”ਅਸਲੀ ਸੁੰਦਰਤਾ”

by admin

ਉਸ ਦਿਨ ਉਸਨੂੰ ਛੁਟੀ ਹੋਣ ਕਰਕੇ ਨਵਰੀਤ ਇਕੱਲੀ ਬੈਠੀ ਘਰੇ ਅਰਾਮ ਕਰ ਰਹੀ ਸੀ , ਉਸਦੇ ਦਰਵਾਜੇ ਦੀ ਘੰਟੀ ਵੱਜਣ ਤੇ ਬਾਹਰ ਆਪਣੇ ਸਾਹਮਣੇ ਅਚਾਨਕ ਆਪਣੀ ਇਕ ਚੰਗੀ ਸਹੇਲੀ ਬਲਜੋਤ ਜੋ ਬਾਹਰ ਰਹਿ ਰਹੀ ਏ ਨੂੰ ਕਈ ਵਰ੍ਹਿਆਂ ਬਾਅਦ ਦੇਖਕੇ ਬਹੁਤ ਹੈਰਾਨ ਤੇ ਖੁਸ਼ ਹੋਈ I ਅੰਦਰ ਚਾਹ ਪਾਣੀ ਪੀਂਦਿਆਂ ਦੋਨਾਂ ਨੇ ਬੀਤੇ ਸਮੇ ਦੀਆਂ ਕਾਲਿਜ ਵੇਲੇ ਦੀਆਂ ਯਾਦਾਂ ਅਤੇ ਉਸਤੋਂ ਬਾਅਦ ਇਕੱਲਿਆਂ ਬਿਤਾਏ ਸਮੇ ਦੀਆਂ ਹੱਡਬੀਤੀਆਂ ਸਾਂਝੀਆਂ ਕੀਤੀਆਂ I ਬਲਜੋਤ ਵਲੋਂ ਕਹਿਣ ਤੇ ਉਹ ਨਵਰੀਤ ਦੇ ਵਿਆਹ ਦੀ ਐਲਬਮ ਦੇਖਣ ਲੱਗ ਪਈਆਂ ,ਉਸਦੀ ਪੁਰਾਣੀ ਆਦਤ ਮੁਤਾਬਿਕ ਬਲਜੋਤ ਨੇ ਮੂੰਹ ਤੇ ਹੀ ਕਹਿ ਦਿੱਤਾ ਕਿ ਉਸਦਾ ਪਤੀ ਤੇ ਉਸਦੇ ਮੁਕਾਬਲੇ ਕੁਝ ਵੀ ਨਹੀਂ ਹੈ, ਕਿਥੇ ਤੇਰੇ ਸੋਹਣੇ ਨੈਣ ਨਕਸ਼ ,ਗੋਰਾ ਰੰਗ ਤੇ ਕਿਥੇ ਤੇਰੇ ਪਤੀ ਦੇ I ਹਾਂ ਜੋ ਤੇਰੀਆਂ ਅੱਖਾਂ ਦੇਖ ਰਹੀਆਂ ਨੇ ਉਹ ਤੇਰੀ ਸੋਚ ਮੁਤਾਬਿਕ ਠੀਕ ਹੈ ,ਨਵਰੀਤ ਨੇ ਸਪਸ਼ਟ ਕੀਤਾ I
ਵਿਹਲੀਆਂ ਹੋ ਕੇ ਉਹ ਫਿਰ ਗੱਲਾਂ ਕਰਨ ਲੱਗ ਪਈਆਂ, ਨਵਰੀਤ ਨੇ ਇਕ ਪੁਰਾਣਾ ਵਾਕਿਆ ਸੁਣਾਇਆ ਦਸ ਕੁ ਸਾਲ ਪਹਿਲਾਂ ਜੀ ਟੀ ਰੋਡ ਤੇ ਜਾਂਦਿਆਂ ਇੱਕ ਕਾਰ ਦੂਜੇ ਪਾਸਿਓਂ ਬਹੁਤ ਤੇਜੀ ਨਾਲ ਆ ਰਹੇ ਟਰੱਕ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ I ਉਸ ਦਾ ਇਕੋ ਇੱਕ ਸਵਾਰ ਡਰਾਈਵਰ ਬਹੁਤ ਬੁਰੀ ਤਰਾਂ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ I ਉਸ ਕਾਰ ਦੇ ਬਿਲਕੁਲ ਪਿਛੇ ਅਣਜਾਣ ਆ ਰਹੀ ਗੱਡੀ ਚੋਂ ਇਕ ਸਖਸ਼ ਉਤਰਿਆ ਤੇ ਬਿਨਾ ਕਿਸੇ ਡਰ,ਭੈ,ਹਿਚਕਚਾਹਟ ਦੇ ਪੁਲੀਸ ਨੂੰ ਵੀ ਉਡੀਕੇ ਬਿਨਾ ਜ਼ਖਮੀ ਨੂੰ ਚੁੱਕ ਕੇ ਆਪਣੀ ਗੱਡੀ ਵਿਚ ਪਾ ਕੇ ਤੇਜੀ ਨਾਲ ਨੇੜੇ ਦੇ ਵਧੀਆ ਹਸਪਤਾਲ ਵਿਚ ਲੈ ਗਿਆ I
ਹਸਪਤਾਲ ਵਲੋਂ ਇਹ ਪੁਲੀਸ ਕੇਸ ਹੋਣ ਕਰਕੇ ਦਾਖਲ ਕਰਨ ਤੋਂ ਆਨਾ ਕਾਨੀ ਕਰਨ ਤੇ ਉਸਨੇ ਲਿਖ ਕੇ ਕਿਸੇ ਵੀ ਤਰਾਂ ਦੇ ਹਾਲਾਤ ਦੀ ਜੁਮੇਵਾਰੀ ਆਪਣੇ ਸਿਰ ਤੇ ਲੈ ਲਈ I ਡਾਕਟਰਾਂ ਵਲੋਂ ਪੇਸ਼ਗੀ ਜਮਾ ਕਰਾਉਣ ਦਾ ਕਹਿਣ ਤੇ ਆਪਣੇ ਕੰਮਕਾਰ ਦੀ ਉਗਰਾਹੀ ਕਰਕੇ ਲਿਆਂਦੇ ਪੈਸੇ ਜਮਾ ਕਰਾਉਣ ਨੂੰ ਕੋਈ ਦੇਰੀ ਨਾ ਲਗਾਈ I ਭਾਵੇਂ ਬਾਅਦ ਵਿਚ ਜ਼ਖਮੀ ਦੇ ਘਰਵਾਲੇ ਵੀ ਪਹੁੰਚ ਚੁਕੇ ਸਨ, ਫਿਰ ਵੀ 72 ਘੰਟੇ ਤੱਕ ਜ਼ਖਮੀ ਦੇ ਹੋਸ਼ ਵਿਚ ਆਉਣ ਤਕ ਉਥੇ ਹੀ ਰਿਹਾ ਤੇ ਡਾਕਟਰ ਵਲੋਂ ਜ਼ਖਮੀ ਦੇ ਮਾਤਾ ਪਿਤਾ ਨੂੰ ਇਹ ਇਹ ਦੱਸਣ ਤੇ ਕਿ ਹੁਣ ਮਰੀਜ ਖ਼ਤਰੇ ਤੋਂ ਬਾਹਰ ਹੈ ਪਰ ਜੇ ਅੱਧੇ ਘੰਟੇ ਦੀ ਹੋਰ ਦੇਰੀ ਹੋ ਜਾਂਦੀ ਤਾਂ ਇਨਫੈਕਸ਼ਨ ਬਹੁਤ ਤੇਜੀ ਨਾਲ ਵੱਧ ਜਾਣ ਕਰਕੇ ਬਚਣਾ ਬਹੁਤ ਮੁਸ਼ਕਿਲ ਹੋ ਜਾਣਾ ਸੀ I ਉਨ੍ਹਾਂ ਵਲੋਂ ਦਿਤਾ ਜਾਣ ਵਾਲਾ ਕੋਈ ਵੀ ਪ੍ਰਤੀਕਰਮ ਸੁਨਣ ਤੋਂ ਪਹਿਲਾਂ ਹੀ ਬਿਨਾ ਦੱਸੇ ਨੇਕ ਦਿਲ ਆਦਮੀ ਆਪਣੀ ਇਨਸਾਨੀਅਤ ਵਾਲੀ ਜਿੰਮੇਵਾਰੀ ਭੁਗਤਾ ਕੇ ਚਲਾ ਗਿਆ I ਉਹ ਜ਼ਖਮੀ ਕੋਈ ਹੋਰ ਨਹੀਂ ਮੈਂ ਹੀ ਸਾਂ I ਹਸਪਤਾਲ ਦੇ ਸਟਾਫ ਨੇ ਵੀ ਇਹ ਤਸਦੀਕ ਕੀਤਾ ਕਿ ਉਹ ਵਿਅਕਤੀ ਤੁਹਾਡਾ ਕੋਈ ਜਨਮ ਜਨਮਾਤਰਾਂ ਤੋਂ ਰਿਸ਼ਤੇਦਾਰ ਲੱਗਦਾ ਸੀ ,ਉਸਨੇ ਬੜੀ ਜੁਰਅਤ ਨਾਲ ਸਾਨੂ ਤੇ ਪੁਲੀਸ ਨੂੰ ਨਜਿੱਠ ਕੇ ਇਲਾਜ ਸਮੇ ਸਿਰ ਸ਼ੁਰੂ ਕਰਵਾਇਆ I ਪੂਰੀ ਤਰਾਂ ਸਿਹਤਯਾਬ ਹੋਣ ਉਪਰੰਤ ਉਸ ਮਸੀਹੇ ਦਾ ਧੰਨਵਾਦ ਕਰਨ ਵਾਸਤੇ ਖੁਦ ਉਸ ਕੋਲੋਂ ਸਮਾਂ ਲੈ ਕੇ ਉਸਨੂੰ ਵਿਸ਼ੇਸ਼ ਤੌਰ ਤੇ ਮੈਂ ਮਿਲਣ ਗਈ ਸੀ I ਛੇ ਮਹੀਨਿਆਂ ਬਾਅਦ ਮੇਰੇ ਮਾਪਿਆਂ ਵਲੋਂ ਵਿਆਹ ਦਾ ਜ਼ੋਰ ਪਾਉਣ ਤੇ ਮੇਰਾ ਕੋਈ ਬੋਆਏ ਫਰੈਂਡ ਪੁੱਛਣ ਤੇ ਮੈਂ ਸਪਸ਼ਟ ਕਰ ਦਿੱਤਾ ਸੀ ਕਿ ਉਹ ਤੇ ਵੈਲੇਨਟਾਈਨ ਡੇ ਦੇ ਫੁੱਲ ਵਟਾਉਣ ਜੋਗਾ ਹੈ ਤੇ ਇਸ ਮਹਾਨ ਵਿਅਕਤੀ ਦੇ ਸਾਹਮਣੇ ਤੇ ਉਹ ਕੁਝ ਵੀ ਨਹੀਂ ਹੈ , ਮੇਰੇ ਵਿਆਹ ਦੀ ਗੱਲ ਇਸ ਸਖਸ਼ੀਅਤ ਨਾਲ ਕੀਤੀ ਜਾਵੇ I ਉਸਨੇ ਮੇਰੇ ਮਾਪਿਆਂ ਨੂੰ ਬੜੀ ਹਿੰਮਤ ਨਾਲ ਇਹ ਕਿਹਾ ਕਿ ਜੇ ਤੁਸੀਂ ਉਸ ਵਲੋਂ ਨਿਭਾਈ ਆਪਣੀ ਡਿਉਟੀ ਨੂੰ ਅਹਿਸਾਨ ਸਮਝ ਕੇ ਰਿਸ਼ਤਾ ਕਰਨਾ ਚਾਹੁੰਦੇ ਹੋ ਫਿਰ ਤੇ ਪੱਕੀ ਨਾਂਹ ਹੈ I ਜਦੋਂ ਮੈਂ ਜ਼ਿੰਦਗੀ ਵਿਚ ਉਸੇ ਨਾਲ ਜਿਉਣ ਮਰਨ ਦਾ ਪ੍ਰਸ੍ਤਾਵ ਰੱਖਿਆ ਤਾਂ ਉਸਨੇ ਬਿਨਾ ਕਿਸੇ ਕਿੰਤੂ ਪਰੰਤੂ ਦੇ ਹਾਂ ਕਰਨ ਨੂੰ ਇਕ ਪੱਲ ਵੀ ਨਹੀਂ ਲਾਇਆ I ਫਿਰ ਸਾਦਾ ਰਸਮਾਂ ਨਾਲ ਸਾਡਾ ਵਿਆਹ ਹੋਇਆ I ਉਸ ਨਾਲ ਰਹਿੰਦਿਆਂ ਤੇ ਮੇਰੀ ਜ਼ਿੰਦਗੀ ਹੀ ਬਦਲ ਗਈ, ਕਿਥੇ ਮੈਂ ਫਜ਼ੂਲ ਖਰਚਿਆਂ ਕਰਨ ਵਾਲੀ ਮਾਂ ਬਾਪ ਦੀ ਵਿਹਲੜ,ਸੋਹਲ,ਵਿਗੜੀ ਹੋਈ ਲਾਡਲੀ ਧੀ ਹੁੰਦੀ ਸੀ ਕਿਥੇ ਹੁਣ ਮੈਂ ਜ਼ਿੰਦਗੀ ਦੀ ਅਸਲੀਅਤ ਜਾਨਣ ਵਾਲੀ ਤਿਆਗ ਦੀ ਭਾਵਨਾ ਰੱਖ ਕੇ ਹਰ ਸਮੇ ਲੋਕਾਂ ਦੀ ਮਦਦ ਲਈ ਤਤਪਰ ਰਹਿਣ ਵਾਲੀ ਪਤਨੀ ਹਾਂ I ਸਾਰੀ ਵਾਰਤਾ ਸੁਣ ਕੇ ਬਲਜੋਤ ਨੇ ਉਸਦੇ ਫੈਸਲੇ ਨੂੰ ਬਿਲਕੁਲ ਦਰੁਸਤ ਕਰਾਰ ਦਿੰਦਿਆਂ ਹੌਕਾ ਜਿਹਾ ਲੈ ਕੇ ਬਿਨਾ ਕਿਸੇ ਝਿੱਜਕ ਦੇ ਆਪਣੀ ਸਹੇਲੀ ਕੋਲ ਸੱਚ ਬੋਲਣ ਦੀ ਹਿੰਮਤ ਕੀਤੀ ਕਿ ਕਾਸ਼ ਕਿਤੇ ਉਹ ਵੀ ਬਾਹਰਲਾ ਸੁਹੱਪਣ ਛੱਡ ਕੇ ਅਸਲੀ ਸੁੰਦਰਤਾ ਨੂੰ ਪਹਿਲ ਦੇ ਦਿੰਦੀ ਤਾਂ ਅੱਜ ਉਸਦੇ ਪਤੀ ਵਲੋਂ ਪਾਈਆਂ ਸਿਰੇ ਦੀਆਂ ਨਿਹਾਇਤ ਮਾੜੀਆਂ ਆਦਤਾਂ ਕਰਕੇ ਉਹ ਨਰਕ ਭਰੀ ਜ਼ਿੰਦਗੀ ਨਾ ਬਿਤਾ ਰਹੀ ਹੁੰਦੀ I

ਹਰਪ੍ਰੀਤ ਸਿੰਘ ਗਿੱਲ,ਝਿੰਗੜ ਕਲਾਂ/ਕੈਲਗਰੀ

You may also like