ਧਿਆਨ ਸਿੰਘ ਘਰ ਵਿੱਚ ਸਦਾ ਬੇਧਿਆਨ ਹੀ ਰਹਿੰਦਾ ਸੀ। ਉਸ ਦਾ ਸਾਰਾ ਧਿਆਨ ਆਪਣੀ ਘਰ ਵਾਲੀ ਉੱਤੇ ਹੀ ਕੇਂਦਰਤ ਹੁੰਦਾ ਸੀ। ਉਹ ਸਖਤ ਹੋਣ ਦੇ ਨਾਲ ਨਾਲ ਹੁਣ ਲੋੜ ਤੋਂ ਵੱਧ ਕੁਰਖਤ ਵੀ ਹੋ ਗਈ ਸੀ। ਘਰ ਵਿੱਚ ਉਸ ਦਾ ਹੀ ਹੁਕਮ ਚਲਦਾ ਸੀ, ਪੰਜ ਕਰੇ ਪੰਜਾਹ ਕਰੇ।
ਪਤੀ ਵੱਢੀ ਲੈਣ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢਿਆ ਜਾ ਚੁੱਕਾ ਸੀ। ਉਸ ਨੇ ਆਪਣੀ ਪਤਨੀ ਦੀਆਂ ਸਾਰੀਆਂ ਘਰੇਲੂ ਜੁਮੇਵਾਰੀਆਂ ਸੰਭਾਲ ਲਈਆਂ ਸਨ। ਰਸੋਈ ਦਾ . ਕੰਮ, ਸਫਾਈਆਂ, ਕੱਪੜੇ ਧੋਣੇ, ਬੱਚੇ ਸੰਭਾਲਣੇ ਉਸ ਨੂੰ ਕੁਝ ਵੀ ਭੁੱਲਿਆ ਨਹੀਂ ਸੀ।
ਅਫਸਰ ਪਤਨੀ ਦੇ ਘਰ ਆਉਂਦਿਆਂ ਹੀ ਉਸ ਦੀਆਂ ਮੁਸੀਬਤਾਂ ਆਰੰਭ ਹੋ ਜਾਂਦੀਆਂ ਸਨ। ਉਸ ਨੂੰ ਹੁਕਮ ਮਿਲਦੇ, ਝਾੜਾਂ ਵਰਦੀਆਂ ਅਤੇ ਕਈ ਵਾਰੀ ਗਾਲਾਂ ਦੀ ਵਰਖਾ ਵੀ ਹੋ ਜਾਂਦੀ ਸੀ। ਉਹ ਭਿੱਜੀ ਬਿੱਲੀ ਬਣਿਆ ਸਭ ਕੁਝ ਸਹਿ ਜਾਂਦਾ ਸੀ। ਜਦ ਤੋਂ ਉੱਖਲੀ ਵਿੱਚ ਸਿਰ ਆਇਆ ਏ ਉਹ ਸੱਟਾਂ ਦਾ ਡਰ ਹੀ ਭੁੱਲ ਗਿਆ ਸੀ।
“ਮੈਂ ਕਿਹਾ ਜੀ ਕੱਲ ਸੁਬਾ ਹੀ ਨਹਾਕੇ, ਟਾਈ ਵਾਲਾ ਨਵਾਂ ਸੂਟ ਪਾ ਲੈਣਾ। ਘਰ ਦਾ ਸਾਰਾ ਕੰਮ ਕੱਲ ਸੇਵਾਦਾਰਨੀ ਕਰੇਗੀ।
“ਕੱਲ ਕੋਈ ਖਾਸ ਦਿਨ ਏ?”
“ਹਾਂ ਜੀ ਕੱਲ ਕਰਵਾ ਚੌਥ ਏ, ਮੈਂ ਆਪਣੇ ਪਤੀ-ਪਰਮੇਸ਼ਰ ਨੂੰ ਰਿਝਾਕੇ ਉਸ ਤੋਂ ਸਦਾ ਸੁਹਾਗਣ ਰਹਿਣ ਦਾ ਵਰ ਮੰਗਾਂਗੀ।”
ਪਤੀ ਦਾ ਮੂੰਹ ਅੱਡਿਆ ਰਹਿ ਗਿਆ।
ਮੂੰਹ-ਅੱਡਿਆ
334
previous post