599
ਇਮਤਿਹਾਨ ਵਿਚ ਡਿਊਟੀ ਦੇ ਰਹੇ ਧੰਨਾ ਸਿੰਘ ਸੁਪਰਵਾਈਜ਼ਰ ਨੇ ਕਮਰੇ ਵਿਚ ਵੜਦਿਆਂ ਸਾਰ ਸਾਰੇ ਪ੍ਰੀਖਿਆਰਥੀਆਂ ਨੂੰ ਗਹੁ ਨਾਲ ਵੇਖਿਆ। ਇਕ ਤਾਂ ਉਸਦਾ ਦੂਰੋਂ ਰਿਸ਼ਤੇ ਦਾਰ ਹੀ ਸੀ, ਦੋ ਉਹ ਸਨ ਜਿਨ੍ਹਾਂ ਨੇ ਰਾਤ ਉਸਨੂੰ ਮੱਲੋ ਜੋਰੀ ਵਿਸਕੀ ਪਿਲਾਈ ਸੀ ਅਤੇ ਉਹ ਦੋਵੇਂ ਵੀ ਬੈਠੇ ਸਨ ਜਿਨ੍ਹਾਂ ਨੇ ਉਸਨੂੰ ਸਵੇਰੇ ਧਮਕੀ ਦਿੱਤੀ ਸੀ, “ਜੇ ਨਕਲ ਨਾ ਮਾਰਨ ਦਿੱਤੀ ਤਾਂ ਤੂੰ ਹੈ ਨੀਂ।
ਪਰਚਾ ਸ਼ੁਰੂ ਹੋਇਆ। ਕਈਆਂ ਨੇ ਹੌਲੀ ਹੌਲੀ ਪਰਚੀਆਂ ਕੱਢੀਆਂ ਅਤੇ ਨਕਲ ਮਾਰਕੇ ਲਿਖਣ ਲੱਗ ਪਏ। ਧੰਨਾ ਸਿੰਘ ਕਿਸੇ ਕੋਲੋਂ ਪਰਚੀਆਂ ਖੋਹ ਲੈਂਦਾ ਤੇ ਕਿਸੇ ਕੋਲ ਦੀ ਚੁੱਪ ਚਾਪ ਲੰਘ ਜਾਂਦਾ। ਪਹਿਲੀ ਲਾਈਨ ਵਿਚ ਬੈਠੇ ਲੜਕੇ ਕੋਲੋਂ ਜਦ ਉਸਨੇ ਪਰਚੀਆਂ ਫੜੀਆਂ ਤਾਂ ਉਹ ਖੜ੍ਹਾ ਹੋ ਗਿਆ ਅਤੇ ਕੁਝ ਲੜਕਿਆਂ ਵਲ ਉਂਗਲ ਕਰਦਾ ਕਹਿਣ ਲੱਗਿਆ, “ਜੇ ਔਹ ਤੇਰੀ ਮਰਜ਼ੀ ਨਾਲ ਨਕਲ ਕਰ ਰਹੇ ਨੇ ਤਾਂ ਮੇਰਾ ਵੀ ਹੱਕ ਐ ਨਕਲ ਕਰਨ ਦਾ।” ਧੰਨਾ ਸਿੰਘ ਛਿੱਥਾ ਪੈ ਗਿਆ ਅਤੇ ਉਹ ਲੜਕੇ ਦੀਆਂ ਪਰਚੀਆਂ ਮੋੜ ਕੇ ਅੱਗੇ ਤੁਰ ਪਿਆ।
ਡਾ. ਹਰਨੇਕ ਸਿੰਘ ਕੈਲੇ