446
ਗੱਜਣ ਸਿੰਘ ਮਿੰਨੀ ਬੱਸ ਤੋਂ ਉੱਤਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਉਸ ਨੂੰ ਦਾਨਾ ਮੰਡੀ ਵਿੱਚ ਕਈ ਖੱਜਲ ਖੁਆਰੀਆਂ ਝੱਲਣੀਆਂ ਪਈਆਂ ਸਨ ਅਤੇ ਪਿੰਡ ਦੇ ਕਈ ਘਰਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ। ਉਹ ਖੁਸ਼ ਸੀ ਕਿਉਂਕਿ ਉਹ ਖਾਲੀ ਹੱਥ ਨਹੀਂ ਮੁੜਿਆ ਸੀ। ਉਸ ਦਾ ਝੋਲਾ ਨੋਟਾਂ ਨਾਲ ਭੁੰਨਿਆ ਹੋਇਆ ਸੀ।
ਉਸ ਨੂੰ ਆਸ ਸੀ ਕਿ ਇੱਕ ਜਾਂ ਦੋ ਦਿਨਾਂ ਵਿੱਚ ਕਣਕ ਵੇਚਕੇ ਉਹ ਪਿੰਡ ਪਰਤ ਆਏਗਾ। ਦੋ ਵਾਰੀ ਕਣੀਆਂ ਪੈ ਜਾਣ ਕਰਕੇ ਉਸ ਨੂੰ ਦਸ ਦਿਨ ਲੱਗ ਗਏ ਸਨ। ਪਹਿਲੇ ਸ਼ਰਾਟੇ ਨਾਲ ਏਜੰਸੀ ਵਾਲੇ ਕਣਕ ਖਰੀਦਣ ਤੋਂ ਸਿਰ ਹੀ ਫੇਰ ਗਏ ਸਨ ਅਤੇ ਦੂਜੇ ਮੀਂਹ ਪਿੱਛੋਂ ਪੰਜ ਦਿਨ ਮੰਡੀ ਹੀ ਨਹੀਂ ਬੜੇ ਸਨ। ਚਾਰ ਧੁੱਪਾਂ ਲੱਗੀਆਂ ਤਾਂ ਕੁਝ ਗੰਢ ਤਰੁੱਪ ਕਰਕੇ ਉਸ ਨੇ ਕਣਕ ਵੇਚ ਦਿੱਤੀ ਸੀ। ਦੂਜੇ ਦਿਨ ਰਕਮ ਮਿਲ ਜਾਣ ਦੀ ਆਸ ਉੱਤੇ ਉਸ ਨੂੰ ਸੁੱਖ ਦਾ ਸਾਹ ਆਇਆ ਸੀ।
ਜਦ ਉਹ ਘਰ ਪੁੱਜਿਆ ਤਾਂ ਸਹਿਕਾਰੀ ਬੈਂਕ ਵਾਲਿਆਂ ਨੂੰ ਬੈਠਕ ਵਿੱਚ ਵੇਖਿਆ, ਜੋ ਹੰਢੇ ਸ਼ਿਕਾਰੀ ਵਾਂਗ ਬੈਠੇ, ਆਪਣੇ ਸ਼ਿਕਾਰ ਦੀ ਉਡੀਕ ਕਰ ਰਹੇ ਸਨ।