ਅਰਦਾਸ 

by Sandeep Kaur

ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ 

ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ 

ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ 

ਆਖ ਰਹੇ ਸਨ ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ ਕਣਕ ਵਾਲਾ ਭੜੋਲਾ ਵੀ ਪਾਣੀ ਵਿਚ ਡੁੱਬਣ ਹੀ ਵਾਲਾ ਏ ਭੁਖਿਆਂ ਵੀ ਪੱਕਾ ਮਾਰੂ!

ਮੈਨੂੰ ਕਿੰਨੇ ਦਿਨ ਨੀਂਦ ਨਾ ਪਈ ਭੁੱਖ ਨਾ ਲੱਗਿਆ ਕਰੇ ਬਾਹਰ ਲਿਸ਼ਕਦੇ ਹੋਏ ਬੱਦਲ ਵੇਖਦਾ ਤਾਂ ਮੌਤ ਨਜਰ ਆਉਂਦੀ!

ਹਰ ਵੇਲੇ ਇੰਝ ਲੱਗਿਆ ਕਰਦਾ ਕੇ ਹੁਣ ਅਸੀ ਸਾਰਿਆਂ ਛੇਤੀ ਹੀ ਮਰ ਜਾਣਾ ਏ ਬੱਸ

ਇੱਕ ਦਿਨ ਏਦਾਂ ਹੀ ਡੁਸਕਦੇ ਹੋਏ ਨੂੰ ਦਾਦੇ ਜੀ ਨੇ ਵੇਖ ਲਿਆ

ਸੈਨਤ ਮਾਰ ਲਈ ਪੁੱਛਣ ਲੱਗੇ ਕੀ ਗੱਲ ਏ ਪੁੱਤਰਾ ਰੋਈ ਕਾਹਨੂੰ ਜਾਨਾ ਏ ਉਦਾਸ ਜਿਹਾ ਵੀ ਦਿਸਦਾ ਕੁਝ ਦਿਨਾਂ ਤੋਂ ਕੋਈ ਗੱਲ ਏ ਤਾਂ ਖੁੱਲ ਕੇ ਦੱਸ “

ਨਾਲ ਹੀ ਓਹਨਾ ਮੈਨੂੰ ਧੂਹ ਕੇ ਆਪਣੀ ਬੁੱਕਲ ਵਿਚ ਲੁਕੋ ਲਿਆ !

ਮੈਂ ਕਿੰਨੇ ਚਿਰ ਦਾ ਡੱਕਿਆ ਸਾਂ

ਓਸੇ ਵੇਲੇ ਉਚੀ ਉਚੀ ਰੋਣਾ ਸ਼ੁਰੂ ਕਰ ਦਿੱਤਾ ਆਖਿਆ ਦਾਦਾ ਜੀ ਤੁਹਾਨੂੰ ਪਤਾ ਹੁਣ ਅਸਾਂ ਸਾਰਿਆਂ ਮਰ ਜਾਣਾ ਏ ਇਹ ਮੀਂਹ ਸਾਨੂੰ ਸਾਰਿਆਂ ਨੂੰ ਮਾਰ ਕੇ ਹੀ ਸਾਹ ਲਵੇਗਾ”

ਮੇਰੀ ਏਨੀ ਗੱਲ ਸੁਣ ਉਹ ਉਚੀ ਉਚੀ ਹੱਸ ਪਏ 

ਮੈਨੂੰ ਕੁੱਛੜ ਚੁੱਕ ਨੁੱਕਰੇ ਪੜਛੱਤੀ ਤੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਲੈ ਆਏ 

ਆਖਣ ਲੱਗੇ ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਇਸੇ ਵਿਚ ਹੀ ਹੈ ਨਾਲੇ ਇੱਕ ਗੱਲ ਹਮੇਸ਼ਾ ਯਾਦ ਰਖੀਂ ਉਸ ਅਕਾਲ ਪੁਰਖ ਨੇ ਦੁਨੀਆ ਦੀ ਕੋਈ ਵੀ ਸਮੱਸਿਆ ਐਸੀ ਨਹੀਂ ਸਿਰਜੀ ਜਿਸ ਦਾ ਉਸਨੇ ਹੱਲ ਨਾ ਬਣਾਇਆ ਹੋਵੇ 

ਉਹ ਹਰ ਸਮੱਸਿਆ ਦਾ ਹੱਲ ਵੀ ਨਾਲੋਂ ਨਾਲ ਸਿਰਜ ਕਿਧਰੇ ਲੂਕਾ ਦਿਆ ਕਰਦਾ ਏ ਤੇ ਇਸ ਗੁਟਕੇ ਸਾਬ ਅੰਦਰ ਲਿਖਿਆ ਸਭ ਕੁਝ ਹੀ ਬਸ ਉਸ ਲੁਕਾਈ ਹੋਈ ਚੀਜ ਨੂੰ ਲੱਭਣ ਵਿਚ ਮਦਤ ਕਰਦਾ ਏ !

ਅੱਜ ਏਨੇ ਵਰ੍ਹਿਆਂ ਬਾਅਦ ਭਾਵੇਂ ਭਾਪਾ ਜੀ ਤੇ ਦਾਦਾ ਜੀ ਭਾਵੇਂ ਇਸ ਜਹਾਨ ਵਿਚ ਨਹੀਂ ਨੇ ਪਰ ਫੇਰ ਵੀ ਜਦੋਂ ਕੋਈ ਭਾਰੀ ਮੁਸ਼ਕਿਲ ਆਣ ਪਵੇ ਤਾਂ ਓਹਨਾ ਦੇ ਆਖੇ ਬੋਲ ਕੰਨਾਂ ਵਿਚ ਗੂੰਝਣ ਲੱਗਦੇ ਨੇ ਤੇ ਮੈਂ ਆਪ ਮੁਹਾਰੇ ਹੀ ਓਸੇ ਪੜਛੱਤੀ ਤੇ ਪਏ ਨਿੱਤਨੇਮ ਵਾਲੇ ਗੁਟਕੇ ਕੋਲ ਆਣ ਖਲੋਂਦਾ ਹਾਂ ਫੇਰ ਅੱਖਾਂ ਮੀਟ ਅਰਦਾਸ ਕਰਦਾ ਹਾਂ

ਘੜੀਆਂ ਪਲਾਂ ਵਿਚ ਹੀ ਉਸ ਮੁਸ਼ਕਿਲ ਦਾ ਹੱਲ ਨਿੱਕਲਿਆ ਪਿਆ ਹੁੰਦਾ ਏ !

ਸੋ ਦੋਸਤੋ ਇੱਕ ਦਾਨਿਸ਼ਵਰ ਨੇ ਆਖਿਆ ਏ ਕੇ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਲ ਵੀ ਇਨਸਾਨੀ ਮੱਥੇ ਦੇ ਆਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ

ਸਿਆਣੇ ਅਕਸਰ ਆਖਿਆ ਕਰਦੇ ਸਨ ਕੇ ਜਿੰਦਗੀ ਦੇ ਜਿਹਨਾਂ ਹਾਲਾਤਾਂ ਨੂੰ ਕੋਈ ਬਦਲ ਹੀ ਨਹੀਂ ਸਕਦਾ ਓਹਨਾ ਦਾ ਹਰ ਵੇਲੇ ਫੇਰ ਜਿਕਰ ਕਿਓਂ ਤੇ ਜਿਸ ਮੁਸ਼ਕਿਲ ਦਾ ਉੱਪਰ ਵਾਲੇ ਨੇ ਚੰਗਾ ਭਲਾ ਹੱਲ ਬਣਾਇਆ ਹੈ..ਉਸ ਬਾਰੇ ਸੋਚ ਸੋਚ ਫੇਰ ਫਿਕਰ ਕਿਓਂ!

ਹਰਪ੍ਰੀਤ ਸਿੰਘ ਜਵੰਦਾ

You may also like