409
ਮਿਰਜੂ ਰਾਮ ਦਾ ਸਾਰਾ ਪਰਿਵਾਰ ਅਤੇ ਉਸ ਦਾ ਘਰ ਤਾਂ ਪਹਿਲਾਂ ਹੀ ਗੁਜਰਾਤ ਦੇ ਭੂਚਾਲ ਦੀ ਭੇਟ ਹੋ ਗਏ ਸਨ। ਉਹ ਅਤੇ ਉਸ ਦੀ ਪਤਨੀ ਰਾਜਸਥਾਨ ਵਿੱਚ ਰਹਿੰਦੇ ਹੋਣ ਕਰਕੇ ਬਚ ਗਏ ਸਨ। ਉਹ ਮੌਤ ਵਰਗੀ ਜ਼ਿੰਦਗੀ ਨੂੰ ਕਾਨਿਆਂ ਦੀ ਝੌਪੜੀ ਵਿੱਚ ਵਿਤਾ ਰਹੇ ਸਨ।
ਸੋਕੇ ਦੀ ਭਿਆਣਕ ਸਥਿਤੀ ਉਨ੍ਹਾਂ ਦੇ ਸਿਰਾਂ ਉੱਤੋਂ ਲੰਘ ਰਹੀ ਸੀ। ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਸਨ। ਉਸ ਦੀ ਪਤਨੀ ਸਖਤ ਗਰਮੀ ਵਿੱਚ ਦੋ ਕੋਹ ਦੂਰ ਪਾਣੀ ਲੈਣ ਜਾਂਦੀ ਸੀ। ਇੱਕ ਦਿਨ ਉਹ ਵਾਪਸ ਆਉਂਦੀ ਪਿੰਡ ਲਾਗੇ ਡਿਗਦਿਆਂ ਆਪਣੀ ਘੜੀ ਆਪ ਭੰਨਕੇ ਦਮ ਤੋੜ ਗਈ ਸੀ।
ਉਹ ਆਪਣੀ ਕਾਲੀ ਕਲੂਟੀ, ਹੱਡੀਆਂ ਦੀ ਮੁੱਠ ਰੂਪਮਤੀ ਦੀ ਚਿਣੀ ਜਾਂਦੀ ਚਿਤਾ ਨੂੰ ਪੱਥਰ ਹੋਈਆਂ ਅੱਖਾਂ ਨਾਲ ਵੇਖ ਰਿਹਾ ਸੀ। ਚਿਤਾ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਚੇਤਾ ਆਇਆ ਕਿ ਉਸ ਦੀ ਆਪਣੀ ਚਿਤਾ ਨੂੰ ਕੌਣ ਅੱਗ ਲਾਵੇਗਾ। ਉਸ ਨੂੰ ਚੱਕਰ ਜਿਹਾ ਆਇਆ ਅਤੇ ਫਿਰ ਗਸ਼ ਖਾ ਕੇ ਡਿੱਗ ਪਿਆ।
ਪਤੀ, ਪਤਨੀ ਦੀ ਸਾਂਝੀ-ਚਿਤਾ ਨੂੰ ਉਸ ਦਾ ਕੋਈ ਗਵਾਂਢੀ ਅੱਗ ਵਿਖਾ ਰਿਹਾ ਸੀ।