ਜਿੰਦਗੀ ਦੇ ਕੁਝ ਕਰਜੇ

by Sandeep Kaur

ਗੱਲ ਓਹਨਾ ਦਿੰਨਾ ਦੀ ਏ ਜਦੋਂ ਮੈਨੂੰ ਛੇਵਾਂ ਮਹੀਨਾ ਲੱਗਾ ਸੀ.

ਇੱਕ ਦਿਨ ਅਚਾਨਕ ਇਹਨਾਂ ਦੀ ਅਸਾਮ ਬਦਲੀ ਦੇ ਆਡਰ ਆ ਗਏ..

ਮੇਰਾ ਮਜਬੂਰਨ ਵਾਪਿਸ ਪਿੰਡ ਆਉਣ ਦਾ ਪ੍ਰੋਗਰਾਮ ਬਣਾਉਣਾ ਪੈ ਗਿਆ..!

ਇਹਨਾਂ ਮੇਰੀ ਟਿਕਟ ਬੁੱਕ ਕਰਵਾ ਦਿੱਤੀ..ਤੇ ਆਪ ਦਿੱਲੀ ਵੱਲ ਦੀ ਗੱਡੀ ਤੇ ਚੜ ਗਏ..!

ਮੇਰੀ ਰਾਤੀ ਗਿਆਰਾਂ ਕੂ ਵਜੇ ਚੱਲਣੀ ਸੀ..

ਅੰਬਾਲਾ ਕੈਂਟ ਟੇਸ਼ਨ ਤੇ ਇੱਕ ਚਿੱਟ ਡਾਹੜੀਏ ਕੁੱਲੀ ਮੈਨੂੰ ਨਿਰੇ-ਪੂਰੇ ਆਪਣੇ ਬਾਪੂ ਹੁਰਾਂ ਵਰਗੇ ਹੀ ਲੱਗੇ..!

ਓਹਨਾ ਨੂੰ ਦੱਸਿਆ ਤਾਂ ਆਖਣ ਲੱਗੇ ਧੀਏ ਘਬਰਾ ਨਾ..ਮੈਂ ਗੱਡੀ ਆਉਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਅੱਪੜ ਜਾਵਾਂਗਾ..

ਮਗਰੋਂ ਕਦੀ ਆ ਕੇ ਪਾਣੀ ਪੁੱਛ ਜਾਇਆ ਕਰਨ ਤੇ ਕਦੀ ਚਾਹ..!

ਵੇਟਿੰਗ ਰੂਮ ਵਿਚ ਮੇਰੀ ਅੱਖ ਲੱਗ ਗਈ..

ਜਦੋਂ ਜਾਗ ਆਈ ਤਾਂ ਮੇਰੀ ਗੱਡੀ ਦੀ ਅਨੋਸਮੇਂਟ ਹੋ ਰਹੀ ਸੀ..ਐਨ ਮੌਕੇ ਤੇ ਗੱਡੀ ਦਾ ਪਲੇਟਫਾਰਮ ਵੀ ਬਦਲ ਦਿੱਤਾ ਗਿਆ..!

ਮੈਂ ਫ਼ਿਕਰਮੰਦੀ ਦੇ ਆਲਮ ਵਿਚ ਏਧਰ ਓਧਰ ਵੇਖਣ ਲੱਗੀ..ਬਾਪੂ ਹੂਰੀ ਕਿਧਰੇ ਵੀ ਨਾ ਦਿਸੇ..!

ਐਨ ਮੌਕੇ ਕੋਈ ਹੋਰ ਕੁੱਲੀ ਵੀ ਵੇਹਲਾ ਨਾ ਦਿਸਿਆ..!

ਜਦੋਂ ਮਸੀਂ ਪੰਜ ਮਿੰਟ ਰਹਿ ਗਏ ਤਾਂ ਉਹ ਮੈਨੂੰ ਦੌੜਦੇ ਹੋਏ ਆਪਣੇ ਵੱਲ ਆਉਂਦੇ ਦਿਸੇ..

ਸਾਹੋ ਸਾਹੀ ਹੋਏ..ਕੁਝ ਪੁੱਛਣ ਲੱਗੀ ਤਾਂ ਆਖਣ ਲੱਗੇ ਹੁਣ ਗੱਲ ਕਰਨ ਦਾ ਟਾਈਮ ਹੈਨੀ..ਬੱਸ ਮੇਰੇ ਮਗਰ ਮਗਰ ਤੁਰੀ ਆ..!

ਦੋ ਸੰਦੂਖ ਇੱਕ ਟੋਕਰੀ ਤੇ ਇੱਕ ਬਿਸਤਰਾ..ਸਾਰਾ ਕੁਝ ਸਿਰ ਤੇ ਲੱਦ ਵਾਹੋ ਡਾਹੀ ਪਲੇਟਫਾਰਮ ਨੰਬਰ ਪੰਜ ਵੱਲ ਨੂੰ ਤੁਰ ਪਏ..!

ਮੈਂ ਢਿਡ੍ਹ ਤੇ ਹੱਥ ਰੱਖ ਮਸੀਂ ਕਿੰਨੀਆਂ ਸਾਰੀਆਂ ਪੌੜੀਆਂ ਚੜੀ..ਫੇਰ ਪੰਜ ਨੰਬਰ ਤੇ ਜਾ ਓਨੀਆਂ ਹੀ ਫੇਰ ਉੱਤਰਨੀਆਂ ਵੀ ਪਈਆਂ..!

ਫੇਰ ਆਪਣਾ ਸਮਾਨ ਟਿਕਾ ਕੇ ਅਜੇ ਮੁਸ਼ਕਲ ਨਾਲ ਅੰਦਰ ਵੜੀ ਹੀ ਸਾਂ ਕੇ ਗੱਡੀ ਤੁਰ ਪਈ..!

ਕਾਹਲੀ ਨਾਲ ਪਰਸ ਲੱਭਣ ਲੱਗੀ ਪਰ ਉਹ ਟੋਕਰੀ ਵਿਚ ਥੱਲੇ ਜਿਹੇ ਲੱਗਾ ਕਿਧਰੇ ਵੀ ਨਾ ਦਿਸਿਆ..!

ਕੀ ਵੇਖਿਆ ਬਾਬਾ ਜੀ ਵੀ ਚੱਲਦੀ ਗੱਡੀ ਦੇ ਨਾਲ ਨਾਲ ਦੌੜੀ ਆ ਰਹੇ ਸਨ..

ਪਰ ਹੈਰਾਨਗੀ ਦੀ ਗੱਲ ਇਹ ਸੀ ਕੇ ਓਹਨਾ ਦੇ ਚੇਹਰੇ ਤੇ ਪੈਸਿਆਂ ਦੀ ਚਿੰਤਾ ਘੱਟ ਅਤੇ ਇਸ ਗੱਲ ਦੀ ਤਸੱਲੀ ਕਿਧਰੇ ਜਿਆਦਾ ਸੀ ਕੇ ਮੈਂ ਸੁਖੀ ਸਾਂਦੀ ਗੱਡੀ ਚੜ ਗਈ ਸਾਂ..

ਫੇਰ ਵਿੱਥ ਵਧਦੀ ਗਈ..ਘੜੀ ਕੂ ਮਗਰੋਂ ਪਲੇਟਫਾਰਮ ਵੀ ਮੁੱਕ ਗਿਆ ਤੇ ਬਾਬਾ ਜੀ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ..!

ਮੈਂ ਅੰਬਰਸਰ ਤੱਕ ਆਉਂਦੀ ਹੋਈ ਪਤਾ ਨੀ ਕਿੰਨੀ ਵਾਰ ਰੋਈ ਹੋਣੀ..

ਵਾਰ ਵਾਰ ਆਪਣੇ ਆਪ ਤੇ ਗੁੱਸਾ ਆਈ ਜਾਵੇ ਕੇ ਮੈਂ ਪੰਜਾਹ ਰੁਪਈਏ ਪਹਿਲਾਂ ਹੀ ਕਿਓਂ ਨਹੀਂ ਸਨ ਕੱਢ ਕੇ ਰੱਖੇ..!

ਖੈਰ ਸਾਲ ਬਾਅਦ ਇੱਕ ਵਾਰ ਫੇਰ ਅੰਬਾਲੇ ਕੈਂਟ ਜਾਣ ਦਾ ਮੌਕਾ ਮਿਲਿਆ ਤਾਂ ਖਹਿੜੇ ਪੈ ਗਈ..ਕੇ ਬਾਬਾ ਜੀ ਦਾ ਪਤਾ ਕਰੋ..!

ਇਹਨਾਂ ਭੱਜ ਦੌੜ ਕੀਤੀ..ਪਤਾ ਲੱਗਾ ਕੇ ਉਹ ਤਾਂ ਦੋ ਮਹੀਨੇ ਹੋਏ ਚੜਾਈ ਕਰ ਗਏ..

ਹੰਜੂਆਂ ਵਿਚ ਗੜੁੱਚ ਹੋਈ ਇੱਕ ਵਾਰ ਫੇਰ ਮਗਰ ਪੈ ਗਈ..ਆਖਿਆ ਪਰਿਵਾਰ ਬਾਰੇ ਪੁੱਛ ਪੜਤਾਲ ਕਰੋ..!

ਇਸ ਵਾਰ ਏਨੀ ਗੱਲ ਦੱਸਦਿਆਂ ਇਹਨਾਂ ਦਾ ਵੀ ਰੋਣ ਨਿੱਕਲ ਗਿਆ ਕੇ ਚੁਰਾਸੀ ਵੇਲੇ ਸਭ ਕੁਝ ਖਤਮ ਹੋ ਗਿਆ ਸੀ..ਕੱਲੇ ਹੀ ਰਹਿੰਦੇ ਸਨ..!

ਮਗਰੋਂ ਜਿੰਦਗੀ ਵਿਚ ਜਿੰਨੀ ਵਾਰ ਵੀ ਕੁੱਲੀ ਕਰਨਾ ਪਿਆ..ਕਦੀ ਭਾਅ ਨਾ ਕਰਦੀ ਤੇ ਨਾ ਹੀ ਇਹਨਾਂ ਨੂੰ ਹੀ ਕਰਨ ਦਿਆ ਕਰਦੀ..ਮੈਨੂੰ ਲਾਲ ਵਰਦੀ ਪਾਈ ਹਰੇਕ ਇਨਸਾਨ ਵਿੱਚ ਬਾਬਾ ਜੀ ਹੀ ਵਿਖਾਈ ਦਿੰਦੇ!

ਅੱਜ ਏਨੇ ਵਰ੍ਹਿਆਂ ਬਾਅਦ ਵੀ ਕਦੀ ਕਦੀ ਸੋਚਦੀ ਹਾਂ ਕੇ ਜਿੰਦਗੀ ਦੇ ਕੁਝ ਕਰਜੇ ਐਸੇ ਵੀ ਹੁੰਦੇ ਜਿਹੜੇ ਜਿੰਨੇ ਮਰਜੀ ਲਾਹੀ ਜਾਵੋ ਕਦੀ ਘੱਟ ਨਹੀਂ ਹੁੰਦੇ..!

ਹਰਪ੍ਰੀਤ ਸਿੰਘ ਜਵੰਦਾ

You may also like