ਵੱਡੇ ਸਰਦਾਰ ਜੋਰਾਵਰ ਸਿੰਘ ਦੇ ਘਰ ਕੁੜੀਆਂ ਦੀ ਭਰਮਾਰ ਸੀ। ਉੱਚੀਆਂ ਕੰਧਾਂ ਵਾਲੀ ਹਵੇਲੀ ਉਨ੍ਹਾਂ ਦੀ ਦੁਨੀਆ ਸੀ। ਆਸੇ ਪਾਸੇ ਸਖਤ ਪਹਿਰਾ ਸੀ ਅਤੇ ਬਾਹਰਲੀ ਹਵਾ ਉਨ੍ਹਾਂ ਲਈ ਵਰਜਤ ਫਲ ਸੀ।
ਆਪਣੇ ਪਿਤਾ ਦੀ ਰੀਸ ਕਰਦਿਆਂ ਕੁੜੀਆਂ ਨੇ ਆਪਣੀ ਪਸੰਦ ਦੇ ਕੁੱਤੇ ਪਾਲੇ ਹੋਏ ਸਨ। ਕੁੱਤਿਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਕੱਦ, ਕੁੜੀਆਂ ਦੀਆਂ ਉਮਰਾਂ ਅਨੁਸਾਰ ਹੋਇਆ ਕਰਦੇ ਸਨ। ਛੋਟੀਆਂ ਬੇਬੀਆਂ ਚਿੱਟੇ ਪੱਪੀ ਹੀ ਰੱਖਦੀਆਂ ਸਨ। ਉਹ ਆਮ ਕੁੱਤਿਆਂ ਨਾਲ ਖੇਡਦੀਆਂ, ਕਦੇ ਪਿਆਰ ਕਰਦੀਆਂ ਅਤੇ ਕਦੇ ਸਖਤ ਗਲਤੀ ਦੀ ਸਜਾ ਸੰਗਲੀ ਵਿੱਚ ਹੀ ਬਦਲ ਦਿੰਦੀਆਂ ਸਨ। ਉਨ੍ਹਾਂ ਦੀਆਂ ਗੱਲਾਂ ਦਾ ਕੁੱਤਿਆਂ ਦੀਆਂ ਆਦਤਾਂ ਦੀ ਵਿਆਖਿਆ ਹੀ ਹੁੰਦੀ।
‘ਮੁੰਡਿਆਂ ਨੂੰ ਕੁੜੀਆਂ ਕੁੱਤਿਆਂ ਵਾਂਗ ਹੀ ਤਾਂ ਪਾਲਦੀਆਂ ਹਨ। ਪਹਿਲੀ ਕੁੜੀ ਬੋਲੀ।
‘ਕਈ ਕੁੱਤੇ ਵੀ ਮੁੰਡਿਆਂ ਵਾਲੇਨਖਰੇ ਕਰਨ ਲੱਗ ਜਾਂਦੇ ਹਨ। ਦੂਜੀ ਦਾ ਵਿਚਾਰ ਸੀ।
‘ਆਪਣੇ ਘਰ ਕੁੱਤੇ ਅਤੇ ਮੁੰਡੇ ਦਾ ਫਰਕ ਹੀ ਕਿਹੜਾ ਰਹਿ ਗਿਆ ਏ’ ਤੀਜੀ ਨੇ ਆਪਣੇ ਦੁਖੀ ਦਿਲ ਦੀ ਭੜਾਸ ਕੱਢੀ।
“ਮੁੰਡਾ ਤਾਂ ਮੁੰਡਾ ਹੀ ਹੁੰਦਾ ਏ। ਉਹ ਵੱਢਦਾ ਨਹੀਂ ਅਤੇ ਨਾ ਹੀ ਭੌਕਦਾ ਏ। ਉਸ ਨੂੰ ਮਨੁੱਖੀ ਪਿਆਰ ਦਾ ਵੱਲ ਵੀ ਹੁੰਦਾ ਏ।” ਚੌਥੀ ਦਾ ਤਜਰਬਾ ਬੋਲਿਆ।
ਸਾਰੀ ਹਵੇਲੀ ਵਿੱਚ ਚੁੱਪ ਚਾਂਦ ਹੋ ਗਈ। ਵੱਡਾ ਸਰਦਾਰ ਆਪਣੇ ਸਧਾਰਨ ਮੁੰਡਿਆਂ ਅਤੇ ਦਰਸ਼ਨੀ ਕੁੱਤਿਆਂ ਨਾਲ ਸ਼ਿਕਾਰ ਤੋਂ ਵਾਪਸ ਆ ਗਿਆ ਸੀ। ਲਹੂ ਲੁਹਾਣ ਹਰਨੀਆਂ ਦੇ ਸ਼ਿਕਾਰ ਨੂੰ ਅੰਦਰ ਭੇਜਕੇ ਪਾਲਤੂ ਕੁੱਤਿਆਂ ਨੂੰ ਸੰਗਲੀਆਂ ਪਾਈਆਂ ਜਾ ਰਹੀਆਂ ਸਨ।
ਪਾਲਤੂ ਕੁੱਤੇ
348