ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ
ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ
ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ
ਕਦੇ ਕੁਝ ਨਹੀਂ ਬੋਲਦੀ
ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ।ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ,
ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ ਦਾ ਹਨੇਰਾ ਭੋਗਦੀ
ਕੁੱਖ ਮੇਰੀ ਬਾਲ ਜੰਮਦੀ ਹੈ, ਵਾਰਿਸ ਨਹੀਂ ਜੰਮਦੀ।
ਬਾਲ ਮੇਰੇ ਬੜੇ ਬੀਬੇ
ਸਦਗੁਣੇ, ਜਾਣਦੇ ਨੇ – ਹੱਕ ਮੰਗਣਾ ਬੜਾ ਔਗੁਣ ਹੈ।
ਬਾਲ ਮੇਰੇ, ਚੁੱਪ ਕੀਤੇ ਜਵਾਨੀ ਕੱਢ ਲੈਂਦੇ ਨੇ
ਤੇ ਸੇਵਾ ਸਾਂਭ ਲੈਂਦੇ ਨੇ, ਕਿਸੇ ਨਾ ਕਿਸੇ ਦੇਸ਼ ਰਤਨ ਦੀ।
ਮੈਂ – ਜਨਤਾ, ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ
ਅੱਖ ਦਾ ਇਸ਼ਾਰਾ ਸਮਝਦੀ,
ਇਕ ਚੰਗੀ ਰਖੇਲ ਆਪਣੇ ਵਤਨ ਦੀ।
Punjabi Kavita
ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ
ਮੈਂ ਇਕ ਨਹੀਂ ਸਾਂ – ਦੋ ਸਾਂ
ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀਸੋ ਤੇਰੇ ਭੋਗ ਦੀ ਖ਼ਾਤਿਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ…ਮੈਂ ਕਤਲ ਕੀਤਾ ਸੀ
ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ਼ ਉਹਨਾਂ ਦੀ ਜ਼ਿਲੱਤ ਨਾਜ਼ਾਇਜ਼ ਹੁੰਦੀ ਹੈ
ਤੇ ਮੈਂ ਉਸ ਜ਼ਿੱਲਤ ਦਾ ਜ਼ਹਿਰ ਪੀਤਾ ਸੀ…ਤੇ ਫਿਰ ਪਰਭਾਤ ਵੇਲੇ
ਇਕ ਲਹੂ ਵਿਚ ਭਿੱਜੇ ਮੈਂ ਆਪਣੇ ਹੱਥ ਵੇਖੇ ਸਨ
ਹੱਥ ਧੋਤੇ ਸਨ –
ਬਿਲਕੁਲ ਉਸ ਤਰ੍ਹਾਂ, ਜਿਉਂ ਹੋਰ ਮੁਸ਼ਕੀ ਅੰਗ ਧੋਣੇ ਸੀਪਰ ਜਿਉਂ ਹੀ ਮੈਂ ਸ਼ੀਸ਼ੇ ਦੇ ਸਾਹਮਣੇ ਹੋਈ
ਉਹ ਸਾਹਮਣੇ ਖਲੋਤੀ ਸੀ
ਉਹੀ, ਜੋ ਆਪਣੀ ਜਾਚੇ, ਮੈਂ ਰਾਤੀ ਕਤਲ ਕੀਤੀ ਸੀ…ਓ ਖ਼ੁਦਾਇਆ !
ਕੀ ਸੇਜ ਦਾ ਹਨੇਰਾ ਬਹੁਤ ਗਾੜ੍ਹਾ ਸੀ ?
ਮੈਂ ਕਿਹਨੂੰ ਕਤਲ ਕਰਨਾ ਸੀ, ਤੇ ਕਿਹਨੂੰ ਕਤਲ ਕਰ ਬੈਠੀAmrita Pritam
ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ…
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤਰ ਸੁਪਨੇ ਘੜ ਆਈਆਂ…
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ…
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ…
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ…
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ…
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ…
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ…Amrita Pritam
ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ
ਹੋਰ ਆਦਮੀ ਦੀ ਜ਼ਾਤ
ਖੱਬਲ ਦੇ ਵਾਂਗ ਉੱਗੀ
ਹਾਕਮ ਦਾ ਹੁਕਮ ਉਨਾ ਹੈ,
ਉਹ ਜਿੰਨਾ ਵੀ ਕਰ ਲਵੇ
ਤੇ ਪਰਜਾ ਦੀ ਪੀੜ ਉਨੀ ਹੈ,
ਉਹ ਜਿੰਨੀ ਵੀ ਜਰ ਲਵੇ…ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ
ਤੇ ਇੱਕ ਇੱਟ ਜਿੰਨੀ
ਇਕ ਮਨੁੱਖ ਦੀ ਕੀਮਤ
ਇਹ ਮੰਦਰ ਦੀ ਲੋੜ ਹੈ,
ਜਾਂ ਠੇਕੇਦਾਰ ਦੀ ਮਰਜ਼ੀ
ਕਿ ਜਿਹੜੀ ਇੱਟ ਨੂੰ,
ਜਿੱਥੇ ਚਾਹੇ ਧਰ ਲਵੇ…ਦਰਦ ਦਾ ਅਹਿਸਾਸ,
ਕੁਝ ਕੂਲੀਆਂ ਸੋਚਾਂ ਤੇ ਸ਼ਖ਼ਸੀ ਆਜ਼ਾਦੀ
ਬਹੁਤ ਵੱਡੇ ਐਬ ਹਨ,
ਜੇ ਬੰਦਾ ਐਬ ਦੂਰ ਕਰ ਲਵੇ
ਤੇ ਫੇਰ ਕਦੀ ਚਾਹੇ-
ਤਾਂ ਰੂਹ ਦਾ ਸੋਨਾ ਵੇਚ ਕੇ,
ਤਾਕਤ ਦਾ ਪੇਟ ਭਰ ਲਵੇ…ਦੀਨੀ ਹਕੂਮਤ: ਰੱਬ ਦੀ ਰਹਿਮਤ
ਸਿਰਫ਼ ਤੱਕਣਾ ਵਰਜਿਤ,
ਤੇ ਬੋਲਣਾ ਵਰਜਿਤ
ਤੇ ਸੋਚਣਾ ਵਰਜਿਤ|ਹਰ ਬੰਦੇ ਦੇ ਮੋਢਿਆਂ ‘ਤੇ
ਲੱਖਾਂ ਸਵਾਲਾਂ ਦਾ ਭਾਰ
ਮਜ਼ਹਬ ਬੜਾ ਮਿਹਰਬਾਨ ਹੈ
ਹਰ ਸਵਾਲ ਨੂੰ ਖ਼ਰੀਦਦਾ
ਪਰ ਜੇ ਕਦੇ ਬੰਦਾ
ਜਵਾਬ ਦਾ ਹੁਦਾਰ ਕਰ ਲਵੇ…ਤੇ ਬੰਦੇ ਨੂੰ ਭੁੱਖ ਲੱਗੇ
ਤਾਂ ਬਹੀ ਰੋਟੀ “ਰੱਬ” ਦੀ
ਉਹ ਚੁੱਪ ਕਰਕੇ ਖਾ ਲਵੇ
ਸਬਰ ਸ਼ੁਕਰ ਕਰ ਲਵੇ,
ਤੇ ਉੇਰ ਜੇ ਚਾਹੇ
ਤਾਂ ਅਗਲੇ ਜਨਮ ਵਾਸਤੇ
ਕੁਝ ਆਪਣੇ ਨਾਲ ਧਰ ਲਵੇ…ਤੇ ਲੋਕ ਰਾਜ: ਗਾਲ਼ੀ ਗਲੋਚ ਦੀ ਖੇਤੀ
ਕਿ ਬੰਦਾ ਜਦੋਂ ਮੂੰਹ ਮਾਰੇ
ਤਾਂ ਜਿੰਨੀ ਚਾਹੇ ਚਰ ਲਵੇ
ਖੁਰਲੀ ਵੀ ਭਰ ਲਵੇ,
ਤੇ ਫੇਰ ਜਦੋਂ ਚਾਹੇ
ਤਾਂ ਉਸੇ ਗਾਲ਼ੀ ਗਲੋਚ ਦੀ
ਬਹਿ ਕੇ ਜੁਗਾਲੀ ਕਰ ਲਵੇ…(‘ਕਾਗਜ਼ ਤੇ ਕੈਨਵਸ’ ਵਿੱਚੋਂ)
Amrita Pritam
ਹਿਜਰ ਦੀ ਇਸ ਰਾਤ ਵਿਚ
ਕੁਝ ਰੋਸ਼ਨੀ ਆਉਂਦੀ ਪਈ
ਕੀ ਫੇਰ ਬੱਤੀ ਯਾਦ ਦੀ
ਕੁਝ ਹੋਰ ਉੱਚੀ ਹੋ ਗਈਇਕ ਹਾਦਸਾ ਇਕ ਜ਼ਖਮ ਤੇ
ਇਕ ਚੀਸ ਦਿਲ ਦੇ ਕੋਲ ਸੀ
ਰਾਤ ਨੂੰ ਇਹ ਤਾਰਿਆਂ ਦੀ
ਰਕਮ ਜ਼ਰਬਾਂ ਦੇ ਗਈਨਜ਼ਰ ਤੇ ਅਸਮਾਨ ਤੋਂ ਹੈ
ਟੁਰ ਗਿਆ ਸੂਰਜ ਕੀਤੇ
ਚੰਨ ਵਿਚ ਪਰ ਉਸਦੀ
ਖੁਸ਼ਬੂ ਅਜੇ ਆਉਂਦੀ ਪਈ
ਰਲ ਗਈ ਸੀ ਏਸ ਵਿਚ
ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ
ਸਾਰੀ ਕੁੜੱਤਣ ਪੀ ਲਈAmrita Pritam
ਰਾਤ – ਕੁੜੀ ਦੀ ਝੋਲੀ ਪਾਓ
ਚਿੱਟਾ ਚੰਨ ਗ਼ਰੀ ਦਾ ਖੋਪਾ,
ਨਾਲ ਸਿਤਾਰੇ – ਮੁਠ ਛੁਹਾਰੇਪੀੜ – ਕੁੜੀ ਦੇ ਝੋਲੀ ਪਾਓ
ਦਿਲ ਦਾ ਜ਼ਖਮ ਨਰੇਲ ਸਬੂਤਾ,
ਨਾਲ ਛੁਆਰੇ – ਹੰਝੂ ਖਾਰੇਪੂਰਬ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਸੂਰਜ ਪਿਆ ਰਾਤ ਦੀ ਕੁਖ਼ੇਹੋਠਾਂ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਗੀਤ ਪਿਆ ਪੀੜਾ ਦੀ ਕੁੱਖੇਅੰਬਰ ਵੈਦ ਸੁਵੈਦ ਸੁਣੀਦਾ
ਰਾਤ – ਕੁੜੀ ਦੀ ਨਾੜੀ ਟੋਹਵੇ,
ਪੀੜ – ਕੁੜੀ ਦੀ ਨਾੜੀ ਟੋਹਵੇਅਰਜ਼ ਕਰੇ ਧਰਤੀ ਦੀ ਦਾਈ:
ਰਾਤ ਕਦੇ ਵੀ ਬਾਂਝ ਨਾ ਹੋਵੇ !
ਪੀੜ ਕਦੇ ਵੀ ਬਾਂਝ ਨਾ ਹੋਵੇ !Amrita Pritam
ਅੱਜ ਮੈਂ ਆਪਣੇ ਘਰ ਦਾ ਨੰਬਰ ਮਿਟਾਇਆ ਹੈ
ਤੇ ਗਲੀ ਦੀ ਮੱਥੇ ਤੇ ਲੱਗਾ ਗਲੀ ਦਾ ਨਾਉਂ ਹਟਾਇਆ ਹੈ
ਤੇ ਹਰ ਸੜਕ ਦੀ ਦਿਸ਼ਾ ਦਾ ਨਾਉ ਪੂੰਝ ਦਿੱਤਾ ਹੈਪਰ ਜੇ ਤੁਸਾਂ ਮੈਨੂੰ ਜ਼ਰੂਰ ਲੱਭਣਾ ਹੈ
ਤਾਂ ਹਰ ਦੇਸ ਦੇ, ਹਰ ਸ਼ਹਿਰ ਦੀ,
ਹਰ ਗਲੀ ਦਾ ਬੂਹਾ ਠਕੋਰੋ
ਇਹ ਇਕ ਸ੍ਰਾਪ ਹੈ, ਇਕ ਵਰ ਹੈ
ਤੇ ਜਿੱਥੇ ਵੀ ਸੁਤੰਤਰ ਰੂਹ ਦੀ ਝਲਕ ਪਵੇ
ਸਮਝਣਾਂ ਓਹ ਮੇਰਾ ਘਰ ਹੈAmrita Pritam
ਅੱਜ ਅਸਾਂ ਇਕ ਦੁਨੀਆਂ ਵੇਚੀ
ਤੇ ਇਕ ਦੀਨ ਵਿਹਾਜ ਲਿਆਏ
ਗੱਲ ਕੁਫ਼ਰ ਦੀ ਕੀਤੀਸੁਪਨੇ ਦਾ ਇਕ ਥਾਨ ਉਣਾਇਆ
ਗਜ਼ ਕੁ ਕੱਪੜਾ ਪਾੜ ਲਿਆ
ਤੇ ਉਮਰ ਦੀ ਚੋਲੀ ਸੀਤੀਅੱਜ ਅਸਾਂ ਅੰਬਰ ਦੇ ਘੜਿਓਂ
ਬੱਦਲ ਦੀ ਇਕ ਚੱਪਣੀ ਲਾਹੀ
ਘੁੱਟ ਚਾਨਣੀ ਪੀਤੀਗੀਤਾਂ ਨਾਲ ਚੁਕਾ ਜਾਵਾਂਗੇ
ਇਹ ਜੋ ਅਸਾਂ ਮੌਤ ਦੇ ਕੋਲੋਂ
ਘੜੀ ਹੁਦਾਰੀ ਲੀਤੀAmrita Pritam
ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ !
ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ‘ਚ ਖਲੋਤਾ ਰਹਿ ਗਿਆ …ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ …
ਵਕਤ ਨੇ – ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ ‘ਚੋਂ ਛਾਲ ਮਾਰ ਦਿੱਤੀ ….ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ —
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ….ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਭ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ —
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ….ਪਰ ਉਸ ਦਿਨ ਵਕਤ ਨੇ ਜਦ ਬਾਰੀ ‘ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿੰਮਿਆਂ ਸੀ
ਉਹ ਲਹੂ —
ਮੇਰੀ ਬਾਰੀ ਦੇ ਥੱਲੇ ਅਜੇ ਵੀ ਜੰਮਿਆ ਹੋਇਐ …..Amrita Pritam
ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !
ਜੇਹੜੀ ਰੁੱਤੇ ਅੱਖੀਆਂ ਲੱਗੀਆਂ
ਫਿਰ ਓਹੀਓ ਰੁੱਤਾਂ ਆਈਆਂ ਵੇ ਹੋ!ਸੁੱਕਿਆਂ ਪੌਣਾਂ ਦਾ ਮੂੰਹ ਦੇਖਣ
ਬਦਲੀਆਂ ਤਰਿਹਾਈਆਂ ਵੇ ਹੋ !
ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !Amrita Pritam
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ
ਤੇ ਚੋਲੇ ਨਾਲੋਂ ਪਾੜ ਕੇ ਕੰਨੀ
ਰੁੱਖ ਦੀ ਟਾਹਣੀ ਬੰਨੀ। …ਮੈਂ ਆਪਣੇ ਲਹੂ ਦਾ ਇਕ ਇਕ ਟੇਪਾ
ਇਕ ਇਕ ਅੱਖਰ ਘੜਿਆ
ਤੇ ਓਹੀਓ ਮੇਰਾ ਇਕ ਇਕ ਅੱਖਰ
ਜੱਗ ਦੀ ਸੂਲੀ ਚੜ੍ਹਿਆ
ਮੈਂ ਏਸ ਜਨਮ ਦੀ ਲਾਜ ਬਚਾਈ
ਅੱਖ ਕਦੇ ਨਾ ਰੁੰਨੀ। …
ਰੱਬ ਜੀ ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। …ਆਵੋ ਰੱਬ ਜੀ ਰੁੱਖ ਨਾਲੋਂ
ਹੁਣ ਟਾਕੀ ਖੋਲ੍ਹਣ ਆਵੋ !
ਤੇ ਰੁੱਖ ਦਾ ਇਕ ਅਖੀਰੀ ਅੱਖਰ
ਆਪਣੀ ਝੋਲੀ ਪਾਵੋ !
ਇਸ ਰੁੱਖ ਤੁਸਾਂ ਜੋ ਮੰਨਤ ਮੰਨੀ
ਓਹੀਓ ਮੰਨਤ ਪੁੰਨੀ। …
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। ..Amrita Pritam
ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ
ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ
ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ
ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ
ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਿਨ ਰਾਤ ਸਾਰਾ ਸਾਲ ਕਿਸਾਨ ਮਿਹਨਤ ਕਰੇ
ਹਾੜੀ ਸਾਉਣੀ ਹੀ ਬਸ ਪੈਸੇ ਆਉਂਦੇ ਨੇ ਘਰੇ
ਸਰਕਾਰਾਂ ਫਿਰਣ ਫਿਰ ਵੀ ਖੋਹਣ ਨੂੰ ਰੋਜ਼ੀ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕਦੇ ਸੋਕਾ ਕਦੇ ਹੜ੍ਹਾਂ ਦੀ ਮਾਰ ਝੱਲੇ ਕਿਸਾਨ
ਹਰ ਸਾਲ ਹੁੰਦਾ ਏ ਇੱਥੇ ਫਸਲਾਂ ਦਾ ਨੁਕਸਾਨ
ਕੋਈ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਖੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਹਰ ਸਾਲ ਵੱਧਦਾ ਜਾਵੇ ਵਿਆਜ਼ ਸ਼ਾਹੂਕਾਰਾਂ ਦਾ
ਕਰਜ਼ੇ ਦੀ ਮਾਰ ਝੱਲੇ ਕਿਸਾਨ ਦੋਸ਼ ਸਰਕਾਰਾਂ ਦਾ
ਕਿਸਾਨ ਦੀ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕੋਡੀਆਂ ਦੇ ਭਾਅ ਖ਼ਰੀਦਣ ਫਸਲਾਂ ਵਪਾਰੀ
ਕਾਗਜ਼ਾਂ ‘ਚ ਹੀ ਬੰਨਿਆਂ ਉਂਜ ਰੇਟ ਸਰਕਾਰੀ
ਆਪਣੇ ਹੱਕਾਂ ਲਈ ਇੱਕ ਦਿਨ ਜਾਗਣਗੇ ਲੋਕੀਂ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਮਿੱਟੀ ਨਾਲ ਮਿੱਟੀ ਹੋ ਕੇ ਫਸਲਾਂ ਉਗਾਉਂਦਾ ਏ
ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਏ
ਜੇ ਕਿਸਾਨ ਬਚਾਉਣਾ ਏ ਰੱਬਾ ਭ੍ਰਿਸ਼ਟਾਚਾਰ ਰੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਸੁੱਖ ਮਰਾਹੜ ਗੱਲਾਂ ਡੂੰਘੀਆ ਕਹਿ ਗਿਆ ਏ
ਲੀਡਰ ਕਿਸਾਨੀ ਦੇ ਨਾਂਅ ਤੇ ਵੋਟਾਂ ਲੈ ਗਿਆ ਏ
ਕਰਦੇ ਕੁੱਝ ਨਹੀਂ ਲੀਡਰ ਐਵੇਂ ਫ਼ੜ ਮਾਰਨ ਫ਼ੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।