗਈ। ਖਸਮਾਂ ਨੂੰ ਖਾਣੀ ਕੀ ਰੱਬ ਲੈਣ ਆਇਆ ਦੁਨੀਆਂ ਨੂੰ , ਕੋਈ ਖੌਫ਼ ਹੀ ਨੀ ਰੱਬ ਦਾ ਅੱਜ ਕੀ ਲੋੜ੍ਹਾ ਮਾਰਿਆਂ।(ਚਾਚੀ ਬਿਨ੍ਹਾਂ ਰੁਕੇ ,ਇੱਕੋ ਸਾਹੇ ਕਿੰਨ੍ਹਾਂ ਕੁੱਝ ਬੋਲ ਗਈ। ਜਿਵੇਂ ਸਾਰੇ ਪਿੰਡ ਦੀ ਖ਼ਬਰ ਉਸ ਕੋਲ ਹੀ ਆਉਂਦੀ ਹੋਵੇ।)
ਚਾਚੀ ਨੇ ਸਾਡੇ ਘਰ ਆ ਕੇ ਮੰਮੀ ਨੂੰ ਹੌਲੀ ਕੁ ਆਖਿਆ , ਗੱਲ ਸੁਣੀ ਮੇਰੀ ਮੰਮੀ ਨੇ ਸਹਿਜ ਸੁਭਾਅ ਹੀ ਆਖ ਦਿੱਤਾ,ਕੀ ਹੋ ਗਿਆ ਚਾਚੀ ਜੀ ,ਇੱਥੇ ਹੀ ਦੱਸ ਦਿੰਦੇ। ਨਹੀਂ ਨਹੀਂ ਤੂੰ ਉੱਠ ਕੇ ਜ਼ਰਾ ਇੱਧਰ ਆ। ਗੱਲ ਹੀ ਕੁੱਝ ਇਹੋ ਜਿਹੀ ਹੋ ਗਈ,ਸਭ ਸਾਹਮਣੇ ਨੀ ਦੱਸਣੀ।ਮੰਮੀ ਤੇ ਚਾਚੀ ਦਸ- ਪੰਦਰਾਂ ਮਿੰਟ ਇੱਕ ਦੂਜੇ ਨਾਲ ਘੁਸਰ- ਮੁਸਰ ਕਰੀ ਗਈਆਂ। ਇੰਨ੍ਹੇ ਅਸੀਂ ਸਭ ਆਪੋ ਆਪਣੇ ਕੰਮਕਾਜ ਵਿੱਚ ਜੁਟ ਗਏ। ਗੱਲ ਸੀ ਬਾਹਰੋਂ ਆ ਕੇ ਰਹਿੰਦੇ ਇੱਕ ਮਜ਼ਦੂਰ ਪਰਿਵਾਰ ਦੀ।ਜਿਸਦੇ ਤਿੰਨ ਬੱਚੇ ਤੇ ਦੋ ਆਪ ਮੀਆਂ ਬੀਬੀ ਰਹਿੰਦੇ ਸਨ। ਸੋਨੀਆਂ ਦੇ ਦੋ ਮੁੰਡੇ ਛੋਟੇ ਤੇ ਕੁੜੀ ਵੱਡੀ ਸੀ।ਜਿਸਦਾ ਨਾਮ ਰੇਨੂੰ ਸੀ।
ਰੇਨੂੰ ਦੀ ਮਾਂ “ਸੋਨੀਆਂ” ਰੇਨੂੰ ਲਈ ਵਧੇਰੇ ਚਿੰਤਤ ਰਹਿੰਦੀ।ਰੇਨੂੰ ਹੁਣ ਅੱਠਵੀਂ ਜਮਾਤ ਵਿੱਚ ਹੋ ਗਈ ਸੀ, ਜਦੋਂ ਵੀ ਉਹ ਸਾਡੇ ਘਰ ਆਉਂਦੀ ਤਾਂ ਆਪਣੇ ਬੱਚਿਆਂ ਬਾਰੇ ਅਕਸਰ ਗੱਲਬਾਤ ਕਰਦੀ ਰਹਿੰਦੀ। ਸਾਡੇ ਮਹੁੱਲੇ ਵਿੱਚ ਸੋਨੀਆਂ ਗੋਹੇ-ਕੂੜੇ ਦਾ ਕੰਮ ਕਰਦੀ , ਪੇਸ਼ੇ ਵਜੋਂ ਉਹ ਜਮਾਂਦਾਰ ਸਨ। ਸੋਨੀਆਂ ਦਸ ਸਾਲ ਪਹਿਲਾਂ ਆਪਣੇ ਘਰਵਾਲੇ ਨਾਲ ਪੰਜਾਬ ਆ ਗਈ ਸੀ। ਉਹਨਾਂ ਦਾ ਪਿੱਛਾ ਬਿਹਾਰ ਤੋਂ ਹੋਣ ਕਰਕੇ ਰੇਨੂੰ ਥੋੜਾਂ ਖੁਸ਼ ਤੇ ਵਧੇਰੇ ਦੁਖੀ ਰਹਿੰਦੀ। ਕਿਉਂਕਿ ਬਿਹਾਰ ਵਿੱਚ ਰੇਨੂੰ ਦੀ ਨਾਨੀ ਰਹਿੰਦੀ ਆ ,ਜੋ ਰੇਨੂੰ ਦਾ ਬਹੁਤ ਪਿਆਰ ਕਰਦੀ ਸੀ। ਪੰਜਾਬ ਵਿੱਚ ਰੇਨੂੰ ਦੇ ਮਾਂ-ਬਾਪ ਤੇ ਦੋ ਭਾਈਆਂ ਤੋਂ ਬਿਨ੍ਹਾਂ ਉਸਦਾ ਇੱਕ ਮਾਮਾ ਤੇ ਮਾਮੀ ਵੀ ਪੰਜਾਬ ਰਹਿੰਦੇ ਨੇ। ਇੰਨ੍ਹਾਂ ਵਿੱਚੋਂ ਕੋਈ ਵੀ ਰੇਨੂੰ ਦਾ ਪਿਆਰ ਨੀ ਕਰਦਾ ਜਿਸ ਕਾਰਨ ਰੇਨੂੰ ਆਪਣੇ ਆਪ ਨੂੰ ਬਹੁਤ ਇਕੱਲੀ ਮਹਿਸੂਸ ਕਰਦੀ ਸੀ । ਉਹਨਾਂ ਦੇ ਘਰ ਗੁਜ਼ਾਰਾ ਵਧੀਆ ਚੱਲਦਾ ਸੀ। ਸੋਨੀਆਂ ਬੇਸ਼ੱਕ ਆਪ ਅਨਪੜ੍ਹ ਰਹਿ ਗਈ।ਪਰ ਆਪਣੇ ਜਵਾਕਾਂ ਨੂੰ ਚੰਗਾ -ਪੜ੍ਹਾ ਲਿਖਾ ਕੇ ਕੋਈ ਵੱਡਾ ਅਫ਼ਸਰ ਬਣਾਉਣਾ ਚਾਹੁੰਦੀ ਸੀ। ਰੇਨੂੰ ਦੇ ਦੋ ਛੋਟੇ ਭਰਾ ਜਿੰਨ੍ਹਾਂ ਨਾਲ ਰੇਨੂੰ ਦੀ ਬਿਲਕੁਲ ਬਣਦੀ ਨੀ, ਰੇਨੂੰ ਦੇ ਮਾਂ-ਬਾਪ ਵੀ ਉਸਨੂੰ ਬਹੁਤ ਕੁੱਟਦੇ ਕਾਫ਼ੀ ਵਾਰ ਤਾਂ ਰੇਨੂੰ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਰੇਨੂੰ ਤੇ ਉਸਦਾ ਵਿਚਕਾਰਲਾ ਭਾਈ ਤਾਂ ਮੇਰੇ ਕੋਲ ਟਿਊਸ਼ਨ ਲੱਗੇ ਹੋਣ ਕਰਕੇ , ਮੈਨੂੰ ਘਰ ਦੀ ਸਾਰੀ ਗੱਲ ਦੱਸ ਦਿੰਦੇ। ਮੈਂ ਕਦੇ ਉਹਨਾਂ ਤੋਂ ਪੈਸੇ ਨੀ ਲਏ ਟਿਊਸ਼ਨ ਦੇ ਵਾਹਿਗੁਰੂ ਦੀ ਮਿਹਰ ਨਾਲ ਕਾਫ਼ੀ ਜਵਾਕ ਲੱਗੇ ਹੋਣ ਕਰਕੇ ਮੇਰਾ ਖ਼ਰਚਾ ਨਿਕਲੀ ਜਾਂਦਾ ਸੀ , ਪੜ੍ਹਾਈ-ਲਿਖਾਈ ਦਾ। ਰੇਨੂੰ ਦਾ ਪਿਉ ਜ਼ਿਆਦਾ ਬਿਹਾਰ ਹੀ ਰਹਿੰਦਾ।ਜਦ ਵੀ ਪੰਜਾਬ ਆਉਂਦਾ, ਇੰਨ੍ਹਾਂ ਨੂੰ ਕੁੱਟਦਾ-ਮਾਰਦਾ ਤੇ ਤਸੀਹੇ ਦਿੰਦਾ ।ਉਸਦਾ ਗੁੱਸਾ ਸਾਰਾ ਦਿਨ ਅਸਮਾਨੀ ਚੜਿ੍ਆ ਰਹਿੰਦਾ। ਸੋਨੀਆਂ ਨੂੰ ਇੰਨ੍ਹਾਂ ਵੀ ਹੁਕਮ ਨੀ ਸੀ,ਉਹ ਕਿਸੇ ਪਰਾਏ ਮਰਦ ਕੋਲ ਖੜ੍ਹ ਜਾਵੇ ਜਾਂ ਕਿਸੇ ਨੂੰ ਬੁਲਾ ਲਵੇ। ਸੋਨੀਆਂ ਵੀ ਆਪਣੇ ਦੋਨਾਂ ਪੁੱਤਾਂ ਦਾ ਪਿਆਰ ਕਰਦੀ ਰੇਨੂੰ ਨੂੰ ਕੁੱਟਦੀ- ਮਾਰਦੀ ਰਹਿੰਦੀ। ਸੋਨੀਆਂ ਪੰਜ ਵਜੇ ਆਪਣੇ ਘਰੋਂ ਨਿਕਲ ਜਾਂਦੀ ਗੋਹਾ- ਕੂੜਾ ਕਰਨ ਲਈ ਉਸਦੇ ਨਿੱਘੇ ਸੁਭਾਅ ਤੇ ਹਿੰਮਤੀ ਹੋਣ ਕਰਕੇ ਸਾਡਾ ਅੱਧਾ ਪਿੰਡ ਉਸ ਤੋਂ ਹੀ ਕੰਮ ਕਰਵਾਉਂਦਾ।ਪਰ ਸੋਨੀਆਂ ਮੂੰਹ ਦੀ ਮਿੱਠੀ ਤੇ ਦਿਲ ਦੀ ਬਹੁਤ ਖੋਟੀ ਨੀਅਤ ਵਾਲੀ ਔਰਤ ਸੀ। ਸਾਹਮਣੇ ਵਾਲੇ ਨੂੰ ਗੱਲਾਂ ਨਾਲ ਹੀ ਠੱਗ ਲੈਂਦੀ। ਅਚਾਨਕ ਅੱਜ ਸੋਨੀਆਂ ਦੀ ਕਿਸੇ ਨਾਲ ਲੜਾਈ ਪੈ ਗਈ।ਲੜਾਈ ਨੇ ਇਹੋ ਜਿਹੀ ਬਰਬਾਦੀ ਦਾ ਰੂਪ ਧਾਰਨ ਕਰ ਲਿਆ ਨਾ ਘਰ ਬਚਿਆ ਨਾ ਘਰ ਕੋਈ ਮੈਂਬਰ।ਇੱਕ ਵਖ਼ਤ ਸਭ ਕੁੱਝ ਉੱਜੜ ਗਿਆ। ਸੋਨੀਆਂ ਲੜਾਈ ਪਿੱਛੋਂ ਪਿੰਡ ਛੱਡ ਕੇ ਚਲੀ ਗਈ। ਸੋਨੀਆਂ ਦੇ ਘਰਵਾਲ਼ੇ ਨੇ ਤਿੰਨ-ਚਾਰ ਦਿਨ ਤਾਂ ਬਹੁਤ ਮਿੰਨਤਾਂ ਤਰਲੇ ਕਰੇ ਉਸਦੇ ਪੰਜਵੇਂ ਦਿਨ ਆਪਣੀ ਸਕੀ ਧੀ ਰੇਨੂੰ ਦਾ ਬਲਾਤਕਾਰ ਕਰਤਾ।ਮਿੰਟ- ਸਕਿੰੰਟ ਵਿੱਚ ਗੱਲ ਹਵਾਂ ਵਾਂਗ ਪੂਰੇ ਪਿੰਡ ਵਿੱਚ ਫੈਲ ਗਈ। ਪਿੰਡ ਦੀ ਪੰਚਾਇਤ ਨੇ ਉਸਨੂੰ ਥਾਣੇ ਫੜਾ ਦਿੱਤਾ। ਰੇਨੂੰ ਨੂੰ ਉਮਰ ਛੋਟੀ ਹੋਣ ਕਾਰਨ ਬਾਲ ਸੁਧਾਰ ਵਾਲੇ ਲੈ ਗਏ। ਰੇਨੂੰ ਦੇ ਛੋਟੇ ਭਰਾਵਾਂ ਨੂੰ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ। ਸੋਨੀਆਂ ਦੀ ਅਣਗਹਿਲੀ ਤੇ ਹੰਕਾਰ ਕਰਕੇ ਸਾਰਾ ਘਰ ਖੇਰੂੰ- ਖੇਰੂੰ ਹੋ ਗਿਆ।ਜਿਸ ਰੇਨੂੰ ਨੇ I.P.S ਬਣਨਾ ਸੀ।ਉਹ ਅੱਜ ਅੱਠਵੀਂ ਕਲਾਸ ਵਿੱਚੋਂ ਹੀ ਹੱਟਕੇ ਢਿੱਡ ਭਰਨ ਖਾਤਿਰ ਦੋ ਵਖ਼ਤ ਦੀ ਰੋਟੀ ਲਈ ਪਿੰਡ ਵਿੱਚ ਕੰਮ ਕਰਦੀ ਆ। ਸੋਨੀਆਂ ਸ਼ਰਮ ਦੀ ਮਾਰੀ ਘਰੋਂ ਨੀ ਨਿਕਲਦੀ ਆਪਣੇ ਜਵਾਕਾਂ ਨੂੰ ਸਕੂਲੋਂ ਵੀ ਹਟਾ ਲਿਆ ।ਕਦੇ ਕਦੇ ਰੇਨੂੰ ਦੀਆਂ ਗੱਲਾਂ ਤੇ ਜਜ਼ਬੇ ਨੂੰ ਯਾਦ ਕਰ ਅੱਖੋਂ ਪਾਣੀ ਆ ਜਾਂਦਾ।ਇੰਨੀ ਮਿਹਨਤੀ ਤੇ ਕਲਾਸ ਵਿੱਚੋਂ ਅਵੱਲ ਰਹਿਣ ਵਾਲੀ ਕੁੜੀ ਨੂੰ ਕਿਸਮਤ ਨੇ ਹਰਾ ਦਿੱਤਾ।
ਕਹਾਣੀਕਾਰ- ਪ੍ਰੀਤ ਚੈਹਿਲ
Preet Chahal