474
ਸੇਠ ਧਰਮ ਚੰਦ ਦੇ ਪੁੱਤਰ ਦੀ ਸੇਹਰਾਬੰਦੀ ਹੋ ਰਹੀ ਸੀ। ਸਾਰੇ ਦੋਸਤ ਰਿਸ਼ਤੇਦਾਰ ਮੁੰਡੇ ਦੇ ਗਲ ਵਿਚ ਨੋਟਾਂ ਦੇ ਹਾਰ ਪਾ ਕੇ ਫੋਟੋ ਖਿਚਵਾਈ ਜਾ ਰਹੇ ਸਨ। ਹਾਰਾਂ ਦੇ ਨਾਲ ਮੁੰਡੇ ਦਾ ਗਲ ਤੂਸੜਿਆ ਪਿਆ ਸੀ, ਜਿਸਨੂੰ ਦੇਖ ਕੇ ਲਗਦਾ ਸੀ ਜਿਵੇਂ ਉਹ ਲਾੜਾ ਨਹੀਂ ਕੋਈ ਨੋਟ ਚੁਕਣ ਵਾਲਾ ਕੁਲੀ ਸੀ। ਏਨੇ ਵਿਚ ਨਾਈ ਉੱਠ ਕੇ ਬੋਲਿਆ, “ਨਾਨਕੇ ਘਰ ਦਾ ਤਮੋਲ ਪੰਜ ਸੌ ਇਕ ਰੁਪਏ। ਬਸ ਫਿਰ ਕੀ ਸੀ ਨੋਟ ਆਈ ਜਾ ਰਹੇ ਸਨ ਤੇ ਨਾਈ ਖੜ੍ਹਾ ਹੋ ਕੇ ਹੋਕਾ ਦੇਈ ਜਾ ਰਿਹਾ ਸੀ ਤੇ ਇਕ ਜਣਾ ਕਾਪੀ ਪੈਂਸਲ ਫੜੀ ਫਟਾ ਫਟ ਨੋਟ ਕਰੀ ਜਾ ਰਿਹਾ ਸੀ। | ਇਸ ਰਸਮ ਨੂੰ ਦੇਖ ਕੇ ਇਕ ਨੌਜਵਾਨ ਨਾਲ ਖੜੇ ਆਪਣੇ ਦੋਸਤ ਨੂੰ ਆਖਣ ਲੱਗਾ, “ਯਾਰ ਇਹ ਕੀ ਮੰਗਤਿਆਂ ਵਾਂਗ ਨੋਟ ਇਕੱਠੇ ਕਰਨ ਲੱਗ ਪਏ ਨੇ।”
‘ਯਾਰ ਇਹਨਾਂ ਮੰਗਤਿਆਂ ਵਿਚ ਤੇ ਉਹਨਾਂ ਮੰਗਤਿਆਂ ਵਿਚ ਇਕ ਫਰਕ ਏ।”
ਦੂਜੇ ਦੋਸਤ ਨੇ ਜੁਆਬ ਦਿੱਤਾ “ਉਹ ਕੀ ਉਹ ਇਹ ਕਿ ਉਹ ਮੰਗਤੇ ਹਿਸਾਬ ਕਿਤਾਬ ਨਹੀਂ ਰੱਖਦੇ, ਪਰ ਇਹ ਪੂਰਾ ਹਿਸਾਬ ਰੱਖਦੇ ਨੇ।
ਸ਼ਰਨ ਮੱਕੜ