• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Harpreet Singh Jawanda

ਫੋਨ ਦੇ ਗੁਲਾਮ

by Manpreet Singh January 14, 2019

ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ..
ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..!
ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ ਪੀ ਲੈ ਮਿੱਤਰਾ ਕੁਝ..ਸਾਰਾ ਕੁਝ ਮੁਫ਼ਤ ਏ..!
ਮੈਂ ਧੰਨਵਾਦ ਆਖਦਿਆਂ ਦੱਸ ਦਿੱਤਾ ਕੇ ਨਾਸ਼ਤਾ ਕਰ ਕੇ ਆਇਆ ਹਾਂ…
ਆਖਣ ਲੱਗਾ ਕੇ ਅੱਜ ਜਿੰਨਿਆਂ ਨੂੰ ਵੀ ਸੁਲਾ ਮਾਰੀ..ਸਾਰਿਆਂ ਦਾ ਬੱਸ ਏਹੀ ਜੁਆਬ ਸੀ..ਕਹਿੰਦਾ ਲੋਕੀ ਫੋਨਾਂ ਦੇ ਗੁਲਾਮ ਹੋ ਬਣ ਕੇ ਰਹਿ ਗਏ ਨੇ…ਇੱਕ ਮਿੰਟ ਵੀ ਹੈਨੀ ਕਿਸੇ ਕੋਲ ਇੱਕ ਦੂਜੇ ਨਾਲ ਗੱਲ ਕਰਨ ਦਾ..ਗੂੰਗੇ-ਬੋਲਿਆਂ ਦਾ ਪਲੈਨੇਟ ਬਣ ਗਈ ਏ ਇਹ ਸਾਰੀ ਦੁਨੀਆ..!

ਮੈਂ ਕੋਲ ਖਾਲੀ ਪਈ ਕੁਰਸੀ ਤੇ ਬੈਠਦਿਆਂ ਪੁੱਛ ਲਿਆ ਕੇ ਮਿੱਤਰਾ ਦੱਸ ਤਾਂ ਸਹੀ ਕਿੱਦਾਂ ਦੀ ਹੁੰਦੀ ਸੀ ਤੇਰੇ ਵੇਲੇ ਦੀ ਦੁਨੀਆ?
ਗੱਲਾਂ ਗੱਲਾਂ ਵਿਚ ਹੀ ਮੈਨੂੰ ਆਪਣੇ ਸੱਠ ਕਿਲੋਮੀਟਰ ਦੂਰ ਪਿੰਡ ਦੇ ਸੋਹਣੇ ਜਿਹੇ ਫਾਰਮ ਹਾਊਸ ਤੇ ਲੈ ਗਿਆ ਤੇ ਆਖਣ ਲੱਗਾ ਕੇ ਇੱਕ ਟਾਈਮ ਹੁੰਦਾ ਸੀ ਲੋਕੀ ਇੱਕ ਦੂਜੇ ਦੇ ਸਾਹਾਂ ਨਾਲ ਸਾਹ ਲਿਆ ਕਰਦੇ ਸਨ…ਕੁਦਰਤੀ ਪੇਂਡੂ ਮਾਹੌਲ ਵਿਚ ਆਪਸੀ ਪਿਆਰ ਮੁਹੱਬਤ ਦੇ ਦਰਿਆ ਵਗਿਆ ਕਰਦੇ ਸਨ..ਇੱਕ ਬਿਮਾਰ ਹੁੰਦਾ ਤੇ ਸਾਰਾ ਪਿੰਡ ਖਬਰ ਲੈਣ ਆ ਜਾਇਆ ਕਰਦਾ…ਬਾਹਰੀ ਵਿਖਾਵਾ,ਸ਼ੋਸ਼ੇ-ਬਾਜੀਆਂ ਤੇ ਘਟੀਆ ਬਨਾਉਟੀ ਪਣ ਕੀ ਸ਼ੈਵਾਂ ਹੁੰਦੀਆਂ ਨੇ..ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁੰਦਾ!

ਲੰਮਾ ਸਾਹ ਭਰ ਆਖਣ ਲੱਗਾ ਕੇ ਅੱਜ ਕੱਲ ਖੁਸ਼ ਹੋ ਕੇ ਬਾਕੀ ਦੁਨੀਆਂ ਨੂੰ ਦਿਖਾਉਣਾ ਇਨਸਾਨ ਦੀ ਮਜਬੂਰੀ ਬਣਾ ਦਿੱਤੀ ਗਈ ਹੈ..ਪਹਿਲਾਂ ਪੁੱਠੇ ਸਿਧੇ ਤਰੀਕਿਆਂ ਨਾਲ ਪੈਸੇ ਕਮਾਉਂਦੇ ਨੇ ਤੇ ਫੇਰ ਇਸਦੀ ਭੱਦੀ ਨੁਮਾਇਸ਼ ਲੱਗਦੀ ਹੈ ਤੇ ਫੇਰ ਇਹ ਭਰਮ ਪਾਲ ਲਿਆ ਜਾਂਦਾ ਏ ਕੇ ਹੁਣ ਬਾਕੀ ਦੀ ਦੁਨੀਆ ਇਸ ਬੇਹੂਦਾ ਨੁਮਾਇਸ਼ ਦਾ ਰੋਹਬ ਝੱਲੂਗੀ..ਜਦੋਂ ਰੋਹਬ ਨਹੀਂ ਝੱਲਦੀ ਤਾਂ ਇਹ ਜੈਨਰੇਸ਼ਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀ…ਬੱਸ ਏਹੀ ਜੜ ਏ ਸਾਰੇ ਪੁਆੜਿਆਂ ਦੀ..!

ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਬਾਰੇ ਦੱਸਣ ਲੱਗਾ….
ਸ਼ਹਿਰੋਂ ਗਈਆਂ ਦੋਵੇਂ ਪੋਤਰੀਆਂ ਡਿਨਰ ਟੇਬਲ ਤੇ ਕੋਲ ਕੋਲ ਬੈਠੀਆਂ ਇੱਕ ਦੂਜੇ ਨਾਲ ਟੈਕਸਟਿੰਗ ਕਰ ਰਹੀਆਂ ਸਨ…ਮੈਨੂੰ ਇਹ ਦੇਖ ਗੁੱਸਾ ਚੜ ਗਿਆ ਕੇ ਏਨੀ ਨਜਦੀਕੀ ਹੈ ਤਾਂ ਵੀ ਟੈਕਸਟਿੰਗ..ਦੋਹਾ ਦੇ ਫੋਨ ਖੋਹ ਲਏ ਤੇ ਵਾਈ-ਫਾਈ ਕਨੈਕਸ਼ਨ ਆਫ ਕਰ ਦਿੱਤਾ…ਗੁੱਸੇ ਹੋ ਗਈਆਂ..ਅਗਲੇ ਦਿਨ ਤੜਕੇ ਹੀ ਵਾਪਿਸ ਸ਼ਹਿਰ ਮੁੜ ਗਈਆਂ…
ਕਹਿੰਦਾ ਉਹ ਟਾਈਮ ਦੂਰ ਨਹੀਂ ਜਦੋਂ ਮੂੰਹ ਵਿਚ ਬੁਰਕੀ ਪਾਉਣ ਲਈ ਵੀ ਲੋਕਾਂ ਮਸ਼ੀਨ ਲੱਭਿਆ ਕਰਨੀ ਏ…ਉਸਦੀ ਗੱਲ ਸੁਣ ਮੈਨੂੰ ਪੁਰਖਿਆਂ ਦੀ ਆਖੀ ਚੇਤੇ ਆ ਗਈ ਕੇ ਉਹ ਦਿਨ ਦੂਰ ਨਹੀਂ ਜਦੋਂ ਬੈਗਨ ਤੇ ਤਰਾਂ ਵੀ ਪੌੜੀ ਲਾ ਕੇ ਤੋੜੀਆਂ ਜਾਇਆ ਕਰਨਗੀਆਂ.!
ਉਹ ਗੱਲਾਂ ਕਰੀ ਜਾ ਰਿਹਾ ਸੀ ਤੇ ਮੈਂ ਸੁਣੀ ਜਾ ਰਿਹਾ ਸੀ..ਅਚਾਨਕ ਕੀ ਦੇਖਿਆ ਕੇ ਦੋ ਦਾਹੜੀ ਵਾਲੇ ਮਨੁੱਖਾਂ ਨੂੰ ਇੰਝ ਗੱਲਾਂ ਕਰਦਿਆਂ ਦੇਖ ਆਸੇ ਪਾਸੇ ਲੋਕ ਜੁੜਨ ਲੱਗ ਪਏ…ਸ਼ਾਇਦ ਹੈਰਾਨ ਹੋ ਰਹੇ ਸਨ ਕੇ ਪਤਾ ਨਹੀਂ ਕਿਹੜੇ ਪਲੇਨੇਟ ਚੋਂ ਆਏ ਨੇ..ਇਸ ਆਪੋ-ਧਾਪੀ ਵਾਲੇ ਜਮਾਨੇ ਵਿਚ ਵੀ ਲਗਾਤਾਰ ਗੱਲਬਾਤ ਕਰੀ ਜਾ ਰਹੇ ਨੇ!

ਏਨੇ ਨੂੰ ਕੀ ਦੇਖਿਆ ਕੇ ਸਵਾਰੀਆਂ ਉਤਰਨੀਆਂ ਸ਼ੁਰੂ ਹੋ ਗਈਆਂ ਤੇ ਸਮਾਨ ਵਾਲੀ ਬੈਲਟ ਵੀ ਘੁੰਮਣੀ ਸ਼ੁਰੂ ਹੋ ਗਈ..ਅਤੇ ਫੇਰ ਭਰਿਆ ਮੇਲਾ ਉੱਜੜਨ ਤੇ ਆ ਗਿਆ…

ਪਰ ਫੇਰ ਵੀ ਜਾਂਦਿਆਂ ਜਾਂਦਿਆਂ “Ken” ਮੇਰੇ ਉਸ ਸੈੱਲ ਫੋਨ ਦੀ ਮੈਮੋਰੀ ਵਿਚ ਕੈਦ ਹੋ ਗਿਆ ਜਿਸ ਨੂੰ ਅਸੀਂ ਦੋਵੇਂ ਕਿੰਨੀ ਦੇਰ ਤੋਂ ਭੰਡਦੇ ਆ ਰਹੇ ਸਾਂ…ਫੇਰ ਗਹੁ ਨਾਲ ਤੱਕਿਆ ਤਾਂ ਸੈੱਲ ਫੋਨ ਮੈਨੂੰ ਇਹ ਆਖਦਾ ਪ੍ਰਤੀਤ ਹੋਇਆ ਕੇ ਮਿਤਰੋ ਜੇ ਸਹੀ ਵਰਤੋਂ ਕੀਤੀ ਜਾਵੇ ਤਾਂ ਮੈਂ ਏਡਾ ਬੁਰਾ ਵੀ ਨਹੀਂ ਜਿੰਨਾ ਤੁਸੀ ਸਮਝ ਬੈਠੇ ਓ..!

ਇਮਤਿਹਾਨ

by Manpreet Singh January 13, 2019

ਸੰਨ ਦੋ ਹਜਾਰ ਦੀ ਗੱਲ ਏ…ਚੰਡੀਗੜ੍ਹ ਪੜਿਆ ਕਰਦਾ ਸੀ…ਹੋਸਟਲ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਤੀਜਾ, ਕੋਈ ਆਈ.ਪੀ.ਐੱਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ…ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..!

ਚੰਡੀ-ਮੰਦਿਰ ਤੋਂ ਇੱਕ ਫੌਜੀ ਕਰਨਲ ਦਾ ਮੁੰਡਾ ਹੁੰਦਾ ਸੀ…ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ…ਉਹ ਜਦੋਂ ਵੀ ਕਾਲ ਕਰਿਆ ਕਰਦਾ ਤਾਂ ਉਹ ਅੱਗੋਂ ਫੋਨ ਕੱਟ ਦਿਆ ਕਰਦੀ..!
ਇੱਕ ਦਿਨ ਭਿਣਕ ਲੱਗੀ ਕੇ ਸੈਕਟਰ ਬਾਈ ਕਿਸੇ ਫਲੈਟ ਵਿਚ ਠਹਿਰੀ ਹੋਈ ਹੈ..
ਉਸਨੇ ਕਿਸੇ ਮਿੱਤਰ ਨੂੰ ਫੋਨ ਕਰ ਸਰਕਾਰੀ ਜਿਪਸੀ ਮੰਗਵਾ ਲਈ ਤੇ ਮੈਨੂੰ ਨਾਲ ਬਿਠਾ ਲਿਆ..ਨਾਲ ਆਏ ਗੰਨਮੈਨ ਦੋਸਤਾਂ ਨੂੰ ਆਖਣ ਲੱਗਾ ਕੇ ਜੇ ਪੈਸੇ ਦੇਵੇ ਵੀ ਤਾਂ ਨਹੀਂ ਲੈਣੇ..ਬੱਸ ਐਸਾ ਸਬਕ ਸਿਖਾਉਣਾ ਕੀ ਜਿੰਦਗੀ ਭਰ ਯਾਦ ਰੱਖੇ!
ਫੇਰ ਘੁਸਮੁਸੇ ਜਿਹੇ ਨੂੰ ਕੁੜੀ ਨੂੰ ਜਬਰਦਸਤੀ ਜਿਪਸੀ ਵਿਚ ਬਿਠਾ ਲਿਆ ਗਿਆ ਤੇ ਗੱਡੀ ਕਾਲਕੇ ਵੱਲ ਨੂੰ ਪਾ ਲਈ
ਹੌਲੀ ਉਮਰ ਦੀ ਚੰਗੇ ਘਰ ਦੀ ਕੁੜੀ ਲੱਗਦੀ ਸੀ ਉਹ..ਪਹਿਲਾਂ ਥੋੜਾ ਵਿਰੋਧ ਕੀਤਾ ਫੇਰ ਜਿੰਨੇ ਕੋਲ ਹੈ ਸਨ ਓਨੇ ਪੈਸੇ ਵੀ ਦੇਣੇ ਚਾਹੇ…ਅਖੀਰ ਨੂੰ ਮਿੰਨਤਾਂ ਮੁਆਫ਼ੀਆਂ ਵੀ ਮੰਗੀਆਂ ਪਰ ਕੋਈ ਅਸਰ ਨਹੀਂ ਹੋਇਆ…
ਫੇਰ ਉਸਨੂੰ ਕਾਲੇ ਸ਼ੀਸ਼ਿਆਂ ਵਾਲੀ ਜੀਪ ਵਿਚ ਹੀ ਪਹਿਲੋਂ ਤੋਂ ਮਿਥਿਆ ਹੋਇਆ ਮਰਦਾਨਗੀ ਵਾਲਾ ਸਬਕ ਸਿਖਾਇਆ ਗਿਆ..ਅਖੀਰ ਵਿਚ ਉਸਨੂੰ ਮੇਰੇ ਕੋਲ ਬਿਠਾਉਂਦਿਆਂ ਹੋਇਆ ਆਖਣ ਲੱਗਾ ਕੇ ਹੁਣ ਤੇਰੀ ਵਾਰੀ ਏ ਮਿੱਤਰਾ..!

ਏਨੀ ਗੱਲ ਸੁਣ ਉਹ ਮੇਰੇ ਵੱਲ ਏਦਾਂ ਝਾਕਣ ਲੱਗੀ ਜਿੱਦਾਂ ਜਿਬਾ ਹੋਣ ਤੋਂ ਪਹਿਲਾਂ ਬੱਕਰੀ ਕਸਾਈ ਵੱਲ ਦੇਖ ਰਹੀ ਹੋਵੇ..ਅਕਸਰ ਹੀ ਇਸ ਕਿਸਮ ਦੇ ਮਾਮਲਿਆਂ ਵਿਚ ਸਭ ਤੋਂ ਮੂਹਰੇ ਰਹਿਣ ਵਾਲਾ ਮੈਂ ਪਤਾ ਨਹੀਂ ਕਿੱਦਾਂ ਉਸ ਦਿਨ ਪੱਥਰ ਜਿਹਾ ਹੋ ਗਿਆ…ਹੱਡਾਂ ਵਿਚ ਪਾਣੀ ਪੈ ਗਿਆ ਮਹਿਸੂਸ ਹੋਇਆ ਜਾਪਿਆ ਤੇ ਮੈਂ ਆਪਣਾ ਮੂੰਹ ਦੂਜੇ ਪਾਸੇ ਕਰੀ ਬੈਠਾ ਰਿਹਾ..
ਤੇਜੀ ਨਾਲ ਭੱਜੀ ਜਾਂਦੀ ਜਿਪਸੀ ਵਿਚ ਜਦੋਂ ਵੀ ਚੋਰੀ ਅੱਖੇ ਦੇਖਦਾ ਤਾਂ ਉਹ ਕੱਪੜੇ ਠੀਕ ਕਰਦੀ ਹੋਈ ਮੇਰੇ ਵੱਲ ਤੱਕ ਰਹੀ ਹੁੰਦੀ..!

ਖੈਰ ਮਗਰੋਂ ਮੇਰੇ ਇਸ ਵਿਵਹਾਰ ਤੇ ਮੇਰਾ ਬੜਾ ਮਜਾਕ ਵੀ ਉਡਿਆ ਤੇ ਕਈ ਤਰਾਂ ਦੇ ਚੁਟਕੁਲੇ ਤੱਕ ਵੀ ਸੁਣਾਏ ਜਾਣ ਲੱਗੇ!

ਫੇਰ ਇੱਕ ਦਿਨ ਸੈਕਟਰ ਸਤਾਰਾਂ ਦੀ ਮਾਰਕੀਟ ਵਿਚ ਉਸਨੇ ਮੈਨੂੰ ਤੁਰਦੇ ਫਿਰਦੇ ਨੂੰ ਦੇਖ ਲਿਆ ਤੇ ਮੇਰੇ ਸਾਮਣੇ ਆ ਗਈ ਪਰ ਮੂਹੋਂ ਕੁਝ ਨਾ ਬੋਲੀ..ਮੈਨੂੰ ਉਸਦੀਆਂ ਅੱਖਾਂ ਵਿਚ ਸ਼ੁਕਰਾਨੇ ਵਾਲੀ ਇੱਕ ਅਜੀਬ ਜਿਹੀ ਝਲਕ ਜਿਹੀ ਦਿੱਸੀ…

ਫੇਰ ਕੁਝ ਵਰ੍ਹਿਆਂ ਮਗਰੋਂ ਮੈਂ ਅਮਰੀਕਾ ਦੀ ਧਰਤੀ ਤੇ ਆਣ ਉਤਰਿਆ..ਨਵਾਂ ਮੁਲਖ ਨਵਾਂ ਮਾਹੌਲ..ਪੈਰ ਪੈਰ ਤੇ ਠੋਕਰਾਂ ਧਕੇ ਅਤੇ ਨਿੱਤ ਦੇ ਇਮਤਿਹਾਨਾਂ ਨੇ ਮੇਰੇ ਨਜਰੀਏ ਅਤੇ ਰਹਿਣ ਸਹਿਣ ਵਿਚ ਭਾਰੀ ਬਦਲਾਓ ਲੈ ਆਂਦਾ ਤੇ ਮੈਂ ਉਦਾਸ ਰਹਿਣ ਲੱਗਾ!

ਤੇ ਫੇਰ ਇੱਕ ਦਿਨ ਗੁਰੂ ਦੀ ਮੇਹਰ ਹੋਈ ਅਤੇ ਮੈਂ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਸੱਜ ਗਿਆ..ਮਨ ਵਿਚ ਠਹਿਰਾਓ ਅਤੇ ਵਿਵਹਾਰ ਵਿਚ ਇੱਕ ਜਾਬਤਾ ਜਿਹਾ ਆ ਗਿਆ!
ਦਿਨ ਭਰ ਦੀ ਹੱਡ-ਭੰਨਵੀਂ ਮੇਹਨਤ ਮਗਰੋਂ ਜਦੋਂ ਰਾਤੀ ਗੂੜੀ ਨੀਂਦਰ ਸੁੱਤਾ ਹੋਇਆ ਹੁੰਦਾ ਤਾਂ ਅਕਸਰ ਹੀ ਇੱਕ ਅਜੀਬ ਜਿਹਾ ਸੁਫਨਾ ਦੇਖਿਆ ਕਰਦਾ…
ਅਬਦਾਲੀ ਵੇਲੇ ਦੇ ਸਮਿਆਂ ਵਾਲਾ ਮਾਹੌਲ ਹੁੰਦਾ ਤੇ ਕੁਝ ਘੋੜ ਸਵਾਰ ਇੱਕ ਨੌਜੁਆਨ ਕੁੜੀ ਨੂੰ ਜਬਰਦਸਤੀ ਆਪਣੇ ਨਾਲ ਲਈ ਜਾ ਰਹੇ ਹੁੰਦੇ…ਕੁੜੀ ਮੇਰੇ ਵੱਲ ਤੱਕ ਤੱਕਦੀ ਹੋਈ ਸਹਾਇਤਾ ਲਈ ਦੁਹਾਈਆਂ ਪਾਉਂਦੀ..ਮੈਂ ਕੁਝ ਚਿਰ ਚੁੱਪਚਾਪ ਖਲੋਤਾ ਦੇਖਦਾ ਰਹਿੰਦਾ ਤੇ ਫੇਰ ਬਿਜਲੀ ਦੀ ਫੁਰਤੀ ਨਾਲ ਜਾ ਕੁੜੀ ਛੁਡਾ ਲੈਂਦਾ ਤੇ ਇਸਤੋਂ ਪਹਿਲਾਂ ਕੇ ਕੁੜੀ ਦਾ ਚੇਹਰਾ ਦੇਖ ਸਕਦਾ ਮੇਰੀ ਜਾਗ ਖੁੱਲ ਜਾਇਆ ਕਰਦੀ ਤੇ ਮੁੜਕੇ ਨੀਂਦ ਨਾ ਪੈਂਦੀ!

ਅਖੀਰ ਮੈਂ ਇੱਕ ਦਿਨ ਇਕ ਗੁਰੂਘਰ ਬਾਬਾ ਜੀ ਨਾਲ ਇਸ ਸੁਫ਼ਨੇ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਕਈ ਵਰੇ ਪਹਿਲਾਂ ਚੰਡੀਗੜ ਜਿਪਸੀ ਵਿਚ ਵਾਪਰੀ ਉਸ ਘਟਨਾ ਦਾ ਵੀ ਜਿਕਰ ਕਰ ਦਿੱਤਾ !
ਕੁਝ ਸੋਚਿਆ ਮਗਰੋਂ ਹੱਸ ਪਏ ਤੇ ਆਖਣ ਲੱਗੇ ਕੇ ਭੋਲਿਆ ਜਿਸ ਖੰਡੇ ਬਾਟੇ ਦੀ ਪਾਹੁਲ ਲਈ ਆ ਉਹ ਖੁਦ ਆਪ ਆ ਤੈਨੂੰ ਯਾਦ ਦਵਾਉਂਦਾ ਏ ਕੇ ਜੇ ਉਸ ਦਿਨ ਵੀ ਸਿੰਘ ਸਜਿਆ ਹੁੰਦਾ ਤਾਂ ਕੀ ਮਜਾਲ ਸੀ ਕੇ ਕੋਈ ਉਸ ਕੁੜੀ ਦੀ ਵਾਅ ਵੱਲ ਵੀ ਤੱਕ ਜਾਂਦਾ..ਪਰ ਅਜੇ ਵੀ ਡੁਲਿਆਂ ਬੇਰਾਂ ਦਾ ਕੁਝ ਨੀ ਵਿਗੜਿਆ..ਜੇ ਕਦੀ ਮੁੜ ਓਸੇ ਤਰਾਂ ਦੇ ਇਮਤਿਹਾਨ ਵਿਚ ਪੈ ਜਾਵੇਂ ਤਾਂ ਖਾਲਸਾਈ ਰਿਵਾਇਤਾਂ ਮੁਤਾਬਿਕ ਫੈਸਲਾ ਲਵੀਂ..ਦਸਮ ਪਿਤਾ ਅੰਗ ਸੰਗ ਸਹਾਈ ਹੋਣਗੇ!

ਜੁਆਬ ਸੁਣ ਇੱਕ ਮੁਸ਼ਕਿਲ ਗੁੱਥੀ ਹੱਲ ਹੋ ਗਈ ਜਾਪੀ ਤੇ ਫੇਰ ਉਸ ਦਿਨ ਮਗਰੋਂ ਮੈਨੂੰ ਉਹ ਸੁਫਨਾ ਫੇਰ ਕਦੀ ਨੀਂ ਆਇਆ

ਮੇਹਨਤ

by Manpreet Singh January 12, 2019

ਉਹ ਪੰਜ ਜਮਾਤਾਂ ਹੀ ਪਾਸ ਸੀ…ਸ਼ਾਇਦ ਇਸੇ ਲਈ ਹੀ ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ…ਹਮਾਤੜ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ…ਕਦੀ ਕਲੀਨਿੰਗ,ਕਦੀ ਗਰਾਜ ਕਦੀ ਮਸ਼ਰੂਮਾਂ ਦੀ ਫੈਕਟਰੀ ਤੇ ਕਦੀ ਪੀਜਾ ਡਿਲੀਵਰੀ!
ਪਰ ਕੰਮ ਕੱਲੇ ਨੇ ਹੀ ਕੀਤਾ ਤੇ ਨਾਲਦੀ ਨੂੰ ਆਖ ਦਿੱਤਾ ਬੀ ਭਾਗਵਾਨੇ ਘੱਟ ਖਾ ਲਵਾਂਗੇ ਤੂੰ ਬੱਸ ਬੱਚੇ ਸੰਭਾਲ…
ਇਹੋ ਨੇ ਸਾਡਾ ਅਸਲੀ ਸਰਮਾਇਆ..ਬਾਕੀ ਜੋ ਹੋਊ ਆਪੇ ਦੇਖੀ ਜਾਊ…ਕਿਸੇ ਨਾਲ ਵੀ ਨਿੱਕੇ ਪੈਸੇ ਦੀ ਹੇਰਾ ਫੇਰੀ ਨੀ..ਇਥੋਂ ਤੱਕ ਕੇ ਗੌਰਮਿੰਟ ਨੂੰ ਟੈਕਸ ਵੀ ਪੂਰਾ ਭਰਿਆ!

ਮਗਰੋਂ ਥੋੜੀ-ਬਹੁਤ ਹਿੱਸੇ ਆਉਂਦੀ ਵੀ ਸ਼ਰੀਕਾਂ ਨੇ ਦੱਬ ਲਈ..ਅਖੇ ਕਨੇਡਾ ਦੇ ਡਾਲਰ ਕਮਾਉਂਦੇ ਓ ਥੋਨੂ ਕਾਹਦੀ ਲੋੜ ਜਮੀਨ ਦੀ..ਪਰ ਫੇਰ ਵੀ ਮਾਸਾ ਝੋਰਾ ਨੀ ਕੀਤਾ!
ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਲੋਕ ਅਕਸਰ ਹੀ ਨਹੁੰਆਂ ਵਿਚ ਫਸੀ ਗ੍ਰੀਸ ਵਾਕਈ ਮੈਲ ਦੇਖ ਮਖੌਲ ਕਰਿਆ ਕਰਦੇ…
ਕੁਝ ਆਖਿਆ ਕਰਦੇ ਕੇ ਮਗਰੋਂ ਆਇਆਂ ਨੇ ਵੱਡੇ ਵੱਡੇ ਘਰ ਲੈ ਲਏ ਪਰ ਤੁਸੀਂ ਅਜੇ ਵੀ ਕਿਰਾਏ ਦੀਆਂ ਬੇਸਮੈਂਟਾਂ ਵਿਚ ਧੱਕੇ ਖਾ ਰਹੇ ਹੋ !
ਇਸੇ ਗੱਲੋਂ ਪਾਰਟੀਆਂ ਤੇ ਵੀ ਜਾਣਾ ਥੋੜਾ ਘੱਟ ਕਰ ਦਿੱਤਾ..ਓਸੇ ਨਾਲ ਥੋੜਾ ਬਹੁਤ ਮੇਲ ਜੋਲ ਰਖਿਆ ਜਿਸਦੇ ਨਾਲ ਸੋਚ ਮਿਲਦੀ ਸੀ ਤੇ ਫੇਰ ਇੱਕ ਦਿਨ ਬਾਬੇ ਨੇ ਮੇਹਰ ਕਰ ਹੀ ਦਿੱਤੀ…

ਜਿਸ ਦਿਨ ਵੱਡਾ ਕਾਕਾ ਸਰਕਾਰੀ ਵਜੀਫੇ ਤੇ ਡਾਕਟਰ ਬਣਿਆ ਤਾਂ ਦੁਨੀਆਂ ਹੈਰਾਨ ਪ੍ਰੇਸ਼ਾਨ ਰਹਿ ਗਈ ਕੇ ਇਹ ਮੁੰਡਾ ਨਾ ਕਦੀ ਕਿਸੇ ਪਾਰਟੀ ਵਿਚ ਦਿਸਿਆ ਤੇ ਨਾ ਹੀ ਕਿਸੇ ਫ਼ੰਕਸ਼ਨ ਚ…ਫੇਰ ਡਾਕਟਰ ਕਦੋਂ ਬਣ ਗਿਆ!
ਵੱਡੇ ਦੀ ਪਾਏ ਪੂਰਨਿਆਂ ਤੇ ਤੁਰਦਾ ਨਿੱਕਾ ਵੀ ਵੈਟਰਨਰੀ ਡਾਕਟਰ ਬਣਨ ਹੀ ਵਾਲਾ ਹੈ..ਨਹੁੰਆਂ ਵਿਚ ਫਸੀ ਮੈਲ ਅਤੇ ਪਾਟੀਆਂ ਜੈਕਟਾਂ ਨੇ ਅਖੀਰ ਨੂੰ ਮੁੱਲ ਮੋੜ ਹੀ ਦਿੱਤਾ ਤੇ ਪੈਰ ਪੈਰ ਤੇ ਕੀਤੇ ਸਰਫ਼ਿਆਂ ਤੇ ਕਿਰਸਾਂ ਨੇ ਵੀ ਰੰਗ ਲਿਆ ਹੀ ਦਿੱਤਾ!

ਜਿਹੜੇ ਲੋਕ ਅਕਸਰ ਹੀ ਠੱਠਾ ਮਖੌਲ ਕਰ ਗੱਲ ਗੱਲ ਤੇ ਨੀਵਾਂ ਦਿਖਾਉਂਦੇ ਹੁੰਦੇ ਸੀ ਹੁਣ ਅਕਸਰ ਹੀ ਫੋਨ ਕਰ ਨਿਆਣਿਆਂ ਦੇ ਰਿਸ਼ਤਿਆਂ ਦੀ ਗੱਲ ਤੋਰ ਲਿਆ ਕਰਦੇ ਨੇ…ਪਰ ਨਿਆਣਿਆਂ ਨੂੰ ਸਾਫ ਸਾਫ ਆਖ ਦਿੱਤਾ ਕੇ ਭਾਈ ਤੁਸੀਂ ਸਾਰੀ ਉਮਰ ਸਾਡੇ ਨਾਲ ਤੰਗੀਆਂ-ਤੁਰਸ਼ੀਆਂ ਕੱਟਦੇ ਹੋਏ ਕਦੀ ਮੱਥੇ ਵੱਟ ਨੀ ਪਾਇਆ..ਸੋ ਹੁਣ ਥੋਨੂੰ ਪੂਰੀ ਖੁੱਲ ਏ ਜਿੰਦਗੀ ਦਾ ਹਰ ਫੈਸਲਾ ਲੈਣ ਦੀ…ਪਰ ਫੈਸਲਾ ਲੈਣ ਲੱਗਿਆਂ ਆਪਣੇ ਵੱਡੇ ਵਡੇਰੇ ਜਰੂਰ ਯਾਦ ਕਰ ਲਿਆ ਜੇ

ਅਨੇਕਾਂ ਵਾਰ ਕਈ ਐਸੇ ਮੋੜ ਵੀ ਆਏ ਕੇ ਬੰਦ ਕਮਰੇ ਵਿਚ ਬੱਤੀ ਬੰਦ ਕਰ ਕਲਿਆਂ ਅਥਰੂ ਵੀ ਵਗਾਉਣੇ ਪਏ ਪਰ ਨਿਆਣਿਆਂ ਸਾਹਵੇਂ ਹਮੇਸ਼ਾਂ ਹੀ ਖਿੜੇ ਮੱਥੇ ਹੀ ਆਇਆ…ਕਦੀ ਵੀ ਵਿੱਤੋਂ ਬਾਹਰ ਜਾ ਕੇ ਕਿਸੇ ਦੀ ਰੀਸ ਨੀ ਕੀਤੀ ਤੇ ਨਾ ਹੀ ਬੇਲੋੜੀਆਂ ਖਾਹਸ਼ਾਂ ਨੂੰ ਦਿਮਾਗ ਤੇ ਹਾਵੀ ਹੋਣ ਦਿੱਤਾ!

ਮੈਨੂੰ ਉਸਦੀ ਵਿਥਿਆ ਸੁਣ ਕਿਸੇ ਦੀ ਕਹੀ ਪੁਰਾਣੀ ਗੱਲ ਯਾਦ ਆ ਗਈ ਕੇ..

“ਸੁਵੇਰ ਦੀਆਂ ਖਾਹਸ਼ਾਂ ਸ਼ਾਮਾਂ ਤੀਕ ਟਾਲਦੇ ਗਏ..ਤੇ ਬੱਸ ਏਦਾਂ ਹੀ ਖਿੱਲਰਦੀ ਹੋਈ ਜਿੰਦਗੀ ਸੰਭਾਲਦੇ ਗਏ

ਧਿਆਨ

by Manpreet Singh January 11, 2019

ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਪੁੱਛਿਆ ਕੇ ਮੇਰੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ?

ਆਖਣ ਲੱਗੀ ਕੇ ਦਾਦਾ ਜੀ..ਜੀ ਜਿਹਾ ਨਹੀਂ ਕਰਦਾ..ਓਥੇ ਅੱਜਕੱਲ ਗੁਰੂ ਦੇ ਸਿਧਾਂਤ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਹੁੰਦੀ ਏ…ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ਹੋਈ ਜਾਂਦਾ..
ਏਦਾਂ ਲੱਗਦਾ ਏ ਜਿਦਾਂ ਗੁਰੂ ਘਰ ਬੱਸ ਏਹੀ ਸਭ ਕੁਝ ਲਈ ਹੀ ਰਹਿ ਗਿਆ ਹੋਏ..ਤੁਸੀਂ ਹੀ ਦੱਸੋ ਏਦਾਂ ਕਿਓਂ ਹੁੰਦਾ ਹੈ?

ਗਹਿਰ ਗੰਭੀਰ ਅਵਸਥਾ ਵਿਚ ਚਲੇ ਗਏ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰੂਦੁਵਾਰੇ ਲੈ ਗਏ ਕੇ ਚੱਲ ਬੀਬਾ ਅੱਜ ਤੇਰੇ ਸੁਆਲਾਂ ਦਾ ਜੁਆਬ ਲੱਭਦੇ ਹਾਂ..ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !*

ਬਜ਼ੁਰਗ ਨੇ ਉਸਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕੇ ਪੁੱਤ ਇਹ ਫੜ ਤੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟ ਕੇ ਆ…ਪਰ ਇੱਕ ਚੀਜ ਦਾ ਖਿਆਲ ਰੱਖੀਂ ਕੇ ਜੇ ਇੱਕ ਵੀ ਤੁਬਕਾ ਭਰੇ ਹੋਏ ਗਲਾਸ ਵਿਚੋਂ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸੁਆਲਾਂ ਦਾ ਜੁਆਬ ਨੀ ਦਿੱਤਾ ਜਾਣਾ….

“ਠੀਕ ਹੈ ਦਾਦਾ ਜੀ” ਆਖ ਕੁੜੀ ਨੇ ਬੜੇ ਹੀ ਧਿਆਨ ਨਾਲ ਗਿਲਾਸ ਫੜ ਤੁਰਨਾ ਸ਼ੁਰੂ ਕਰ ਦਿੱਤਾ…
ਕੁਝ ਚਿਰ ਮਗਰੋਂ ਚੱਕਰ ਪੂਰੇ ਕਰ ਖੂਸ਼ੀ ਖੂਸ਼ੀ ਕੋਲ ਆ ਕੇ ਦੱਸਣ ਲੱਗੀ ਕੇ ਦੇਖ ਲਵੋ ਇੱਕ ਵੀ ਤਰੁਬਕਾ ਡੁੱਲਣ ਨੀ ਦਿੱਤਾ..ਹੁਣ ਦਿਓ ਮੇਰੇ ਸੁਆਲਾਂ ਦਾ ਜੁਆਬ..

ਬਜ਼ੁਰਗ ਆਖਣ ਲੱਗੇ ਕੇ ਬੇਟਾ ਜਦੋਂ ਗਲਾਸ ਫੜ ਕੇ ਤੁਰੀ ਜਾ ਰਹੀ ਸੈਂ ਤਾਂ ਤੈਨੂੰ ਬੈਠੀ ਸੰਗਤ ਵਿਚੋਂ ਕੋਈ ਇਨਸਾਨ ਪਾਲੀਟਿਕਸ…ਚੁਗਲੀਆਂ ਜਾਂ ਫੇਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ?

ਕਹਿੰਦੀ ਨਹੀਂ ਦਾਦਾ ਜੀ ਬਿਲਕੁਲ ਵੀ ਨਹੀਂ…ਕਿਓੰਕੇ ਤੁਰੀ ਜਾਂਦੀ ਦਾ ਮੇਰਾ ਸਾਰਾ ਹੀ ਧਿਆਨ ਤਾਂ ਗਿਲਾਸ ਵਿਚਲੇ ਪਾਣੀ ਵੱਲ ਹੀ ਸੀ ਕੇ ਕਿਤੇ ਕੋਈ ਪਾਣੀ ਦਾ ਤੁਬਕਾ ਥੱਲੇ ਹੀ ਨਾ ਡਿੱਗ ਜਾਵੇ …!

ਬਜ਼ੁਰਗ ਆਖਣ ਲੱਗੇ ਕੇ ਪੁੱਤ ਇਸੇ ਤਰਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰੂਦੁਵਾਰੇ ਨੂੰ ਪਾਲਟਿਕਸ..ਬਿਜਨਸ…ਨਿੱਜੀ ਫਾਇਦਿਆਂ…ਚੁਗਲੀਆਂ ਤੇ ਆਪਸੀ ਵੈਰ ਵਿਰੋਧ ਦਾ ਅਖਾੜਾ ਬਣਾ ਧਰਿਆ ਏ..ਇਹ ਵਰਤਾਰਾ ਕੋਈ ਨਵਾਂ ਨਹੀਂ..ਸਗੋਂ ਸਦੀਆਂ ਤੋਂ ਇੰਝ ਹੀ ਹੁੰਦਾ ਆਇਆ ਏ ਤੇ ਸ਼ਾਇਦ ਅੱਗੇ ਵੀ ਹੁੰਦਾ ਹੀ ਰਹੇਗਾ..

ਪਰ ਮਨੁੱਖ ਨੂੰ ਸਾਰਾ ਧਿਆਨ ਓਹਨਾ ਚੀਜਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿੱਕਲਦੀ ਇਲਾਹੀ ਬਾਣੀ ਦੇ ਵਡਮੁੱਲੇ ਪ੍ਰਵਾਹ ਵੱਲ ਲਾਉਣਾ ਚਾਹੀਦਾ ਏ ਤੇ ਇਹ ਵੀ ਬੇਹੱਦ ਜਰੂਰੀ ਹੈ ਕੇ ਚੱਲਦੀ ਹੋਈ ਇਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤਰੁਬਕਾ ਸਾਡੇ ਮਨ ਵਿਚ ਵੱਸਣੋਂ ਨਾ ਰਹਿ ਜਾਵੇ..
ਏਦਾਂ ਸੋਚ ਗੁਰੂ ਘਰ ਜਾਵੇਂਗੀ ਤਾਂ ਮੈਨੂੰ ਪੂਰਾ ਯਕੀਨ ਹੈ ਕੇ ਤੇਰਾ ਮਨ ਕਦੀ ਵੀ ਗੁਰੂਦੁਵਾਰੇ ਤੋਂ ਬੇਮੁਖ ਨਹੀਂ ਹੋਵੇਗਾ..!

ਸ਼ਾਇਦ ਬਜ਼ੁਰਗਾਂ ਵੱਲੋਂ ਦਿੱਤੇ ਗਏ ਇਸ ਕੀਮਤੀ ਤਰਕ ਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਨਾਉਣ ਦੀ ਲੋੜ ਹੈ

ਵੈਲੇਨਟਾਈਨ ਕਾਰਡ

by Manpreet Singh January 10, 2019

ਦੋ ਸਾਲ ਪਹਿਲਾਂ ਫਰਵਰੀ ਮਹੀਨੇ ਦੀ ਗੱਲ ਏ
ਸਟੋਰ ਦੇ ਅੰਦਰ ਵੜਨ ਲੱਗਾ ਹੀ ਸਾਂ ਕੇ ਪਿੱਛੋਂ ਅਵਾਜ ਜਿਹੀ ਆਈ !
ਮੁੜ ਕੇ ਦੇਖਿਆਂ ਤਾਂ ਬਜ਼ੁਰਗ ਗੋਰਾ ਸ਼ਾਇਦ ਕਿਸੇ ਕਾਰਨ ਪਾਰਕਿੰਗ ਵਿਚ ਠੇਡਾ ਖਾ ਕੇ ਡਿਗ ਪਿਆ ਸੀ
ਮੈਂ ਭੱਜ ਕੇ ਜਾ ਆਸਰਾ ਜਿਹਾ ਦੇ ਕੇ ਉਠਾਇਆ ਤੇ ਇੱਕ ਪਾਸੇ ਬਿਠਾ ਦਿੱਤਾ!
ਗਹੁ ਨਾਲ ਦੇਖਿਆਂ ਤਾਂ ਉਹ ਕੰਬਦੇ ਹੱਥਾਂ ਨਾਲ ਨੱਕ ਚੋ ਵਗਦਾ ਹੋਇਆ ਖੂਨ ਪੂੰਝ ਰਿਹਾ ਸੀ 
ਮੈਨੂੰ ਪਹਿਲੀ ਨਜ਼ਰੇ ਲੱਗਾ ਕੇ ਸ਼ਾਇਦ ਡਰਿੰਕ ਕੀਤੀ ਹੋਈ ਹੈ ਪਰ ਅਸਲ ਵਿਚ ਉਹ ਵਡੇਰੀ ਉਮਰ ਵਾਲਾ ਕਾਂਬਾ ਸੀ!
ਮੈਂ ਕੋਲ ਖਲਿਆਰੇ ਆਪਣੇ ਟਰੱਕ ਵਿਚੋਂ ਨੈਪਕਿਨ ਕੱਢ ਲਿਆਇਆ ਤੇ ਨਾਲ ਹੀ ਪਾਣੀ ਦੀ ਬੋਤਲ ਫੜਾਉਂਦੇ ਹੋਏ ਨੇ ਪੁੱਛ ਲਿਆ ਕੇ ਮਿੱਤਰਾ ਜੇ ਸੱਟ ਜਿਆਦਾ ਏ ਤਾਂ ਐਮਬੂਲੈਂਸ ਬੁਲਾ ਦੇਵਾਂ?
ਅੱਗੋਂ ਆਖਣ ਲੱਗਾ ਕੇ “ਨੋ ਥੈਂਕ ਯੂ ਮੈਨ…ਹੁਣ ਮੈੰ ਠੀਕ ਹਾਂ “

ਅੱਧੇ ਘੰਟੇ ਮਗਰੋਂ ਹੀ ਅੰਦਰ ਘੁੰਮਦੇ ਘੁਮਾਉਂਦੇ ਨੂੰ ਗ੍ਰੀਟਿੰਗ ਕਾਰਡ ਵਾਲੇ ਸੈਕਸ਼ਨ ਵਿਚ ਕਾਰਡ ਫਰੋਲਦਾ ਇੱਕ ਵਾਰ ਫੇਰ ਟੱਕਰ ਗਿਆ…ਨੱਕ ਅਜੇ ਵੀ ਇੱਕ ਹੱਥ ਨਾਲ ਢਕਿਆ ਹੋਇਆ ਸੀ…!
ਮੈਂ ਇੱਕ ਵਾਰ ਫੇਰ ਪੁੱਛ ਲਿਆ….ਹੁਣ ਕੀ ਹਾਲ ਹੈ ਤੇਰਾ ਮਿੱਤਰਾ ਤੇਰਾ ਤੇ ਨਾਲੇ ਇਥੇ ਕਾਰਡ ਸੈਕਸ਼ਨ ਵਿਚ ਕੀ ਲੱਭੀ ਜਾਂਦਾ ਏ?

ਕਹਿੰਦਾ ਨਾਲਦੀ ਵਾਸਤੇ ਵੈਲੇਨਟਾਈਨ ਕਾਰਡ ਲੈਣ ਆਇਆ ਹਾਂ..ਨਾ ਦੇਵਾਂ ਤਾਂ ਗੁੱਸਾ ਕਰ ਜਾਂਦੀ ਏ..ਤੇ ਆਖ ਦਿੰਦੀ ਏ ਕੇ ਮੈਨੂੰ ਤਲਾਕ ਦੇ ਦੇਣਾ ਏ..ਭਾਵੇਂ ਕੈਂਸਰ ਦੀ ਆਖਰੀ ਸਟੇਜ ਏ ਪਰ ਫੇਰ ਵੀ ਇਹ ਕਾਰਡ ਲਏ ਬਗੈਰ ਨਹੀਂ ਜਾਂਦੀ ਇਸ ਜਹਾਨ ਤੋਂ..ਅੜਬ ਸੁਭਾ ਦੀ ਏ ਪਰ ਦਿਲ ਦੀ ਹੈ ਬੜੀ ਹੀ ਚੰਗੀ ”

ਪੂਰਾਣਾ ਗੀਤ ਯਾਦ ਆ ਗਿਆ..
“ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ”..ਤੇ ਨਾਲ ਹੀ ਇਹ ਸਮਝ ਵੀ ਆ ਗਈ ਕੇ ਚੰਗੇ ਭਲੇ ਤੁਰੇ ਜਾਂਦੇ ਨੂੰ ਅਚਾਨਕ ਠੇਡਾ ਕਿਓਂ ਲੱਗ ਗਿਆ ਸੀ !

ਸਮਾਂ

by Manpreet Singh January 9, 2019

ਈ ਤਿੰਨ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਏ..ਜਦੋਂ ਵੱਜਦੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ…
ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ…
ਪਲੇਠੀ ਦੇ ਪ੍ਰਾਹੁਣੇ ਨੂੰ ਬਰੂਹਾਂ ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਸੀ
ਪਹਿਲਾਂ ਆਏ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਵੀ ਵਧੀਆਂ ਜਿਹੇ ਟਿਕਾਣੇ ਤੇ ਮਿਲ ਜਾਇਆ ਕਰਦਾ ਸੀ..
ਦੂਰੋਂ ਆਏ ਦੀ ਵਾਪਸੀ ਵੀ ਵਿਆਹ ਤੋਂ ਪੰਦਰਾਂ ਵੀਹਾਂ ਦਿਨਾਂ ਮਗਰੋਂ ਹੀ ਹੋਇਆ ਕਰਦੀ ਸੀ….
ਸਪੀਕਰ ਵਾਲੇ ਦੀ ਮੰਜੀ ਕੋਲ ਹਰ ਵੇਲੇ ਨਿਆਣਿਆਂ ਸਿਆਣਿਆਂ ਦੀਆਂ ਬੇਅੰਤ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਸਨ..ਖੁਸ਼ੀ ਦੀ ਵੇਲ ਕਰਾਉਣ ਵਾਲੇ ਨੂੰ ਸਪੀਕਰ ਵਿਚ ਬੋਲਿਆ ਗਿਆ ਆਪਣਾ ਨਾਮ ਲੱਖਾਂ ਦੀ ਲਾਟਰੀ ਜਿੱਤਣ ਤੋਂ ਵੀ ਵੱਧ ਦਾ ਸਰੂਰ ਦਿੰਦਾ ਸੀ
ਸਪੀਕਰ ਵਾਲੇ ਨੂੰ ਪੱਕੀ ਹਿਦਾਇਤ ਹੁੰਦੀ ਸੀ ਕੇ ਮਾੜਾ ਰਿਕਾਡ ਨੀ ਲੱਗਣਾ ਚਾਹੀਦਾ..ਧੀਆਂ ਭੈਣਾਂ ਵਾਲਾ ਪਿੰਡ ਹੈ
ਜਦੋਂ ਫੁੱਫੜ ਤੇ ਜੀਜੇ ਵੱਲੋਂ ਕਰਾਈ ਰੁਪਈਏ ਦੋ ਰੁਪਈਏ ਦੀ ਵੇਲ ਸਪੀਕਰ ਤੇ ਲੱਖਾਂ ਕਰੋੜਾਂ ਵਿਚ ਦਰਸਾਈ ਜਾਂਦੀ ਤਾਂ ਓਹਨਾ ਦੇ ਹੱਥ ਬਦੋ-ਬਦੀ ਮੁੱਛਾਂ ਨੂੰ ਵੱਟ ਚਾੜਨ ਲੱਗ ਜਾਂਦੇ..
ਸੁਵੇਰੇ ਗੁਰੂ ਘਰਾਂ ਵਿਚ ਹੁੰਦੇ ਨਿੱਤ ਨੇਮ ਦੇ ਪਾਠਾਂ ਮਗਰੋਂ ਵਿਆਹ ਵਾਲੇ ਘਰ ਸਪੀਕਰ ਤੇ ਗਾਉਣ ਵਜਾਉਣ ਵਾਲਾ ਨਿਰੰਤਰ ਜਿਹਾ ਸਿਲਸਿਲਾ ਸ਼ੁਰੂ ਹੋ ਜਾਂਦਾ…..ਪਹਿਲੇ ਡੇਢ ਦੋ ਘੰਟੇ ਸਿਰਫ ਧਾਰਮਿਕ ਰਿਕਾਰਡ ਹੀ ਲਗਿਆ ਕਰਦੇ ਸਨ…
ਫੇਰ ਗਿਆਰਾਂ ਕੂ ਵਜੇ ਮੁੰਡਿਆਂ ਖੁੰਡਿਆਂ ਵਾਲੇ ਸਹਿੰਦੇ ਸਹਿੰਦੇ ਪਿਆਰ ਮੁਹੱਬਤ ਵਾਲੇ ਜਗਮੋਹਨ ਕੌਰ ਨਰਿੰਦਰ ਬੀਬਾ ਮਾਣਕ ਮਸਤਾਨੇ ਤੇ ਜਮਲੇ ਜੱਟ ਲਾ ਦਿੱਤੇ ਜਾਂਦੇ ਸਨ….
ਸਾਲ ਪਹਿਲਾਂ ਹੋਈ ਮੌਤ ਵਾਲੇ ਘਰਾਂ ਵਾਲਿਆਂ ਦੇ ਜਜਬਾਤਾਂ ਦਾ ਖਾਸ ਖਿਆਲ ਰੱਖਣ ਲਈ ਸਪੀਕਰ ਦੀ ਵਾਜ ਕਾਫੀ ਘਟ ਰੱਖੀ ਜਾਂਦੀ ਸੀ ਤੇ ਸਪੀਕਰ ਦਾ ਮੂੰਹ ਵੀ ਓਹਨਾ ਦੇ ਘਰਾਂ ਤੋਂ ਦੂਜੇ ਪਾਸੇ ਰਖਿਆ ਜਾਂਦਾ ਸੀ !
ਸਪੀਕਰ ਵਾਲੇ ਕੋਲ ਚਾਹ ਪਾਣੀ ਬੂੰਦੀ ਸ਼ੱਕਰ-ਪਾਰੇ ਲੱਡੂਆਂ ਤੇ ਰੋਟੀ ਟੁੱਕ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ
ਸਪੀਕਰ ਲੱਗੇ ਪਿੰਡ ਕੋਲੋਂ ਦੀ ਸਾਈਕਲ ਤੇ ਲੰਘਦੇ ਅਣਜਾਣ ਰਾਹੀਆਂ ਦੇ ਚੇਹਰੇ ਵੀ ਖੁਸ਼ੀ ਨਾਲ ਖਿੜ ਕੇ ਗੁਲਾਬ ਹੋ ਜਾਂਦੇ ਸੀ !
ਓਹਨਾ ਵੇਲਿਆਂ ਦੇ ਸਰਲ ਸਪਸ਼ਟ ਤੇ ਸਾਫ ਦਿਲ ਲੋਕ ਇੱਕ ਦੂਜੇ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਲੱਗੇ ਅੱਜ ਕੱਲ ਵਾੰਗ ਬਹੁਤੀਆਂ ਗਿਣਤੀਆਂ ਮਿਣਤੀਆਂ ਨਹੀਂ ਸਨ ਕਰਿਆ ਕਰਦੇ !

ਮਹੀਨਾ ਕੂ ਰਹਿ ਗਏ ਪ੍ਰਾਹੁਣੇ ਨਾਲ ਏਨਾ ਮੋਹ ਪੈ ਜਾਂਦਾ ਕੇ ਉਸ ਦੇ ਤੁਰ ਜਾਣ ਮਗਰੋਂ ਡੰਗਰ ਤੇ ਪਾਲਤੂ ਕੁੱਤਿਆਂ ਤੱਕ ਵੀ ਮਸੋਸੇ ਜਾਂਦੇ…ਓਹਨੀ ਦਿਨੀਂ ਵਿਆਹ ਵਾਲੇ ਘਰੋਂ ਵਿਦਾਈ ਲੈਣੀ ਵੀ ਕਿਹੜੀ ਸੌਖੀ ਹੁੰਦੀ ਸੀ..
ਨਾ ਪ੍ਰਾਹੁਣੇ ਦਾ ਦਿਲ ਕਰਦਾ ਸੀ ਜਾਣ ਨੂੰ ਤੇ ਨਾ ਹੀ ਘਰ ਵਾਲਿਆਂ ਦਾ ਤੋਰਨ ਨੂੰ..ਬੱਸ ਹੰਜੂਆਂ ਦੀ ਬਰਸਾਤ ਵਿਚ ਪੂਰੀ ਤਰਾਂ ਭਿੱਜ ਕੇ ਹੀ ਦਿਲੀਂ ਵਿਛੋੜੇ ਪੈਂਦੇ ਸੀ!
ਫੇਰ ਕੋਠੇ ਤੇ ਚੜ ਤੁਰੇ ਜਾਂਦੇ ਪ੍ਰਾਹੁਣੇ ਨੂੰ ਉੱਨੀ ਦੇਰ ਤਕ ਦੇਖਦੇ ਰਹਿਣਾ ਜਿੰਨੀ ਦੇਰ ਤੱਕ ਕਰਮਾ ਵਾਲਾ ਅੱਖੋਂ ਓਹਲੇ ਹੀ ਨਾ ਹੋ ਜਾਂਦਾ..!
ਪ੍ਰਾਹੁਣੇ ਨੂੰ ਰੋਕਣ ਲਈ ਉਸਦਾ ਟੈਚੀ ਟਰੰਕ ਲਕਾਉਣ ਵਾਲਾ ਹਥਿਆਰ ਵੀ ਸਭ ਤੋਂ ਅਖੀਰ ਵਿਚ ਵਰਤਿਆ ਜਾਂਦਾ ਸੀ
ਸਾਲਾਂ ਬੱਧੀ ਤੁਰੀਆਂ ਆਉਂਦੀਆਂ ਗੁੱਸੇ ਨਰਾਜਗੀਆਂ ਸਪੀਕਰ ਤੇ ਕਰਾਈ ਸਵਾ ਰੁਪਈਏ ਦੀ ਇੱਕ ਵੇਲ ਨਾਲ ਮਿੰਟਾ ਸਕਿੰਟਾਂ ਵਿਚ ਢਹਿ ਢੇਰੀ ਹੋ ਜਾਂਦੀਆਂ ਤੇ ਖੜੇ ਖਲੋਤੇ ਜੱਫੀਆਂ ਪੈ ਜਾਂਦੀਆਂ…

ਪਰ ਸਮੇ ਦੇ ਵਹਿਣ ਵਿਚ ਪਤਾ ਹੀ ਨੀ ਲੱਗਾ ਕਦੋਂ ਟੇਪਾਂ,ਸੀਡੀਆਂ ਤੇ ਡੀ.ਜੇ ਵਾਲੇ ਆਏ ਅਤੇ ਓਹਨਾ ਕਦੋਂ ਚੁੱਪ ਚੁਪੀਤੇ ਸਪੀਕਰ ਵਾਲਿਆਂ ਦੇ ਘਰੀਂ ਸੰਨ ਲਾ ਦਿੱਤੀ ਤੇ ਹੱਸਦੇ ਵੱਸਦੇ ਵੇਹੜੇ ਸੁੰਨੇ ਜਿਹੇ ਪੈ ਗਏ!
ਮਹੀਨਾ ਮਹੀਨਾ ਚੱਲਦੇ ਵਿਆਹ ਦੋ ਤਿੰਨ ਘੰਟਿਆਂ ਵਾਲੇ ਅੱਧਨੰਗੇ ਸਟੇਜੀ ਸਭਿਆਚਾਰ ਦੀ ਭੇਟਾ ਚੜ ਗਏ ਤੇ ਮਾਨ ਦਾ ਇਹ ਗੀਤ ਬਸ ਦੁਆਹੀਆਂ ਅਤੇ ਵਾਸਤੇ ਹੀ ਪਾਉਂਦਾ ਰਹਿ ਗਿਆ…!

“ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੀ ..
ਜਿਹੜੇ ਵਾਜੇ ਵੱਜ ਗੇ ਉਹ ਮੁੜ ਵੱਜਣੇ ਨੀ ”

ਜਿਉਂਦੇ ਜੀ ਵਾਪਿਸ ਨੀ ਜਾਣਾ

by Manpreet Singh January 8, 2019

ਉਸਨੂੰ ਅਕਸਰ ਹੀ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਇਹ ਆਖ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ…ਅਜੇ ਨਹੀਂ!

ਅਖੀਰ ਇੱਕ ਦਿਨ ਬੇਬੇ ਦੀ ਤਾਰ ਆਣ ਹੀ ਪਹੁੰਚੀ..ਵਿਚ ਲਿਖਿਆ ਸੀ ਤਗੜੀ ਨੀ ਹਾਂ..ਆ ਕੇ ਮਿਲ ਜਾ ਇੱਕ ਵਾਰ…ਛੁੱਟੀ ਮਨਜੂਰ ਹੋ ਗਈ..

ਦੋ ਦਿਨ..ਕਦੇ ਪੈਦਲ ਕਦੇ ਬੱਸਾਂ ਤੇ ਕਦੇ ਗੱਡੀਆਂ ਵਿਚ..ਧੱਕੇ ਖਾਂਦਾ ਜਦੋਂ ਘਰੇ ਪਹੁੰਚਿਆ ਤਾਂ ਅੱਗੋਂ ਨਿੱਕੇ ਦੀ ਜੰਝ ਚੜ ਰਹੀ ਸੀ..ਬੇਬੇ ਨੇ ਸ਼ਾਇਦ ਤਾਰ ਵਿਚ ਝੂਠ ਹੀ ਲਿਖਿਆ ਸੀ…ਉਹ ਤਾਂ ਚੰਗੀ ਭਲੀ ਤੁਰੀ ਫਿਰਦੀ ਸੀ ਸ਼ਗਨ ਸੁਆਰਥ ਕਰਦੀ ਹੋਈ

ਖੈਰ ਲਾਵਾਂ ਫੇਰਿਆਂ ਮਗਰੋਂ ਜਦੋਂ ਨਵੀਂ ਭਾਬੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਤਾਂ ਘੁੰਡ ਵਿਚੋਂ ਮਲੋ ਮੱਲੀ ਡਿੱਗੇ ਦੋ ਹੰਜੂਆਂ ਨੇ ਉਸਦੇ ਹੱਥ ਸਿੱਲੇ ਕਰ ਦਿੱਤੇ…
ਧਿਆਨ ਉੱਪਰ ਨੂੰ ਗਿਆ ਤਾਂ ਅਸਮਾਨੋਂ ਬਿਜਲੀ ਜਿਹੀ ਹੀ ਆਣ ਡਿੱਗੀ..
ਇਹ ਤਾਂ ਓਹੀ ਸੀ ਜਿਸਦੇ ਨਾਲ ਕਿਸੇ ਵੇਲੇ ਇਕੱਠੇ ਰਹਿਣ ਦੇ ਕੌਲ ਕਰਾਰ ਕੀਤੇ ਸਨ..!

ਲੰਮੇ ਸਾਰੇ ਘੁੰਡ ਦੇ ਘੇਰੇ ਹੇਠ ਆਈ ਰੂਹਾਂ ਦੀ ਹਾਣ ਅੱਜ ਭਾਬੀ ਬਣ ਜ਼ਾਰੋ-ਜਾਰ ਰੋਈ ਜਾ ਰਹੀ ਸੀ ਪਰ ਉਹ ਹੈ ਤਾਂ ਫੌਜੀ ਹੀ ਸੀ…ਕਿਦਾਂ ਰੋਂਦਾ?
ਪੱਥਰ ਬਣੇ ਨੂੰ ਇਹ ਫੈਸਲਾ ਲੈਂਦਿਆਂ ਕਿੰਨੀ ਦੇਰ ਲੱਗ ਗਈ ਕੇ ਹੁਣ ਅੱਗੋਂ ਕੀ ਕੀਤਾ ਜਾਵੇ..

ਥੋੜੀ ਦੇਰ ਮਗਰੋਂ ਹੀ ਏਨਾ ਆਖ ਵਾਪਿਸ ਛਾਉਣੀ ਨੂੰ ਤੁਰ ਪਿਆ ਕੇ ਸੁਨੇਹਾ ਆਇਆ ਕੇ ਬਾਡਰ ਤੇ ਹਾਈ-ਅਲਰਟ ਹੋ ਗਿਆ ਏ..ਛੁੱਟੀ ਕੈਂਸਲ ਹੋ ਗਈ…!

ਫੇਰ ਦੋ ਦਿਨ ਓਸੇ ਤਰਾਂ ਧੱਕੇ ਖਾਂਦਾ ਵਾਪਿਸ ਯੂਨਿਟ ਪਹੁੰਚਿਆ..ਫੌਜੀ ਟਰੇਨਿੰਗ ਨੇ ਹਰ ਚੰਗੇ ਮਾੜੇ ਹਾਲਾਤਾਂ ਨਾਲ ਦਲੇਰੀ ਨਾਲ ਲੜਨਾ ਸਿਖਾਇਆ ਸੀ…
ਆਉਂਦਿਆਂ ਹੀ ਵਰਦੀ ਪਾ ਮਸ਼ੀਨ ਗੰਨ ਚੁੱਕ ਲਈ ਤੇ ਮੋਰਚੇ ਤੇ ਡਟ ਗਿਆ..ਨਾਲਦਿਆਂ ਬਥੇਰਾ ਆਖਿਆ ਕੇ ਚੋਬਰਾਂ ਦੋ ਘੜੀ ਆਰਾਮ ਤਾਂ ਕਰ ਲੈਂਦਾ..ਅਸੀ ਹੈਗੇ ਹਾਂ…ਕੁਝ ਨੀ ਹੋਣ ਦਿੰਦੇ ਮੋਰਚੇ ਨੂੰ..ਪਰ ਅੱਗੋਂ ਆਖਣ ਲੱਗਾ..ਹੁਣੇ ਹੁਣੇ ਇੱਕ ਜੰਗ ਹਾਰੀ ਏ ਮੈਂ..ਤੇ ਦੂਜੀ ਹਾਰਨ ਦਾ ਹੋਂਸਲਾ ਨਹੀਂ ਏ ਮੇਰੇ ਵਿਚ…
ਨਾਲ ਹੀ ਮਸ਼ੀਨ ਗੰਨ ਚੁੱਕ ਸੀਨੇ ਨਾਲ ਲਾ ਲਈ..ਆਪਣੇ ਕਈ ਸਾਥੀਆਂ ਦੇ ਮਾਰੇ ਜਾਣ ਤੇ ਵੀ ਹਮੇਸ਼ਾਂ ਦਲੇਰੀ ਨਾਲ ਵਿਚਰਦਾ ਹੋਇਆ ਉਹ ਫੌਜੀ ਅੱਜ ਪਹਿਲੀ ਵਾਰ ਏਨੀ ਬੁਰੀ ਤਰਾਂ ਜ਼ਾਰੋ ਜਾਰ ਰੋ ਰਿਹਾ ਸੀ..!

ਕੁਝ ਦਿਨ ਮਗਰੋਂ
ਝੰਡੇ ਵਿਚ ਵਲ੍ਹੇਟੀ ਲਾਸ਼ ਪਿੰਡ ਅੱਪੜੀ ਤਾਂ ਨਾਲ ਆਇਆ ਮੇਜਰ ਸਾਬ ਦੱਸ ਰਿਹਾ ਸੀ ਕੇ ਸਰਹੱਦ ਪਾਰੋਂ ਆਉਂਦੇ ਅੱਠਾਂ ਨੂੰ ਮੁਕਾ ਕੇ ਫੇਰ ਮੁੱਕਿਆ ਸੀ ਆਪ..ਪਰ ਪਤਾ ਨੀ ਕਿਓਂ ਸਹਿਕਦਾ ਹੋਇਆ ਵੀ ਏਹੀ ਆਖੀ ਜਾਂਦਾ ਸੀ ਕੇ ਜਿਉਂਦੇ ਜੀ ਵਾਪਿਸ ਨੀ ਜਾਣਾ ਨਹੀਂ ਤੇ ਦੂਜੀ ਵਾਰ ਫੇਰ ਹਾਰ ਜਾਊਂ..

ਇੱਕ ਮੌਕਾ

by Manpreet Singh January 7, 2019

ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ..
ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ..
ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ!
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀਂ ਸਾਰੇ ਭੱਜ ਕੇ ਦੁਆਲੇ ਹੋ ਗਏ ਤੇ ਕੁੱਟਦੇ-ਕੁਟਾਉਂਦੇ ਬਟਾਲੇ ਰੇਲਵੇ ਸਟੇਸ਼ਨ ਦੀ ਪੁਲਸ ਚੋਂਕੀ ਲੈ ਆਏ…

ਆਖਣ ਲੱਗਾ ਕੇ ਰੱਬ ਦੀ ਸੌਂਹ ਕੱਲ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਫੜਿਆ ਗਿਆ ਹਾਂ..ਪਿਓ ਮਰ ਗਿਆ ਤੇ ਮਾਂ ਦਮੇਂ ਦੀ ਮਾਰੀ ਮੰਜੇ ਤੇ ਹੀ ਰਹਿੰਦੀ ਏ..ਤਿੰਨ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਤੇ ਉੱਤੋਂ 3 ਮਹੀਨੇ ਦਾ ਕਿਰਾਇਆ ਬਕਾਇਆ ਏ..

ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ…ਸਗੋਂ ਜਿਹੜਾ ਆਵੇ ਦੋ ਚਪੇੜਾ ਮਾਰ ਇਹ ਆਖ ਤੁਰਦਾ ਬਣੇ ਕੇ ਪਰਚਾ ਕਰਾ ਕੇ ਅੰਦਰ ਕਰਾਓ ਜੀ….ਪੱਕਾ ਚੋਰ ਏ..
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਜੋ ਆਖਦਾ ਸੱਚ ਵੀ ਹੋ ਸਕਦਾ ਏ…ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ
ਫੇਰ ਉਸਨੂੰ ਆਖਣ ਲੱਗੇ ਕੇ ਕੱਲ ਚੋਰੀ ਕੀਤਾ ਮੋੜ ਜਾ…ਪੁਲਸ ਤੋਂ ਬਚਾਉਣਾ ਮੇਰਾ ਕੰਮ ਏ..
ਅਗਲੇ ਦਿਨ ਸਾਈਕਲ ਮੋੜਨ ਬਿਮਾਰ ਮਾਂ ਵੀ ਨਾਲ ਆਈ..ਹਰੇਕ ਅੱਗੇ ਹੱਥ ਹੀ ਜੋੜੀ ਜਾਵੇ ਤੇ ਫੇਰ ਪਿਤਾ ਜੀ ਦੇ ਪੈਰੀ ਪੈਣ ਲੱਗੀ ਤਾਂ ਉਹ ਥੋੜਾ ਲਾਂਹਬੇ ਜਿਹੇ ਨੂੰ ਹੋ ਗਏ…
ਇਸ ਸਾਰੇ ਵਰਤਾਰੇ ਤੋਂ ਘਰ ਦੇ ਹਾਲਾਤਾਂ ਦਾ ਅੰਦਾਜਾ ਲੱਗ ਗਿਆ..ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ..

ਇਸ ਘਟਨਾ ਤੋਂ ਕਾਫੀ ਅਰਸੇ ਬਾਅਦ 2015 ਵਿਚ ਪਿਤਾ ਜੀ ਚੜਾਈ ਕਰ ਗਏ…ਮੈਂ ਪੰਜਾਬ ਪਹੁੰਚਿਆ….ਫੇਰ ਸੰਸਕਾਰ ਮਗਰੋਂ ਅੰਤਿਮ ਅਰਦਾਸ ਵੀ ਹੋ ਗਈ ਤੇ ਗੋਇੰਦਵਾਲ ਸਾਬ ਫੁਲ ਵੀ ਤਾਰੇ ਗਏ…!

ਇੱਕ ਦਿਨ ਘਰੇ ਬੈਠਿਆ ਬਾਹਰ ਬੈੱਲ ਵੱਜੀ..ਦੋ ਪੁਲਸ ਵਾਲੇ ਖਲੋਤੇ ਸੀ…
ਅੰਦਾਜਾ ਲਾ ਲਿਆ ਕੇ ਕਿਰਾਏ ਦੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ
ਬੂਹਾ ਖੋਲਿਆ ਤਾਂ ਪੱਗ ਬਨੀਂ ਇੱਕ ਹੌਲਦਾਰ ਅੰਦਰ ਲੰਘ ਆਇਆ ਤੇ ਆਖਣ ਲੱਗਾ ਕੇ ਲੱਗਦਾ ਪਛਾਣਿਆਂ ਨਹੀਂ ਮੈਨੂੰ….
ਮੈਂ ਓਹੀ ਹਾਂ ਜੀ ਸਾਈਕਲ ਵਾਲਾ ਜਿਹਨੂੰ ਸਰਦਾਰ ਜੀ ਨੇ ਬਹੁਤ ਚਿਰ ਪਹਿਲਾਂ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ…
ਅਗਲੀ ਕਹਾਣੀ ਦੱਸਦਾ ਹੋਇਆ ਆਖਣ ਲੱਗਾ ਕੇ ਜਦੋਂ ਮਾਂ ਪੂਰੀ ਹੋ ਗਈ ਤਾਂ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ…ਫੇਰ ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ..ਹੁਣ ਥੋੜੇ ਦਿਨ ਹੀ ਹੋਏ ਨੇ ਬਦਲ ਕੇ ਵਾਪਿਸ ਅੰਬਰਸਰ ਆਇਆਂ ਹਾਂ..
ਅੱਜ ਟੇਸ਼ਨ ਤੇ ਕਿਸੇ ਨਾਲ ਸਰਸਰੀ ਗੱਲ ਹੋਈ ਤਾਂ ਪਤਾ ਲੱਗਾ ਕੇ ਵੱਡੇ ਸਰਦਾਰ ਜੀ ਤਾਂ ਪਿਛਲੀ ਦਿੰਨੀ ਪੂਰੇ ਹੋ ਗਏ ਤੇ ਬਸ ਓਸੇ ਵੇਲੇ ਹੀ ਐਡਰੈੱਸ ਲੈ ਕੇ ਏਧਰ ਨੂੰ ਨੱਸਿਆ ਆਇਆ ਹਾਂ….

ਤੇ ਫੇਰ ਏਨਾ ਆਖਣ ਮਗਰੋਂ ਨਾ ਤੇ ਉਸਤੋਂ ਹੀ ਕੁਝ ਅੱਗੇ ਬੋਲਿਆ ਗਿਆ ਤੇ ਨਾ ਹੀ ਮੈਥੋਂ ਕੁਝ ਹੋਰ ਪੁੱਛਿਆ ਗਿਆ

ਫੇਰ ਤੁਰਨ ਤੋਂ ਪਹਿਲਾਂ ਹੰਜੂਆਂ ਭਿੱਜੀ ਚੁੱਪ ਤੋੜਦਿਆਂ ਹੋਇਆ ਆਖਣ ਲੱਗਾ ਕੇ ਪੂਰੇ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ..ਅੱਜ ਵੀ ਥਾਣੇ ਵਿਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਇਹ ਸੋਚ ਅਫਸਰਾਂ ਦਾ ਤਰਲਾ ਮਿੰਤ ਕਰ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ ਕੇ ਹੋ ਸਕਦਾ ਏ ਕੇ ਹਮਾਤੜ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ..!

ਸੁਆਹ ਦੀ ਮੁੱਠ

by Manpreet Singh January 6, 2019

ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ !
ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ

ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..?
ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ…

ਗੱਲਾਂ ਕਰ ਹੀ ਰਹੇ ਸਾਂ ਕੇ ਇੱਕ ਖੁਸ਼ਦਿਲ ਜਿਹਾ ਫਿਲਿਪੀਨੋ ਆਇਆ ਤੇ ਲਾਗੇ ਹੀ ਆਪਣਾ ਸਿਸਟਮ ਜਿਹਾ ਸੈੱਟ ਕਰ ਪਾਣੀ ਵਿਚ ਕੁੰਡੀ ਸੁੱਟ ਦਿੱਤੀ…

ਮਸਾਂ 2 ਮਿੰਟ ਹੀ ਹੋਏ ਸੀ ਕੇ 2 ਕੁ ਕਿੱਲੋ ਦੀ ਮੋਟੀ-ਤਾਜੀ ਮੱਛੀ ਬਾਹਰ ਕੱਢ ਲਈ ਤੇ ਲਾਗੇ ਹੀ ਰੱਖੇ ਜਾਲ ਵਿਚ ਪਾ ਦਿੱਤੀ..ਮੱਛੀ ਤੜਪ ਰਹੀ ਸੀ ਤੇ ਫਿਲਿਪੀਨੋ ਖੁਸ਼ੀ ਵਿਚ ਨੱਚਦਾ ਹੋਇਆ ਕਿਸੇ ਨੂੰ ਫੋਨ ਤੇ ਖਬਰ ਦੇ ਰਿਹਾ ਸੀ..

ਸਾਰਾ ਕੁਝ ਦੇਖ 2 ਘੰਟੇ ਤੋਂ ਆਸਨ ਲਾਈ ਬੈਠੇ ਗੋਰੇ ਦੇ ਚੇਹਰੇ ਤੇ ‘ਈਰਖਾ..ਗੁੱਸੇ ਤੇ ਨਿਰਾਸ਼ਾ ਦੇ ਹਾਵ ਭਾਵ ਉੱਭਰ ਆਏ
ਆਪਣੀ ਅੱਧ ਪੀਤੀ ਬੀੜੀ ਗੁੱਸੇ ਨਾਲ ਪਟਕਾ ਕੇ ਥੱਲੇ ਮਾਰੀ ਤੇ ਮੁੜ ਉਸਨੂੰ ਜੁੱਤੀ ਹੇਠ ਮ੍ਸ੍ਲਦਾ ਹੋਇਆ ਸਭ ਕੁਝ ਸਮੇਟ ਬੁੜ-ਬੁੜ ਕਰਦਾ ਹੋਇਆ ਓਥੋਂ ਚਲਾ ਗਿਆ..

ਮੇਰੇ ਦੇਖਦਿਆਂ ਦੇਖਦਿਆਂ ਇੱਕ ਇਨਸਾਨ ਦੀ ਕਿਸਮਤ ਖੁੱਲ ਗਈ ਤੇ ਦੂਜਾ ਕੋਲ ਬੈਠਾ ਸੜ ਕੇ ਸੁਆਹ ਹੋ ਗਿਆ ਤੇ ਤੀਜੀ ਬਿਨ ਪਾਣੀਓਂ ਤੜਪਦੀ ਹੋਈ ਘਰ ਪਰਿਵਾਰ ਤੇ ਦੁਨੀਆਂ ਤੋਂ ਵਿਛੜ “ਮੌਤ ਦੀਆਂ ਘੜੀਆਂ” ਗਿਣ ਰਹੀ ਸੀ !

ਕੋਲ ਬੈਠਾਂ ਸੋਚ ਰਿਹਾ ਸਾਂ ਕੇ ਜੇ ਥੋੜਾ ਹੋਰ ਸਬਰ ਕਰ ਲੈਂਦਾ ਤਾਂ ਸ਼ਾਇਦ ਇਸ ਤੋਂ ਵੀ ਵੱਡੀ ਫਸ ਜਾਂਦੀ…
ਪਰ ਚੰਦਰੀ ਇਨਸਾਨੀ ਸੋਚ..ਆਪਣੇ ਦੁੱਖ ਨੀ ਏਨਾ ਸਤਾਉਂਦੇ ਜਿੰਨੇ ਦੂਜਿਆਂ ਦੇ ਸੁਖ ਤੇ ਤੱਰਕੀਆਂ ਸਾੜਦੀਆਂ ਨੇ..
ਦੂਜੇ ਨੂੰ ਮੇਰੇ ਤੋਂ ਪਹਿਲਾਂ ਤੇ ਮੇਰੇ ਤੋਂ ਵੱਡਾ ਮੁਨਾਫ਼ਾ ਕਿਓਂ ਹੋ ਗਿਆ…?
ਦੂਜਾ ਮੇਰੇ ਤੋਂ ਪਹਿਲਾਂ ਪ੍ਰੋਮੋਸ਼ਨ ਕਿਓਂ ਲੈ ਗਿਆ..?
ਜੇ ਮੈਂ ਦੁਖੀ ਤਾਂ ਫੇਰ ਦੂਜਾ ਸੁਖੀ ਕਿਓਂ ਏ..ਕਿਓੰਕੇ ਸੰਸਾਰ ਦੇ ਸਾਰੇ ਸੁੱਖਾ ਤੇ ਤਾਂ ਸਿਰਫ ਮੇਰਾ ਹੀ ਹੱਕ ਏ ?
ਵਗੈਰਾ ਵਗੈਰਾ..

ਸਾਰੀ ਉਮਰ ਬਸ ਇਸੇ ਸੋਚ ਵਿਚ ਮੁੱਕਦਾ ਜਾਂਦਾ ਜਦੋ ਅਖੀਰ ਅਸਲ ਮੜੀ ਤੇ ਲੰਮੇ ਪਿਆ ਸੁਆਹ ਦਾ ਢੇਰ ਬਣਨ ਲਈ ਤਿਆਰ ਬੈਠਾ ਹੁੰਦਾ ਏ ਤਾਂ ਫੇਰ ਆਤਮਾ ਏਨੀ ਗੱਲ ਆਖ ਸ਼ਰਮਿੰਦਾ ਜਰੂਰ ਕਰਦੀ ਏ ਕੇ ਜੇ ਇਸੇ ਤਰਾਂ ਸੁਆਹ ਦੀ ਮੁੱਠ ਬਣ ਕੁੱਜੇ ਵਿਚ ਕੈਦ ਹੀ ਹੋ ਜਾਣਾ ਸੀ ਤਾਂ ਫੇਰ ਸਾਰੀ ਉਮਰ ਬੇਲੋੜੀ ਈਰਖਾ ਦੀ ਅੱਗ ਵਿਚ ਕਿਓਂ ਸੜਦਾ ਰਿਹਾ..ਏਧਰ ਓਧਰ ਦੀ ਝਾਕ ਵਿਚ ਜੋ ਕੋਲ ਹੈ ਸੀ ਉਸ ਨੂੰ ਵੀ ਚੱਜ ਨਾਲ ਨਾ ਮਾਣ ਸਕਿਆ..!

ਸਤਿਕਾਰ

by Manpreet Singh January 5, 2019
ਕੱਲ “ਐਲਨ..Allen” ਨਾਮ ਦੇ ਬੰਦੇ ਦਾ ਫੋਨ ਆਇਆ ਕੇ ਘਰ ਦੇਖਣਾ…

ਗੱਲਬਾਤ ਦੇ ਲਹਿਜੇ ਤੋਂ ਲੱਗਾ ਜਿਦਾਂ ਇੰਡੀਅਨ ਹੁੰਦਾ ਪਰ ਫੇਰ ਸੋਚਿਆ ਕੇ ਹੋ ਸਕਦਾ ਸ੍ਰੀ-ਲੰਕਨ ਤੇ ਜਾ ਫੇਰ ਮਲੇਸ਼ੀਆਂ ਮੂਲ ਦਾ ਹੋਵੇ..

ਖੈਰ ਜਦੋਂ ਅੱਜ ਨੌ ਵਜੇ ਮੁਲਾਕਾਤ ਹੋਈ ਤਾਂ ਉਹ ਦੋ ਜਣੇ ਸਨ..
ਇੱਕ ਮੇਰੇ ਉਤਰਨ ਤੋਂ ਪਹਿਲਾਂ ਹੀ ਕਾਰ ਦੇ ਬੂਹੇ ਅੱਗੇ ਆਣ ਖਲੋਤਾ ਤੇ ਆਪਣਾ ਹੱਥ ਅੱਗੇ ਕਰਦਾ ਹੋਇਆ ਆਖਣ ਲੱਗਾ ਕੇ ਮੈ “ਐਲਨ” ਹਾਂ ਤੇ ਤੇਰਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ…

ਮੈਂ ਸ਼ਸ਼ੋਪੰਝ ਵਿਚ ਪੈ ਗਿਆ ਕੇ ਅਜੇ ਨਾ ਤਾਂ ਘਰ ਹੀ ਵਿਖਾਇਆ ਤੇ ਨਾ ਹੀ ਕੋਈ ਡੀਲ ਹੀ ਹੋਈ..ਫੇਰ ਥੈਂਕਸ ਕਾਹਦਾ ਕਰੀ ਜਾਂਦਾ…ਬਾਹਰ ਨਿੱਕਲ ਪਹਿਲਾ ਸੁਆਲ ਕੀਤਾ ਕੇ ਥੈਂਕਯੁ ਕਾਹਦੇ ਵਾਸਤੇ?

ਜਜਬਾਤੀ ਹੁੰਦਾ ਆਖਣ ਲੱਗਾ ਕੇ ਕੇਰਲ ਤੋਂ ਹਾਂ..
ਬਹੁਤ ਸਾਰੇ ਰਿਸ਼ਤੇਦਾਰ ਹੜਾਂ ਕਾਰਨ ਬੇਘਰ ਹੋ ਗਏ ਨੇ..ਜਦੋਂ ਵੀ ਗੱਲ ਹੁੰਦੀ ਏ ਤਾਂ ਆਖਦੇ ਨੇ ਕੇ ਏਡੀ ਕਰੋਪੀ ਆਈ ਕੇ ਸਾਰਾ ਕੁਝ ਤਹਿਸ ਨਹਿਸ ਹੋ ਗਿਆ…ਕਈ ਵਰੇ ਲੱਗਣਗੇ ਮੁੜ ਪੈਰਾਂ ਤੇ ਖਲੋਣ ਨੂੰ…

ਪਰ ਨਾਲ ਹੀ ਆਖਦੇ ਨੇ ਕੇ ਜਿਸ ਵੇਲੇ ਕੇਰਲ ਦਾ ਜਿਆਦਾਤਰ ਧਾਰਮਿਕ ਵਰਗ ਧਾਰਮਿਕ ਸਥਾਨਾਂ ਤੇ ਸਦੀਆਂ ਤੋਂ ਪਏ ਹੋਏ ਹਜਾਰਾਂ ਟੰਨ ਸੋਨੇ ਨੂੰ ਸਾਂਭਣ ਵਿਚ ਲੱਗਾ ਹੋਇਆ ਏ ਤਾਂ ਓਸੇ ਵੇਲੇ ਪੱਗਾਂ ਬੰਨੀ ਕਈ ਰੱਬ ਮਜਲੂਮਾਂ ਨੂੰ ਰੋਟੀ ਦਵਾਈਆਂ ਕੱਪੜੇ ਅਤੇ ਹੋਰ ਨਿੱਕ ਸੁੱਕ ਵੰਡਦੇ ਹੋਏ ਆਮ ਹੀ ਦੇਖੇ ਜਾ ਸਕਦੇ ਨੇ…
ਪਤਾ ਨੀ ਕਿਸ ਮਿੱਟੀ ਦੇ ਬਣੇ ਨੇ…ਕਈਆਂ ਦੇ ਤਾਂ ਪਾਣੀ ਨਾਲ ਪੈਰ ਤੱਕ ਵੀ ਗਲ਼ ਗਏ ਨੇ ਤਾਂ ਵੀ ਮੁਸ੍ਕੁਰਾਹਟਾਂ ਵੰਡਦੇ ਹੋਏ ਚੁੱਪ ਚਾਪ ਆਪਣਾ ਕੰਮ ਕਰੀ ਜਾ ਰਹੇ ਨੇ
ਨੇ…!

ਮੁੜਦੇ ਹੋਏ ਨੇ ਸਬ ਤੋਂ ਪਹਿਲਾਂ ਰਾਹ ਵਿਚ ਪੈਂਦੇ ਗੁਰੂਘਰ ਮੱਥਾ ਟੇਕਿਆ ਤੇ ਫੇਰ ਅਰਦਾਸ ਕੀਤੀ ਕੇ ਖਾਲਸਾ ਏਡ ਵਾਲਿਓ ਤੁਹਾਨੂੰ ਤੱਤੀ ਵਾ ਵੀ ਨਾ ਲੱਗੇ ਤੇ ਰਵੀ ਸਿੰਘ ਦੇ ਰੂਪ ਵਿਚ ਫਿਰਦਾ ਹੋਇਆ ਚਾਨਣ ਮੁਨਾਰਾ ਹਮੇਸ਼ਾਂ ਹੀ ਤੁਹਾਡੇ ਅੰਗ-ਸੰਗ ਸਹਾਈ ਹੋਵੇ…

ਨਾਲ ਹੀ ਯੂਨਾਈਟਡ ਸਿਖਸ ਅਤੇ ਹੋਰ ਅਨੇਕਾਂ ਬੇਨਾਮ ਵਿਅਕਤੀ ਵਿਸ਼ੇਸ਼ ਵੀਰਾਂ ਦਾ ਵੀ ਤਨੋਂ ਮਨੋ ਧੰਨਵਾਦ ਕੀਤਾ ਜਿਹਨਾਂ ਦੇ ਹੱਥੀਂ ਕੀਤੇ ਕਾਰਜਾਂ ਕਰਕੇ ਬਾਰਾਂ ਹਜਾਰ ਕਿਲੋਮੀਟਰ ਦੂਰ ਬੈਠੇ ਨਿਮਾਣੇ ਜਿਹੇ ਦੀ ਪੱਗ ਨੂੰ ਏਨਾ ਮਾਣ ਸਤਿਕਾਰ ਮਿਲ ਰਿਹਾ ਏ

ਦੁੱਖ ਸੁਖ

by Manpreet Singh January 4, 2019

ਮੇਰੀ ਸਮਝ ਮੁਤਾਬਿਕ ਹਵਾਈ ਜਹਾਜ ਦੇ ਸਫ਼ਰ ਦੌਰਾਨ ਪਿੱਛੇ ਬੈਠਾ ਡੈਡ ਅਚਾਨਕ ਕੀ ਦੇਖਦਾ ਏ ਕੇ ਅਗਲੀ ਸੀਟ ਤੇ ਬੈਠੀ ਧੀ ਨੂੰ ਨੀਂਦ ਦੇ ਝੋਕੇ ਆ ਰਹੇ ਨੇ..ਓਸੇ ਵੇਲੇ ਆਪਣਾ ਹੱਥ ਉਸਦੇ ਸਿਰ ਹੇਠ ਰੱਖ ਦਿੰਦਾ ਏ ਤਾਂ ਕੇ ਸੀਟ ਦੀ ਬਾਹੀ ਨਾ ਚੁਭੇ…ਸ਼ਾਇਦ ਏਹੀ ਹੁੰਦੀ ਏ ਇਕ ਬਾਪ ਦਾ ਪਰਿਭਾਸ਼ਾ…

ਕਾਫੀ ਚਿਰ ਪਹਿਲਾਂ ਪੰਜਾਬ ਸਿਵਿਲ ਸਰਵਿਸਜ਼ ਦੇ ਪੇਪਰ ਵੇਲੇ ਦਾ ਟਾਈਮ ਚੇਤੇ ਆ ਗਿਆ..ਮਈ ਮਹੀਨੇ ਦੀ ਗਰਮੀ ਵਿਚ ਪਟਿਆਲੇ ਫਾਰਮ ਲੈਣ ਲਈ ਲੱਗੀ ਲੰਮੀ ਲੈਣ ਵਿਚ ਮੇਰੇ ਤੋਂ ਅੱਗੇ ਇੱਕ ਕੁੜੀ ਸੀ..ਸ਼ਾਇਦ ਤੇਜ ਬੁਖਾਰ ਵੀ ਸੀ ਉਸਨੂੰ…!

ਦੋ ਘੰਟੇ ਲਾਈਨ ਵਿਚ ਖਲੋਤੀ ਰਹੀ ਦੇ ਬਾਪ ਨੇ ਓਨੀ ਦੇਰ ਤੱਕ ਉਸਦੇ ਸਿਰ ਤੇ ਛੱਤਰੀ ਤਾਣੀ ਰੱਖੀ ਜਿੰਨੀ ਦੇਰ ਉਸਦੀ ਵਾਰੀ ਨਾ ਆ ਗਈ ਅਤੇ ਨਾਲ ਨਾਲ ਉਸਨੂੰ ਪਾਣੀ ਪਿਲਾਉਣਾ ਵੀ ਜਾਰੀ ਰਖਿਆ…
ਕਿੰਨਾ ਔਖਾ ਹੁੰਦਾ ਇੱਕ ਮੱਧਵਰਗੀ ਬਾਪ ਦੀ ਮਨੋਸਤਿਥੀ ਦਾ ਭੇਦ ਪਾਉਣਾ ਜਦੋਂ ਉਹ ਜੁਆਨ ਧੀ ਦੀ ਰਾਖੀ ਲਈ ਤਿਆਰ ਭਰ ਤਿਆਰ ਖਲੋਤਾ ਹੁੰਦਾ ਏ

ਮੈਂ ਲਾਈਨ ਵਿਚ ਉਸਦੇ ਮਗਰ ਲੱਗਾ ਉਸ ਬਾਪ ਦੀ ਮਾਨਸਿਕਤਾ ਪਹਿਚਾਣ ਗਿਆ..ਸ਼ਾਇਦ ਸੋਚ ਰਿਹਾ ਸੀ ਕੇ ਕੋਈ ਅਗਿਓਂ ਜਾਂ ਫੇਰ ਪਿੱਛੋਂ ਛੇੜਖਾਨੀ ਨਾ ਕਰੇ…
ਮੇਰੀ ਬੋਧਿਕਤਾ ਏਨੀ ਵਿਕਸਿਤ ਨਹੀਂ ਸੀ ਹੋਈ ਕੇ ਆਖ ਸਕਦਾ ਕੇ ਅੰਕਲ ਜੀ ਪਿੱਛੇ ਦਾ ਫਿਕਰ ਨਾ ਕਰੋ…ਏਨਾ ਗਿਰਿਆ ਹੋਇਆ ਨਹੀਂ ਹਾਂ..ਘਰੇ ਮੇਰੀ ਵੀ ਇੱਕ ਭੈਣ ਏ!

ਅਮ੍ਰਿਤਸਰ ਮੱਸਿਆ ਸੰਕਰਾਂਦ ਨੂੰ ਦਰਬਾਰ ਸਾਬ ਗਿਆ ਕਈ ਵਾਰ ਮਹਿਸੂਸ ਹੁੰਦਾ ਕੇ ਇਨਸਾਨੀ ਮਾਨਸਿਕਤਾ ਕਿੰਨੀ ਗਰਕ ਹੋਈ ਜਾਂਦੀ ਏ..ਦਰਸ਼ਨਾਂ ਨੂੰ ਆਈਆਂ ਕਈ ਬੀਬੀਆਂ ਦਾ ਦਰਸ਼ਨੀ ਡਿਓਢੀ ਤੋਂ ਹਰਿਮੰਦਰ ਸਾਹਿਬ ਤੱਕ ਦਾ ਸਫ਼ਰ ਵੀ ਕਿੰਨਾ ਔਖਾ ਤਹਿ ਹੁੰਦਾ…ਪਿੱਛੋਂ ਜਾਣ ਬੁਝਕੇ ਵੱਜਦੇ ਧੱਕੇ ਅਤੇ ਹੁੰਦੀਆਂ ਛੇੜਖਾਨੀਆਂ..ਕੋਈ ਆਖੇ ਤੇ ਕੀ ਆਖੇ!

ਬਟਾਲੇ ਤੋਂ ਸੁਵੇਰੇ ਸਾਡੇ ਸੱਤ ਵਜੇ ਤੁਰਦੀ ਸੁਵਾਰੀ ਗੱਡੀ ਜਦੋਂ ਅੱਠ ਕੂ ਵਜੇ ਵੇਰਕੇ ਟੇਸ਼ਨ ਤੇ ਪੁੱਜਦੀ ਤਾਂ ਇੱਕ ਖਾਸ ਡੱਬੇ ਵਿਚ ਦਾਖਿਲ ਹੁੰਦੀਆਂ ਅਮ੍ਰਿਤਸਰ ਸਕੂਲ ਕਾਲਜ ਪੜਨ ਜਾਂਦੀਆਂ ਨੂੰ ਦੇਖ ਬਾਕੀ ਡੱਬਿਆਂ ਦੀ ਮੰਡੀਰ ਵੀ ਧੂ ਕੇ ਏਧਰ ਨੂੰ ਹੋ ਤੁਰਦੀ…ਵਿਚਾਰੀਆਂ ਦੀ ਗਰੀਬੀ ਅਤੇ ਲਾਚਾਰੀ ਜੁਬਾਨ ਨੂੰ ਜਿੰਦਰੇ ਲਾ ਦਿੰਦੀ ਅਤੇ ਬੇਬਸੀ ਨਜਰਾਂ ਰਾਹੀ ਪ੍ਰਕਟ ਹੁੰਦੀ..

ਮੈਨੂੰ ਯਾਦ ਏ ਸ਼ਾਇਦ ਅਠਨਵੇਂ ਦੀ ਗੱਲ ਸੀ..ਇੱਕ ਨਵੇਂ ਵਿਆਹੇ ਜੋੜੇ ਨੇ ਹੋਟਲ ਕਮਰਾ ਬੁਕ ਕਰਵਾਇਆ…ਦੋ ਦਿਨ ਮਗਰੋਂ ਜਦੋਂ ਤੁਰ ਗਏ ਤਾਂ ਹਜਾਰ ਕੂ ਦਾ ਬਿੱਲ ਅਜੇ ਬਕਾਇਆ ਸੀ..ਕੁੜੀ ਦਾ ਚੂੜਾ ਬਾਥਰੂਮ ਦੇ ਡਸਟਬਿਨ ਵਿਚ ਪਿਆ ਮਿਲਿਆ
ਕੱਪੜੇ ਤੇ ਹੋਰ ਨਿੱਕ ਸੁੱਕ ਵੀ ਓਥੇ ਖਿੱਲਰਿਆ ਪਿਆ ਸੀ…
ਮਿਲੇ ਹੋਏ ਨੰਬਰ ਤੇ ਫੋਨ ਕੀਤਾ ਤਾਂ ਅੱਗੋਂ ਕਿਸੇ ਨੇ ਫਗਵਾੜੇ ਤੋਂ ਫੋਨ ਚੁੱਕਿਆ..
ਸਾਰੀ ਗੱਲ ਦੱਸੀ ਤਾਂ ਅਗਲੇ ਦਿਨ ਹੀ ਹਮਾਤੜ ਆਣ ਪਹੁੰਚਿਆ…
ਆਖਣ ਲੱਗਾ ਕੇ ਮਾਪਿਆਂ ਦੀ ਮਰਜੀ ਖਿਲਾਫ ਵਿਆਹ ਕਰਵਾਇਆ ਸੀ ਦੋਵਾਂ ਨੇ ਤੇ ਮੁੜ ਹਫਤੇ ਮਗਰੋਂ ਹੀ ਦੋਹਾਂ ਗੱਡੀ ਹੇਠ ਸਿਰ ਦੇ ਦਿੱਤਾ…!

ਮੈਂ ਇੰਨੀ ਗੱਲ ਸੁਣ ਸੁੰਨ ਹੋ ਗਿਆ ਅਤੇ ਉਹ ਜਾਂਦਿਆਂ ਹੋਇਆ ਪੁੱਛਣ ਲੱਗਾ ਕੇ ਵਿਆਹ ਹੋ ਗਿਆ ਤੇਰਾ? ਆਖਿਆ ਨਹੀਂ..
ਆਖਣ ਲੱਗਾ ਕੇ ਜਦੋਂ ਕਦੇ ਘਰੇ ਧੀ ਹੋਈ ਤਾਂ ਉਸ ਨਾਲ ਗੱਲ ਜਰੂਰ ਕਰਿਆ ਕਰੀ..ਨਹੀਂ ਤਾਂ ਇਹ ਪਿਓ ਦਾ ਪਿਆਰ ਬਾਹਰੋਂ ਭਾਲਣ ਲੱਗ ਜਾਂਦੀਆਂ..ਮੈਥੋਂ ਬੱਸ ਇਹੋ ਭੁੱਲ ਹੋ ਗਈ..

ਮੈਨੂੰ ਉਸ ਵੇਲੇ ਤਾਂ ਇਸ ਗੱਲ ਦੀ ਕੋਈ ਖਾਸ ਸਮਝ ਨਹੀਂ ਲਗੀ ਪਰ ਹੁਣ ਸਮੇ ਨੇ ਸ਼ੀਸ਼ੇ ਤੇ ਪਈ ਗਰਦ ਐਨ ਸਾਫ ਕਰ ਦਿੱਤੀ!
ਆਥਣ ਵੇਲੇ ਘੱਟੋ ਘੱਟ ਘੰਟਾ ਭਰ ਬੈਠ ਸਾਰੇ ਪਰਵਾਰ ਨਾਲ ਦੁੱਖ ਸੁਖ ਫਰੋਲ ਹੀ ਲਈਦਾ ਏ..ਮਨ ਹੌਲਾ ਜਿਹਾ ਹੋ ਜਾਂਦਾ ਏ

ਆਂਟੀ

by Manpreet Singh January 3, 2019

ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ…
ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ…
ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ ਨਹੀਂ ਆਉਣਾ..ਸਫਾਈ ਰੱਖਣੀ ਪੈਣੀ…ਜੇ ਮਿਊਜ਼ਿਕ ਉਚੀ ਲੱਗਾ ਤਾਂ ਤੁਹਾਡੀ ਖੈਰ ਨਹੀਂ…ਬਾਹਰੋਂ ਘਾਹ ਕੱਟਣਾ ਤੁਹਾਡੀ ਜੁੰਮੇਵਾਰੀ ਹੋਵੇਗੀ..ਫੋਨ ਤੇ ਹੌਲੀ ਗੱਲ ਕਰਨੀ ਏ”…ਉਹ ਸਾਰੇ ਚੁੱਪ ਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ…

ਹੁਣ ਆਂਟੀ ਦਾ ਗੱਲ ਗੱਲ ਤੇ ਗੁੱਸੇ ਹੋ ਕੇ ਉਚੀ-ਉਚੀ ਬੋਲਣਾ ਲਗਪਗ ਰੋਜ ਦੀ ਰੁਟੀਨ ਜਿਹਾ ਬਣ ਗਿਆ ਸੀ..
ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕੇ ਪਤਾ ਨਹੀਂ ਅੰਕਲ ਏਨਾ ਕੁਝ ਕਿੱਦਾਂ ਸਹਿ ਲੈਂਦੇ ਨੇ…
ਮੁੜ ਪਤਾ ਲੱਗਾ ਕੇ ਤਿੰਨ ਪੁੱਤਰ ਸਨ ਵਿਆਹੇ ਵਰੇੇ..ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ..ਸ਼ਾਇਦ ਏਹੀ ਕਾਰਨ ਸੀ ਘਰ ਵਿਚ ਪਏ ਰਹਿੰਦੇ ਹਰ ਵੇਲੇ ਦੀ ਕਲਾ ਕਲੇਸ਼ ਦਾ…!

ਉਸ ਦਿਨ ਸੁਵੇਰੇ-ਸੁਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ..

“ਲੱਗਦਾ ਆਂਟੀ ਅੱਜ ਘਰੇ ਨਹੀਂ”..ਇੱਕ ਹੌਲੀ ਜਿਹੀ ਬੋਲਿਆ
ਪਰ ਬਾਹਰ ਦਾ ਬੂਹਾ ਖੁੱਲ੍ਹਾ ਦੇਖ ਜਦੋਂ ਸਾਰੇ ਉੱਪਰ ਨੂੰ ਗਏ ਤਾਂ ਆਂਟੀ ਰਸੋਈ ਵਿਚ ਭੁੰਜੇ ਡਿੱਗੀ ਹੋਈ ਬੇਹੋਸ਼ ਪਈ ਸੀ..

ਇੱਕ ਨੇ ਓਸੇ ਵੇਲੇ ਐਂਬੂਲੈਂਸ ਕਾਲ ਕਰ ਦਿੱਤੀ…ਦੂਜੇ ਨੇ ਸੈਰ ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਦੌੜ ਗਿਆ…!
ਮਿੰਟਾ ਸਕਿੰਟਾਂ ਵਿਚ ਹੀ ਡਾਕਟਰੀ ਸਹਾਇਤਾ ਅੱਪੜ ਗਈ ਤੇ ਦੋ ਕੂ ਘੰਟਿਆਂ ਬਾਅਦ ਹਸਪਤਾਲ ਦੇ ਆਈ.ਸੀ.ਯੂ ਵਿਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਕੇ ਮੇਜਰ ਹਾਰਟ-ਅਟੈਕ ਸੀ ਤੇ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ….”

ਮਗਰੋਂ ਉਹ ਤਿੰਨੇ ਨਿਯਮਤ ਤਰੀਕੇ ਨਾਲ ਹਸਪਤਾਲ ਵਿਚ ਹਾਜਰੀ ਭਰਦੇ ਰਹੇ ਤੇ ਚੋਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ…

ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਪੁੱਛਣ ਲੱਗੀ ਕੇ ਤੁਸੀਂ ਸਾਰੇ ਏਨਾ ਸ਼ਾਂਤ ਕਿਓਂ ਰਹਿੰਦੇ ਓ ਤੇ ਪਹਿਲਾਂ ਵਾਂਗ ਹੱਲਾ ਗੁੱਲਾ ਵੀ ਕਿਓਂ ਨਹੀਂ ਕਰਦੇ…ਕੀ ਗੱਲ ਹੋ ਗਈ?

“ਕਿਓੰਕੇ ਤੁਸੀਂ ਗੁੱਸਾ ਕਰਦੇ ਹੋ..ਤੇ ਝਿੜਕਾਂ ਵੀ ਮਾਰਦੇ ਓ”…ਇੱਕ ਝਕਦਾ ਹੋਇਆ ਬੋਲਿਆ..
“ਹਾਂ ਝਿੜਕਾਂ ਤੇ ਹੁਣ ਵੀ ਪੈਣਗੀਆਂ…ਪਰ ਅੱਗੇ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ “ਮਾਂ” ਮਾਰਿਆ ਕਰੇਗੀ…

ਤਿੰਨਾਂ ਨੂੰ ਕਲਾਵੇ ਵਿਚ ਲੈਂਦੀ ਹੋਈ ਆਂਟੀ ਨੂੰ ਲੱਗ ਰਿਹਾ ਸੀ ਸ਼ਾਇਦ ਉਸਦੇ ਤਿੰਨੋਂ ਪੁੱਤਰ ਅੱਜ ਘਰ ਵਾਪਿਸ ਮੁੜ ਆਏ ਸਨ..!

  • 1
  • 2
  • 3
  • 4
  • 5
  • 6

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close