387
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।