341
ਹਰੀਜਨ ਬਸਤੀ ਵਿੱਚ ਨਵੇਂ ਖੁਲੇ ਸਕੂਲ ਦੀ ਬੜੀ ਚਰਚਾ ਸੀ। ਸਿਆਣੇ ਬਜ਼ੁਰਗ ਇਸ ਨੂੰ ਸਲਾਹ ਰਹੇ ਸਨ ਅਤੇ ਆਮ ਲੋਕ ਇਸ ਨੂੰ ਸਰਕਾਰ ਦੀ ਵੋਟ ਵਟੋਰ ਸਕੀਮ ਦਾ ਇੱਕ ਹਿੱਸਾ ਦਸ ਰਹੇ ਸਨ। ਬਸਤੀ ਦੀਆਂ ਗਲੀਆਂ ਵਿੱਚ ਫਿਰਦੇ ਅਵਾਰਾ ਬੱਚੇ ਧੜਾ ਧੜ ਸਕੂਲ ਵਿੱਚ ਦਾਖਲ ਹੋ ਰਹੇ ਸਨ। ਕੁੜੀਆਂ ਨੂੰ ਸਕੂਲ ਵਿੱਚ ਪਹਿਲ ਦਿੱਤੀ ਜਾ ਰਹੀ ਸੀ। ਪਰ ਉਨ੍ਹਾਂ ਦੀ ਗਿਣਤੀ ਹਾਲੀ ਆਟੇ ਵਿੱਚ ਲੂਣ ਸਮਾਨ ਹੀ ਸੀ। ਸਕੂਲ ਵਿੱਚ ਦਾਖਲ ਹੋਣ ਵਾਲੇ ਹਰ ਹਰੀਜਨ ਬੱਚੇ ਨੂੰ ਸੌ ਰੁਪਏ ਪ੍ਰਤੀ ਮਹੀਨਾ ਵਜੀਫਾ ਦੇਣ ਦੇ ਨਾਲ, ਉਨ੍ਹਾਂ ਦੇ ਖਾਣ, ਪੀਣ ਅਤੇ ਪਹਿਨਣ ਦਾ ਸਾਰਾ ਖਰਚ ਵੀ ਸਰਕਾਰੀ ਸੀ।
ਵਿਧਵਾ ਅੰਨੀ ਬਸੰਤੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਆਪਣੇ ਦੋਵਾਂ ਬੱਚਿਆਂ ਨੂੰ ਉਹ ਪੜ੍ਹਾਉਣਾ ਤਾਂ ਚਾਹੁੰਦੀ ਸੀ, ਪਰ ਉਹ ਦੋਵੇਂ ਉਸ ਦੀ ਮੰਗਣ ਵਿੱਚ ਸਹਾਇਤਾ ਕਰਦੇ ਸਨ ਜਿਸ ਨਾਲ ਘਰ ਦੀ ਰੋਟੀ ਅਤੇ ਲੋੜਾਂ ਪੂਰੀਆਂ ਹੁੰਦੀਆਂ ਸਨ।
ਉਹ ਦੁਚਿੱਤੀ ਵਿੱਚ ਸੀ ਕਿ ਬੱਚਿਆਂ ਦੇ ਭਵਿੱਖ ਨੂੰ ਗਲੇ ਲਗਾਵੇ ਜਾਂ ਆਪਣੇ ਵਰਤਮਾਨ ਦਾ ਗਲਾ ਘੁੱਟੇ।