529
ਸ਼ਹਿਰ ਦੀ ਸੜਕ ਕੰਢੇ ਕੂੜਾਦਾਨ ਕੋਲ ਕੱਪੜੇ ਵਿੱਚ ਲਪੇਟਿਆ ਸਜਾਇਆ ਬੱਚਾ ਰੋ ਰਿਹਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਹਰ ਇੱਕ ਇਸ ਬੱਚੇ ਬਾਰੇ ਸੋਚ ਰਿਹਾ ਸੀ।
‘ਕਿਸੇ ਕੁਆਰੀ ਦਾ ਹੋਵੇਗਾ।” ਇੱਕ ਬੋਲਿਆ। ‘ਬਦਨਾਮੀ ਤੋਂ ਡਰਦੀ ਇੱਥੇ ਸੁੱਟ ਗਈ ਹੋਵੇਗੀ। ਦੂਜੇ ਦਾ ਵਿਚਾਰ ਸੀ
‘ਹੋਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ।’ ਤੀਜਾ ਮਾਂ ਦੇ ਹੱਕ ਵਿੱਚ ਭੁਗਤ ਗਿਆ ਸੀ।
‘ਇਸ ਦੇ ਤਾਂ ਜਮਾਦਰੂ ਦੰਦ ਹਨ ਇਹ ਤਾਂ ਕੁਸਣੀ ਬੱਚਾ ਲੱਗਦਾ ਏ। ਕਿਸੇ ਨੇ ਰੋਦੇ ਬੱਚੇ ਦੇ ਦੰਦ ਵੇਖ ਲਏ ਸਨ ਅਤੇ ਉਸਨੇ ਇਸ ਦੇ ਸੁੱਟਣ ਦੇ ਕਾਰਨ ਵੱਲ ਸੰਕੇਤ ਕਰ ਦਿੱਤਾ ਸੀ।
‘ਕਿੰਨਾ ਸੋਹਣਾ ਮੁੰਡਾ ਏ।” ਕਿਸੇ ਹੋਰ ਦੀ ਨਜ਼ਰ ਨੇ ਬੱਚੇ ਦਾ ਮੁੱਲ ਵਧਾ ਦਿੱਤਾ ਸੀ।
ਸਾਰਿਆਂ ਦੀ ਆਗਿਆ ਨਾਲ ਕਿਸੇ ਨੇ ਮੁੰਡੇ ਨੂੰ ਚੁੱਕ ਲਿਆ ਸੀ ਅਤੇ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ।
ਜਿੰਨੇ ਮੁੰਹ ਸਨ ਹਾਲੀ ਵੀ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਰ ਬੱਚਾ ਹੁਣ ਚੁੱਪ ਸੀ।