ਕੌਮ ਦੇ ਵਾਰਸ

by Jasmeet Kaur

ਕੱਪ ਅਜੇ ਬੁੱਲਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਧੌਣ ਪਿੱਛੇ ਠੰਡੀ ਨਾਲ ਦੇ ਸਪਰਸ਼ ਨੇ ਮੇਰਾ ਆਪਾ ਕੰਬਾ ਦਿੱਤਾ। ਦਿਲ ਹੀ ਦਿਲ ਪਛਤਾ ਰਿਹਾ ਸਾਂ ਕਿ ਇੱਥੇ ਚਾਹ ਪੀਣ ਲਈ ਰੁਕਣਾ ਨਹੀਂ ਸੀ ਚਾਹੀਦਾ। ਸਕੂਟਰ, ਘੜੀ, ਮੁੰਦਰੀ, ਕੈਸ਼ ਸਭ ਕੁਝ ਖੋਹ ਲਿਆ ਜਾਵੇਗਾ ਤੇ ਸ਼ਾਇਦ ਕੱਪੜੇ ਵੀ। ਦੁਕਾਨਦਾਰ ਹੱਥ ਜੋੜੀ ਖੜਾ ਸੀ ਤੇ ਉਸ ਵਲ ਵੇਖ ਹੱਥ ਵਿਚਲੇ ਕੱਪ ‘ਚੋਂ ਕੁੱਝ ਛਿੱਟਾਂ ਕਪੜਿਆਂ ਤੇ ਪੈ ਗਈਆਂ। ਛਿੱਟ, ਝਾੜਦਿਆਂ ਕਣਖੀਆਂ ਵਿਚੋਂਦੀ ਉਸ ਬਹਾਦਰ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਨਾਲ ਤੇ ਦਬਾਅ ਹੋਰ ਵਧ ਗਿਆ।
ਜੋ ਕੁਝ ਏ ਮੇਜ ਤੇ ਰਖਦੈ ਗਰਜਵੀਂ ਤੇ ਰੋਅਬ ਭਰੀ ਆਵਾਜ਼ ਨੇ ਮੇਰਾ ਹੋਸਲਾ ਤੋੜ ਦਿੱਤਾ।
ਬਈ ਇਕ ਪ੍ਰੋਫੈਸਰ ਦਾ ਤਾਂ ਲਿਹਾਜ ਕਰਨਾ ਚਾਹੀਦਾ ਆਖਰ
ਮੇਰੇ ਵਰਗਿਆਂ ਨੂੰ ਪੜਾ, ਡਿਗਰੀਆਂ ਦੁਆ ਬੇਰੁਜ਼ਗਾਰੀ ਦੇ ਸਮੁੰਦਰ ਵਿਚ ਧੱਕਣ ਦਾ ਕੰਮ ਤਾਂ ਅਸੀਂ ਹੀ ਕਰਦੇ ਹਾਂ। ਮੇਰੀ ਗੱਲ ਪੂਰੀ ਕਰਦਿਆਂ ਉਹ ਹੱਸਿਆ।
ਕਿਹੜੇ ਕਾਲਜ ਵਿਚ ਪੜ੍ਹਾਉਂਦੇ ਓ? ਧੌਣ ਪਿੱਛੋਂ ਠੰਡੀ ਨਾਲ ਲਾਹੁੰਦਿਆਂ ਉਸ ਪੁੱਛਿਆ।
ਰਾਜਿੰਦਰਾ ਕਾਲਜ ਵਿਚ।
ਤੇ ਤੁਹਾਡਾ ਨਾਂਅ ਕੀ ਏ?
ਜਾਨਕੀ ਦਾਸ ਭੰਡਾਰੀ।
ਤੁਸੀਂ ਤੁਸੀਂ? ਤੁਹਾਡੇ ਕੋਲ ਤਾਂ ਮੈਂ ਵੀ ਪੜਿਆ ਏ, ਮੇਰਾ ਨਾ ਕਸ਼ਮੀਰਾ ਏ ਕਸ਼ਮੀਰਾ। ਪੱਗ ਦਾ ਲੜ ਮੂੰਹ ਤੋਂ ਲਾਹੁੰਦਿਆਂ ਮੇਰੇ ਸਾਹਮਣੇ ਹੁੰਦਿਆਂ ਉਹ ਬੋਲਿਆ।
“ਕਸ਼ਮੀਰਾ? ਕਸ਼ਮੀਰਿਆ ਤੂੰ ਤਾਂ ਪੜ੍ਹਾਈ ਵਿਚ ਫਸਟ ਆਉਂਦਾ ਸੈਂ ਤੇ ਖੇਡਾਂ ਵਿਚ ਸਭ ਤੋਂ ਅੱਗੇ ਫਿਰ ਇਹ ਕੀ ਕੰਮ ?”
“ਪ੍ਰੋਫੈਸਰ ਸਾਹਬ, ਇਸ ਕੰਮ ਵਿਚ ਮੇਰਾ ਨੰਬਰ ਸਭ ਤੋਂ ਅੱਗੇ ਆ।’’ ਕਹਿੰਦਿਆਂ ਉਹ ਮੋਟਰ ਸਾਈਕਲ ਚਲਾ ਧੂੜ ਉਡਾਉਂਦਾ ਅੱਖਾਂ ਤੋਂ ਓਹਲੇ ਹੋ ਗਿਆ।
ਧੂੜ ਦੇ ਕਿਣਕੇ ਮੇਰੀਆਂ ਅੱਖਾਂ ਅੱਗੇ ਫੈਲਦੇ ਜਾ ਰਹੇ ਸਨ।

ਹਰਭਜਨ ਸਿੰਘ ਖੇਮਕਰਨੀ

You may also like