ਆਪਣੀ ਆਪਣੀ ਰਾਏ

by Jasmeet Kaur

ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ, ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ।` ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ, ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ, ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ, ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।

ਡਾ. ਅਮਰ ਕੋਮਲ

You may also like