ਅਸੀਂ ਮੁਹੱਲੇ `ਚ ਆਉਂਦੇ ਹਰੇਕ ਦੋਧੀ ਤੋਂ ਦੁੱਧ ਲੈਕੇ ਦੇਖ ਪਰਖ ਲਿਆ ਹੈ ਪਰ ਕੋਈ ਵੀ ਦੁੱਧ ‘ਚ ਪਾਣੀ ਨਹੀਂ ਪਾਉਂਦਾ, ਬਲਕਿ ਸਾਰੇ ਦੇ ਸਾਰੇ ਪਾਣੀ ‘ਚ ਦੁੱਧ ਪਾਕੇ ਵੇਚਦੇ ਹਨ। ਬਹੁਤ ਦੁਖੀ ਹੋ ਗਏ ਹਾਂ, ਚੜਦੇ ਮਹੀਨੇ ਦੋਧੀ ਨੂੰ ਨੋਟ ਨਵੇਂ ਤੇ ਖ਼ਾਲਸ ਦਿੰਦੇ ਹਾਂ ਤੇ ਪਾਣੀ ਪੈਂਦੀ ਹੈ ਸਾਰਾ ਮਹੀਨਾ, ਕੱਚੀ ਲੱਸੀ।
ਕੁਝ ਦਿਨ ਹੋਏ ਦਫਤਰੋਂ ਆਉਂਦੇ ਨੂੰ ਹੀ ਮੇਰੀ ਪਤਨੀ ਨੇ ਜਿਵੇਂ ਖੁਸ਼ਖਬਰੀ ਸੁਣਾਈ, ਮੈਂ ਕਿਹਾ, ਜਮੇਰ ਦੀਆਂ ਬੈਠਕਾਂ ’ਚ ਡਾਕਟਰ ਕਿਰਾਏਦਾਰ ਆਇਐ।” ਚਲੋ ਚੰਗਾ ਹੋਇਆ ਵੇ ਲੇ ਕੁਵੇਲੇ ਦਾਰੂ ਦੱਪਾ ਹੋ ਜਿਆ ਕਰੂ।” ਮੈਂ ਗੱਲ ਨੂੰ ਅਨਗੌਲਿਆਂ ਜਿਹਾ ਕਰ ਦਿੱਤਾ। ਅੱਗੋਂ ਪਤਨੀ ਕਹਿਣ ਲੱਗੀ, “ਨਾ, ਜੀ ਨਾ। ਇਹ ਤਾਂ ਸੈਂਪਲ ਭਰਨ ਵਾਲਾ ਡਾਕਟਰ ਐ। ਮਾੜੇ ਦੁੱਧ ਵਾਲੇ ਦੋਧੀ ਤਾਂ ਹੁਣ ਇਸ ਮੁਹੱਲੇ ਨੂੰ ਮੂੰਹ ਵੀ ਨਹੀਂ ਕਰਨਗੇ। ਉਸ ਦੀਆਂ ਅੱਖਾਂ ‘ਚ ਖਾਲਸ ਦੁੱਧ ਪੀਣ ਤੇ ਵਰਤਣ ਦੀ ਸਿੱਕ ਉਮੜ ਆਈ ਸੀ।
ਅਗਲੀ ਸਵੇਰ ਦੁੱਧ ਲੈਣ ਵੇਲੇ, ਮੈਂ ਆਪਣੇ ਦੋਧੀ ਭਾਗੇ ਗੁੱਜਰ ਨੂੰ, ਰੋਅਬ ਜਿਹਾ ਮਾਰ ਦਿੱਤਾ, ‘‘ਭਾਗੇ ਡਾਕਟਰ ਆ ਗਿਐ ਹੁਣ ਇਸ ਮੁਹੱਲੇ ’ਚ ਪੁੱਤਰਾ! ਦੁੱਧ ਖਾਲਸ ਲਿਆਇਆ ਕਰ ਹੁਣ।” ਭਾਗੋ ਨੇ ਦੁੱਧ ਵਾਲੇ ਬੱਟੇ ਨੂੰ ਡਰੰਮੀ ਦੇ ਨਾਲ ਟੰਗ ਕੇ ਹੱਥ ਤੇ ਹੱਥ ਮਾਰ ਸ਼ਰਾਰਤ ਭਰੀਆਂ ਅੱਖਾਂ ਨਾਲ ਜੁਆਬ ਦਿੱਤਾ, ਉਸ ਕਾ ਤਾਂ, ਸਰਦਾਰ ਜੀ ਰਾਤ ਹੀ ਹੋ ਲਿਆ ਕੰਮ।ਪੁਰਾਣੀ ਪੰਜਾਹ ਲੇਵੇ ਥਾ ਮੀਨੇ ਕੇ ਯੋ ਸੱਤਰ ਮੇਂ ਹੋ ਗਿਆ ਸੈਂਟ।
ਜਗਜੀਤ ਸਿੰਘ ਬਾਹੜਾ