493
ਦੋ ਪਰਿਵਾਰਾਂ ਵਿਚ ਵਿਆਹ ਦੀ ਗੱਲ ਬਾਤ ਚੱਲ ਰਹੀ ਸੀ। ਲੜਕਾ ਸਿੰਚਾਈ ਵਿਭਾਗ ਵਿਚ ਕਿਸੇ ਚੰਗੀ ਥਾਂ ਤੇ ਲੱਗਿਆ ਹੋਇਆ ਸੀ ਅਤੇ ਲੜਕੀ ਕਿਸੇ ਬੈਂਕ ਵਿਚ ਸਰਵਿਸ ਕਰਦੀ ਸੀ। ਲੜਕੀ ਵਾਲਿਆਂ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਨਾਲ ਹੀ ਉਹਨਾਂ ਲੜਕੇ ਵਾਲਿਆਂ ਨੂੰ ਇਕ ਸ਼ਰਤ ਮੰਨਣ ਲਈ ਆਖਿਆ। ਲੜਕੀ ਵਾਲਿਆਂ ਇਹ ਸ਼ਰਤ ਰੱਖੀ ਕਿ ਉਹਨਾ ਦੀ ਲੜਕੀ ਘਰ ਦਾ ਕੰਮ ਕਾਰ ਨਹੀਂ ਕਰਿਆ ਕਰੇਗੀ। ਇੱਥੋਂ ਤੱਕ ਕਿ ਪਾਣੀ ਦਾ ਗਿਲਾਸ ਵੀ ਮੰਜੇ ਉੱਤੇ ਬੈਠਿਆਂ ਨੌਕਰ ਦਿਆ ਕਰੇਗਾ।
ਲੜਕੇ ਵਾਲਿਆਂ ਉਹਨਾਂ ਦੀ ਸ਼ਰਤ ਤੇ ਵਿਚਾਰ ਕਰਨ ਮਗਰੋਂ ਇਹ ਸੁਨੇਹਾ ਭੇਜਿਆ ਕਿ ਦਾਜ ਵਿਚ ਇਕ ਸ਼ੋਅ ਕੇਸ ਜਰੂਰ ਦੇਣ ਦੀ ਕ੍ਰਿਪਾ ਕਰਨੀ। ਦਫਤਰੋਂ ਪਰਤਣ ਤੇ ਤੁਹਾਡੀ ਲੜਕੀ ਨੂੰ ਸ਼ੋਅ ਕੇਸ ਵਿਚ ਸਜਾ ਦਿੱਤਾ ਜਾਇਆ ਕਰੇਗਾ।
ਮਨਮੋਹਨ ਢਿੱਲੋਂ