ਸਾਹਿਤਕਾਰ

by Jasmeet Kaur

ਸਵੇਰੇ ਦਸ ਵਜਦਿਆਂ ਹੀ ਉਹ ਦਫਤਰ ਆਇਆ ਤੇ ਆਉਂਦਿਆਂ ਸਾਰ ਇਕ ਲੰਮੀ ਘੰਟੀ ਮਾਰੀ- ਚਪੜਾਸੀ ਨਸ ਕੇ ਅੰਦਰ ਦਾਖਲ ਹੋਇਆ।
ਦਫਤਰ ਦੇ ਸਾਰੇ ਅਮਲੇ ਨੂੰ ਬੁਲਾਓ! ਹੁਕਮ ਹੋਇਆ।
ਇਕ ਕਹਿਰਾਂ ਦੀ ਹਵਾ ਸਾਰੇ ਦਫਤਰ ‘ਚ ਜ਼ਹਿਰੀਲੇ ਮੁਸ਼ਕ ਵਾਂਗ ਘੁੰਮ ਗਈ। ਇਸ ਅਫ਼ਸਰ ਨੂੰ ਇਸ ਦਫ਼ਤਰ ਵਿਚ ਬਦਲ ਕੇ ਆਇਆਂ ਥੋੜੇ ਹੀ ਦਿਨ ਹੋਏ ਸਨ। ਅੱਠਾਂ ਦਿਨਾਂ ਵਿਚ ਦੋ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਫਤਰ ਦੇ ਦੋ ਸੀਨੀਅਰ ਕਲਰਕਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਸਨ।
ਆਖਰ ਕੀ ਕੋਤਾਹੀ ਹੋ ਗਈ ਹੋਵੇਗੀ? ਅੱਜ ਕਿਸੇ ਦੇ ਪਿੜ-ਪੱਲੇ ਨਹੀਂ ਸੀ ਪੈ ਰਿਹਾਸਭ ਇਕ ਦੂਜੇ ਤੋਂ ਪੁੱਛਦੇ ਇਕ ਦੂਜੇ ਵਲ ਘੂਰ-ਘੂਰ ਦੇਖਦੇ, ਅਫਸਰ ਦੇ ਕਮਰੇ ਵਿਚ ਇਕੱਠੇ ਹੋ ਗਏ।
ਅਫ਼ਸਰ ਦੇ ਚਿਹਰੇ ਤੇ ਕੁਝ ਚਮਕ ਸੀ। ਉਸਨੇ ਇਕ ਬੰਡਲ ਜਿਹਾ ਖੋਲਿਆ- ਕੁਝ ਕਿਤਾਬਾਂ ਕੱਢੀਆਂ ਗਈਆਂ, ਚਪੜਾਸੀ ਨੂੰ ਹੁਕਮ ਹੋਇਆ- ਸਭ ਨੂੰ ਇੱਕ ਇੱਕ ਵੰਡ ਦੇ ਅਤੇ ਆਖਰੀ ਤੂੰ ਆਪ ਰੱਖ ਲਵੀਂ।
ਕਿਤਾਬਾਂ ਜਿਹੀਆਂ ਦੀ ਗਿਣਤੀ, ਅਮਲੇ ਦੀ ਗਤੀ ਜਿੰਨੀ ਹੀ ਸੀ, ਸਮੇਤ ਤਿੰਨਾਂ ਚਪੜਾਸੀਆਂ ਦੇ ਜਿਨ੍ਹਾਂ ਵਿਚ ਦੋ ਤਾਂ ਕੋਰੇ ਅਨਪੜ੍ਹ ਸਨ। ਵੰਡ-ਵੰਡਾਈ ਮੁਕੰਮਲ ਹੋ ਗਈ।
‘ਇਨਾਂ ਨੂੰ ਕੀ ਕਰਨੈ ਜਨਾਬ?’
ਇਕ ਕਲਰਕ ਨੇ ਹਿੰਮਤ ਕੀਤੀ।
ਹੁਣੇ ਦਸਦਾਂ!
ਫਿਰ ਇਕ ਦਮ ਚੁੱਪ ਛਾ ਗਈ।
ਹਾਂ! ਸਾਰੇ ਇਸਦਾ ਸਫਾ ਨੰਬਰ 39 ਕੱਢੋ- ਇਹ ਵਾਲਾ ਉਸਨੇ ਆਪਣੇ ਹੱਥ ਵਾਲੀ ਕਿਤਾਬ ਜਿਹੀ ਦਾ ਉਹ ਸਫਾ ਕੱਢੇ ਕੇ ਵਿਖਾਉਂਦਿਆਂ ਕਿਹਾ। ਇਸ ਨੂੰ ਸਾਰੇ ਆਪਣੇ ਘਰੀਂ ਲੈ ਜਾਓ ਤੇ ਇਸ ਨੂੰ ਜ਼ਰੂਰ ਪੜਣਾ- ਇਨ੍ਹਾਂ ਦੀ ਕੀਮਤ ਤੁਹਾਡੀਆਂ ਤਨਖਾਹਾਂ ‘ਚੋਂ ਕੱਟ ਲਈ ਜਾਵੇਗੀ।
ਰਸਾਲੇ ਦੇ ਇਸ ਸਫੇ ਤੇ ਇਸ ਅਫਸਰ ਦੀ ਮੂਰਤ ਸਮੇਤ ਕਹਾਣੀ ਛਪੀ ਸੀ।

ਲਖਵਿੰਦਰ ਜੌਹਲ

You may also like