ਅਨੋਖਾ ਦਾਨ

by Jasmeet Kaur

ਇਸ ਗੱਲ ਦੀ ਬੜੀ ਹੀ ਚਰਚਾ ਹੋ ਰਹੀ ਸੀ ਕਿ ਉਸਨੇ ਆਪਣੀ ਪਤਨੀ ਕਿਸੇ ਜੋਤਸ਼ੀ ਨੂੰ ਦਾਨ ਕਰ ਦਿੱਤੀ ਹੈ। ਲੋਕ ਕਹਿੰਦੇ ਸਨ ਕਿ ਉਸ ਨੂੰ ਇਕ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਉਸ ਨੇ ਆਪਣੀ ਪਤਨੀ ਆਪਣੇ ਘਰ ਰੱਖੀ ਤਾਂ ਉਹ ਮਰ ਜਾਏਗੀ ਜੇਕਰ ਉਹ ਆਪਣੀ ਪਤਨੀ ਦੀ ਜ਼ਿੰਦਗੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਕਿਸੇ ਨੂੰ ਦਾਨ ਕਰ ਦੇਣੀ ਚਾਹੀਦੀ
ਹੈ।
ਉਹ ਬਹੁਤ ਹੀ ਸੋਚਾਂ ਵਿਚ ਪੈ ਗਿਆ। ਅੰਤ ਉਸ ਨੇ ਇਸ ਅਨੋਖੇ ਦਾਨ ਨੂੰ ਅਮਲੀ ਰੂਪ ਦੇਣ ਲਈ ਆਪਣਾ ਇਰਾਦਾ ਬਣਾ ਲਿਆ। ਉਸ ਨੇ ਆਪਣੀ ਪਤਨੀ ਪ੍ਰਤੀ ਏਨਾ ਪਿਆਰ ਦਿਖਾਇਆ ਕਿ ਪਤਨੀ ਉਸ ਦੇ ਫੈਸਲੇ ਨਾਲ ਸਹਿਮਤ ਹੋ ਗਈ। ਉਸ ਦੀ ਪਤਨੀ ਆਪਣੇ ਪਤੀ ਪਿਆਰ ਤੇ ਖੀਵੀ ਹੋ ਗਈ ਅਤੇ ਉਸ ਨੇ ਆਪਣੀ ਪਤਨੀ ਦਾ ਦਾਨ ਉਸੇ ਹੀ ਜੋਤਸ਼ੀ ਨੂੰ ਕਰ ਦਿੱਤਾ ਜਿਸ ਨੇ ਪਤਨੀ ਦਾਨ ਕਰਨ ਲਈ ਉਸ ਨੂੰ ਕਿਹਾ ਸੀ।ਜੋਤਸ਼ੀ ਦੂਰ ਪਹਾੜਾਂ ਤੋਂ ਆਇਆ ਸੀ।
ਕੁਝ ਲੋਕ ਤਾਂ ਉਸ ਦੇ ਪਿਆਰ ਦੀ ਸ਼ਲਾਘਾ ਕਰ ਰਹੇ ਸਨ ਅਤੇ ਕੁਝ ਲੋਕ ਉਸ ਨੂੰ ਮੂਰਖ ਸਮਝ ਰਹੇ ਸਨ। ਉਹ ਲੋਕਾਂ ਅੱਗੇ ਏਨਾ ਗੰਭੀਰ ਰਹਿੰਦਾ ਕਿ ਲੋਕ ਸਮਝਦੇ ਕਿ ਵਿਚਾਰਾ ਠੱਗਿਆ ਗਿਆ ਏ। ਕੁਝ ਲੋਕਾਂ ਨੇ ਇਸ ਠੱਗੀ ਦੀ ਰਿਪੋਰਟ ਪੁਲੀਸ ਕੋਲ ਲਿਖਵਾਉਣ ਲਈ ਵੀ ਪ੍ਰੇਤ ਕੀਤਾ ਪਰ ਉਹ ਹੱਸ ਤੋਂ ਮੱਸ ਨਾ ਹੋਇਆ।
ਉਸ ਦਾ ਇਕ ਦੋਸਤ ਇਸ ਅਨੋਖੇ ਦਾਨ ਦੀ ਖਬਰ ਸੁਣ ਕੇ ਉਸ ਕੋਲ ਆਇਆ ਤੇ ਵਿਅੰਗ ਨਾਲ ਕਹਿਣ ਲੱਗਾ- ਤੈਨੂੰ ਪਤਨੀ ਨਾਲ ਐਨਾ ਪਿਆਰ ਸੀ ਕਿ ਤੂੰ ਉਸਦੇ ਜੀਵਨ ਲਈ ਉਸ ਦਾ ਹੀ ਦਾਨ ਕਰ ਦਿੱਤਾ। | ਉਹ ਬੜੀ ਉਤਸੁਕਤਾ ਨਾਲ ਕਹਿਣ ਲੱਗਾ- ਯਾਰ! ਮੈਨੂੰ ਉਸ ਨਾਲ ਪਿਆਰ ਤੇ ਕੋਈ ਨਹੀਂ ਸੀ, ਮੈਂ ਤਾਂ ਇਸ ਬਹਾਨੇ ਇੱਕ ਬਦਚਲਨ ਪਤਨੀ ਤੋਂ ਛੁਟਕਾਰਾ ਪਾਇਆ ਏ।

ਸੁਰਜੀਤ ਸੂਦ

You may also like