416
ਕੰਵਲ ਕਾਲਜ ਵਿੱਚ ਪੜ੍ਹਦੀ ਸੀ। ਕੁਝ ਦਿਨਾਂ ਤੋ. ਉਹ ਘਰ ਲੇਟ ਪੁੱਜ ਰਹੀ ਸੀ। ਪਿਤਾ ਸਭ ਕੁਝ ਜਾਣਦਾ ਸੀ। ਉਸ ਨੇ ਆਸੇ ਪਾਸੇ ਤੋਂ ਪੂਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਆਪਣੀ ਬੇਟੀ ਦਾ ਰਾਹ ਬਦਲਣਾ ਚਾਹੁੰਦਾ ਸੀ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਸ ਤਰ੍ਹਾਂ ਆਰੰਭ ਕੀਤੀ ਜਾਵੇ। ਉਸ ਨੂੰ ਇਹ ਵੀ ਡਰ ਸੀ ਕਿ ਗੱਲ ਕਿਤੇ ਪੁੱਠੇ ਪਾਸੇ ਨੂੰ ਨਾ ਚਲ ਜਾਵੇ।
ਇੱਕ ਦਿਨ ਜਦ ਕੁੜੀ ਬਹੁਤ ਹੀ ਲੇਟ ਘਰ ਆਈ ਤਾਂ ਪਿਤਾ ਦੇ ਸਬਰ ਦਾ ਪਿਆਲਾ ਭਰਕੇ ਡੁੱਲ੍ਹਣ ਤੱਕ ਪੁੱਜ ਗਿਆ ਸੀ। “ਕੰਵਲ…ਇੱਧਰ ਆ। ਪਿਤਾ ਨੇ ਕੁਰੱਖਤ ਆਵਾਜ਼ ਵਿੱਚ ਆਪਣੀ ਅੰਦਰ ਜਾਂਦੀ ਧੀ ਨੂੰ ਹੁਕਮ ਦਿੱਤਾ।
ਕੁੜੀ ਸਿਰ ਝੁਕਾ ਕੇ ਆਪਣੇ ਪਿਤਾ ਅੱਗੇ ਜਾ ਖੜੀ ਹੋਈ। ਪਿਤਾ ਨੇ ਸਿਰ ਉਤਾਂਹ ਨਹੀਂ ਚੁੱਕਿਆ। ਜਦ ਪੰਜ ਮਿੰਟਾਂ ਤੋਂ ਵੀ ਵੱਧ ਸਮਾਂ ਲੰਘ ਗਿਆ ਤਾਂ ਕੁੜੀ ਮਸਾਂ ਹੀ ਬੋਲ ਸਕੀ, ਪਿਤਾ ਜੀ ਮੈਂ ਜਾਵਾਂ।
“ਹਾਂ ਜਾਓ। ਪਰ ਜਿੱਥੇ ਗਈ ਸੀ ਉੱਥੇ ਮੁੜ ਨਹੀਂ ਜਾਣਾ।”