ਦੁੱਖ ਸੁਖ

by Manpreet Singh

ਮੇਰੀ ਸਮਝ ਮੁਤਾਬਿਕ ਹਵਾਈ ਜਹਾਜ ਦੇ ਸਫ਼ਰ ਦੌਰਾਨ ਪਿੱਛੇ ਬੈਠਾ ਡੈਡ ਅਚਾਨਕ ਕੀ ਦੇਖਦਾ ਏ ਕੇ ਅਗਲੀ ਸੀਟ ਤੇ ਬੈਠੀ ਧੀ ਨੂੰ ਨੀਂਦ ਦੇ ਝੋਕੇ ਆ ਰਹੇ ਨੇ..ਓਸੇ ਵੇਲੇ ਆਪਣਾ ਹੱਥ ਉਸਦੇ ਸਿਰ ਹੇਠ ਰੱਖ ਦਿੰਦਾ ਏ ਤਾਂ ਕੇ ਸੀਟ ਦੀ ਬਾਹੀ ਨਾ ਚੁਭੇ…ਸ਼ਾਇਦ ਏਹੀ ਹੁੰਦੀ ਏ ਇਕ ਬਾਪ ਦਾ ਪਰਿਭਾਸ਼ਾ…

ਕਾਫੀ ਚਿਰ ਪਹਿਲਾਂ ਪੰਜਾਬ ਸਿਵਿਲ ਸਰਵਿਸਜ਼ ਦੇ ਪੇਪਰ ਵੇਲੇ ਦਾ ਟਾਈਮ ਚੇਤੇ ਆ ਗਿਆ..ਮਈ ਮਹੀਨੇ ਦੀ ਗਰਮੀ ਵਿਚ ਪਟਿਆਲੇ ਫਾਰਮ ਲੈਣ ਲਈ ਲੱਗੀ ਲੰਮੀ ਲੈਣ ਵਿਚ ਮੇਰੇ ਤੋਂ ਅੱਗੇ ਇੱਕ ਕੁੜੀ ਸੀ..ਸ਼ਾਇਦ ਤੇਜ ਬੁਖਾਰ ਵੀ ਸੀ ਉਸਨੂੰ…!

ਦੋ ਘੰਟੇ ਲਾਈਨ ਵਿਚ ਖਲੋਤੀ ਰਹੀ ਦੇ ਬਾਪ ਨੇ ਓਨੀ ਦੇਰ ਤੱਕ ਉਸਦੇ ਸਿਰ ਤੇ ਛੱਤਰੀ ਤਾਣੀ ਰੱਖੀ ਜਿੰਨੀ ਦੇਰ ਉਸਦੀ ਵਾਰੀ ਨਾ ਆ ਗਈ ਅਤੇ ਨਾਲ ਨਾਲ ਉਸਨੂੰ ਪਾਣੀ ਪਿਲਾਉਣਾ ਵੀ ਜਾਰੀ ਰਖਿਆ…
ਕਿੰਨਾ ਔਖਾ ਹੁੰਦਾ ਇੱਕ ਮੱਧਵਰਗੀ ਬਾਪ ਦੀ ਮਨੋਸਤਿਥੀ ਦਾ ਭੇਦ ਪਾਉਣਾ ਜਦੋਂ ਉਹ ਜੁਆਨ ਧੀ ਦੀ ਰਾਖੀ ਲਈ ਤਿਆਰ ਭਰ ਤਿਆਰ ਖਲੋਤਾ ਹੁੰਦਾ ਏ

ਮੈਂ ਲਾਈਨ ਵਿਚ ਉਸਦੇ ਮਗਰ ਲੱਗਾ ਉਸ ਬਾਪ ਦੀ ਮਾਨਸਿਕਤਾ ਪਹਿਚਾਣ ਗਿਆ..ਸ਼ਾਇਦ ਸੋਚ ਰਿਹਾ ਸੀ ਕੇ ਕੋਈ ਅਗਿਓਂ ਜਾਂ ਫੇਰ ਪਿੱਛੋਂ ਛੇੜਖਾਨੀ ਨਾ ਕਰੇ…
ਮੇਰੀ ਬੋਧਿਕਤਾ ਏਨੀ ਵਿਕਸਿਤ ਨਹੀਂ ਸੀ ਹੋਈ ਕੇ ਆਖ ਸਕਦਾ ਕੇ ਅੰਕਲ ਜੀ ਪਿੱਛੇ ਦਾ ਫਿਕਰ ਨਾ ਕਰੋ…ਏਨਾ ਗਿਰਿਆ ਹੋਇਆ ਨਹੀਂ ਹਾਂ..ਘਰੇ ਮੇਰੀ ਵੀ ਇੱਕ ਭੈਣ ਏ!

ਅਮ੍ਰਿਤਸਰ ਮੱਸਿਆ ਸੰਕਰਾਂਦ ਨੂੰ ਦਰਬਾਰ ਸਾਬ ਗਿਆ ਕਈ ਵਾਰ ਮਹਿਸੂਸ ਹੁੰਦਾ ਕੇ ਇਨਸਾਨੀ ਮਾਨਸਿਕਤਾ ਕਿੰਨੀ ਗਰਕ ਹੋਈ ਜਾਂਦੀ ਏ..ਦਰਸ਼ਨਾਂ ਨੂੰ ਆਈਆਂ ਕਈ ਬੀਬੀਆਂ ਦਾ ਦਰਸ਼ਨੀ ਡਿਓਢੀ ਤੋਂ ਹਰਿਮੰਦਰ ਸਾਹਿਬ ਤੱਕ ਦਾ ਸਫ਼ਰ ਵੀ ਕਿੰਨਾ ਔਖਾ ਤਹਿ ਹੁੰਦਾ…ਪਿੱਛੋਂ ਜਾਣ ਬੁਝਕੇ ਵੱਜਦੇ ਧੱਕੇ ਅਤੇ ਹੁੰਦੀਆਂ ਛੇੜਖਾਨੀਆਂ..ਕੋਈ ਆਖੇ ਤੇ ਕੀ ਆਖੇ!

ਬਟਾਲੇ ਤੋਂ ਸੁਵੇਰੇ ਸਾਡੇ ਸੱਤ ਵਜੇ ਤੁਰਦੀ ਸੁਵਾਰੀ ਗੱਡੀ ਜਦੋਂ ਅੱਠ ਕੂ ਵਜੇ ਵੇਰਕੇ ਟੇਸ਼ਨ ਤੇ ਪੁੱਜਦੀ ਤਾਂ ਇੱਕ ਖਾਸ ਡੱਬੇ ਵਿਚ ਦਾਖਿਲ ਹੁੰਦੀਆਂ ਅਮ੍ਰਿਤਸਰ ਸਕੂਲ ਕਾਲਜ ਪੜਨ ਜਾਂਦੀਆਂ ਨੂੰ ਦੇਖ ਬਾਕੀ ਡੱਬਿਆਂ ਦੀ ਮੰਡੀਰ ਵੀ ਧੂ ਕੇ ਏਧਰ ਨੂੰ ਹੋ ਤੁਰਦੀ…ਵਿਚਾਰੀਆਂ ਦੀ ਗਰੀਬੀ ਅਤੇ ਲਾਚਾਰੀ ਜੁਬਾਨ ਨੂੰ ਜਿੰਦਰੇ ਲਾ ਦਿੰਦੀ ਅਤੇ ਬੇਬਸੀ ਨਜਰਾਂ ਰਾਹੀ ਪ੍ਰਕਟ ਹੁੰਦੀ..

ਮੈਨੂੰ ਯਾਦ ਏ ਸ਼ਾਇਦ ਅਠਨਵੇਂ ਦੀ ਗੱਲ ਸੀ..ਇੱਕ ਨਵੇਂ ਵਿਆਹੇ ਜੋੜੇ ਨੇ ਹੋਟਲ ਕਮਰਾ ਬੁਕ ਕਰਵਾਇਆ…ਦੋ ਦਿਨ ਮਗਰੋਂ ਜਦੋਂ ਤੁਰ ਗਏ ਤਾਂ ਹਜਾਰ ਕੂ ਦਾ ਬਿੱਲ ਅਜੇ ਬਕਾਇਆ ਸੀ..ਕੁੜੀ ਦਾ ਚੂੜਾ ਬਾਥਰੂਮ ਦੇ ਡਸਟਬਿਨ ਵਿਚ ਪਿਆ ਮਿਲਿਆ
ਕੱਪੜੇ ਤੇ ਹੋਰ ਨਿੱਕ ਸੁੱਕ ਵੀ ਓਥੇ ਖਿੱਲਰਿਆ ਪਿਆ ਸੀ…
ਮਿਲੇ ਹੋਏ ਨੰਬਰ ਤੇ ਫੋਨ ਕੀਤਾ ਤਾਂ ਅੱਗੋਂ ਕਿਸੇ ਨੇ ਫਗਵਾੜੇ ਤੋਂ ਫੋਨ ਚੁੱਕਿਆ..
ਸਾਰੀ ਗੱਲ ਦੱਸੀ ਤਾਂ ਅਗਲੇ ਦਿਨ ਹੀ ਹਮਾਤੜ ਆਣ ਪਹੁੰਚਿਆ…
ਆਖਣ ਲੱਗਾ ਕੇ ਮਾਪਿਆਂ ਦੀ ਮਰਜੀ ਖਿਲਾਫ ਵਿਆਹ ਕਰਵਾਇਆ ਸੀ ਦੋਵਾਂ ਨੇ ਤੇ ਮੁੜ ਹਫਤੇ ਮਗਰੋਂ ਹੀ ਦੋਹਾਂ ਗੱਡੀ ਹੇਠ ਸਿਰ ਦੇ ਦਿੱਤਾ…!

ਮੈਂ ਇੰਨੀ ਗੱਲ ਸੁਣ ਸੁੰਨ ਹੋ ਗਿਆ ਅਤੇ ਉਹ ਜਾਂਦਿਆਂ ਹੋਇਆ ਪੁੱਛਣ ਲੱਗਾ ਕੇ ਵਿਆਹ ਹੋ ਗਿਆ ਤੇਰਾ? ਆਖਿਆ ਨਹੀਂ..
ਆਖਣ ਲੱਗਾ ਕੇ ਜਦੋਂ ਕਦੇ ਘਰੇ ਧੀ ਹੋਈ ਤਾਂ ਉਸ ਨਾਲ ਗੱਲ ਜਰੂਰ ਕਰਿਆ ਕਰੀ..ਨਹੀਂ ਤਾਂ ਇਹ ਪਿਓ ਦਾ ਪਿਆਰ ਬਾਹਰੋਂ ਭਾਲਣ ਲੱਗ ਜਾਂਦੀਆਂ..ਮੈਥੋਂ ਬੱਸ ਇਹੋ ਭੁੱਲ ਹੋ ਗਈ..

ਮੈਨੂੰ ਉਸ ਵੇਲੇ ਤਾਂ ਇਸ ਗੱਲ ਦੀ ਕੋਈ ਖਾਸ ਸਮਝ ਨਹੀਂ ਲਗੀ ਪਰ ਹੁਣ ਸਮੇ ਨੇ ਸ਼ੀਸ਼ੇ ਤੇ ਪਈ ਗਰਦ ਐਨ ਸਾਫ ਕਰ ਦਿੱਤੀ!
ਆਥਣ ਵੇਲੇ ਘੱਟੋ ਘੱਟ ਘੰਟਾ ਭਰ ਬੈਠ ਸਾਰੇ ਪਰਵਾਰ ਨਾਲ ਦੁੱਖ ਸੁਖ ਫਰੋਲ ਹੀ ਲਈਦਾ ਏ..ਮਨ ਹੌਲਾ ਜਿਹਾ ਹੋ ਜਾਂਦਾ ਏ

You may also like