746
ਗਰੀਬੂ ਦੀ ਮੌਤ ‘ਤੇ ਅਫਸੋਸ ਪ੍ਰਗਟਾਉਣ ਗਏ ਸਰਵਣ ਨੇ ਸੱਥਰ `ਤੇ ਬੈਠੇ ਆਪਣੇ ਭਤੀਜੇ ਨੂੰ ਹੌਲੀ ਜਿਹਾ ਕਿਹਾ, “ਸੁਣਿਐ ਸਰਕਾਰ ਹਾਦਸੇ ‘ਚ ਮਰਨ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਦੇ ਰਹੀ ਐ। ਗਰੀਬੂ ਮਰ ਕੇ ਘਰਦਿਆਂ ਨੂੰ ਤਾਂ ਲਖਪਤੀ ਬਣਾ ਗਿਆ।”
“ਨਾ ਚਾਚਾ, ਦੋ ਲੱਖ ਤਾਂ ਹਵਾਈ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣੇ ਐ। ਗਰੀਬੂ ਤਾਂ ਰੇਲ ਹਾਦਸੇ ‘ਚ ਮਰਿਐ।”
“ਫੇਰ ਤਾਂ ਪੱਚੀ ਹਜ਼ਾਰ ਈ ਮਿਲੂ। ਮੈਨੂੰ ਯਾਦ ਐ ਪਿਛਲੇ ਮਹੀਨੇ ਗੱਡੀ ‘ਚ ਮਰਨ ਵਾਲਿਆਂ ਨੂੰ ਸਰਕਾਰ ਨੇ ਪੱਚੀ-ਪੱਚੀ ਹਜ਼ਾਰ ਦਿੱਤੇ ਸੀ। ਚਲੋ ਪੱਚੀ ਹਜ਼ਾਰ ਨਾਲ ਮੁੰਡਾ ਕੋਈ ਕੰਮ ਕਰ ਚੁ।” ਸਰਵਣ ਨੇ ਤਸੱਲੀ ਜਿਹੀ ਪ੍ਰਗਟਾਉਂਦਿਆਂ ਕਿਹਾ।
“ਚਾਚਾ, ਇਨ੍ਹਾਂ ਨੂੰ ਤਾਂ ਪੰਜ ਹਜ਼ਾਰ ਈ ਮਿਲੂ। ਗਰੀਬੂ ਪਸੰਜਰ ਗੱਡੀ `ਚ ਮਰਿਐ। ਪੱਚੀ ਹਜ਼ਾਰ ਤਾਂ ਮੇਲ ਗੱਡੀ ’ਚ ਮਰਨ ਵਾਲਿਆਂ ਨੂੰ ਮਿਲੇ ਸੀ।” ਭਤੀਜੇ ਨੇ ਸਰਵਣ ਨੂੰ ਸਮਝਾਉਂਦਿਆਂ ਕਿਹਾ।
ਸ਼ਿਆਮ ਸੁੰਦਰ ਅੱਗਰਵਾਲ