ਕਨੇਡਾ ਦੇ ਵੈਨਕੂਵਰ ਹਵਾਈ ਅੱਡੇ ਉੱਤੇ ਉੱਤਰਦਿਆਂ ਹੀ ਪ੍ਰਿਤਪਾਲ ਸਿੰਘ ਨੇ ਆਪਣਾ ਸਮਾਨ ਲਿਆ ਅਤੇ ਦੂਜੀਆਂ ਸਵਾਰੀਆਂ ਦੇ ਮਗਰ ਲੱਗ ਬਾਹਰ ਵੱਲ ਜਾਣ ਲਈ ਚੱਲ ਪਿਆ। ਅੱਡੇ ਤੋਂ ਬਾਹਰ ਨਿਕਲਦੇ ਨੂੰ ਹੀ ਇੱਕ ਅੱਤ ਸੋਹਣੀ ਕੁੜੀ ਨੇ ਉਸ ਦਾ ਨਾਮ ਲੈਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣੀ ਜਾਣ ਪਹਿਚਾਣ ਕਰਾਉਂਦਿਆਂ ਦੱਸਿਆ ਕਿ ਉਹ ਕੁਲਦੀਪ ਏ ਉਸ ਦੀ ਭਰਜਾਈ ਦੀ ਛੋਟੀ ਭੈਣ।
ਕੁਲਦੀਪ ਨੂੰ ਇਕੱਲਿਆਂ ਹੀ ਅੱਡੇ ਉਤੇ ਆਈ ਤੱਕ ਕੇ ਪ੍ਰਿਤਪਾਲ ਦਾ ਮੱਥਾ । ਠਣਕਿਆ। ਇਹ ਸੋਚਕੇ ਕਿ ਹੋ ਸਕਦਾ ਏ ਪਰਿਵਾਰ ਦਾ ਕੋਈ ਹੋਰ ਮੈਂਬਰ ਵਿਹਲਾ ਨਾ ਹੋਵੇ ਅਤੇ ਉਸ ਦੀ ਸੁਵਿਧਾ ਲਈ ਇਸ ਨੂੰ ਭੇਜ ਦਿੱਤਾ ਹੋਵੇ। ਉਹ ਕਾਰ ਵਿੱਚ ਬੈਠੇ ਸਧਾਰਨ ਗੱਲਾਂ ਕਰਦੇ ਘਰ ਪਹੁੰਚ ਗਏ ਸਨ।
ਘਰ ਵਿੱਚ ਸਾਰਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਸੀ ਅਤੇ ਪਰਿਵਾਰ ਦਾ ਹਰ ਮੈਂਬਰ ਲੋੜ ਤੋਂ ਵੱਧ ਉਸ ਦਾ ਸਤਿਕਾਰ ਕਰ ਰਿਹਾ ਸੀ। ਚਾਹ ਪੀਣ ਸਮੇਂ ਕੁਲਦੀਪ ਉਸ ਦੇ ਨਾਲ ਬੈਠੀ ਸੀ। ਸੰਕੇਤ ਮਿਲਣੇ ਅਰੰਭ ਹੋ ਗਏ ਸਨ ਕਿ ਜੋੜੀ ਸੋਹਣੀ ਫੱਬਦੀ ਹੈ। ਉਸ ਦੀ ਸਮਝ ਵਿੱਚ ਹੁਣ ਸਭ ਕੁਝ ਸਾਫ ਹੋਣ ਲੱਗ ਗਿਆ ਸੀ ਕਿ ਟਿਕਟ ਭੇਜ ਕੇ ਉਸ ਨੂੰ ਕਿਉਂ ਸੈਰ ਕਰਨ ਲਈ ਕਨੇਡਾ ਸੱਦਿਆ ਗਿਆ ਸੀ। ਉਸ ਦੀ ਭਰਜਾਈ ਉਸ ਨਾਲ ਮਿੱਠੀਆਂ ਅਤੇ ਗੁੱਝੀਆਂ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਉਸ ਦਾ ਭਰਾ ਵੀ ਕਨੇਡਾ ਨੂੰ ਕਿਉਂ ਬੜਾ ਸੋਹਣਾ ਅਤੇ ਪਿਆਰਾ ਦੱਸ ਰਿਹਾ ਸੀ।
ਕਨੇਡਾ ਦੀ ਪਹਿਲੀ ਰਾਤ ਹੀ ਉਸ ਲਈ ਸੂਲਾਂ ਦੀ ਸੇਜ ਸੀ। ਉਸ ਨੇ ਫੈਸਲਾ ਕਰਨਾ ਸੀ ਕਿ ਉਸ ਨੇ ਜਿੰਦਗੀ ਆਪਣੀ ਜੀਣੀ ਏ ਜਾਂ ਫਿਰ ਘਰ ਜਵਾਈ ਦੀ।
ਘਰ-ਜਵਾਈ
452
previous post