ਜਿਠਾਨੀ ਵਿਚ ਨਾ ਰੂਪ ਸੀ ਤੇ ਨਾ ਕੋਈ ਗੁਣ, ਪਰ ਉਹ ਬਹੁਤ ਅਮੀਰ ਮਾਪਿਆਂ ਦੀ ਧੀ ਸੀ। ਦਰਾਨੀ ਵਿਚ ਰੂਪ ਸੀ, ਗੁਣ ਸੀ, ਗੱਲਬਾਤ ਕਰਨ ਦਾ ਸਲੀਕਾ ਸੀ, ਪਰ ਉਹ ਦਰਮਿਆਨੇ ਪਰਿਵਾਰ ਦੀ ਧੀ ਸੀ। ਸੱਸ ਨੂੰ ਵੱਡੀ ਨੂੰਹ ਬਹੁਤ ਚੰਗੀ ਲੱਗਦੀ ਸੀ। ਉਹ ਦੋਵੇ ‘ਛੋਟੀ ਨੂੰਹ ਨੂੰ ਤੁਛ ਸਮਝਦੀਆਂ ਸਨ ਤੇ ਬੇ-ਇਜ਼ਤੀ ਕਰਨ ਲੱਗਿਆਂ ਕਦੇ ਨਾ ਖਿਆਲ ਕਰਦੀਆਂ।
ਛੋਟੀ ਦਾ ਪਤੀ ਆਪਣੀ- ਮਨ ਪਸੰਦ ਦੀ ਪਤਨੀ ਨਾਲ ਬਹੁਤ ਖੁਸ਼ ਸੀ। ਉਹਦੀਆਂ ਨਜ਼ਰਾਂ ਵਿਚ ਪੈਸੇ ਤੋਂ ਵੱਧ ਗੁਣਾਂ ਦੀ ਕਦਰ ਸੀ। ਘਰ ਵਿਚ ਹੁੰਦੀਆਂ ਨੋਕਾਂ ਲੋਕਾਂ ਉਹਦੇ ਕੋਲੋਂ ਲੁਕੀਆਂ ਹੋਈਆਂ ਨਹੀਂ ਸਨ। ਇਕ ਦਿਨ ਉਹ ਆਪਣੀ ਪਤਨੀ ਤੋਂ ਚਿੜ ਪਿਆ। ਜਠਾਨੀ ਆਖਣ ਲੱਗੀ “ਤੂੰ ਆਪਣੀ ਵਹੁਟੀ ਨੂੰ ਸਮਝਦਾ ਕੀ ਏ? ਭੈੜੇ ਭੁੱਖਿਆਂ ਦੀ ਧੀ।’’
“ਮੈਂ ਦੱਸਾਂ ਭਾਬੀ ਮੈਂ ਉਹਨੂੰ ਕੀ ਸਮਝਦਾ ਹਾਂ। ਮੇਰੀਆਂ ਨਜ਼ਰਾਂ ਵਿਚ ਉਹ ਫੁੱਲ ਹੈ, ਤਿਤਲੀ ਹੈ। ਜਦੋਂ ਰੱਬ ਨੇ ਫੁੱਲਾਂ ਨੂੰ ਬਣਾਇਆ, ਤਿਤਲੀਆਂ ਨੂੰ ਬਣਾਇਆ ਤਾਂ ਉਹਨੇ ਰੂਪ ਤੇ ਗੁਣਾਂ ਦੇ ਸਾਰੇ ਰੰਗ ਭਰ ਦਿੱਤੇ। ਤੇ ਜਦੋਂ ਰੱਬ ਨੇ ਹਾਥੀ ਬਣਾਇਆ, ਊਠ ਬਣਾਇਆ, ਤਾ ਬਣਾਇਆ, ਮੱਝ ਬਣਾਈ ਤਾਂ ਉਹਨੇ ਇਕੋ ਰੰਗ ਵਿਚ ਡੋਬਾ ਦੇ ਦਿੱਤਾ। ਉਹ ਭਾਬੀ ਦੇ ਮੋਟੇ , ਬੇ-ਸੁਰੇ ਜਿਸਮ ਅਤੇ ਅਕਲੋਂ ਸੱਖਣੇ ਦਿਮਾਗ ਵੱਲ ਤੱਕ ਕੇ ਹੱਸਿਆ। ਭਾਬੀ ਸੜ ਬਲ ਕੇ ਕੋਲਾ ਹੋ ਗਈ।
ਸ਼ਰਨ ਮੱਕੜ