ਧੁੱਪ-ਛਾਂ

by Sandeep Kaur

‘‘ਬੰਤਿਆ, ਕੇਨੀ ਕੁ ਤੇਲ ਤਾਂ ਦਈਂ ਕਈ ਦਿਨ ਤੋਂ ਪੰਪ ਤੇ ਤੇਲ ਨਹੀਂ ਆ ਰਿਹਾ ਤੇ ਵੱਤਰ ਮੁੱਕਦਾ ਜਾਂਦੈ।”
“ਸਰਦਾਰ ਜੀ, ਤੁਹਾਨੂੰ ਇੰਨਕਾਰੀ ਥੋੜੇ ਆਂ ਪਰ ਤੇਲ ਤਾਂ ਮੇਰੇ ਕੋਲੋਂ ਵੀ ਮੁੱਕਾਅ। ਦੋ ਦਿਨਾਂ ਤੋਂ ਚੱਕੀ ਵੀ ਬੰਦ ਪਈ ਆ। ਦਾਣੇ ਪੀਹਣ ਵਾਲੀਆਂ ਪੰਡਾਂ ਕੱਠੀਆਂ ਹੋਈਆਂ ਨੇ ਸਗੋਂ।”
‘‘ਤੇ ਜਿਹੜਾ ਓਦਨ ਕਾਟ ਤੇ ਲਿਆਂਦਾ ਸੀ।”
“ਉਹ ਤਾਂ ਮੁੰਡਾ ਰਾਹ `ਚ ਹੀ ਸਾਰਾ ਡੋਲ ਆਇਆ ਸੱਟਾਂ ਵੱਖਰੀਆਂ ਲੁਆਈ ਬੈਠੇ।”
ਤੇਲ ਵਾਲੇ ਡਰੰਮ ਨੂੰ ਉਹਨੇ ਅੰਦਾਜ਼ਾ ਲਗਾਇਆ ਕਿ ਡਰੰਮ ਅਧਿਓਂ ਜ਼ਿਆਦਾ ਭਰ ਗਿਐ। ਜਿਉਂ ਜਿਉਂ ਡਰੰਮ ਦਾ ਖਲਾਅ ਭਰਦਾ ਜਾਂਦਾ ਓਸ ਦੀਆਂ ਗੱਲਾਂ ਦਾ ਰੰਗ ਉਘੜਦਾ ਆਉਂਦਾ। ਘੜੀ ਮੁੜੀ ਉਹਦੇ ਕੰਨਾਂ ਵਿਚ ਬਾਪੂ ਦੇ ਕਹੇ ਬੋਲ ਗੂੰਜਣ ਲਗ ਪੈਂਦੇ।
“ਬਸ ਐਤਕੀ ਹਾੜੀ ਪਿੱਛੋਂ ਆਪਾਂ ਕੁੜੀ ਦੇ ਹੱਥ ਪੀਲੇ ਕਰ ਦੇਣੇ ਆ। ਪਿਛਲੀ ਵੇਰ ਡੀਜ਼ਲ ਨੇ ਧੋਖਾ ਦਿੱਤਾ ਸੀ। ਇਸੇ ਕਰਕੇ ਹੁਣ ਤੋਂ ਹੀ ਥੋੜਾ ਥੋੜਾ ਕਰਕੇ `ਕੱਠਾ ਕਰਦਾ ਪਿਆ ਹਾਂ। ਦਿਨ ਰਾਤ ਡਰੰਮੀ ਤੇ ਕਣਕ ਗਾਹ ਕੁੜੀ ਦੇ ਫੇਰਿਆਂ ਜੋਗੇ ਦਾਣੇ ਬਣਾ ਲੈਣੇ ਆ।
ਤੇ ਫਿਰ ਉਸਦਾ ਧਿਆਨ ਨੰਬਰਦਾਰ ਤੇ ਬਾਪੂ ਨਾਲ ਹੋਈ ਗੱਲਬਾਤ ਵਲ ਚਲਾ ਗਿਆ ਤੇ ਇਕ ਮੁਸਕਾਨ ਉਸਦੇ ਬੁੱਲਾਂ ਤੇ ਫੈਲ ਗਈ।
ਪੁਲੀਸ ਦੀ ਜੀਪ ਆਪਣੇ ਬੂਹੇ ਤੇ ਖਲੋਂਦੀ ਵੇਖ ਇਕ ਚੀਕ ਉਹਦੇ ਮੂੰਹ ਤੀਕ ਆਈ।
“ਓਏ ਬੰਤਿਆ, ਬਾਹਰ ਆ ਚੌਧਰੀ ਸਾਬ ਆਏ ਨੇ।’’ ਢਿਲਕੀ ਪੱਗ ਦਾ ਪੱਲਾ ਸੂਤ ਕਰਦਿਆਂ ਉਹ ਥਾਣੇਦਾਰ ਅੱਗੇ ਝੁਕ ਗਿਆ। ਉਸ ਦੀਆਂ ਅੱਖਾਂ ਅੱਗੇ ਸੁਆਲੀਏ ਨਿਸ਼ਾਨ ਘੁੰਮਣ ਲੱਗੇ।
“ਸੁਣਿਐ ਬਈ ਤੂੰ ਤੇਲ ਦਾ ਸਟਾਕ ਕੀਤੇ।” ਪੜਤਾਲਵੀ ਨਜ਼ਰ ਨਾਲ ਥਾਣੇਦਾਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਤੇ ਇਸ਼ਾਰਾ ਮਿਲਦਿਆਂ ਹੀ ਕੋਲ ਖੜੇ ਸਿਪਾਹੀਆਂ ਨੇ ਘਰ ਫੋਲਣਾ ਸ਼ੁਰੂ ਕਰ ਦਿੱਤਾ।
“ਓਏ ਐਹ ਕੀ ਏ ਡਰੰਮ ਵਿਚ!” ਪਾਟੀਆਂ ਬੋਰੀਆਂ ਦੇ ਢੇਰ ਹੇਠਾਂ ਡਰੰਮ ਨੰਗਾ ਹੁੰਦਾ ਵੇਖ ਥਾਣੇਦਾਰ ਕੁਕਿਆ।
“ਜਨਾਬ ਦਾਣੇ ਕੱਢਣ ਆਸਤੇ ਰਖਿਐ। ਬੱਚਿਆਂ ਆਲਿਆ ਇਸੇ ਸਿਰੋਂ ਸਾਲ ਭਰ ਦੇ ਦਾਣੇ ਕੱਢਣੇ ਆਂ।’
ਸਾਡੇ ਦਾਣਿਆਂ ਦਾ ਵੀ ਚੇਤਾ ਰੱਖਣਾ ਸੀ। ਕਹਿੰਦਿਆਂ ਡਰੰਮ ਨੰਬਰਦਾਰ ਦੇ ਟਰੈਕਟਰ ਤੇ ਰਖਵਾ ਥਾਣੇਦਾਰ ਨੇ ਬੰਤੇ ਨੂੰ ਉਸ ਦੀਆਂ ਬਾਹਵਾਂ ਉਸੇ ਦੀ ਪੱਗ ਨਾਲ ਜੁੜ ਅਗੇ ਲਾ ਲਿਆ।

ਹਰਭਜਨ ਸਿੰਘ ਖੇਮਕਰਨੀ

You may also like