342
ਗੁਰੇ ਹਰੀਜਨ ਦੇ ਪਰਿਵਾਰ ਦੀਆਂ ਦਸ ਵੋਟਾਂ ਸਨ। ਜਦ ਪਾਰਟੀਆਂ ਵਾਲੇ ਉਸ ਦੇ ਬੂਹੇ ਅੱਗੇ ਖੜ੍ਹ ਕੇ, ‘ਸਰਦਾਰ ਗੁਰਦਿੱਤ ਸਿੰਘ ਜੀ ਕਹਿਕੇ ਆਵਾਜ ਮਾਰਦੇ ਤਾਂ ਉਹ ਮੁੱਛਾਂ ਵਿੱਚ ਹੀ ਮੁਸ਼ਕਰਾ ਕੇ, ਮੀਸਨਾ ਜਿਹਾ ਬਣ, ਹੱਥ ਜੋੜਕੇ ਉਨ੍ਹਾਂ ਦੇ ਅੱਗੇ ਜਾ ਖਦਾ ਸੀ।
ਵੋਟਾਂ ਮੰਗਣ ਆਈਆਂ ਸਾਰੀਆਂ ਪਾਰਟੀਆਂ ਨੂੰ ਉਸ ਦਾ ਇੱਕ ਹੀ ਉੱਤਰ ਹੁੰਦਾ ਸੀ। ‘ਵੋਟਾਂ ਦਾ ਕੀ ਐ, ਜਿਵੇਂ ਕਹੋਗੇ ਕਰ ਲਵਾਂਗੇ, ਜਰਾ ਸਾਡੀ ਗਰੀਬੀ ਦਾ ਵੀ ਕੁਝ ਧਿਆਨ ਰੱਖ ਲੈਣਾ। ਜਦ ਪਾਰਟੀਆਂ ਵਾਲੇ ਆਪਣੀ ਪਾਰਟੀ ਦਾ ਬਟਨ ਦੱਸਕੇ ਅੱਗੇ ਜਾਣ ਲੱਗਦੇ ਤਾ ਉਹ ਦੂਜਾ ਇਸ਼ਾਰਾ ਸੁਟਦਾ,‘ਬਟਨ ਤਾਂ ਤੁਹਾਡਾ ਹੀ ਹੋਊ, ਪਰ ਸਾਡੀ ਉਂਗਲ ਪਹਿਲਾਂ ਆਪਣੀ ਬਣਾ ਲੈਣੀ’ ਲੀਡਰ ਜਾਂਦੇ ਹੋਏ ਹੱਥ ਚੁੱਕਕੇ ਤਸੱਲੀ ਦੇ ਜਾਂਦੇ ਸਨ।
ਗੁਰੇ ਨੇ ਸਾਰੀਆਂ ਉਂਗਲਾਂ ਤਾਂ ਇੱਕ ਇੱਕ ਕਰਕੇ ਪਾਰਟੀਆਂ ਨੂੰ ਪਹਿਲਾਂ ਹੀ ਵੇਚ ਦਿੱਤੀਆਂ ਸਨ। ਵੋਟਾਂ ਪਾਉਣ ਵਾਲੇ ਦਿਨ ਆਪਣੀ ਮਨ ਮਰਜੀ ਦਾ ਬਟਨ ਅੰਗੂਠੇ ਨਾਲ ਦੱਬਕੇ ਉਸ ਨੇ ਗੰਧਲੇ ਪਾਣੀ ਵਿੱਚ ਇਕ ਹੋਰ ਨਵਾਂ ਪੱਥਰ ਮਾਰ ਦਿੱਤਾ ਸੀ।