Jasmeet Kaur
ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ ਸੀ। ਇਕੋ ਹੀ ਘੜਾ ਸਿਰ ਤੇ ਸੀ। ਉਸ ਨੇ ਉਸ ਪਨਿਹਾਰੀ ਨੂੰ ਦੇਖ ਕੇ ਜਿਸ ਦੇ ਸਿਰ ਉਪਰ ਤਿੰਨ ਘੜੇ ਸਨ ਅਤੇ ਦਰਿਆ ਤੋਂ ਭਰ ਕੇ ਲਿਆ ਰਹੀ ਸੀ, ਆਪਣਾ ਘੜਾ ਉੜੇਲ ਦਿੱਤਾ ਅਤੇ ਚਲ ਪਈ ਦਰਿਆ ਦੀ ਤਰਫ਼।
ਲਾਗੇ ਹੀ ਰਸਤੇ ਵਿਚ ਇਕ ਬੜਾ ਰਮਜ਼ੀ ਸੰਤ ਖੜਾ ਸੀ, ਉਸ ਨੇ ਪੁੱਛ ਲਿਆ, “ਤੂੰ ਪਾਣੀ ਭਰਿਆ ਸੀ ਬੜੀ ਮਿਹਨਤ ਦੇ ਨਾਲ, ਡੋਲ੍ਹ ਕਿਉਂ ਦਿੱਤਾ?” ੳੁਹ ਬੋਲੀ,”ਛੋਟਾ ਜਿਹਾ ਖੂਹ, ਉਹ ਦਰਿਆ, ਅੈਨਾ ਪਾਣੀ, ਮੈਂ ਉਥੋਂ ਭਰਨਾ ਹੈ।” ਪਤਾ ਹੈ ਸੰਤ ਨੇ ਕੀ ਆਖਿਆ, “ਭਾਵੇਂ ਭਰ, ਮਿਲੇਗਾ ਤੈਨੂੰ ਉਥੋਂ ਵੀ ਇਤਨਾ ਜਿਤਨਾ ਘੜਾ ਹੈ ਤੇਰਾ।ਅੈਨਾ ਦਰਿਆ ਤੇ ਤੂੰ ਦੇਖ ਲਿਆ, ਪਰ ਆਪਣਾ ਘੜਾ ਨਹੀਂ ਦੇਖਿਆ।”
ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ, ਆਪਣੀ ਪਰਾਲਬਦ ਦਾ ਭਾਂਡਾ ਨਹੀਂ ਦੇਖਦਾ। ਡੁੱਲੵ ਡੁੱਲੵ ਕੇ ਪੈ ਜਾਏਗਾ। ਪਾਤਰਤਾ ਨਾ ਹੋਵੇ, ਅਗਰ ਮਿਲ ਵੀ ਗਿਆ ਹੈ, ਤੇ ਨਹੀਂ ਰਹਿੰਦਾ। ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ। ਪਾਠ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ, ਗੁਆਚ ਗਿਆ ਹੈ। ਇਸ ਨੂੰ ਹੰਕਾਰ ਨਾ ਸਮਝ ਲੈਣਾ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹੁੰਦਾ ਹਾਂ, “ਮਿਲ ਤੇ ਗਿਆ ਸੀ ਉਸਦੀ ਬਖ਼ਸ਼ਿਸ਼ ਸੀ, ਪਾਤਰਤਾ ਨਹੀਂ ਸੀ, ਭਾਂਡਾ ਨਹੀਂ ਸੀ, ਗੁਆ ਦਿੱਤਾ ਹੈ, ਡੁੱਲੵ ਗਿਆ ਹੈ।”
ਇਸ ਤਰ੍ਹਾਂ ਜਿਨ੍ਹਾਂ ਦੀ ਸਮਰਥਾ ਨਹੀਂ ਹੁੰਦੀ, ਸਮਝ ਨਹੀਂ ਹੁੰਦੀ, ਧਨ ਮਿਲ ਤੇ ਜਾਂਦਾ ਹੈ, ਗੁਆ ਬੈਠਦੇ ਨੇ, ਪਾਤਰਤਾ ਨਹੀਂ ਸੀ। ਮੈਂ ਬੜੇ ਬੜੇ ਚੋਟੀ ਦੇ ਧਨਵਾਨ ਬੰਦੇ ਰੋਂਦੇ ਪਿੱਟਦੇ ਦੇਖੇ ਨੇ। ਮਿਲ ਗਿਆ ਹੈ ਕਿਤੇ ਅਚਨਚੇਤ ਧਨ, ਪਾਤਰਤਾ ਨਹੀਂ ਸੀ, ਮਿਲ ਗਿਆ ਸੀ ਕਿਧਰੇ ਅਚਨਚੇਤ ਗੁਰਬਾਣੀ ਦਾ ਰਸ, ਨਾਮ ਦਾ ਰਸ, ਕੋਈ ਝਲਕ ਪਰ ਪਾਤਰਤਾ ਨਹੀਂ ਸੀ ਗਵਾ ਬੈਠੇ ਨੇ, ਪਾਤਰਤਾ ਨਹੀਂ ਸੀ। ਪਰਮਾਤਮਾ ਦੇ ਕੇ ਖੋਹਦਾਂ ਨਹੀਂ ਹੈ, ਉਹ ਫਿਰ ਵੀ ਦੇਈ ਜਾਂਦਾ ਹੈ, ਪਾਤਰਤਾ ਛੋਟੀ ਹੁੰਦੀ ਹੈ, ਡੁ਼ੱਲੵ ਜਾਂਦਾ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ, ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ।
ਇਹ ਜਿੜੵੀ ਰੋਜੵ ਦੀ ਸਾਧਨਾ ਹੈ, ਅੰਮ੍ਰਿਤ ਵੇਲੇ ਦਾ ਉੱਠਣਾ ਹੈ, ਜਾਗਣਾ ਹੈ, ਜਪ ਤਪ ਕਰਨਾ ਹੈ, ਇਹ ਆਪਣੀ ਪਾਤਰਤਾ ਬਣਾਉਣੀ ਹੈ। ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ, ਉਸੇ ਦਿਨ ਨਾਮ ਰਸ ਮਿਲ ਜਾਏਗਾ।
ਅੱਜ ਤੱਕ ਨਹੀਂ ਮਿਲਿਆ ਤਾਂ ਫ਼ਰੀਦ ਦੀ ਤਰ੍ਹਾਂ ਹੀ ਕਹਿ ਉੱਠਦਾ ਹੈ :
“ਤੈ ਸਹਿ ਮਨ ਮਹਿ ਕੀਆ ਰੋਸੁ॥ ਮੁਝ ਅਵਗਨ ਸਹ ਨਹੀਂ ਦੋਸੁ॥”
ਅੰਗ ੭੯੪
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ……
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫ਼ਲੈਟੀ ਵਿੱਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ- ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਨੂੰ ਜ਼ਰੂਰ ਖ਼ਰੀਦਦਾ ਸੀ। ਪਰ ਸਾਰੇ ਘਰਾਂ ਵਿੱਚ ਤਵੇ ਦੀ ਫ਼ਰਮਾਇਸ਼ ਵੇਲੇ, ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਏ।”
ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਸੇਠਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਏ, ਤੂੰ ਸੁਣਿਆਂ ਨਹੀਂ ਹੋਇਆ ਕਿ ਨੀਲਮ ਇਹੋ ਜਿਹੀ ਚੀਜ਼ ਹੁੰਦਾ ਏ, ਜੋ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ……।”
“ਪਰ ਉਹੀਉ ਇੱਕ ਦਿਨ ਘਰ ਉਜਾੜ ਦੇਵੇਗੀ; ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ, ਉਸੇ ਪਾਸਿਓਂ ਦਲੀਲ ਦਿੱਤੀ ਸੀ, ਜਿਸ ਪਾਸਿਓਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ- ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ਼ ਦਿਖਾਏ, ਤੇ ਜੇ ਇਹ ਹੱਥੋਂ ਨਿਕਲ ਗਈ, ਤਾਂ ਲੱਖੋਂ ਕੱਖ ਹੋ ਜਾਣਾ ਏਂ।” ਸ਼ਾਹ ਨੇ ਫ਼ੇਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ਼ ਵਕਤ ਕੋਲ ਰਹਿ ਗਈ ਸੀ, ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀਂਮੁੱਚੀਂ ਜਿੰਨੇ ਪੈਸੇ ਨੀਲਮ ਉੱਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ, ਰੁੜ੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ, ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ, ਲੋਹੇ ਦੇ ਜੰਗਲਿਆਂ ਵਾਲੀ, ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜਿਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿੱਚ ਤਹਿਖ਼ਾਨੇ ਵਾਲੇ ਘਰ ਦਾ, ਉਹਦੀ ਸ਼ਾਹਣੀ, ਕਦੇ ਇੱਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ, ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ, ਸ਼ਾਹ ਨੂੰ ਆਖਿਆ ਸੀ- “ਉਹਨੂੰ ਭਾਵੇਂ ਹੋਟਲ ਵਿੱਚ ਰੱਖ, ਤੇ ਭਾਵੇਂ ਉਹਨੂੰ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ, ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ!” ਤੇ ਸੱਚੀਂ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲ ਪੜ੍ਹਦਾ ਸੀ, ਤੇ ਹੁਣ ਉਹ ਵਿਆਹੁਣ ਜੋਗਾ ਹੋਇਆ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵੜਣ ਦਿੱਤੇ ਸਨ, ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ, ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ- “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜੀ ਬੈਠੇ ਸਨ, ਕੋਈ ਸੂਟਾਂ ਉੱਤੇ ਸਿਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ- ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖ਼ਾਨੇ ਵਿੱਚ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ, ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ- ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ, ਤਾਂਕਿ ਸ਼ਾਹ ਵੱਟ ਨਾ ਖਾ ਜਾਏ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਂਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬਲਾਉ, ਪਰ ਉੱਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਲਾ ਜਾਵੇ।”
ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉੱਥੇ ਬਹੁਤੇ ਅੰਗਰੇਜ਼ ਲੋਕ ਹੀ ਆਉਂਦੇ ਅਤੇ ਠਹਿਰਦੇ ਸਨ। ਉਹਦੇ ਵਿੱਚ ਕੱਲੇ ਕੱਲੇ ਕਮਰੇ ਵੀ ਸਨ, ਪਰ ਵੱਡੇ ਵੱਡੇ ਤਿੰਨਾਂ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫਿ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ।” ਇੱਕ ਨੇ ਉਜ਼ਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖ਼ੁਸ਼ੀ ਕਰਨੀਂ ਏਂ, ਉਹਨੂੰ ਖ਼ਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ……”
ਗੱਲ ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿੱਚ ਹੁਣ ਕੋਈ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) – ਤੇ ਦੂਸਰਾ ਏਸ ਗੱਲੋਂ ਵੀ, ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ, ਉਹਦੇ ਘਰ ਦੀ ਤੜਕ ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ ਯਾਰਾਂ ਵਿੱਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦੇ ਵਿਆਹ ਦਾ ਗੌਣ ਨਹੀਂ ਬਿਠਾਣਾ? ਅਸਾਂ ਤਾਂ ਸਾਰੀ ਖ਼ੁਸ਼ੀ ਕਰਨੀ ਏਂ। ਸ਼ਾਹ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫਿ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜੜ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ; ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵੀ ਹੋ ਜਾਏਗੀ, ਤੇ ਰੁਪਈਆ ਉੱਜੜਣੋਂ ਬਚ ਜਾਏਗਾ।”
ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਨੇ ਠਰੰ੍ਹਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖ਼ੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ, ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਿਆਂ ਉਹਨੂੰ ਖਿ਼ਆਲ ਆਉਂਦਾ ਹੁੰਦਾ ਸੀ – ਇੱਕ ਵਾਰੀ ਵੇਖਾਂ ਤਾਂ ਸਹੀ ਕਿਹੋ ਜਿਹੀ ਏ? ਉਹਨੇ ਕਦੀ ਉਹ ਨਹੀਂ ਵੇਖੀ ਸੀ, ਪਰ ਕਿਆਸੀ ਜ਼ਰੂਰ ਸੀ- ਭਾਵੇਂ ਡਰ ਕੇ ਸਹਿਮ ਕੇ, ਤੇ ਭਾਵੇਂ ਇੱਕ ਕਰਹਿਤ ਨਾਲ। ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਂਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ, ਤਾਂ ਨਾਂ ਸੋਚਣਾ ਚਾਹੁੰਦੀ ਹੋਈ ਵੀ ਸੋਚ ਜਾਂਦੀ- ਕੀ ਪਤਾ ਉਹੀਉ ਹੋਵੇ?
“ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ”, ਉਹ ਮਨ ਵਿੱਚ ਘੁਲ ਜਿਹੀ ਗਈ, “ਜੋ ਉਹਨੇ ਮੇਰਾ ਵਗਾੜਣਾ ਸੀ, ਵਗਾੜ ਲਿਆ, ਹੁਣ ਹੋਰ ਉਹਨੇ ਕੀ ਕਰ ਲੈਣਾ ਏਂ! ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, “ਇੱਥੇ ਨਾ ਸ਼ਰਾਬ ਉੱਡੇਗੀ, ਨਾ ਕਬਾਬ। ਭਲੇ ਘਰਾਂ ਵਿੱਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ, ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਵੀ ਪਾ ਦਿਆਂਗੀ, ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਜੋ ਘੋੜੀਆਂ ਗੌਣਗੀਆਂ।”
“ਇਹੋ ਹੀ ਤੇ ਭਾਬੀ ਅਸੀਂ ਕਹਿਨੇਂ ਆਂ।” ਸ਼ਾਹ ਦੇ ਦੋਸਤਾਂ ਨੇ ਫਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ , ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ……
ਬੱਘੀ ਬੂਹੇ ਅੱਗੇ ਆ ਖਲੋਤੀ, ਤਾਂ ਮੇਲਣਾਂ ਵਿੱਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ, ਤੇ ਕੁਝ ਪੌੜੀਆਂ ਵਾਲੇ ਪਾਸੇ……
“ਨੀਂ ਬਦਸਗਣੀ ਕਿਉਂ ਕਰਦੀਆਂ ਹੋ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ। ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ…
ਉਹ ਪੌੜੀਆਂ ਚੜ੍ਹ ਕੇ, ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ……
ਸਾਹਮਣੇ- ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ, ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ਼ ਇਹੀ ਜਾਪਿਆ- ਜਿਵੇਂ ਹਰਾ ਰੰਗ ਸਾਰਾ ਬੂਹੇ ਵਿੱਚ ਫੈਲ ਗਿਆ ਹੈ…
ਫੇਰ ਕੱਚ ਦੀਆਂ ਚੂੜੀਆਂ ਦੀ ਛਣ-ਛਣ ਹੋਈ, ਤਾਂ ਸ਼ਾਹਣੀ ਨੇ ਵੇਖਿਆ- ਇੱਕ ਗੋਰਾ ਗੋਰਾ ਹੱਥ, ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ, ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼- “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂ……”
ਉਹ ਬੜੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋਅ ਵਾਲੇ ਸਿਰਹਾਣੇ ਵੱਲ ਹੱਥ ਕਰ ਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੇਡੌਲ ਲਗਦੀ ਪਈ ਹੈ……
ਕਮਰੇ ਦੀ ਇੱਕ ਗੁੱਠੇ- ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ, ਤੇ ਫੇਰ ਪਰ੍ਹਾਂ ਢੋਅ ਵਾਲੇ ਸਰਾਹਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ, ਕੱਚ ਦੀਆਂ ਚੂੜੀਆਂ, ਫੇਰ ਛਣਕੀਆਂ ਸਨ, ਸ਼ਾਹਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਵਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫੇਰ ਸੁਭਾਉਕੇ ਹੀ ਆਪਣੀਆਂ ਬਹਾਵਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ…
ਕਮਰੇ ਵਿੱਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ, ਸਾਰੀਆਂ ਅੱਖਾਂ ਉੱਤੇ ਇੱਕ ਕਰੋਧ ਜਿਹਾ ਆ ਗਿਆ……ਉਹ ਫੇਰ ਇੱਕ ਵਾਰੀ ਆਖਣਾ ਚਾਹੁੰਦੀ ਸੀ- ਨੀ ਬਦਸਗਣੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ…ਪਰ ਉਹਦੀ ਆਵਾਜ਼ ਉਹਦੇ ਸੰਘ ਨਾਲ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਨਾਲ ਮੇਲੀ ਗਈ ਸੀ, ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ, ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ……
ਚੁੱਪ, ਉਸਨੇ ਤੋੜੀ, ਜਿਹਦੇ ਪਿੱਛੇ ਚੁੱਪ ਛਾਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸਗਣ ਕਰਾਂਗੀ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਣਗ ਤੇਰੇ ਸਗਣ ਕਰੇ……”
ਸ਼ਾਹਣੀ ਨੂੰ ਅਚਾਨਕ ਵਿੱਚ ਠਰੰ੍ਹਮਾ ਜਿਹਾ ਆ ਗਿਆ- ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ, ਤੇ ਉਹਦਾ ਮਰਦ ਸਿਰਫ਼ ਉਹਦਾ ਮਰਦ ਹੈ- ਤਾਹੀਏਂ ਤਾਂ ਮਾਂ ਸੁਹਾਗਣ ਹੈ……
ਸ਼ਾਹਣੀ, ਹੱਸਦੇ ਜਿਹੇ ਮੂੰਹ ਨਾਲ, ਉਹਦੇ ਅਸਲੋਂ ਸਾਹਮਣੇ ਬਹਿ ਗਈ- ਜੋ ਇਸ ਵੇਲੇ ਉਸ ਦੇ ਪੁੱਤ ਦੇ ਸਗਣ ਕਰਦੀ ਪਈ ਸੀ…
ਘੋੜੀ ਖ਼ਤਮ ਹੋਈ, ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫ਼ੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ- “ਢੋਲਕੀ ਰੋੜੇ ਵਾਲਾ ਗੀਤ” ਮਰਦਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”
ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿੱਚ ਆ ਗਈ- ਸ਼ਾਇਦ ਇਸ ਲਈ ਕਿ ਗੌਣ ਵਾਲੀ, ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ……
ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ, ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ- “ਉਹੀਉ ਹੀ ਏ ਸ਼ਾਹ ਦੀ ਕੰਜਰੀ……” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ- ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ- ਸ਼ਾਹ ਦੀ ਕੰਜਰੀ…ਸ਼ਾਹ ਦੀ ਕੰਜਰੀ……ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ…
ਏਨੇ ਨੂੰ ਢੋਲਕੀ ਦੀ ਆਵਾਜ਼ ਫ਼ੇਰ ਉੱਚੀ ਹੋ ਗਈ, ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ……” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ- ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜ੍ਹੀ ਤੇ ਚੜ੍ਹਨ ਵਾਲਾ ਮੇਰਾ ਪੁੱਤਰ……
ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀ, ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿੱਚ ਵਿੱਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼……ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇੱਕ ਪਿੱਛੋਂ ਝੱਟ ਦੂਜਾ ਕੁਝ ਛੋਹ ਦਿੰਦੀ ਸੀ।
ਗੀਤਾਂ ਦੀ ਗੱਲ ਹੋਰ ਸੀ, ਪਰ ਜਦ ਉਹਨੇ ਮਿਰਜ਼ੇ ਦੀ ਹੇਕ ਲਾਈ “ਉੱਠ ਨੀਂ ਸਾਹਿਬਾਂ ਸੁੱਤੀਏ! ਉੱਠ ਕੇ ਦੇਹ ਦੀਦਾਰ……” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ- ਉਹ ਪੱਥਰ ਦਾ ਹੋ ਗਿਆ ਹੈ……
ਸ਼ਾਹਣੀ ਦੇ ਕਲੇਜੇ ਵਿੱਚ ਹੌਲ ਪਿਆ, ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ, ਤਾਂ ਉਹ ਆਪ ਵੀ ਹਮੇਸ਼ਾਂ ਲਈ ਮਿੱਟੀ ਦਾ ਬੁੱਤ ਬਣ ਜਾਏਗੀ……ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ……।
ਚੰਗੀ ਤਰਕਾਲ ਪੈ ਗਈ, ਮਹਿਫਿ਼ਲ ਮੁੱਕਣ ਤੇ ਆ ਗਈ……
ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਸਿਰਫ਼ ਉਸੇ ਤਰ੍ਹਾਂ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿੱਚ ਕਈ ਵੰਨਾਂ ਦੀ ਮਠਿਆਈ ਆ ਗਈ…… ਤੇ ਸ਼ਾਹਣੀ ਨੇ ਮੁੱਠ ਵਿੱਚ ਵਲੇਟਿਆ ਹੋਇਆ ਸੌ ਦਾ ਨੋਟ ਕੱਢ ਕੇ, ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ, ਤੇ ਫ਼ੇਰ ਉਹਨੂੰ ਫੜ੍ਹਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ, ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ, ਅੱਜ ਭਰੀ ਸਭਾ ਵਿੱਚ, ਸ਼ਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਉਹ ਜ਼ੋਰ ਦੀ ਹੱਸ ਪਈ। ਨੋਟ ਫੜਾਂਦੀ ਆਖਣ ਲੱਗੀ, “ਸ਼ਾਹ ਕੋਲੋਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫ਼ੇਰ ਕਦੋਂ ਲੈਣਾਂ ਏਂ? ਚੱਲ ਅੱਜ ਲੈ ਲੈ……”
ਤੇ ਸ਼ਾਹ ਦੀ ਕੰਜਰੀ, ਸੌ ਦੇ ਉਸ ਨੋਟ ਨੂੰ ਫੜ੍ਹਦੀ, ਇੱਕੋ ਵਾਰਗੀ ਨਿਮਾਣੀ ਜਿਹੀ ਹੋ ਗਈ…
ਕਮਰੇ ਵਿੱਚ ਸ਼ਾਹਣੀ ਦੀ ਧੋਤੀ ਦਾ, ਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ…
ਲੇਖਕ – ਅੰਮ੍ਰਿਤਾ ਪ੍ਰੀਤਮ
ਜੇਕਰ ਕੋਈ ਵੀਰ ਭੈਣ ਆਪਣਾ ਸੁਝਾਅ ਦੇਣਾ ਚਾਹੁੰਦਾ ਹੋਵੇ ਜਾਂ ਕਿਸੀ ਵੀ ਤਰ੍ਹਾਂ ਦੀ ਕਹਾਣੀ ਚਾਹੁੰਦਾ ਹੋਵੇ ਤਾਂ ਕਮੈਂਟ ਬੌਕਸ ‘ਚ ਸਾਨੂੰ ਦੱਸ ਸਕਦੈ | 🙏🙏
ਬਲਬੀਰੋ 20 ਸਾਲ ਦੀ ਉਮਰ ‘ਚ ਉਸਦਾ ਵਿਆਹ ਹੋਇਆ ਸੀ | ਨੌਂ ਮਹੀਨਿਆਂ ਮਗਰੋਂ ਬਲਬੀਰੋ ਦੀ ਕੁੱਖ ਨੂੰ ਭਾਗ ਲੱਗ ਗਏ | ਘਰ ਵਿੱਚ ਪੂਰਾ ਖੁਸ਼ੀਆਂ ਦਾ ਮਾਹੌਲ ਸੀ | ਮੁੰਡੇ ਦੇ ਪੰਜ ਕੁ ਮਹੀਨਿਆਂ ਮਗਰੋਂ ਬਲਬੀਰੋ ਦੇ ਘਰਵਾਲੇ ਦੀ ਮੌਤ ਹੋ ਗਈ | ਬਲਬੀਰੋ 21 ਕੁ ਸਾਲ ਦੀ ਨਿੱਕੀ ਜਿਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ | ਗੋਦੀ ਪਏ ਛੋਟੇ ਜਿਹੇ ਮਲੂਕ ਨਾਲ ਬਲਬੀਰੋ ਪੇਕੇ ਘਰੇ ਬੈਠੀ ਦਿਨ ਕੱਟ ਰਹੀ ਸੀ | ਬੱਚਾ ਗੋਦੀ ਹੋਣ ਕਰਕੇ ਉਸਨੂੰ ਦੁਬਾਰਾ ਅਪਨਾਉਣ ਲਈ ਕੋਈ ਵੀ ਤਿਆਰ ਨਹੀਂ ਸੀ | ਰੱਬ ਦਾ ਭਾਣਾ ਮੰਨ ਕੇ ਉਸਨੇ ਆਪਣੇ ਬੱਚੇ ਨਾਲ ਹੀ ਜਿੰਦਗੀ ਗੁਜਾਰਨਾ ਆਪਣਾ ਭਵਿੱਖ ਮੰਨ ਲਿਆ ਸੀ | ਬੀ.ਏ.(B.A) ਤੱਕ ਪੜੀ ਹੋਣ ਕਰਕੇ ਉਸਨੇ ਆਪਣੇ ਗੁਜਾਰੇ ਲਈ ੲਇੱਕ ਨੌਕਰੀ ਲੱਭ ਲਈ ਸੀ | ਨਿਆਣੀ ਉਮਰੇ ਵਿਆਹੀ ਜਾਣ ਕਰਕੇ ਉਹ ਵਿਆਹੀ ਜਾਂ ਵਿਧਵਾ ਨਹੀਂ ਸੀ ਲੱਗਦੀ | ਇਸੇ ਕਰਕੇ ਉਸਦੇ ਦਫਤਰ ਵਿੱਚ ਕੰਮ ਕਰ ਰਹੇ ਮੁੰਡੇ ਨੇ ਉਸਨੂੰ ਪਸੰਦ ਕਰਨ ਦਾ ਦਾਅਵਾ ਕਰਦੇ ਹੋਏ , ਉਸ ਨਾਲ ਵਿਆਹ ਕਰਵਾਉਣ ਲਈ ਆਖ ਦਿੱਤਾ ਸੀ| ਪਰ ਬਲਬੀਰੋ ਨੇ ਉਸਨੂੰ ਨਜ਼ਰ ਅੰਦਾਜ ਕਰ ਦਿੱਤਾ | ਜਦੋਂ ਉਹ ਮੁੰਡਾ ਕਈ ਦਿਨਾਂ ਤੱਕ ਵਿਆਹ ਲਈ ਵਾਰ ਵਾਰ ਕਹਿੰਦਾ ਰਿਹਾ ਤਾਂ ਇੱਕ ਦਿਨ ਬਲਬੀਰੋ ਨੇ ਹਾਰ ਕੇ ਉਸਨੂੰ ਆਪਣੇ ਵਾਰੇ ਸਭ ਕੁਝ ਸੱਚ ਦੱਸ ਦਿੱਤਾ | ਇਹ ਸਭ ਸੁਣ ਕੇ ਮੁੰਡੇ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ ਕਹਿੰਦਾ , “ਉਹ ਹੋ ! ਤੁਸੀਂ ਵਿਧਵਾ ਹੋਂ ” ਬਲਬੀਰੋ ਬੋਲੀ ਕਿਉਂ ਹੁਣ ਤੁਸੀਂ ਮੈਨੂੰ ਅਪਨਾ ਸਕਦੇ ਹੋਂ ?
ਮੁੰਡਾ ਬੋਲਿਆ, ਵਿਆਹ ਉਹ ਵੀ ਵਿਧਵਾ ਨਾਲ ਨਹੀਂ ਕਦੇ ਵੀ ਨਹੀਂ | ਮੇਰਾ ਪਰਿਵਾਰ ਤਾਂ ਉੱਚੀ ਸ਼ਾਨ ਵਾਲਾ ਕਹਿੰਦਾ ਕਹਾਂਉਦਾ ਪਰਿਵਾਰ ਐ , ਉਹ ਇੱਕ ਵਿਧਵਾ ਨਾਲ ਵਿਆਹ ਕਰਨ ਨੂੰ ਕਦੇ ਨਹੀਂ ਰਾਜੀ ਹੋਏਗਾ | ਵਿਧਵਾ ਉਹ ਵੀ ਇੱਕ ਬੱਚੇ ਦੀ ਮਾਂ , ਮਾਫ ਕਰਨਾ ਜੀ ਮੇਰੀ ਹੀ ਗਲਤੀ ਸੀ ਜੋ ਮੈਂ ਤੁਹਾਨੂੰ ਵਿਆਹ ਲਈ ਕਿਹਾ | ਬਲਬੀਰੋ ਅੰਦਰੋਂ ਅੰਦਰੀਂ ਜਿਵੇਂ ਇੱਕ ਵਾਰ ਫਿਰ ਟੁੱਟ ਗਈ ਹੋਵੇ , ਉਸਦੀਆਂ ਅੱਖਾਂ ‘ਚੋਂ ਵਰ੍ਹਿਆਂ ਦਾ ਸੈਲਾਬ ਨਿੱਕਲ ਆਇਆ ਸੀ , ਤੇ ਓਹਦਿਆਂ ਕੰਨਾਂ ‘ਚ ਇੱਕੋ ਹੀ ਆਵਾਜ ਗੂੰਜ ਰਹੀ ਸੀ , “ਉਹ ਹੋ ! ਤੁਸੀਂ ਵਿਧਵਾ ਹੋਂ ”
ਦੋਸਤੋ ਸਾਡੇ ਸਮਾਜ ਨੂੰ ਵਿਧਵਾ ਨੂੰ ਵੀ ਦੁਬਾਰਾ ਜਿੰਦਗੀ ਜੀਉਣ ਦਾ ਮੌਕਾ ਦੇਣਾ ਚਾਹੀਦਾ ਹੈ , ਤਾਂ ਜੋ ਵਿਧਵਾ ਨਾਂ ਦਾ ਸ਼ਬਦ ਅਔਰਤ ਦੀ ਜਿੰਦਗੀ ਤੋਂ ਖਤਮ ਹੋ ਸਕੇ,ਤੇ ਉਹ ਔਰਤ ਵੀ ਨਵੇਂ ਸਿਰੇ ਤੋਂ ਆਪਣੀ ਜਿੰਦਗੀ ਸ਼ੁਰੂ ਕਰ ਸਕੇ |
ਲੇਖਕ -( ਅਗਿਆਤ )
ਦੋ ਚਾਰ ਬੂਟੇ ਅਜਿਹੇ ਹੁੰਦੇ ਨੇ ਜੋ ਪਾਣੀ ਵਿੱਚ ਵੀ ਜੜ੍ਹਾਂ ਤੇ ਪੱਤਰ ਕੱਢ ਲੈਂਦੇ ਨੇ। ਇੱਕ ਤਾਂ ਕਿਰਮਚੀ… ਅਸਲ ਨਾਂ ਦਾ ਮੈਨੂੰ ਪਤਾ ਨਹੀਂ, ਸਗੋਂ ਵਧੇਰੇ ਮਾਲੀ ਵੀ ਉਹਨੂੰ ਕਿਰਮਚੀ ਕਹਿ ਕੇ ਈ ਸੱਦਦੇ ਨੇ। ਉਹੀ ਜਾਮੁਣੂ ਜਿਹੇ ਲਮੂਤਰੇ ਪੱਤਰਾਂ ਵਾਲਾ ਗੰਦਲਦਾਰ ਬੂਟਾ। ਇਹਦੀ ਟਾਹਣੀ ਨੂੰ ਪਾਣੀ ਦੀ ਬੋਤਲ ਵਿੱਚ ਲਾ ਦਿਓ, ਦੋ-ਚਹੁੰ ਦਿਨਾਂ ਨੂੰ ਪੁਰਾਣੇ ਝਾੜ ਕੇ ਨਵੇਂ ਪੱਤਰ ਕੱਢ ਲੈਂਦਾ ਏ ਪਰ ਪਾਣੀ ਵਿੱਚ ਜੜ੍ਹਾਂ ਨਹੀਂ ਕੱਢਦਾ ਤੇ ਛੇਤੀ ਹੀ ਗਲ਼ ਜਾਂਦਾ ਏ।
ਦੂਜਾ ਉਰੂਮ ਏ, ਪਾਣੀ ਦੀ ਬੋਤਲ ਵਿੱਚ ਲਾ ਦਿਓ, ਜੜ੍ਹਾਂ ਕੱਢ ਲਵੇਗਾ ਤੇ ਫੇਰ ਵਰ੍ਹਿਆਂ ਬੱਧੀ ਲੱਗਾ ਰਹੇਗਾ। ਬੈਠਕ ਵਿੱਚ ਸਜਾ ਲਵੋ। ਤੁਹਾਡੇ ਮਿੱਤਰ ਤੁਹਾਡੇ ਸ਼ੌਕ ਦੀ ਦਾਦ ਦੇਂਦੇ ਰਹਿਣਗੇ। ਮਨੀ ਪਲਾਂਟ ਦਾ ਵੀ ਇਹੀ ਹਾਲ ਏ। ਪਾਨ ਵਰਗੇ ਅਤੇ ਪੀਲੀਆਂ ਲਕੀਰਾਂ ਵਾਲੇ ਇਸ ਬੂਟੇ ਨਾਲ ਮੇਰੀ ਪੁਰਾਣੀ ਯਾਰੀ ਏ। ਬੰਗਾਲ ਦੇ ਜ਼ਮਾਨੇ ਦੀ। ਸਾਡੇ ਮਕਾਨ ਮਾਲਕ ਦੇ ਸਾਲੇ ਨੇ, ਜੋ ਪੇਇੰਗ ਗੈਸਟ ਦੇ ਤੌਰ ‘ਤੇ ਉਹਨਾਂ ਦੇ ਨਾਲ ਈ ਰਹਿ ਰਿਹਾ ਸੀ ਤੇ ਬੰਗਾਲੀ ਪੜ੍ਹਾਉਣ ਵਿੱਚ ਮੇਰਾ ਉਸਤਾਦ ਵੀ ਸੀ, ਉਹਨੇਂ ਮੈਨੂੰ ਦੋ ਚੀਜਾਂ ਨਾਲ ਪਿਆਰ ਕਰਨਾ ਸਿਖਾਇਆ ਸੀ।ਇੱਕ ਸ਼ਾਵਰ ਦੇ ਰਸਗੁੱਲੇ ਤੇ ਦੂਜਾ ਮਨੀ ਪਲਾਂਟ।
ਸ਼ਾਵਰ ਢਾਕਾ ਲਾਗੇ ਇੱਕ ਥਾਂ ਦਾ ਨਾਂ ਏ, ਜਿੱਥੋਂ ਦੇ ਰਸਗੁੱਲੇ ਬੜੇ ਮਸ਼ਹੂਰ ਸਨ। ਹੁਣ ਵੀ ਹੋਵਣਗੇ ਪਰ ਮੇਰੇ ਲਈ ਨਹੀਂ ਤੇ ਜੇ ਕਦੀ ਤੁਹਾਨੂੰ ਖਾਣ ਦਾ ਇਤਫ਼ਾਕ ਹੋਵੇ ਤਾਂ ਤੁਸੀਂ ਆਖੋਗੇ ਕਿ ਸੱਚੇ ਈ ਮਸ਼ਹੂਰ ਸਨ।
ਜਿੱਥੇ ਤੱਕ ਮਨੀ ਪਲਾਂਟ ਦਾ ਤਾਅਲੁੱਕ ਏ, ਸਾਡੇ ਮਾਲਕ ਮਕਾਨ ਦੇ ਘਰ ਵਿੱਚ ਥਾਂ-ਥਾਂ ਬੋਤਲਾਂ ਵਿੱਚ ਮਨੀ ਪਲਾਂਟ ਵੀ ਲੱਗਾ ਹੋਇਆ ਸੀ। ਕਿਧਰੇ ਨਿੱਕੇ ਤੇ ਕਿਧਰੇ ਚੌੜੋ ਪੱਤਰਾਂ ਵਾਲਾ। ਮੇਰੇ ਉਸਤਾਦ ਨੇ ਮੈਨੂੰ ਦੱਸਿਆ ਸੀ ਕਿ ਮਨੀ ਪਲਾਂਟ ਦਾ ਮਤਲਬ ਦੌਲਤ ਵਾਲਾ ਬੂਟਾ ਹੁੰਦਾ ਏ। ਜਦੋਂ ਤੁਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦਾ ਬੂਟਾ ਲਾਂਦੇ, ਉੱਥੇ ਜੇ ਉਹ ਵਧ ਕੇ ਜਵਾਨ ਹੋ ਜਾਵੇ ਤਾਂ ਤੁਹਾਡੇ ਘਰ ਦੀ ਕੁੱਲ ਆਮਦਨ ਵਧ ਕੇ ਡੇਢ ਗੁਣਾ ਹੋ ਜਾਂਦੀ ਏ। ਉਂਜ ਉਹਨਾਂ ਦੇ ਆਪਣੇ ਘਰ ਵਿੱਚ ਦੌਲਤ ਦੀ ਕੋਈ ਰੇਲ ਪੇਲ ਨਹੀਂ ਸੀ। ਆਮ ਬੰਗਾਲੀਆਂ ਵਾਂਗੂੰ ਉਹੀ ਤਿੰਨ ਵੇਲੇ ਭਾਤ (ਉਬਲੇ ਚਾਵਲ) ਤੇ ਨਾਲ ਮਸਰਾਂ ਦੀ ਪਾਣੀ ਵਾਂਗ ਪਤਲੀ ਹਲਦੀ ਰੰਗੀ ਦਾਲ਼ ਕਾਂਦੇ। ਨਾਲ ਉਂਗਲ ਉਂਗਲ ਜਿੱਡੀਆਂ ਮਿਰਚਾਂ ਦੀ ਛੋੜ੍ਹੀ ਜਿਹੀ ਭੁਰਜੀ। ਜਾਂ ਕਦੀ ਸ਼ੋਰੇ ਵਾਲੀ ਮੱਛੀ-ਗੋਭੀ ਤੇ ਕਦੀ ਸਾਗ। ਕਦੀ ਮਾਚਸ ਦੀਆਂ ਤੀਲੀਆਂ ਵਾਂਗ ਕੱਟੇ ਹੋਏ ਆਲੂਆਂ ਦੀ ਭੁਰਜੀ। ਬਸ ਇਹੀ ਉਹਨਾਂ ਦੀ ਖੁਰਾਕ ਸੀ। ਨਾਸ਼ਤੇ ਵਿੱਚ ਉਹ ਚਾਹ ਵਿੱਚ ਫਲੀਆਂ ਪਾ ਕੇ ਖਾਂਦੇ। ਸਰਕਾਰ ਵੱਲੋਂ ਮਿਲੇ ਮਕਾਨ ਦਾ ਅੱਧਾ ਹਿੱਸਾ ਉਹਨਾਂ ਨੇ ਸਾਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ। ਸ਼ਾਇਦ ਅਜੇ ਉਹਨਾਂ ਦੇ ਮਨੀ ਪਲਾਂਟ ਜਵਾਨ ਨਹੀਂ ਸਨ ਹੋਏ ਤੇ ਆਮਦਨ ਨਹੀਂ ਸੀ ਆਉਣ ਲੱਗੀ।
ਆਮਦਨ ਜਾਂ ਕਮਾਈ ਤੇ ਉਦੋਂ ਮੇਰਾ ਮਸਲਾ ਈ ਨਹੀਂ ਸੀ ਪਰ ਮਨੀ ਪਲਾਂਟ ਮੈਨੂੰ ਚੰਗਾ ਲੱਗਣ ਲੱਗ ਪਿਆ। ਮੈਂ ਵੀ ਇੱਕ ਬੋਤਲ ਧੋ ਕੇ ਸਾਫ਼ ਕੀਤੀ, ਉਹਦੇ ਵਿੱਚ ਪਾਣੀ ਪਾਇਆ ਤੇ ਫੇਰ ਮਨੀ-ਪਲਾਂਟ ਦੀ ਇੱਕ ਟਾਹਣੀ ਲਿਆ ਕੇ ਬੋਤਲ ਵਿੱਚ ਲਾ ਦਿੱਤੀ…
ਉਹ ਦਿਨ ਤੇ ਅੱਜ ਦਾ ਦਿਨ, ਦਰਜਨਾਂ ਮਕਾਨ ਬਦਲੇ (ਕਿਰਾਏਦਾਰ ਜੋ ਹੋਏ) ਪਰ ਮਨੀ-ਪਲਾਂਟ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਘਰ ਵਿੱਚ ਜ਼ਰੂਰ ਲੱਗਾ ਰਿਹਾ। ਫ਼ਿਊਜ਼ ਬਲਬ ਨੂੰ ਖਾਲੀ ਕਰਕੇ, ਬੋਤਲ ਵਿੱਚ, ਗ਼ਮਲੇ ਵਿੱਚ ਜਾਂ ਜ਼ਮੀਨ ਵਿੱਚ, ਜਿੱਥੇ ਵੀ ਗੁੰਜਾਇਸ਼ ਨਿਕਲੀ, ਘਰ ਇੱਕ ਕਮਰੇ ਦਾ ਹੋਵੇ ਜਾਂ ਚਾਰ ਕਮਰਿਆਂ ਦਾ, ਮਨੀ ਪਲਾਂਟ ਜ਼ਰੂਰ ਲਾਇਆ ਤੇ ਇੱਕ ਗੱਲ ਦੱਸਾਂ, ਮੇਰੇ ਹੱਥ ਦਾ ਲਾਇਆ ਮਨੀ ਪਲਾਂਟ ਦਾ ਬੂਟਾ ਫੱਲਦਾ-ਫੁੱਲਦਾ ਵੀ ਖ਼ੂਬ ਏ।
ਇੰਜ ਮਨੀ ਪਲਾਂਟ ਦੇ ਦੌਲਤ ਨਾਲ ਤਾਅਲੁੱਕ ਦੀ ਗੱਲ ਢੂਠੀ ਸਾਬਤ ਹੋ ਗਈ ਏ। ਅੱਜ ਮੇਰੇ ਘਰ ਮਨੀ ਪਲਾਂਟ ਬਹੁਤ ਏ ਪਰ ਦੌਲਤ ਦਾ ਨਾਂ ਨਿਸ਼ਾਨ ਕੋਈ ਨਹੀਂ। ਭਲਾ ਇੱਕ ਕਾਲਜ ਉਸਤਾਦ ਕੋਲ ਕੀ ਦੌਲਤ ਹੋ ਸਕਦੀ ਏ? ਸ਼ਾਇਦ ਸਰਕਾਰ ਦਾ ਖਿਆਲ ਵੀ ਇਹ ਏ ਕਿ ਉਸਤਾਦਾਂ ਲੋਕਾਂ ਕੋਲ ਇਲਮ ਦੀ ਜਿਹੜੀ ਦੌਲਤ ਹੁੰਦੀ ਏ, ਉਨੀ ਇਹਨਾਂ ਲਈ ਕਾਫ਼ੀ ਏ। ਸਾਲ ਦੇ ਸਾਲ ਜਦੋਂ ਆਮਦਨ ਦੇ ਗੋਸ਼ਵਾਰੇ ਭਰਨੇ ਹੁੰਦੇ ਨੇ ਤਾਂ ਜਾਇਦਾਦ, ਕਾਰ, ਕੋਠੀ ਵਗ਼ੈਰਾ ਦੇ ਖਾਨਿਆਂ ਵਿੱਚ ਮੈਨੂੰ ਨਿਲ (ਂਲਿ) ਦਾ ਲਫ਼ਜ਼ ਭਰਦਿਆਂ ਖ਼ਿਆਲ ਆਉਂਦਾ ਏ ਕਿ ਏਥੇ ਕੋਈ ਇੰਜ ਦਾ ਖਾਨਾ ਵੀ ਹੋਣਾ ਚਾਹੀਦਾ ਸੀ, ਜਿਹਦੇ ਵਿੱਚ ਮੈਂ ਲਿਖ ਸਕਦਾ ਕਿ ਮੇਰੇ ਸਿਰ ਉੱਤੇ ਏੰਨਾ ਕਰਜ਼ ਵੀ ਏ…
ਗੱਲ ਕੁਰਾਹੇ ਪੈ ਚੱਲੀ ਸੀ। ਮਨੀ ਪਲਾਂਟ ਬਾਰੇ ਇੱਕ ਗੱਲ ਇਹ ਵੀ ਮਸ਼ਹੂਰ ਏ ਕਿ ਜੇ ਇਹਦੀ ਟਾਹਣੀ ਚੋਰੀ ਕਰਕੇ ਲਾਈ ਜਾਵੇ ਚਾਂ ਬਹੁਤੀ ਵਧਦੀ ਏ, ਫੇਰ ਦੌਲਤ ਲਿਆਉਂਦੀ ਏ। ਇੱਕ ਮਿੰਟ ਠਹਿਰੋ…ਹਾਂ, ਇਹੀ ਗੱਲ ਹੋਵੇਗੀ। ਮੈਂ ਕਦੀ ਮਨੀ ਪਲਾਂਟ ਦੀ ਟਾਹਣੀ ਚੋਰੀ ਕਰਕੇ ਨਹੀਂ ਲਾਈ, ਸ਼ਾਇਦ ਦੌਲਤ ਨਾ ਆਉਣ ਦਾ ਕਾਰਨ ਵੀ ਏਹੋ ਹੋਵੇ। ਦੌਲਤ ਵੀ ਅਜੀਬ ਚੀਜ਼ ਏ, ‘‘ਚੋਰੀ” ਵਾਲੇ ਤਰੀਕੇ ਵਰਤੇ ਬਗ਼ੈਰ ਹੱਥ ਨਹੀਂ ਆਉਂਦੀ, ਭਾਵੇਂ ਉਹ ਮਨੀ ਪਲਾਂਟ ਦੀ ਟਾਹਣੀ ਦੀ ਚੋਰੀ ਕਿਉਂ ਨਾ ਹੋਵੇ।
ਮੈਨੂੰ ਇੱਕ ਹੋਰ ਖ਼ਬਤ ਵੀ ਏ। ਮੈਂ ਮਨੀ ਪਲਾਂਟ ਨੂੰ ਬੋਤਲ ਵਿੱਚ ਲਾਉਂਦਾ ਤੇ ਆਂ ਪਰ ਜਦੋਂ ਉਹ ਜੜ੍ਹਾਂ ਕੱਢਣ ਲੱਗਦਾ ਏ ਤਾਂ ਉਹਨੂੰ ਜ਼ਮੀਨ ਵਿੱਚ ਲਾ ਦੇਂਦਾ ਆਂ। ਮੇਰੀ ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਉਣ ਦਾ ਕੀ ਖ਼ਬਤ ਏ।’ ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ।”
ਦੱਸੋ! ਏਸ ਗੱਲ ਦਾ ਕੀ ਜਵਾਬ ਦਿਆਂ? ਜੇ ਆਖਾਂ ਕਿ ਬੂਟੇ ਵੀ ਜਾਨਦਾਰ ਹੁੰਦੇ ਨੇ, ਉਹਨਾਂ ਨੂੰ ਵੀ ਹਵਾ, ਪਾਣੀ ਤੇ ਮਿੱਟੀ ਦੀ ਲੋੜ ਹੁੰਦੀ ਏ ਤਾਂ ਉਹ ਇਹੋ ਆਖੇਗੀ ਕਿ ਤੁਸੀਂ ਆਪਣਾ ਫ਼ਲਸਫ਼ਾ ਕੋਲ ਰੱਖੋ, ਜੇ ਏਨੀ ਹੀ ਹਮਦਰਦੀ ਸੀ ਤਾਂ ਨਰਸਰੀ ਵਿੱਚ ਈ ਲੱਗਾ ਰਹਿਣ ਦੇਣਾ ਸੀ। ਘਰ ਅਸੀਂ ਇਹਨੂੰ ਖ਼ੂਬਸੂਰਤੀ ਵਾਸਤੇ ਲਿਆਉਂਦੇ ਆਂ ਤੇ ਜੋ ਖ਼ੂਬਸੂਰਤੀ ਲਈ ਸਾਨੂੰ ਮਨੀ ਪਲਾਂਟ ਨਾਲ ਮਨ-ਮਰਜ਼ੀ ਕਰਨ ਦਾ ਸਲੂਕ ਕਰਨ ਦਾ ਹੱਕ ਏ। ਪਰਾਇਆ ਤੇ ਡਾਢੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਨਹੀਂ? ਮਨੀ ਪਲਾਂਟ ਦਾ ਸੁਹੱਪਣ ਉਹਦੇ ਲਈ ਮੁਸ਼ਕਲ ਦਾ ਕਾਰਨ ਕਿਉਂ ਏ?
ਮੇਰੇ ਕਾਲਜ ਵਿੱਚ ਵੀ ਵੱਡੇ ਪੱਤਰਾਂ ਵਾਲਾ ਮਨੀ ਪਲਾਂਟ ਮੌਜੂਦ ਏ। ਮਾਲੀ ਸੁਚੱਜੇ ਨਹੀਂ, ਉਹਨਾਂ ਨੇ ਵੱਡੇ-ਵੱਡੇ ਹਾਥੀ ਦੇ ਕੰਨ ਜਿੱਡੇ ਪੱਤਰਾਂ ਵਾਲੇ ਮਨੀ ਪਲਾਂਟ ਰੁੱਖਾਂ ਉੱਤੇ ਚਾੜ੍ਹੇ ਹੋਏ ਨੇ, ਜੋ ਅਜੀਬ ਬਹਾਰ ਪੈਦਾ ਕਰਦੇ ਨੇ। ਅੱਜ ਕੱਲ ਖ਼ਜ਼ਾ ਦੇ ਮੌਸਮ ਵਿੱਚ ਤਾਂ ਦੋ ਈ ਚੀਜਾਂ ਨਾਲ ਬਗ਼ੀਚੇ ਦੀ ਰੌਣਕ ਏ। ਇੱਕ ਗੁਲਦਾਊਦੀ ਤੇ ਦੂਜਾ ਮਨੀ ਪਲਾਂਟ ਦੇ ਛੇਡ ਵਾਲੇ ਪੱਤਰ। ਤੇ ਜਦੋਂ ਮੈਂ ਆਖਰੀ ਪੀਰੀਅਡ ਪੜ੍ਹਾ ਕੇ, ਸਾਰਾ ਦਿਮਾਗ਼ ਖ਼ਰਚ ਕਰਕੇ ਹੱਫ਼ਿਆ ਹੋਇਆ ਨਿਕਲਦਾ ਆਂ ਤਾਂ ਇਹਨਾਂ ਦੋ ਚੀਜਾਂ ਦੀ ਦੀਦ ਈ ਮੇਰੇ ਦਿਮਾਗ਼ ਨੂੰ ਸਕੂਨ ਦੇਂਦੀ ਏ…
ਮੈਂ ਕਾਲਜ ਵਿੱਚੋਂ, ਨੌਵਾਂ ਪੀਰੀਅਡ ਪੜ੍ਹਾ ਕੇ ਨਿਕਲਿਆ। ਆਖਰੀ ਪੀਰੀਅਡ ਹੋਵਣ ਪਾਰੋਂ ਹਰ ਪਾਸੇ ਬੇਰੌਣਕੀ ਸੀ। ਸੂਰਜ ਦੀ ਮਰੀਅਲ ਤੇ ਕਮਜ਼ੋਰ ਧੁੱਪ ਵਿੱਚ ਇੱਕਾ-ਦੁੱਕਾ ਪੜ੍ਹਿਆਰ ਕਿਤਾਬਾਂ ਦਾ ਭਾਰ ਚਾਈ ਥੱਕੇ-ਥੱਕੇ ਜਾ ਰਹੇ ਸਨ। ਦੁਪਹਿਰ ਦੇ ਢਾਈ ਵਜੇ ਤੀਕ ਉਹੀ ਪੜ੍ਹਿਆਰ ਕਾਲਜ ਵਿੱਚ ਟਿਕਦਾ ਏ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ ਏ। ਘਰ ਜਾਵਣ ਦੀ ਕਾਹਲ ਦੇ ਬਾਵਜੂਦ ਇਸ ਸਮੇਂ ਬੰਦੇ ਨੂੰ ਭੁੱਖ ਤੇ ਥਕੇਵਾਂ ਤੇਜ਼ ਨਹੀਂ ਟੁਰਨ ਦੇਂਦੇ। ਮੈਂ ਬੱਸ ਸਟਾਪ ਨੂੰ ਜਾ ਰਿਹਾ ਸਾਂ। ਪਿੱਛੋਂ ਸਲਾਮ ਦੀ ਆਵਾਜ਼ ਆਈ ਤਾਂ ਜਵਾਬ ਦੇਂਦਿਆਂ ਮੈਂ ਮੁੜ ਕੇ ਵੇਖਿਆ ਉਹੀ ਸੀ ਜੋ ਚੰਦ ਦਿਨ ਪਹਿਲਾਂ ਉਰਦੂ ਐਡਵਾਂਸ ਦਾ ਮਜ਼ਮੂਨ ਛੱਡ ਕੇ ਮੇਰੇ ਕੋਲ ਪੰਜਾਬੀ ਵਿੱਚ ਆਇਆ ਸੀ। ਕਲਾਸ ਗਿਣਤੀ ਬਹੁਤੀ ਹੋਵਣ ਦੇ ਬਾਵਜੂਦ ਮੈਂ ਕਦੀ ਪੰਜਾਬੀ ਪੜ੍ਹਾਉਣ ਤੋਂ ਨਾਂਹ ਨਹੀਂ ਕੀਤੀ, ਇਸ ਲਈ ਇਹਦਾ ਨਾਂ ਵੀ ਰਜਿਸਟਰ ਉੱਤੇ ਚਾੜ੍ਹ ਲਿਆ ਸੀ। ਤਬਾਕ ਵਰਗਾ ਮੂੰਹ, ਗਲ੍ਹਾਂ ਦੀਆਂ ਹੱਡੀਆਂ ਉੱਭਰੀਆਂ ਹੋਈਆਂ, ਸਿਰ ਦੇ ਵਾਲਾਂ ਦੀ ਫ਼ੌਜੀ ਕੱਟ ਪਾਰੋਂ ਉਹਦੇ ਕੰਨ ਵੱਡੇ ਲੱਗਦੇ ਸਨ। ਸੁੱਕੇ ਜਿਸਮ ਪਾਰੋਂ ਲੰਮਾ ਕੱਦ ਹੋਰ ਵੀ ਲੰਮਾ ਲੱਗਦਾ। ਉਹਦੇ ਬੇਡੋਲ ਜੁੱਸੇ ਉੱਤੇ ਆ ਕੇ ਕਾਲਜ ਦਾ ਯੂਨੀਫਾਰਮ ਵੀ ਬੇਡੋਲ ਹੋ ਗਿਆ ਸੀ। ਚਿਹਰੇ ਦੀ ਬੇਰੌਣਕੀ ਭੁੱਖ ਪਾਰੋਂ ਹੋਰ ਵੀ ਵਧ ਗਈ ਜਾਪਦੀ ਸੀ। ਉਹ ਮੇਰੇ ਨਾਲ-ਨਾਲ ਟੁਰਨ ਲੱਗ ਪਿਆ। ਕੁਝ ਦੇਰ ਅਸੀਂ ਚੁੱਪ ਟੁਰਦੇ ਗਏ।
‘‘ਸਰ! %ਪੰਜਾਬੀ ਮੇਂ ਕਿਤਨੇ ਨੰਬਰ ਆ ਜਾਤੇ ਹੈਂ?” ਆਪਣੇ ਮਤਲਬ ਦੀ ਗੱਲ ਕਰਕੇ ਉਹਨੇ ਗੱਲਬਾਤ ਸ਼ੁਰੂ ਕੀਤੀ। ਮੈਨੂੰ ਪਹਿਲਾਂ ਦਾ ਅੰਦਾਜ਼ਾ ਸੀ ਕਿ ਉਹ ਵੀ ਵਧੇਰੇ ਦੂਜੇ ਪੜ੍ਹਿਆਰਾਂ ਵਾਂਗ ਨੰਬਰ ਲੈਣ ਲਈ ਪੰਜਾਬੀ ਵਾਲੇ ਪਾਸੇ ਆਇਆ ਏ।
‘‘ਬਰਖ਼ੁਰਦਾਰ ਤੁਸੀਂ ਜਿੰਨੀ ਮਿਹਨਤ ਕਰੋਗੇ, ਓਨੇ ਈ ਨੰਬਰ ਆਉਣਗੇ” ਮੇਰਾ ਜਵਾਬ ਉਹੀ ਸੀ ਜੋ ਅਜਿਹੇ ਮੌਕੇ ਦਿੱਤਾ ਜਾਂਦਾ ਏ।
‘‘ਸਰ ਫਿਰ ਭੀ?” ਉਹਨੇ ਅਸਰਾਰ ਕੀਤਾ। ਸ਼ਾਇਦ ਉਹਦਾ ਖ਼ਿਆਲ ਸੀ ਕਿ ਮੈਂ ਨੰਬਰ ਬਹੁਤੇ ਲੈਣ ਦਾ ਕੋਈ ਹੋਰ ਤਰੀਕਾ ਵੀ ਉਸਨੂੰ ਦਸਾਂਗਾ।
‘‘ਬਈ ਨੰਬਰਾਂ ਦਾ ਤਾਅਲੁੱਕ ਮਿਹਨਤ ਨਾਲ ਹੁੰਦਾ ਏ। ਜੇ ਤੁਸੀਂ ਰੱਜ ਕੇ ਮਿਹਨਤ ਕਰੋਗੇ ਤਾਂ ਦੋ ਸੌ ਵਿੱਚੋਂ ਡੇਢ ਸੌ ਤੱਕ ਆ ਜਾਣਗੇ।” ਇਹ ਗੱਲ ਕਰਦਿਆਂ ਮੈਨੂੰ ਖ਼ਿਆਲ ਆਇਆ ਕਿ ਖ਼ੌਰੇ ਉਹਨੇ ਲਫ਼ਜ਼ ਰੱਜ ਕੇ ਦਾ ਮਤਲਬ ਸਮਝਿਆ ਵੀ ਏ ਜਣ ਨਹੀਂ। ਇਹਨਾਂ ਦੇ ਪੰਜਾਬੀ ਮਾਪਿਆਂ ਨੇ ਇਹਨਾਂ ਨਾਲ ਉਰਦੂ ਬੋਲ ਕੇ ਤੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਕੇ ਇਹਨਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਅਗੋਂ ਉਹ ਚੁੱਪ ਰਿਹਾ।
ਗੱਲ ਨੂੰ ਅੱਗੇ ਟੋਰਨ ਲਈ ਮੈਂ ਪੁੱਛਿਆ,। ‘‘ਤੁਸੀਂ ਮਜ਼ਮੂਨ ਤਬਦੀਲ ਕਰਕੇ ਸ਼ਾਇਦ ਇਸ ਲਈ ਪੰਜਾਬੀ ਵਿੱਚ ਆਏ ਓ ਕਿ ਤੁਹਾਡੇ ਨੰਬਰ ਬਹੁਤੇ ਆ ਸਕਣ।
ਉਹ ਕੁਝ ਹਿਚਕਚਾਇਆ। ‘‘ਸਰ ਅਸਲ ਮੇਂ ਉਰਦੂ ਅਡਵਾਂਸ ਬਹੁਤ ਮੁਸ਼ਕਲ ਹੈ। ਟੈਸਟ ਮੇਂ ਮੇਰੇ ਸਿਰਫ਼ ਪਾਸ ਮਾਰਕ੍ਰਸ ਆਏ ਤੋਂ ਮੇਰੀ ਅੰਮੀ ਬਹੁਤ ਨਾਰਾਜ਼ ਹੁਈਂ। ਵੋ ਹਾਈ ਬਲੱਡ ਪ੍ਰੈਸ਼ਰ ਔਰ ਸ਼ੂਗਰ ਕੀ ਮਰੀਜ਼ ਹੈਂ ਔਰ ਸੋਚਤੀ ਰਹਿਤੀ ਹੈਂ। ਤੋ ਫਿਰ ਮੈਨੇਂ ਸੋਚਾ ਕਿ ਉਰਦੂ ਅਡਵਾਂਸ ਮੇਂ ਤੋ ਹਮੇਸ਼ਾ ਨੰਬਰ ਕਮ ਆਏਂਗੇ ਔਰ ਮੇਰੀ ਅੰਮੀ ਹਮੇਸ਼ਾਂ ਪਰੇਸ਼ਾਨ ਰਹੇਗੀ। ਇਸ ਲੀਏ ਮੈਂ ਉਰਦੂ ਅਡਵਾਂਸ ਛੋੜ ਕਰ ਪੰਜਾਬੀ ਮੇਂ ਆ ਗਿਆ।”
‘‘ਪੰਜਾਬੀ ਤੁਹਾਨੂੰ ਕੈਸੀ ਲੱਗੀ?”
‘‘ਸਰ ਅੱਛੀ ਹੈ। ਉਰਦੂ ਅਡਵਾਂਸ ਸੇ ਤੋ ਆਸਾਨ ਹੈ। ਸਰ ਅਸਲ ਮੇਂ ਹਮਾਰੇ ਘਰ ਮੇਂ ਉਰਦੂ ਬੋਲੀ ਜਾਤੀ ਹੈ ਲੇਕਿਨ ਘਰ ਸੇ ਬਾਹਰ ਕਭੀ-ਕਭੀ ਪੰਜਾਬੀ ਬੋਲ ਲੇਤੇ ਥੇ। ਇਸ ਲੀਏ ਮੁਝੇ ਥੋੜ੍ਹੀ-ਥੋੜ੍ਹੀ ਪੰਜਾਬੀ ਆਤੀ ਹੈ।”
ਤੁਸੀਂ ਕੋਸ਼ਿਸ਼ ਕਰਿਆ ਕਰੋ ਨਾ, ਜ਼ਿਆਦਾ ਬੋਲਣ ਦੀ। ਜੇ ਤੁਸੀਂ ਪੰਜਾਬੀ ਵਿੱਚ ਚੰਗੇ ਨੰਬਰ ਲੈਣੇ ਨੇ ਤਾਂ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਤੇ ਲਿਖਣੀ ਪੜ੍ਹਨੀ ਆਉਣੀ ਚਾਹੀਦੀ ਏ।”
‘‘ਯੈਸ ਸਰ!”
‘‘ਤੇ ਫੇਰ ਮੇਰੇ ਨਾਲ ਕੋਈ ਪੰਜਾਬੀ ਦਾ ਫ਼ਿਕਰਾ ਬੋਲੋ!” ਮੈਂ ਫ਼ਰਮਾਇਸ਼ ਕਰ ਦਿੱਤੀ।
ਉਹਨੂੰ ਝਾਕਾ ਆ ਗਿਆ।
‘‘ਸਰ ਗੱਲ ਏ ਹੈ ਕਿ ਮੈਨੂੰ ਪਰੈਕਟਿਸ ਨਹੀਂ ਏ।”
‘‘ਬਈ ਕੋਈ ਕੰਮ ਕਰੋਗੇ ਤਾਂ ਉਹਦੀ ਪਰੈਕਟਿਸ ਹੋਵੇਗੀ। ਕਲਾਸ ਵਿੱਚ, ਕਮ ਅਜ ਕਮ ਪੰਜਾਬੀ ਦੇ ਪੀਰੀਅਡ ਵਿੱਚ ਪੰਜਾਬੀ ਬੋਲਿਆ ਕਰੋ, ਆਪੇ ਆ ਜਾਵੇਗੀ। ਫੇਰ ਨੰਬਰ ਵੀ ਚੰਗੇ ਆਉਣਗੇ।”
‘‘ਯੈਸ ਸਰ”
‘‘ਤੁਸੀਂ ਮੈਟਰਿਕ ਕਿੱਥੋਂ ਕੀਤੀ ਸੀ?”
ਜਵਾਬ ਵਿੱਚ ਉਹਨੇ ਇੱਕ ਮਸ਼ਹੂਰ ਅੰਗਰੇਜ਼ੀ -ਮੀਡੀਅਮ ਸਕੂਲ ਦਾ ਨਾਂ ਲੈ ਦਿੱਤਾ। ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹ ਕੇ ਉਹ ਉਰਦੂ ਮੀਡੀਅਮ ਕਾਲਜ ਵਿੱਚ ਆਇਆ ਸੀ ਤੇ ਹੁਣ ਪੰਜਾਬੀ ਰਾਹੀਂ ਬਹੁਤੇ ਨੰਬਰ ਲੈ ਕੇ ਮਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ।
ਬੱਸ ਸਟਾਪ ਵਾਲਾ ਚੌਂਕ ਆ ਚੁੱਕਿਆ ਸੀ, ਮੈਂ ਇੱਥੋਂ ਸਟੇਸ਼ਨ ਜਾਵਣ ਵਾਲੀ ਟਰੇਨ ਫੜਨੀ ਸੀ। ‘‘ਸਰ ਥੈਂਕ ਯੂ ਵੈਰੀ ਮਚ, ਆਪ ਨੇ ਮੁਝੇ ਕੰਪਨੀ ਦੀ। ਸੀ ਯੂ…” ਇਹ ਆਖ ਕੇ ਉਹ ਖੱਬੇ ਪਾਸੇ ਵੱਲ ਮੁੜਨ ਲੱਗਾ।
‘‘ਨਹੀਂ ਬਈ ਇੰਜ ਨਹੀਂ…” ਮੈਂ ਨਾਂਹ ਵਿੱਚ ਸਿਰ ਹਿਲਾਇਆ, ਉਹ ਖਲੋ ਗਿਆ ਤੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗ ਪਿਆ।
‘‘ਮੌਨੂੰ ਤੁਸੀਂ ਇੰਝ ਆਖੋਗੇ। ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।” ਮੈਂ ਮੁਸਕਰਾ ਕੇ ਆਖਿਆ।
ਉਹ ਵੀ ਮੁਸਕਰਾਇਆ, ‘‘ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।” ਉਹ ਮੁਸਕਰਾਉਣ ਦੇ ਨਾਲ ਸ਼ਰਮਾ ਵੀ ਗਿਆ।”
‘‘ਸ਼ਰਮਾਣ ਦੀ ਜ਼ਰੂਰਤ ਨਹੀਂ, ਪੰਜਾਬੀ ਬੋਲਿਆ ਕਰੋ।”
‘‘ਜੀ ਸਰ”
ਖੌਰੇ ਮੌਨੂੰ ਉਸ ਵੇਲੇ ਮਨੀ ਪਲਾਂਟ ਦਾ ਖਿਆਲ ਕਿਉਂ ਆ ਗਿਆ। ਬੇਜੜ੍ਹ ਮਨੀ ਪਲਾਂਟ ਪਾਣੀ ਵਾਲੀ ਬੋਤਲ ਵਿੱਚ ਲੱਗਾ ਜਿਹਨੂੰ ਪੱਟਣਾ ਚਾਹੋ ਤਾਂ ਜ਼ਰਾ ਵੀ ਮਜ਼ਾਹਮਤ ਨਾ ਕਰੇ। ਬੇਸ਼ਕ ਬੋਤਲ ‘ਚੋਂ ਖਿੱਚ ਕੇ ਪਰ੍ਹਾਂ ਵਗਾਹ ਮਾਰੋ। ਜੇ ਇਹਦੀਆਂ ਜੜ੍ਹਾਂ ਜ਼ਮੀਨ ਵਿੱਚ ਹੋਵਣ ਤਾਂ ਮਜ਼ਾਹਮਤ ਕਰੇ ਵੀ। ਵੇਖਣ ਨੂੰ ਚੰਗਾ ਪਰ ਅਸਲੇ ਤੋਂ ਖਾਲੀ। ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਣ ਦਾ ਕੀ ਖ਼ਬਤ ਏ। ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ। ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ” ਹੁਣ ਆਖੇਗੀ ਤਾਂ ਉਹਨੂੰ ਦਸਾਂਗਾ ਕਿ ਭਾਵੇਂ ਕਿੰਨਾ ਸੋਹਣਾ ਪਿਆ ਲੱਗੇ, ਮਨੀ ਪਲਾਂਟ ਦੇ ਬੂਟੇ ਦਾ ਅਸਲ ਕੰਮ ਮਿੱਟੀ ਵਿੱਚ ਜੜ੍ਹਾਂ ਫੜ ਕੇ ਵੱਧਣਾ-ਫੁਲਣਾ ਏ ਨਾਲੇ ਸੁਹੱਪਣ ਦਾ ਬੋਤਲ ਨਾਲ ਕੀ ਤਾਅਲੁੱਕ? ਬੂਟਾ ਸਦਾ ਸੁਹਣਾ ਹੁੰਦਾ ਏ।
ਘਰ ਅੱਗੇ ਮੈਂ ਬੋਤਲ ਵਿੱਚ ਮਨੀ ਪਲਾਂਟ ਨੂੰ ਵੇਖਿਆ, ਜਿਹੜਾ ਹਿੱਸਾ ਪਾਣੀ ਵਿੱਚ ਡੁੱਬਿਆ ਸੀ ਉਹਦੇ ਜੋੜਾਂ ਉੱਤੇ ਜੜ੍ਹਾਂ ਦੀਆਂ ਜ਼ਰਾ-ਜ਼ਰਾ ਖੂੰਟੀਆਂ ਨਿਕਲਣ ਲੱਗ ਪਈਆਂ ਸਨ। ਇੱਕ ਦੋ ਦਿਨਾਂ ਨੂੰ ਇਹ ਖੂੰਟੀਆਂ ਜੜ੍ਹਾਂ ਬਣ ਜਾਵਣਗੀਆਂ, ਮੈਂ ਸੋਚਿਆ, ਬਸ ਜ਼ਰਾ ਜੜ੍ਹਾਂ ਕੱਢ ਲਵੇ ਫੇਰ ਮੈਂ ਇਹਨੂੰ ਮਿੱਟੀ ਵਿੱਚ ਲਾ ਦਿਆਂਗਾ।
ਜਮੀਲ ਅਹਿਮਦ ਪਾਲ
ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਤੇ ਇੱਕ ਲੱਖ ਮੁਸਲਮਾਨ ਮਰੇ ਨੇ….ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।ਟ੍ਰੈਜਡੀ ਤਾਂ ਅਸਲ ਵਿੱਚ ਇਹ ਹੈ ਕਿ ਮਾਰਨ ਤੇ ਮਰਨ ਵਾਲ਼ੇ ਕਿਸੇ ਵੀ ਖ਼ਾਤੇ ਚ ਨਹੀਂ ਗਏ।ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਸਮਝਿਆ ਹੋਏਗਾ ਹਿੰਦੂ ਧਰਮ ਮਰ ਗਿਆ ਹੈ,ਪਰ ਉਹ ਜਿਉਂਦਾ ਹੈ, ਤੇ ਜਿਉਂਦਾ ਰਹੇਗਾ, ਇੰਝ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕੇ ਇਸਲਾਮ ਖ਼ਤਮ ਹੋ ਗਿਆ ਹੈ। ਪਰ ਹਕੀਕਤ ਤੁਹਾਡੇ ਸਾਹਮਣੇ ਹੈ,ਹਿੰਦੂ ਅਤੇ ਇਸਲਾਮ ਦੇ ਉੱਪਰ ਤਾਂ ਇੱਕ ਹਲਕੀ ਜਿਹੀ ਵੀ ਖਰੋਂਚ ਤੱਕ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜੋ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ ,ਈਮਾਨ, ਧਰਮ,ਯਕੀਨ, ਵਿਸ਼ਵਾਸ਼,…ਇਹੋ ਜਿਹਾ ਜੋ ਕੁੱਝ ਵੀ ਆ ਲੋਕਾਂ ਦੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਹੈ।ਸੋ ਚਾਕੂ, ਛੁਰੇ, ਗੋਲ਼ੀ ਨਾਲ਼ ਇਹ ਫ਼ਨਾਹ ਨਹੀਂ ਹੋ ਸਕਦਾ।
ਸਆਦਤ ਹਸਨ ਮੰਟੋ
ਲੋਕ ਕਿਉਂ ਬਦਲ ਜਾਂਦੇ ਹਨ ?ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਮੁਸ਼ਕਿਲ ਹੈ। ਹਰ ਸਥਿੱਤੀ ਤੇ ਹਰ ਮਨੁੱਖ ਬੇਹੱਦ ਗੁੰਝਲਦਾਰ ਹੈ, ਲੱਖਾਂ ਅਣਜਾਣੇ ਭਾਵਾਂ ਤੇ ਜਜ਼ਬਿਆਂ ਦੀਆਂ ਪਰਤਲਾਂ। ਇਹ ਸੰਸਕਾਰ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਨੇ ਤੇ ਮਨੁੱਖ ਉਹੀ ਰੂਪ ਧਾਰ ਲੈਂਦੇ ਹਨ…ਪੌਦਿਆਂ ਵਾਂਗ ਜੋ ਨਿਯਮਬੱਧ ਇੱਕ ਖ਼ਾਸ ਸਮੇਂ ਉੱਤੇ ਇੱਕਦਮ ਫ਼ੈਸਲਾ ਕਰਦੇ ਹਨ ਕਿ ਹੁਣ ਫੁੱਲ ਵਿੱਚ ਫੁੱਟ ਪਈਏ।ਜੱਦੀ ਜਜ਼ਬੇ ਤੇ ਮਾਨਸਿਕ ਉਲਾਰ ਏਸੇ ਤਰ੍ਹਾਂ ਅੰਦਰੇ ਅੰਦਰ ਗੁਪਤ ਫੈਸਲੇ ਕਰਕੇ ਇੱਕਦਮ ਮਨੁੱਖ ਵਿੱਚ ਪ੍ਰਗਟ ਹੋ ਜਾਂਦੇ ਹਨ।ਇਹ ਤਬਦੀਲੀ,ਇਹ ਕਾਇਆ ਕਲਪ , ਇਹ ਵਚਿੱਤਰ ਪ੍ਰਗਟਾਓ ਜੀਵਨ ਦਾ ਰਹੱਸ ਹੈ। ਇਸ ਤਬਦੀਲੀ ਨੂੰ ਕੋਈ ਨਹੀਂ ਰੋਕ ਸਕਦਾ ਇਹ ਹੋਣੀ ਹੈ। ਜੀਨੀ ਪਿਛਲੇ ਤਿੰਨ ਸਾਲਾਂ ਤੋਂ ਬਿਲਕੁੱਲ ਹੀ ਬਦਲ ਗਈ ਸੀ, ਤੇ ਮੈਂ ਵੀ ਬਦਲ ਗਿਆ ਸੀ।ਜੇ ਤਿੰਨ ਸਾਲ ਪਹਿਲਾਂ ਕੋਈ ਜੋਤਿਸ਼ੀ ਮੈਨੂੰ ਕਹਿੰਦਾ ਕਿ ਤੇਰਾ ਘਰ ਟੁੱਟ ਜਾਵੇਗਾ, ਤੇ ਤੁਸੀਂ ਦੋਵੇਂ ਬਦਲ ਜਾਉਗੇ ਤਾਂ ਮੈਂ ਉਸ ਨੂੰ ਪਾਗ਼ਲ ਕਹਿਣਾ ਸੀ।
ਬਲਵੰਤ ਗਾਰਗੀ ਨੰਗੀ ਧੁੱਪ ਕਿਤਾਬ ਚੋਂ
ਮੈਨੂੰ ਪੈਦਾ ਹੋਏ ਅਜੇ ਤਿੰਨ ਹੀ ਦਿਨ ਹੋਏ ਸਨ ਅਤੇ ਮੈਂ ਰੇਸ਼ਮੀ ਝੂਲੇ ਵਿੱਚ ਪਿਆ ਆਪਣੇ ਆਸਪਾਸ ਦੇ ਸੰਸਾਰ ਨੂੰ ਵੱਡੀਆਂ ਅਚਰਜ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ । ਉਦੋਂ ਮੇਰੀ ਮਾਂ ਨੇ ਆਯਾ ਤੋਂ ਪੁੱਛਿਆ, “ਕਿਵੇਂ ਹੈ ਮੇਰਾ ਬੱਚਾ ?”
ਆਯਾ ਨੇ ਜਵਾਬ ਦਿੱਤਾ, “ਉਹ ਖ਼ੂਬ ਮਜ਼ੇ ਵਿੱਚ ਹੈ । ਮੈਂ ਉਸਨੂੰ ਹੁਣ ਤੱਕ ਤਿੰਨ ਵਾਰ ਦੁੱਧ ਪਿਆਲ ਚੁੱਕੀ ਹਾਂ । ਮੈਂ ਇੰਨਾ ਖੁਸ਼ਦਿਲ ਬੱਚਾ ਅੱਜ ਤੱਕ ਨਹੀਂ ਵੇਖਿਆ ।”
ਮੈਨੂੰ ਉਸਦੀ ਗੱਲ ਉੱਤੇ ਬਹੁਤ ਗੁੱਸਾ ਆਇਆ ਅਤੇ ਮੈਂ ਚੀਖਣ ਲਗਾ, “ਮਾਂ ਇਹ ਸੱਚ ਨਹੀਂ ਕਹਿ ਰਹੀ । ਮੇਰਾ ਬਿਸਤਰਾ ਬਹੁਤ ਸਖ਼ਤ ਹੈ ਅਤੇ, ਜੋ ਦੁੱਧ ਇਸਨੇ ਮੈਨੂੰ ਪਿਲਾਇਆ ਹੈ ਉਹ ਬਹੁਤ ਹੀ ਕੌੜਾ ਸੀ ਅਤੇ ਇਸਦੇ ਮੰਮਿਆਂ ਤੋਂ ਭਿਅੰਕਰ ਦੁਰਗੰਧ ਆ ਰਹੀ ਹੈ । ਮੈਂ ਬਹੁਤ ਦੁਖੀ ਹੂੰ ।”
ਪਰ ਨਹੀਂ ਤਾਂ ਮੇਰੀ ਮਾਂ ਨੂੰ ਹੀ ਮੇਰੀ ਗੱਲ ਸੱਮਝ ਵਿੱਚ ਆਈ ਅਤੇ ਨਹੀਂ ਹੀ ਉਸ ਆਯਾ ਨੂੰ; ਕਿਉਂਕਿ ਮੈਂ ਜਿਸ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ ਉਹ ਤਾਂ ਉਸ ਦੁਨੀਆਂ ਦੀ ਭਾਸ਼ਾ ਸੀ ਜਿਸ ਦੁਨੀਆਂ ਤੋਂ ਮੈਂ ਆਇਆ ਸੀ ।
ਅਤੇ ਫਿਰ ਜਦੋਂ ਮੈਂ ਇੱਕੀ ਦਿਨ ਦਾ ਹੋਇਆ ਅਤੇ ਮੇਰਾ ਨਾਮਕਰਣ ਕੀਤਾ ਗਿਆ, ਤਾਂ ਪਾਦਰੀ ਨੇ ਮੇਰੀ ਮਾਂ ਨੂੰ ਕਿਹਾ, “ਤੁਹਾਨੂੰ ਤਾਂ ਬਹੁਤ ਖ਼ੁਸ਼ ਹੋਣਾ ਚਾਹੀਦਾ ਹੈ; ਕਿਉਂਕਿ ਤੁਹਾਡੇ ਬੇਟੇ ਦਾ ਤਾਂ ਜਨਮ ਹੀ ਇੱਕ ਈਸਾਈ ਦੇ ਰੂਪ ਵਿੱਚ ਹੋਇਆ ਹੈ ।”
ਮੈਂ ਇਸ ਗੱਲ ਉੱਤੇ ਬਹੁਤ ਹੈਰਾਨ ਹੋਇਆ । ਮੈਂ ਉਸ ਪਾਦਰੀ ਨੂੰ ਕਿਹਾ, “ਤੱਦ ਤਾਂ ਸਵਰਗ ਵਿੱਚ ਤੁਹਾਡੀ ਮਾਂ ਨੂੰ ਬਹੁਤ ਦੁਖੀ ਹੋਣਾ ਚਾਹੀਦਾ ਹੈ; ਕਿਉਂਕਿ ਤੁਹਾਡਾ ਜਨਮ ਇੱਕ ਈਸਾਈ ਦੇ ਰੁਪ ਵਿੱਚ ਨਹੀਂ ਹੋਇਆ ਸੀ ।”
ਪਰ ਪਾਦਰੀ ਵੀ ਮੇਰੀ ਭਾਸ਼ਾ ਨਹੀਂ ਸਮਝ ਸਕਿਆ ।
ਫਿਰ ਸੱਤ ਸਾਲ ਦੇ ਬਾਅਦ ਇੱਕ ਜੋਤਸ਼ੀ ਨੇ ਮੈਨੂੰ ਵੇਖਕੇ ਮੇਰੀ ਮਾਂ ਨੂੰ ਦੱਸਿਆ, “ਤੁਹਾਡਾ ਪੁੱਤ ਇੱਕ ਰਾਜਨੇਤਾ ਬਣੇਗਾ ਅਤੇ ਲੋਕਾਂ ਦਾ ਅਗਵਾਈ ਕਰੇਗਾ ।”
ਪਰ ਮੈਂ ਚੀਖ ਉੱਠਿਆ, “ਇਹ ਭਵਿੱਖਵਾਣੀ ਗਲਤ ਹੈ; ਕਿਉਂਕਿ ਮੈਂ ਤਾਂ ਇੱਕ ਸੰਗੀਤਕਾਰ ਬਣਾਂਗਾ । ਕੁੱਝ ਹੋਰ ਨਹੀਂ, ਕੇਵਲ ਇੱਕ ਸੰਗੀਤਕਾਰ ।”
ਪਰ ਮੇਰੀ ਉਮਰ ਵਿੱਚ ਕਿਸੇ ਨੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ । ਮੈਨੂੰ ਇਸ ਗੱਲ ਉੱਤੇ ਬਹੁਤ ਹੈਰਾਨੀ ਹੋਈ ।
ਤੇਤੀ ਸਾਲ ਬਾਅਦ ਮੇਰੀ ਮਾਂ, ਮੇਰੀ ਆਯਾ ਅਤੇ ਉਹ ਪਾਦਰੀ ਸਭ ਦਾ ਮਰਨਾ ਹੋ ਚੁੱਕਿਆ ਹੈ, ( ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ), ਪਰ ਉਹ ਜੋਤੀਸ਼ੀ ਅਜੇ ਜਿੰਦਾ ਹੈ । ਕੱਲ ਮੈਂ ਉਸ ਜੋਤਸ਼ੀ ਨੂੰ ਮੰਦਿਰ ਦੇ ਦਵਾਰ ਉੱਤੇ ਮਿਲਿਆ । ਜਦੋਂ ਅਸੀ ਗੱਲਬਾਤ ਕਰ ਰਹੇ ਸਾਂ, ਤਾਂ ਉਸਨੇ ਕਿਹਾ, “ਮੈਂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਤੁਸੀਂ ਮਹਾਨ ਸੰਗੀਤਕਾਰ ਬਣੋਗੇ । ਮੈਂ ਤੁਹਾਡੇ ਬਚਪਨ ਵਿੱਚ ਹੀ ਇਹ ਭਵਿੱਖਵਾਣੀ ਕਰ ਦਿੱਤੀ ਸੀ । ਤੁਹਾਡੀ ਮਾਂ ਨੂੰ ਵੀ ਤੁਹਾਡੇ ਭਵਿੱਖ ਦੇ ਬਾਰੇ ਵਿੱਚ ਉਸੇ ਸਮੇਂ ਦੱਸ ਦਿੱਤਾ ਸੀ ।”
ਅਤੇ ਮੈਂ ਉਸਦੀ ਗੱਲ ਦਾ ਵਿਸ਼ਵਾਸ ਕਰ ਲਿਆ ਕਿਉਂਕਿ ਹੁਣ ਤੱਕ ਤਾਂ ਮੈਂ ਆਪ ਵੀ ਉਸ ਦੁਨੀਆਂ ਦੀ ਭਾਸ਼ਾ ਭੁੱਲ ਚੁੱਕਿਆ ਸੀ ।
ਖ਼ਲੀਲ ਜਿਬਰਾਨ
(ਅਨੁਵਾਦ: ਚਰਨ ਗਿੱਲ)
ਅੱਸੀ ਰੁਪਏ ਤਨਖ਼ਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ-ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ…ਬਸ, ਕੁਝ ਬਚਦਾ ਨਹੀਂ ਸੀ। ਪਰ ਕਰਜਾ ਇਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ‘ਤੇ ਵੀ ਖਿੱਚ-ਧੂ ਕੇ ਪੂਰਾ ਪੈ ਜਾਂਦਾ, ਜੇ ਹਾਜਰਾ ਦਾ ਬੁਖ਼ਾਰ ਜੀਅ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੂਮਕੀਆਂ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਨਾਲ ਬਣਵਾਈਆਂ ਸਨ ਝੁਮਕੀਆਂ! ਬੜਾ ਦੁੱਖ ਹੋਇਆ। ਖ਼ੈਰ, ਫੇਰ ਬਣ ਜਾਣਗੀਆਂ।
ਪਰ ਇਹ ਸਭ ਦਿਲ ਨੂੰ ਸਮਝਾਉਣ ਦੀਆਂ ਗੱਲ ਨੇ। ਇਕ-ਇਕ ਕਰਕੇ ਗਈਆਂ, ਦਹੇਜ਼ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗਨੂੰ, ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ੍ਹ ਗਏ। ਸੋਚਿਆ ਸੀ—ਚਲੋ, ਨੌਕਰੀ ਤਾਂ ਪੱਕੀ ਹੋ ਜਾਏਗੀ…ਹਜ਼ਾਰਾਂ ਜੁਗਨੂੰ ਬਣ ਜਾਣਗੇ। ਹਰ ਮਹੀਨੇ ਜੁਗਨੂੰਆਂ ਦਾ ਹਿਸਾਬ ਲਾਇਆ ਜਾਂਦਾ…ਸੋਨੇ ਦੀ ਕੀਮਤ ਸੀ ਕਿ ਘਟਣ ਦਾ ਨਾਂ ਈ ਨਹੀਂ ਸੀ ਲੈਂਦੀ ਪਈ। ‘ਗਜਬ ਖ਼ੁਦਾ ਦਾ, ਇੱਕੀ ਰੁਪਏ ਤੋਂ ਇਕ ਸੌ ਸੋਲਾਂ ‘ਤੇ ਪਹੁੰਚ ਗਿਐ…ਭਲਾ ਕੀ ਜੁਗਨੂੰ ਬਣਾਵਾ ਲਊ ਕੋਈ?’
ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਵਿਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖ਼ਾਹ ਦੇ ਹਿਸਾਬ ਨਾਲ ਈ ਦਿੱਤਾ ਏ। ਮਕਾਨ ਦਾ ਕਿਰਾਇਆ ਨਾ ਹੋਵੇ, ਨਾ ਸਹੀ…ਰੁੱਖੀ-ਸੁੱਕੀ ਸਭ ਚਲ ਜਾਏਗੀ, ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਏ—ਮੁੱਕ-ਸੁੱਕ ਜਾਏ ਤਾਂ ਫੇਰ!…ਤੇ ਬੁਖ਼ਾਰ ਵਿਚ ਕੰਬਖ਼ਤ ਦੁੱਧ ਵੀ ਸੁੱਕ ਗਿਆ ਸੀ। ਅੰਮਾਂ ਜੀ ਤਾਂ ਇਹੋ ਕਹਿੰਦੇ ਰਹੇ, “ਕੀ ਫੈਸ਼ਨ ਆ ਗਿਐ, ਬੋਤਲ ਨਾਲ ਦੁੱਧ ਪਿਆਉਣ ਦਾ…ਸਾਡੇ ਜ਼ਮਾਨੇ ‘ਚ ਤਿੰਨ-ਤਿੰਨ ਸਾਲ ਪਿਆਓਂਦੇ, ਤਦ ਵੀ ਨੀਂ ਸੀ ਮੁੱਕਦਾ-ਸੁੱਕਦਾ ਹੁੰਦਾ ਦੁੱਧ।”
ਪਰ ਭਲਾਂ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ-ਜੀ ਤੁਹਾਡੇ ਜ਼ਮਾਨੇ ਵਿਚ ਡਾਲਡਾ ਨਹੀਂ ਸੀ ਹੁੰਦਾ ਹੁੰਦਾ…ਛੰਨੇਂ ਭਰ-ਭਰ ਦੁੱਧ-ਛੁਆਰੇ ਉਡਾਉਂਦੇ ਸੌ, ਫੇਰ ਤਿੰਨ ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦੇਂਦੇ ਸੌ।’ ਪਰ ਬੀਬੀ-ਜੀ ਦੇ ਮੂੰਹ ਲੱਗਣਾ, ਆਪਣੀ ਮੌਤ ਨੂੰ ਮਾਸੀ ਕਹਿਣਾ ਸੀ—ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ। ਦਿਨ ਵਿਚ ਕਈ-ਕਈ ਵੇਰ ਬੀਬੀ-ਜੀ ਦੇ ਤਾਅਨੇ ਸੁਣਨੇ ਪੈਂਦੇ। ਚੱਲੋ ਗੱਲ ਮੁੱਕੀ, ਕਹਿ ਲਿਆ, ਸੁਣ ਲਿਆ—ਛੁੱਟੀ ਹੋਈ। ਨਾਲੇ ਬੀਬੀ-ਜੀ ਨੂੰ ਹੋਰ ਕੰਮ ਵੀ ਕਿਹੜਾ ਸੀ, ਸਿਵਾਏ ਆਪਣੇ ਗਠੀਏ ਨੂੰ ਰੋਣ ਦੇ…ਤੇ ਗਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸ ਨੂੰ ਵੀ ਧੂ ਲੈਂਦੇ।
ਜਦੋਂ ਛਾਂਟੀ ਵਾਲੀ ਲਿਸਟ ਵਿਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਈ ਸਮਝਦੇ ਰਹੇ—ਨੌਂ ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋਇਆ, ਹੋ ਜਾਣਗੇ…ਆਪਣੀ ਸਰਕਾਰ ਏ, ਆਪੁ ਫਿਕਰ ਕਰੇਗੀ। ਖ਼ੈਰ, ਨੋਟਿਸ ਮਿਲਿਆ ਏ ਤਾਂ ਕੀ ਹੋਇਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਸੀ। ਜ਼ਰਾ ਜਿੰਨੀ ਭੱਜ-ਨੱਠ ਤੋਂ ਬਾਅਦ ਫੇਰ ਕਿਸੇ ਸਕੂਲ ਵਿਚ ਲਾ ਦਿੱਤਾ ਜਾਂਦਾ ਸੀ। ਇਕ ਵਾਰੀ ਛੇ ਮਹੀਨੇ ਕਿਤੇ ਜਗ੍ਹਾ ਖ਼ਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਵਿਚ ਲਾ ਦਿੱਤਾ ਗਿਆ ਸੀ…ਮਤਲਬ ਤਾਂ ਤਨਖ਼ਾਹ ਤੀਕ ਸੀ, ਜਦ ਤੀਕ ਮਿਲਦੀ ਰਹੀ ਖ਼ਿਆਲ ਈ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ…।
ਪਰ ਏਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ ਡੇਢ ਸਾਲ ਦੀ ਭੱਜ-ਨੱਠ ਪਿੱਛੋਂ ਈ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ—ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਨੌਂ ਸਾਲ ਪੱਕਿਆਂ ਨਾ ਹੋਣਾ ਈ ਨਿਕੰਮੇਪਨ ਦਾ ਸਬੂਤ ਸੀ। ਵੈਸੇ ਤਾਂ ਉਸ ਨਾਲੋਂ ਪਿੱਛੋਂ ਲੱਗੇ, ਦੋਵੇਂ ਹੱਥੀਂ ਰੋਟੀਆਂ ਮਰੋੜ ਰਹੇ ਸੀ ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ…ਤੇ ਇਹਨਾਂ ਸੁਸਤੀ ਤੇ ਲਾਪ੍ਰਵਾਹੀ ਕਾਰਨ ਇਸ ਨੂੰ ਕੋਈ ਮਹੱਤਵ ਈ ਨਹੀਂ ਸੀ ਦਿੱਤਾ।
ਇਹ ਡੇਢ ਸਾਲ ਕਿੰਜ ਬੀਤਿਆ, ਜਾਂ ਹਾਜਰਾ ਬੀ ਜਾਣਦੀ ਸੀ, ਜਾਂ ਬਾਕਰ ਮੀਆਂ ਜਾਂ ਕੁਛ-ਕੁਛ ਅੰਮਾਂ ਜੀ…ਪਰ ਉਹਨਾਂ ਨੂੰ ਤਾਂ ਗਿਆਰਾਂ ਰੁਪਏ ਪੈਂਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਨਹੀਂ ਸੀ ਹੋਈ—ਮਰਨ ਵਾਲੇ ਨੇ ਮਰ ਕੇ ਵੀ ਏਨਾ ਸਹਾਰਾ ਤਾਂ ਛੱਡਿਆ ਈ ਸੀ।
ਕੇਹੀਆਂ ਝੁਮਕੀਆਂ ਤੇ ਕੇਹਾ ਗੁਲੂਬੰਦ…ਇਕ-ਇਕ ਕਰ ਕੇ ਖੁਰ ਗਏ ਸਨ—ਪਹਿਲਾਂ ਗਹਿਣੇ ਰੱਖੇ ਗਏ, ਫੇਰ ਵਿਕ ਗਏ। ਅਫ਼ਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਵਿਚ ਛੇ ਮਹੀਨੇ ਦੋ ਇਕ ਟਿਊਸ਼ਨਾਂ ਮਿਲ ਜਾਂਦੀਆਂ…ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ, ਇਕ ਦੋ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿਝ ਜਾਂਦੇ।
ਹਾਜਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਵਿਚ ਕਾਫੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਹੋਈ ਤਾਂ ਸਾਰਾ ਪੜ੍ਹਿਆ-ਗੁਣਿਆ ਬਾਲ-ਬੱਚਿਆਂ ਦੀ ਦੇਖ-ਭਾਲ ਵਿਚ ਨਾਸਾਂ ਥਾਂਈਂ ਬਾਹਰ ਨਿਕਲ ਗਿਆ। ਵਰ੍ਹਿਆਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ‘ਸਹੇਲੀ’ ਦਾ ਕੋਈ ਪੁਰਾਣਾ ਅੰਕ, ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ, ਦੁਬਾਰਾ ਪੜ੍ਹ ਲੈਂਦੀ। ਹਾਜਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਜ਼ਨਾਨੇ ਪਰਚੇ ਲਗਾਤਾਰ ਉਸ ਦੇ ਨਾਂ ਆਉਂਦੇ ਰਹਿੰਦੇ ਸਨ। ਸ਼ਾਦੀ ਪਿੱਛੋਂ ਲਾਪ੍ਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ-ਵਗ਼ੈਰਾ ਸਭ ਛੁੱਟ ਗਏ।
ਜਦੋਂ ਗੁਆਂਢਣ ਨੇ ਹਾਜਰਾ ਬੀ ਨੂੰ ਨੇੜੇ ਦੇ ਸਕੂਲ ਵਿਚ ਨੌਕਰੀ ਕਰ ਲੈਣ ਦੀ ਰਾਏ ਦਿੱਤੀ ਤਾਂ ਬੀ ਅੰਮਾਂ ਨੇ ਉਸ ਦੀਆਂ ਸੱਤ ਪੁਸ਼ਤਾਂ ਦੀਆਂ ਕਬਰਾਂ ਵਿਚ ਕੀੜੇ ਪਾ ਦਿੱਤੇ। ਪੜ੍ਹੀਆਂ-ਲਿਖੀਆਂ ਔਰਤਾਂ ਦੇ ਚਾਲ-ਚਲਨ ਬਾਰੇ ਏਨੇ ਕਿੱਸੇ ਸੁਣਾਏ ਕਿ ਹਾਜਰਾ ਨੇ ਕੰਨਾਂ ਉੱਤੇ ਹੱਥ ਧਰ ਲਏ—’ਤੋਬਾ ਮੇਰੀ ਮੈਂ ਕਦੋਂ ਕਰ ਰਹੀ ਆਂ ਨੌਕਰੀ।’ “ਇਹ ਸਾਰੀਆਂ ਮੋਈਆਂ ਮਾਸਟਰਨੀਆਂ, ਮਾਸਟਰਾਂ ਨਾਲ ਫਸੀਆਂ ਹੁੰਦੀਐਂ। ਸਕੂਲ ਦਾ ਤਾਂ ਬਹਾਨਾ ਹੁੰਦੈ। ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁਲ਼ ਖਿਆਉਣ ਜਾ ਵੜਦੀਐਂ।” ਉਹ ਕਹਿੰਦੇ ਹੁੰਦੇ ਸਨ।
ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ‘ਤੇ ਮਜ਼ਬੂਰ ਕਰ ਦੇਂਦੀ ਏ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ-ਗੁਆਂਢ ਨੇ ਤੇ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ‘ਤੇ ਹੀ ਬੰਦ ਕਰ ਦਿੱਤੇ ਤਾਂ ਹਾਜਰਾ ਨੂੰ ਗੁਆਂਢਣ ਦੀ ਗੱਲ ‘ਤੇ ਗੌਰ ਕਰਨਾ ਪਿਆ।
“ਓਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜ਼ਨਾਨੀ ਦੀ ਕਮਾਈ ਖਾਂਦੇ ਹੋਣਗੇ।” ਪੁੱਛਣ ‘ਤੇ ਬਾਕਰ ਮੀਆਂ ਨੇ ਕਿਹਾ ਸੀ, “ਅਜੇ ਏਨਾ ਦਮ ਹੈ…ਜਦ ਮਰ ਜਾਵਾਂਗਾ, ਤਦ ਜੋ ਜੀਅ ‘ਚ ਆਏ ਕਰ ਲਵੀਂ!”
“ਹੁਣ ਤਾਂ ਜੇਵਰ ਵੀ ਨਹੀਂ ਰਹੇ। ਸਾਰੇ ਇਕ ਇਕ ਕਰਕੇ ਵਿਕ ਗਏ ਨੇ।”
“ਵਿਕ ਗਏ ਤਾਂ ਕੀ ਹੋਇਆ। ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਂਨੀਂ ਐਂ।”
“ਊਂ-ਹ ਆ ਚੁੱਕਿਆ ਹੁਣ ਪੈਸਾ। ਸਾਲ ਵਿਚ ਤਿੰਨ ਚਾਰ ਸੌ ਦੀ ਕਮਾਈ ਵਿਚ ਕਿੰਜ ਗੁਜਾਰਾ ਹੋ ਸਕਦੈ।”
“ਦੇਖ ਬਈ, ਜੇ ਇੰਜ ਆਵਾਰਾਗਰਦੀ ਕਰਨ ਦਾ ਈ ਮੂਡ ਐ ਤਾਂ ਤਲਾਕ ਲੈ-ਲੈ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਹਣਤਾਂ ਨਹੀਂ ਸੁਣ ਸਕਦਾ।” ਬਾਕਰ ਮੀਆਂ ਨੇ ਹਿਰਖ ਕੇ ਕਿਹਾ ਤੇ ਫੇਰ ਹਾਜਰਾ ਬੀ ਦੀ ਹਿੰਮਤ ਮੁੱਕ ਗਈ।
ਇਕ ਤਾਂ ਘਰੇ ਤੰਗੀ ਉਪਰੋਂ ਸਾਰਿਆਂ ਦਾ ਮਿਜਾਜ਼ ਚਿੜਚਿੜਾ। ਅੰਮਾਂ ਜੀ ਦੀ ਤਾਂ ਸਮਝ ‘ਚ ਈ ਨਹੀਂ ਸੀ ਆਉਂਦਾ।
“ਓ ਬਈ, ਸਾਡੀ ਤਾਂ ਆਪਣੇ ਗਿਆਰਾਂ ਰੁਪਏ ਵਿਚ ਵਧੀਆ ਸਰੀ ਜਾਂਦੀ ਐ। ਮੈਂ ਪੁੱਛਦੀ ਆਂ, ਬਹੂ ਤੋਂ ਕਿਉਂ ਨੀ ਘਰ ਚੱਲਦਾ?” ਉਹ ਬੁੜਬੁੜ ਕਰਦੀ। ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ, ਨਾ ਵੱਲ। ਪਾਈ-ਪਾਈ ਦਾ ਹਿਸਾਬ ਲਿਖਦੀ ਆਂ—ਪਰ ਫੇਰ ਵੀ ਇਹੋ ਰਟਦੇ ਰਹਿੰਦੇ ਨੇ…
“ਓ ਬਈ, ਏਨੇ ਰੁਪਈਆਂ ‘ਚ ਤਾਂ ਖਾਨਦਾਨ ਪਲ ਜਾਂਦੇ ਐ। ਤੁਹਾਡੇ ਤਾਂ ਬਰਕਤ ਈ ਨਹੀਂ…ਬਹੂ, ਭਲਾ ਅਸੀਂ ਕਿੰਜ ਗੁਜਾਰਾ ਕਰ ਲੈਨੇਂ ਆਂ…”
“ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦੈ, ਨਾ ਖਾਣੇ ਦਾ ਧੇਲਾ। ਨਾ ਭੰਗੀ-ਮਾਸ਼ਕੀ ਦਾ ਖਰਚ। ਰਹਿ ਗਈ ਅਫ਼ੀਮ ਦੀ ਲਤ ਤਾਂ…”
ਲਤ ਸ਼ਬਦ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾਂ ਜੀ ਦਾ ਪਠਾਨੀ ਖ਼ੂਨ ਉਬਾਲ ਖਾ ਗਿਆ।
“ਮੇਰਾ ਰਹਿਣਾ ਵੀ ਰੜਕਦੈ। ਹਾਂ ਕਿਰਾਇਆ ਵੀ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ। ਦੋ ਰੋਟੀਆਂ ਖਾਂਦੀ ਆਂ। ਹਿਸਾਬ ਲਾ ਕੇ ਲੈ-ਲਿਆ ਕਰ, ਆਪਣੇ ਸਾਰੇ ਪੈਸੇ। ਕੀ ਸਮਝਿਆ ਐ? ਅਜੇ ਦਮ ਹੈ ਏਨਾ ਕਿਸੇ ਦੇ ਭਾਂਡੇ ਮਾਂਜ ਕੇ ਏਨਾ ਤਾਂ ਮਿਲ ਜਾਇਆ ਕਰੂ। ਹੱਡ-ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦੇਈਂ। ਅੱਲਾ ਦੇ ਨਾਂਅ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਈ ਜਾਊ…ਵੈਸੇ ਸੁਣ ਲੈ—ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਆਂ ਕਿਸੇ ਮਾਲਜਾਦੀ ਦੇ ਘਰ ਰੋਟੀਆਂ ਨੀ ਤੋੜ ਰਹੀ।”
ਹਾਜਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ‘ਮੈਂ ਤਾਂ ਹਿਸਾਬ ਦੱਸਿਆ ਸੀ। ਮੇਰਾ ਖ਼ੁਦਾ ਨਾ ਕਰੇ, ਮੇਰਾ ਇਹ ਮਤਲਬ ਥੋੜ੍ਹਾ ਈ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਓ।’ ਪਰ ਉਹ ਕਦ ਸੁਣਨ ਵਾਲੀ ਸੀ। ਇਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ…ਖ਼ੁਦ ਆਪਣੀਆਂ, ਆਪਣੇ ਖ਼ਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ-ਕਰ ਕੇ ਰੋਂਦੀ-ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ-ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਆਏ, ਅੰਮਾਂ ਜੀ ਦਾ ਰਿਕਾਰਡ ਫੇਰ ਸ਼ੁਰੂ ਹੋ ਗਿਆ। ਅੱਧੀ ਰਾਤ ਤਕ ਚੱਕੀ ਚੱਲਦੀ ਰਹੀ। ਹਾਜਰਾ ਨੇ ਵੀ, ਸੜਦੀ-ਭੁੱਜਦੀ ਨੇ, ਮੀਆਂ ਨੂੰ ਨਿਖੱਟੂ ਕਹਿ ਦਿੱਤਾ। ਤੇ ਬਾਕਰ ਮੀਆਂ ਨੇ ਹਿਸਾਬ-ਕਿਤਾਬ ਲਾ ਕੇ ਹਾਜਰਾ ਨੂੰ ਮੂਰਖ ਸਿੱਧ ਕਰ ਦਿੱਤਾ। ਤੇ ਅੰਮਾਂ ਜੀ ਨੇ ਉਹਨਾਂ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ…ਪਰ ਕਿਸੇ ਦੇ ਕਾਲਜੇ ਵਿਚ ਠੰਡਕ ਨਾ ਪੈ ਸਕੀ।
ਹਾਜ਼ਰਾ ਬੀ ਸਾਰੀ ਰਾਤ ਰੋਂਦੀ ਰਹੀ।
ਅੰਮਾਂ ਜੀ ਬੁੜਬੁੜ ਕਰਦੀ ਰਹੀ।
ਤੇ ਬਾਕਰ ਮੀਆਂ ਠੰਡੇ ਹਊਕੇ ਭਰਦੇ-ਛੱਡਦੇ ਰਹੇ।
ਵਿਚ ਵਿਚ ਨਸੀਮ ਡਰਾਵਨੇ ਸੁਪਨੇ ਦੇਖ ਕੇ ਰੋਂਦਾ ਰਿਹਾ। ਤੇ ਕਈ ਮਹੀਨਿਆਂ ਦੀ ਝਿਕ-ਝਿਕ ਪਿੱਛੋਂ ਇਹ ਫ਼ੈਸਲਾ ਹੋਇਆ ਕਿ ਜੇ ਹਾਜਰਾ ਬੀ ਕੱਚੇ ਤੌਰ ਤੇ ਕੰਮ ਕਰਨ ਲੱਗ ਜਾਏ ਤਾਂ ਏਨਾ ਜ਼ਿਆਦਾ ਹਰਜ਼ ਵੀ ਨਹੀਂ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ, ਉਹ ਨੌਕਰੀ ਛੱਡ ਦਏਗੀ।
“ਹਾਂ ਬਈ ਹੁਣ ਮੈਂ ਬੋਰਡ ਦੀ ਮੀਟਿੰਗ ਵਿਚ ਅਰਜੀ ਦੇਣ ਦਾ ਫ਼ੈਸਲਾ ਕਰ ਲਿਐ। ਮੈਂ ਖ਼ੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾਂ ਕੀ ਜਵਾਬ ਦਿੰਦੇ ਐ।”
“ਕੋਈ ਮੈਨੂੰ ਸ਼ੌਕ ਏ, ਮਨਹੂਸ ਨੌਕਰੀ ਦਾ…ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ?” ਹਾਜਰਾ ਬੀ ਨੇ ਵਿਸ਼ਵਾਸ ਦਿਵਾਇਆ।
“ਓ ਬਈ ਮੈਂ ਕੌਣ ਹੁੰਨੀਂ ਆਂ ਰਾਏ ਦੇਣ ਆਲੀ, ਕਿਸਮਤ ‘ਚ ਜੋ ਲਿਖਿਐ—ਉਹ ਤਾਂ ਹੋਊਗਾ ਈ ਹੋਊਗਾ।” ਅੰਮਾਂ ਜੀ ਨੇ ਵੀ ਰਜ਼ਾਮੰਦੀ ਜਾਹਰ ਕੀਤੀ ਸੀ।
ਤੇ ਹਾਜਰਾ ਬੀ ਨੇ ਸਿਰਫ ਬਵੰਜਾ ਰੁਪਏ ‘ਤੇ ਸਕੂਲ ਵਿਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਤਜ਼ੁਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਵਿਚ ਗਿਆਨ ਨਾਲੋਂ ਵੱਧ ਧਮੁੱਕਿਆਂ ਤੇ ਚਪੇੜਾਂ ਦੀ ਲੋੜ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੀਕ ਗਲ਼ਾ ਪਾੜ-ਪਾੜ ਕੇ ਬੱਚਿਆਂ ਨੂੰ ਤਾੜਨਾ-ਝਾੜਨਾ, ਉਹਨਾਂ ਦੀ ਮਾਰ-ਕੁਟਾਈ ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾਅ ਕੇ ਅਮਨ ਬਹਾਲ ਕਰਨਾ। ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਲਈ ਹਰ ਵੇਲੇ ਉਹਨਾਂ ਦੇ ਸਾਰੇ ਖ਼ਾਨਦਾਨ ਲਈ ਸਾੜ੍ਹੀਆਂ, ਬਲਾਊਜ਼ਾਂ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜ਼ਾਈਆਂ ਦੇ ਨਗੰਦੇ ਪਾਉਣਾ। ਹਾਜਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਏਨੀਆਂ ਸਾੜ੍ਹੀਆਂ ਕਢਵਾਈਆਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਹਾਜਰਾ ਬੀ ਨੂੰ ਆਪਣੇ ਕੰਮ ਉੱਤੇ ਨਾਜ਼ ਸੀ, ਅੱਜ ਉਹੀ ਕੰਮ ਗਲ਼ੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਇਹ ਆਮਦਾਨ ਦਾ ਕੋਈ ਪੱਕਾ ਸਾਧਨ ਨਹੀਂ ਸੀ ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ…ਘੱਟੋਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ ਸੀ। ਕਦੀ ਕਦੀ ਸਾੜ੍ਹੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਲਈ ਆ ਜਾਂਦੇ ਸੀ।
ਸਾਰਿਆਂ ਨੂੰ ਹੀ ਹਾਜਰਾ ਬੀ ਦੇ ਘਰ ਦਾ ਹਾਲ ਪਤਾ ਸੀ…ਤੇ ਕੁਝ ਨਾ ਕੁਝ ਦਿੰਦੇ ਦਿਵਾਂਦੇ ਹੀ ਰਹਿੰਦੇ ਸਨ ਪਰ ਇਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਲਈ ਦਿੱਤੇ ਤਾਂ ਹਾਜਰਾ ਬੀ ਨੂੰ ਗੁੱਸਾ ਆ ਗਿਆ। ਜੀਅ ਚਾਹਿਆ ਕਹਿ ਦਏ, ‘ਮਾਸਟਰਨੀ ਆਂ ਕੋਈ ਮੰਗਤੀ ਨਹੀਂ।’ ਪਰ ਕੁਝ ਸੋਚ ਕੇ ਗੁੱਸਾ ਪੀ ਗਈ…ਕੀ ਫਾਇਦਾ, ਵਿਗਾੜ ਕੇ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ ਏ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਏ। ਪਰ ਘਰ ਆ ਕੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ। ਅੰਮਾਂ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ—
“ਚੰਗੇ ਭਲੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ ਜਾਂਦੇ ਆ। ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡੀਂਦਾ ਸੀ? ਏਸੇ ਲਈ ਤਾਂ ਕਹਿੰਦੀ ਹਾਂ ਬੇਟਾ, ਤੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ…”
ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ ਬਾਕਰ ਮੀਆਂ ਦਾ ਅਜੀਬ ਹਾਲ ਸੀ…ਨਾ ਛੱਡਿਆ ਜਾਂਦਾ ਸੀ ਨਾ ਨਿਗਲਿਆ—ਵੱਸ ‘ਚ ਹੁੰਦਾ ਤਾਂ ਪਤਨੀ ਨੂੰ ਇਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ-ਮਜ਼ਾਕ ਵਿਚ ਮਿਹਣੇ ਮਾਰਦੇ ਸੀ—
“ਬਾਕਰ ਬਈ ਐਸ਼ ਨੇ ਤੇਰੇ ਤਾਂ ਘਰਵਾਲੀ ਕਮਾ ਕੇ ਲਿਆਉਂਦੀ ਏ, ਬੈਠ ਕੇ ਆਰਾਮ ਨਾਲ ਖਾਂਦਾ ਏਂ। ਏਥੇ ਸਾਡੀ ਬੇਗ਼ਮ ਦਾ ਉਹ ਨਖ਼ਰਾ ਏ ਕਿ ਮਾਸ਼ਾ ਅੱਲ੍ਹਾ! ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼।”
“ਯਾਰ ਸੱਚੀ ਗੱਲ ਤਾਂ ਇਹ ਐ ਕਿ ਆਪਾਂ ਨੂੰ ਵੀ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਐ ਕਿ ਮਰਦ ਦਾ ਦਿਲ ਖੁਸ਼ ਕਰਨ। ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਐ, ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਏ।” ਦੂਜੇ ਸਾਹਬ ਨੇ ਫੁਰਮਾਇਆ।
“ਤੇਰਾ ਈ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏਂ। ਯਾਰ ਸੌਂਹ ਖ਼ੁਦਾ ਦੀ ਮੈਂ ਤਾਂ ਖ਼ੁਦਕਸ਼ੀ ਕਰ ਲਵਾਂ ਇੰਜ ਤੀਵੀਂ ਦੇ ਟੁਕੜਿਆਂ ‘ਤੇ ਮੈਂ ਤਾਂ ਨਾ ਜਿਊਂਦਾ ਰਹਿ ਸਕਾਂ।”
“ਓਇ ਇਹ ਬੋਰਡ ਦੇ ਮੈਂਬਰ! ਸਾਲੇ ਪਰਲੇ ਦਰਜ਼ੇ ਦੇ ਹਰਾਮਜਾਦੇ ਹੁੰਦੇ ਨੇ। ਇਹ ਸਕੂਲ ਤਾਂ ਨਾਂਅ ਦੇ ਨੇ ਸਾਲੇ ਚਕਲੇ ਨੇ ਚਕਲੇ, ਬੁਰਾ ਨਾ ਮੰਨੀ ਤੇਰੀ ਬੀਵੀ ਤਾਂ ਖ਼ੈਰ ਸ਼ਰੀਫ ਏ। ਇਹ ਸਾਲੀਆਂ ਮਾਸਟਰਨੀਆਂ ਅੱਵਲ ਨੰਬਰ ਦੀਆਂ ਉਹ ਹੁੰਦੀਆਂ ਨੇ। ਇਹ ਸਾਰੀਆਂ ਮੈਂਬਰਾਂ ਦੇ ਘਰੀਂ ਤੁਰੀਆਂ ਫਿਰਦੀਆਂ ਨੇ।”
“ਲਾਹੌਲ ਵਲਾ ਕੁਵੱਤ। ਓਇ ਯਾਰ ਇਹਨਾਂ ਮਾਸਟਰਨੀਆਂ ਨੂੰ ਦੇਖ ਕੇ ਤਾਂ ਕੈ ਆਉਂਦੀ ਏ। ਸਾਲੀਆਂ ਸਾਰੀਆਂ ਕਾਣੀਆਂ-ਮੀਣੀਆਂ, ਭੈੜੀਆਂ ਸ਼ਕਲਾਂ…ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ। ਇਸ਼ਕ ਵੀ ਲੜਾਉਂਦੇ ਨੇ ਤਾਂ ਕਿਆ ਥਰਡ ਕਲਾਸ ਮਾਲ ਨਾਲ। ਯਾਰ ਸਾਡੇ ਮੁਹੱਲੇ ਵਿਚ ਇਕ ਸਾਲੀ ਮਾਸਟਰਨੀ ਸੀ…ਜੀਅ ਭਰ ਕੇ ਬਦਸੂਰਤ। ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ, ਬੁਰਕੇ ਵਿਚੋਂ ਨਿਕਲੀਆਂ ਹੁੰਦੀਆਂ। ਜਦੋਂ ਮੇਰੇ ਘਰ ਸਾਹਮਣਿਓਂ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ, ‘ਲਾ ਦਿਓ ਸਾਲੀ ਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ-ਫੁਦਕ ਕੇ ਦੌੜਦੀ ਸੀ। ਬੜੀ ਸੱਚੀ-ਸੁੱਚੀ ਬਣਦੀ ਸੀ। ਸਾਲੀ ਦਾ ਢਿੱਡ ਹੋ ਗਿਆ, ਕੱਢ ਦਿੱਤੀ ਗਈ ਮੁਹੱਲੇ ਵਿਚੋਂ ਜੁੱਤੀਆਂ ਮਾਰ-ਮਾਰ ਕੇ।”
ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨ੍ਹਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਟਾਲਦੇ ਰਹਿੰਦੇ, ਸੁਣੀ-ਅਣਸੁਣੀ ਕਰ ਛੱਡਦੇ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦੇ। ਆਉਂਦਿਆਂ ਨੂੰ ਅੰਮਾਂ ਜੀ ਦੋ ਚਾਰ ਸੁਣਾ ਦੇਂਦੀ।
“ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਤੇ ਬੇਗ਼ਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਆਂ ਐਨੀ ਸਵੇਰੇ ਸਵੇਰੇ ਸਕੂਲ ‘ਚ ਕੀ ਹੁੰਦੈ। ਮੀਆਂ ਮੈਂ ਬੁੱਢੀ ਠੇਰੀ ਕਬਰ ‘ਚ ਪੈਰ ਲਟਕਾਈ ਬੈਠੀ ਆਂ। ਅੱਜ ਮਰੀ, ਕਲ੍ਹ ਦੂਜਾ ਦਿਨ। ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦੈ…ਕਿੰਜ ਬੀਤੇਗੀ, ਇਹਨਾਂ ਬੱਚਿਆ ‘ਤੇ ਕੀ ਅਸਰ ਪਏਗਾ ਕਿ ਮਾਂ ਦਾ ਪੈਰ ਘੜੀ ਭਰ ਲਈ ਵੀ ਘਰੇ ਨਹੀਂ ਟਿਕਦਾ।”
ਬਾਕਰ ਮੀਆਂ ਦਾ ਖ਼ੂਨ ਉਬਾਲੇ ਖਾਣ ਲੱਗਦਾ।
“ਅੱਜ ਆ ਜਾਏ ਹਰਾਮਜ਼ਾਦੀ, ਮਜ਼ਾ ਨਾ ਚਖ਼ਾ ਦਿੱਤਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ।”
ਸਕੂਲ ਟਈਮ ਤੋਂ ਬਾਅਦ ਵੱਡੀ ਮਾਸਟਰਨੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਜਾਂ ਲਾਇਬਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ। ਜਾਂ ਇਮਤਿਹਾਨਾ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ। ਹਾਜਰਾ ਬੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ…
‘ਸੱਲੂ ਭੁੱਖਾ ਹੋਏਗਾ। ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋਏਗਾ ਕਿ ਨਹੀਂ। ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਏ, ਖੱਟੀ ਹੋ ਗਈ ਲੱਗਦੀ ਸੀ। ਕਹਿਣਾ ਭੁੱਲ ਗਈ। ਸੁੱਟ ਦੇਂਦੀ ਤਾਂ ਚੰਗਾ ਹੁੰਦਾ। ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਈ ਨਹੀਂ ਮਿਲਿਆ। ਪਤਾ ਨਹੀਂ ਕੀ ਗਵਾਅ ਆਇਆ ਹੋਏਗਾ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਏ। ਅੱਜ ਸੱਲੂ ਲਈ ਮਟਰ ਲੈਂਦੀ ਜਾਵਾਂਗੀ। ਦੁੱਧ, ਨਿਰਾ ਪਾਣੀ ਪਾਉਂਦਾ ਏ ਕੰਮਬਖਤ। ਕਿੰਨਾ ਕਮਜ਼ੋਰ ਹੁੰਦਾ ਜਾ ਰਿਹੈ ਮੇਰਾ ਲਾਲ। ਪਤਾ ਨਹੀਂ ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ ਜਾਂ ਨਹੀਂ। ਸਾਰੀਆਂ ਕਮੀਜ਼ਾਂ ਫਟ ਗਈਆਂ ਨੇ। ਐਤਕੀਂ ਤਨਖ਼ਾਹ ਮਿਲੀ ਤਾਂ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੀ। ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਵਿਚ ਘੁਲੇ ਜਾ ਰਹੇ ਨੇ।’ ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ ਜਦੋਂ ਉਹ ਨਵੀਂ-ਨਵੀਂ ਵਿਆਹੀ ਆਈ ਸੀ। ‘ਕੱਪੜਿਆਂ ਦਾ ਕਿੰਨਾਂ ਸ਼ੌਕ ਸੀ! ਸੂਟਾਂ ਨਾਲ ਅਲਮਾਰੀ ਭਰੀ ਪਈ ਸੀ। ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆਂ ਏਂ—ਇੱਥੇ ਘਰ ਬਾਰ ਈ ਬੁੱਢਾ ਹੋ ਗਿਆ ਈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਿਲ ਨਾਲ ਤੀਹ ਸਾਲ ਦੇ ਹੋਣਗੇ’…“ਹਾਜ਼ਰਾ ਬੀ ਇਹ ਲਿਸਟ ਤਾਂ ਸ਼ੁਰੂ ਤੋਂ ਈ ਗਲਤ ਐ।” ਵੱਡੀ ਮਾਸਟਰਨੀ ਜੀ ਨੇ ਸੋਚਾਂ ਵਿਚੋਂ ਬਾਹਰ ਖਿੱਚ ਲਿਆਂਦਾ।
“ਜੀ?”
“ਇਹ ਦੇਖੋ…ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ। ਇਹ ਕਿੰਜ ਤੂੰ ਪਹਿਲੀ ਵਿਚ ਚੜ੍ਹਾ ਦਿੱਤੇ। ਕੰਮ ਵਿਚ ਤੇਰਾ ਧਿਆਨ ਬਿਲਕੁਲ ਨਹੀਂ, ਕੁਝ ਦਿਨਾਂ ਦੀ ਮੈਂ ਦੇਖ ਰਹੀ ਆਂ। ਤੇਰੀ ਕਲਾਸ ਵਿਚ ਵੀ ਰੌਲਾ ਪੈਂਦਾ ਰਹਿੰਦਾ ਏ।”
“ਮੈਂ ਹੁਣੇ ਦੂਜੀ ਲਿਸਟ ਬਣਾ ਦੇਨੀ ਆਂ ਜੀ।” ਹਾਜ਼ਰਾ ਬੀ ਨੇ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਉੱਤੇ ਝੁਕ ਗਈ।
ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾਂ ਬਣਾ ਦੇਂਦੀ ਹੈ ਜਿੰਨਾਂ ਜ਼ਰੂਰਤ ਤੋਂ ਵਧ ਵਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜਰਾ ਬੀ ਨੂੰ ਦੇਖਿਆ ਤਾਂ ਇਕ ਇਕ ਕਰਕੇ ਸਾਰੇ ਜ਼ਖ਼ਮਾਂ ਦੇ ਮੂੰਹ ਖੁੱਲ੍ਹ ਗਏ।
“ਕਿੱਥੋਂ ਤਸ਼ਰੀਫ ਲਿਆ ਰਹੇ ਓ ਏਨੀ ਦੇਰ ਨਾਲ?”
“ਜਹੱਨੁਮ ‘ਚੋਂ।” ਹਾਜਰਾ ਬੀ ਨੇ ਚਿੜ ਕੇ ਕਿਹਾ।
“ਓ ਬਈ ਤੂੰ ਕੌਣ ਹੁੰਦਾ ਏਂ ਪੁੱਛਣ ਵਾਲਾ…ਕਮਾਊ ਬੀਵੀ ਐ, ਕੋਈ ਮਜ਼ਾਕ ਥੋੜ੍ਹਾ ਈ ਐ। ਪੇਟ ਨੂੰ ਟੁੱਕੜ ਦੇਂਦੀ ਐ। ਜਦੋਂ ਜੀਅ ਕਰੂ ਆਊਗੀ, ਜਦੋਂ ਜੀਅ ਚਾਹੂਗਾ ਜਾਊਗੀ।” ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾਂ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲੁਅਈ ਸੀ! ਸੋ ਅੱਗ ਉੱਤੇ ਤੇਲ ਛਿੜਕਿਆ ਗਿਆ।
“ਮੈਂ ਪੁੱਛ ਰਿਹਾਂ, ਕਿੱਥੇ ਲਾਈ ਏਨੀ ਦੇਰ?” ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ।
“ਸਲੀਮ…ਓਇ ਸੱਲੂ…ਬੇਟਾ!” ਹਾਜਰਾ ਬੀ ਨੇ ਚਾਹਿਆ ਕੁਝ ਨਾ ਸੁਣੇ। ਕੁਝ ਨਾ ਦੇਖੇ। ਨਹੀਂ ਤਾਂ ਉਸਦੇ ਅੰਦਰੋਂ ਇਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਏਨਾਤ ਨੂੰ ਭਸਮ ਕਰ ਦਏਗਾ।
“ਮੈਂ ਕੀ ਪੁੱਛ ਰਿਹਾਂ…ਤੇਰੇ ਕੰਨ ‘ਤੇ ਜੂੰ ਈ ਨਹੀਂ ਸਰਕ ਰਹੀ। ਹਰਾਮਜਾਤੀ…ਉੱਲੂ ਦੀ ਪੱਠੀ।” ਬਾਕਰ ਮੀਆਂ ਨੇ ਹਿਰਖ ਕੇ ਉਠਦਿਆਂ ਹੋਇਆਂ ਸੱਪ ਵਾਂਗ ਫੁਕਾਰ ਕੇ ਕਿਹਾ।
ਹਾਜਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਵਿਚ ਦੇਖਿਆ ਤੇ ਸਹਿਮ ਗਈ। ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ।
“ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ।”
“ਕਮਾਈ ਦੀ ਬੱਚੀ…ਇਹ ਏਨੀ ਸ਼ਾਮ ਤਕ ਕਮਾਈ ਹੋ ਰਹੀ ਸੀ?”
“ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ।” ਹਾਜਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਿਹਾ। “ਇੱਜ਼ਤ ਦਾ ਏਨਾ ਈ ਖ਼ਿਆਲ ਏ ਤਾਂ ਖ਼ੁਦ ਕਿਉਂ ਨਹੀਂ ਕਮਾਂਦੇ..ਇਹ ਖ਼ੂਬ ਏ, ਸਾਰਾ ਦਿਨ ਕੰਮਬਖ਼ਤ ਦਿਮਾਗ਼ ਖਪਾਂਦੇ ਆਓ ਤੇ ਉੱਪਰੋਂ ਗਾਲ੍ਹਾਂ ਸੁਣੋ। ਘਰੇ ਬੈਠੇ ਆਕੜਦੇ ਓ…ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਨਾਲ ਤੂਸ ਲੈਂਦੇ ਓ, ਉਪਰੋਂ ਗੁਰਰਾਉਂਦੇ।” ਹਾਜਰਾ ਬੀ ਜਾਣਦੀ ਸੀ ਉਹ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ। ਉਹ ਲੱਖ ਪੁੱਛਦੀ, “ਲੂਣ ਮਿਰਚ ਠੀਕ ਹੈ?” “ਅੰ?” ਉਹ ਤ੍ਰਭਕ ਕੇ ਕਹਿੰਦੇ, “ਹਾਂ-ਹਾਂ ਸਭ ਠੀਕ ਐ।” ਤੇ ਫੇਰ ਆਪਣੀਆਂ ਸੋਚਾਂ ਦੇ ਜਾਲ ਵਿਚ ਉਲਝ ਜਾਂਦੇ; ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕੋਈ ਬਾਕਰ ਮੀਆਂ ਦਾ ਕੀਮਾਂ ਕਰਕੇ ਕੁੱਤਿਆਂ ਨੂੰ ਪਾ ਦਵੇ।
ਗਾਲ੍ਹਾਂ-ਦੁਪੜਾਂ, ਜੂਤ-ਪਤਾਨ ਹਰ ਰੋਜ਼ ਆਪਣੀ ਪੀਂਘ ਚੜ੍ਹਾਉਂਦੇ ਰਹੇ ਤੇ ਉੱਤੋਂ ਅੰਮਾਂ ਜੀ ਦੇ ਤੇਲ ਦਾ ਛਿੱਟਾ…ਹੋਰ ਕੁਝ ਨਹੀਂ, ਬਸ ਇਹੀ।
“ਹਾਂ ਬਈ—ਭਲਾਅ ਮੀਆਂ, ਪੈਰ ਦਾ ਪਹਿਰਾਵਾ। ਨੀਂ ਅਸੀਂ ਤਾਂ ਕਦੇ ਆਪਣੇ ਖ਼ਸਮ ਅੱਗੇ ਮੂੰਹ ਨੀ ਸੀ ਖੋਲ੍ਹਿਆ। ਹਾਂ ਬਈ, ਨਿਕੰਮਾਂ ਮੀਆਂ ਤੇ ਪਾਂ ਖਾਧਾ ਕੁੱਤਾ ਕਿਸੇ ਨੂੰ ਨੀ ਭਾਉਂਦਾ।”
ਫੇਰ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖ਼ਮਾਂ ਉੱਤੇ ਖਰੀਂਢ ਲਿਆ ਦੇਂਦੀ। ਨਵੀਂ ਪਾਈ, ਚੁੱਪਚਾਪ, ਮੂੰਹ ਚੱਲਦੇ ਰਹਿੰਦੇ—ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਉੱਤੇ ਪਏ ਕੁੜ੍ਹਦੇ ਤੇ ਲੰਮੇਂ ਹਊਕੇ ਭਰਦੇ ਰਹਿੰਦੇ।
“ਉੱਠੋ ਬਿਸਤਰਾ ਵਿਛਾਅ ਦਿਆਂ।” ਉਹ ਨਰਮੀਂ ਨਾਲ ਕਹਿੰਦੀ।
“ਰਹਿਣ ਦੇਅ।” ਰੁੱਖਾ ਜਿਹਾ ਜਵਾਬ ਮਿਲਦਾ।
“ਹੁਣ ਇਹਨਾਂ ਨਖਰਿਆਂ ਦਾ ਕੀ ਲਾਭ।” ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਤਾਂ ਜਿਵੇਂ ਸੁਪਨਾ ਬਣ ਕੇ ਰਹਿ ਗਈਆਂ ਸਨ।
“ਇਕ ਵਾਰੀ ਕਹਿ ਦਿੱਤਾ…ਰਹਿਣ ਦੇਅ।” ਬਾਕਰ ਮੀਆਂ ਗਰਜਦੇ ਤੇ ਹਾਜਰਾ ਬੀ ਆਪਣੀ ਪੰਗੂੜੀ ਵਰਗੀ ਮੰਜੀ ਉੱਤੇ ਲੇਟ ਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਵਿਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ।
ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇਕ ਦੂਜੇ ਨਾਲ ਪਿਆਰ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ ਸਨ। ਹੂੰ-ਹਾਂ ਦੇ ਸਿਵਾਏ ਗੱਲ ਬਾਤ ਹੀ ਬੰਦ ਹੋ ਗਈ ਸੀ। ਉਹ ਸਮਝਦੀ ਸੀ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ। ਸੱਸ ਦੇ ਮਿਹਣੇ ਘੱਟ ਹੋ ਜਾਣਗੇ। ਮੀਆਂ ਦਾ ਪਿਆਰ ਤਾਂ ਮਿਲੇਗਾ। ਮੀਆਂ ਕਮਾਅ ਕੇ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਵਿਚ ਆਪਣਾ ਪਿਆਰ ਦੇਂਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫ਼ਰਜ਼ ਨਹੀਂ ਬਣਦਾ ਕਿ ਉਹ ਘੱਟੋਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ। ਆਖ਼ਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਕੱਟਣ ਤੋਂ ਬਚਾਅ ਰਹੀ ਹੈ। ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜ਼ਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਨਾਲ ਦੇਖਦੀਆਂ ਨੇ ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਆਣੀਆਂ ਹੋਣ। ਕੀ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦੇਂਦੀ ਤਾਂ ਪਵਿੱਤਰਤਾ ਵਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨ-ਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇਕ ਆਦਮੀ ਦੇ ਫ਼ਰਜ਼ਾਂ ਨੂੰ ਨਿਭਾਅ ਰਹੀ ਹੈ। ਇਕ ਕਮਾਉਣ ਵਾਲਾ ਮਰਦ ਫਰੂਨ, ਤੇ ਕਮਾਉਣ ਵਾਲੀ ਬੀਵੀ ਮੁਜਰਮ! ਖ਼ੈਰ ਉਸਨੂੰ ਦੁਨੀਆਂ ਨਾਲ ਨਹੀਂ, ਬਾਕਰ ਮੀਆਂ ਨਾਲ ਸ਼ਿਕਾਇਤ ਸੀ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਨਾਲ ਛਾਤੀ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਲਈ ਉਸਦੀ ਥੱਕੀ-ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ੍ਹ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਵਾਰ ਲਈ ਸਮਾਂ ਨਹੀਂ ਮਿਲਦਾ, ਖ਼ੁਦ ਉਸਦਾ ਦਿਲ ਚਾਹੁੰਦਾ ਸੀ, ਹਰ ਦਿਨ ਐਤਵਾਰ ਹੋਵੇ ਤੇ ਹੁਣ ਜਦੋਂ ਕਿ ਜ਼ਿੰਦਗੀ ਇਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁਟਦਾ ਜਾ ਰਿਹਾ ਸੀ। ਕੀ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ? ਕੀ ਉਹ ਮੀਆਂ ਦੀ ਜ਼ਿੰਦਗੀ ਵਿਚ ਹੀ ਬੇਵਾ ਹੋ ਗਈ ਹੈ?
ਖ਼ੁਦਾ ਨੇ ਜਿਵੇਂ ਸੁਣ ਲਈ, ਇਕ ਪ੍ਰਛਾਵਾਂ ਜਿਹਾ ਆਪਣੇ ਉਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ, ਤੜਪ ਕੇ ਹਾਜਰਾ ਨੇ ਉਹਨਾਂ ਦੀ ਬਾਂਹ ਫੜ੍ਹ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਵਿਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ! ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਏਨੀਆਂ ਨੁਕੀਲੀਆਂ ਤਾਂ ਕਦੀ ਨਹੀਂ ਸੀ ਹੁੰਦੀਆਂ! ਜਿਵੇਂ ਸਦੀਆਂ ਬਾਅਦ ਉਹ ਉਹਨਾਂ ਨਾਲ ਮਿਲ ਰਹੀ ਹੋਵੇ। ਕਿੰਨਾਂ ਹੁਸੀਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ!
ਉਹ ਉਸਦੀਆਂ ਬਾਹਾਂ ਵਿਚ ਗੂੜ੍ਹੀ ਨੀਂਦ ਸੌਂ ਗਏ ਸਨ ਜਿਵੇਂ ਵਰ੍ਹਿਆਂ ਦੇ ਜਾਗ ਰਹੇ ਹੋਣ। ਹੁਣ ਉਹ ਇਸੇ ਤਰ੍ਹਾਂ ਸੰਵਿਆਂ ਕਰਨਗੇ। ਕੱਲ੍ਹ ਤੋਂ ਉਹ ਆਪਣੀ ਖੱਲ ਲਾਹ ਕੇ ਉਹਨਾਂ ਦੇ ਕਦਮਾਂ ਹੇਠ ਵਿਛਾਅ ਦਏਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਵਿਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ-ਭਰੇ ਹੱਥਾਂ ਨੂੰ ਕੀ ਹੋ ਗਿਆ ਏ। ਜਿਵੇਂ ਬਾਂਸ ਦੀਆਂ ਤੀਲੀਆਂ ਹੋਣ! ਚੁੱਪਚਾਪ ਉਹ ਉਹਨਾਂ ਦੀ ਇਕ ਇਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਉਹ ਹਿੱਲੀ ਨਹੀਂ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ!
ਉਸਨੇ ਸੁਪਨੇ ਵਿਚ ਦੇਖਿਆ—ਬਾਕਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਵਿਚ ਹੀ ਗਿਲੋਰੀ ਮੂੰਹ ਵਿਚ ਪਾਈ ਤਾਂ ਉਹਨਾਂ ਪੌਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਨੱਪ ਲਈ। ਸਾਰੀ ਦੇਹ ਵਿਚ ਕੁਤਕੁਤੀਆਂ ਹੋਣ ਲੱਗੀ ਪਈਆਂ ਤੇ ਹਾਜਰਾ ਦੀ ਅੱਖ ਖੁੱਲ੍ਹ ਗਈ। ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ।
“ਉੱਠ ਕਰਮਾਂ ਸੜੀਏ, ਤੇਰਾ ਮੀਆਂ ਪੂਰਾ ਹੋ ਗਿਆ।” ਅੰਮਾਂ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ, “ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ।”
ਲੇਖਕ ਇਸਮਤ ਚੁਗ਼ਤਾਈ
ਅਨੁਵਾਦ: ਮਹਿੰਦਰ ਬੇਦੀ, ਜੈਤੋ
ਗੱਲ ਏਹ ਨੀ…ਬੀ ਤੁਸੀਂ ਤੜਕੇ ਕਿੰਨੇ ਵਜੇ ਉੱਠੇ…ਜਾਂ ਨਹਾ ਕੇ ਤਿੰਨ ਤੋਂ ਛੇ ਤੱਕ ਰੱਬ ਦਾ ਨੌਂ ਲਿਆ…ਗੱਲ ਏਹ ਆ ਬੀ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਤੂੰ ਕਿਮੇ ਸੀ..ਕੀ ਕੀਤਾ…??ਮਸਲਾ ਏਹਨੇ ਨਬੇੜਨਾ…ਗੱਲ ਏਹ ਨੀ…ਤੂੰ ਗੁਰੂਦੁਆਰੇ ਜਾਂ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏਂ…ਕਿੰਨਾ ਜੀ ਜੀ ਕਰਦਾ ਏਂ…ਗੱਲ ਏਹ ਆ ਬੀ ਕਿਸੇ ਆਪ ਤੋਂ ਮਾੜੇ ਗਰੀਬ ਤੇ ਮੈਲ਼ੇ ਕੱਪੜਿਆਂ ਆਲ਼ੇ ਨਾਲ਼ ਤੇਰੀ ਬੋਲਚਾਲ ਕਿਮੇ ਆ….???..ਗੱਲ ਏਹ ਨੀ…ਕਿ ਤੂੰ ਗੋਲਕ ਚ ਕਿੱਡਾ ਨੋਟ ਪਾਇਆ ਏ…ਗੱਲ ਏਹ ਆ ਬੀ ਗੁਰੂਦੁਆਰੇ ਆਉਣ ਲੱਗੇ…ਜਿਹੜਾ ਰਿਕਸ਼ੇ ਆਲ਼ਾ ਤੈਨੂੰ ਲੈਕੇ ਆਇਆ…ਓਹਨੇ ਤੀਹ ਮੰਗੇ ਸੀ…ਤੂੰ ਵੀਹ ਦੇਣ ਲੱਗੇ ਬੀ ਕਿੰਨਾ ਕੁਜ ਸਣਾਇਆ ਓਹਨੂੰ….
ਗੱਲ ਏਹ ਨੀ ਕਿ ਤੂੰ ਕਮਾਈ ਕਿੰਨੀ ਕੀਤੀ…ਗੱਲ ਏਹ ਆ..ਤੈਨੂੰ ਪਿਆਰ ਕਿੰਨੇ ਕਰਦੇ ਨੇ…ਕਿੰਨਿਆਂ ਦਾ ਤੈਨੂੰ ਮਿਲਣ ਨੂੰ..ਤੇਰੀਆਂ ਗੱਲਾਂ ਸੁਣਨ ਨੂੰ ਜੀਅ ਕਰਦੈ…ਕਿੰਨੇ ਬੂਹੇ ਤੇਰੀ ਉਡੀਕ ਚ ਖੁੱਲੇ ਨੇ…???…ਗੱਲ ਏਹ ਨੀ ਕਿ ਤੇਰੇ ਕੋਲ਼ ਗੱਡੀ ਕਿੱਡੀ ਐ…ਗੱਲ ਏਹ ਆ…ਕਿਤੇ ਮੀਂਹ ਪੈਂਦੇ ਚ..ਕਿਸੇ ਭਿੱਜਦੇ ਨੂੰ ਤੂੰ ਗੱਡੀ ਚ ਬਹਾਕੇ ਮੰਜਲ ਤੇ ਛੱਡਿਐ…??…ਗੱਲ ਏਹ ਨੀ…ਕਿ ਤੇਰੀ ਗੱਡੀ ਭੱਜਦੀ ਕਿੰਨੀ ਐ…ਗੱਲ ਏਹ ਆ..ਕਿ ਕਿਤੇ ਪਾਣੀ ਕੋਲ਼ੋਂ ਲੰਘਦੇ ਟੈਮ…ਸਾਮਣੇ ਸੈਕਲ ਤੇ ਕਿਸੇ ਬੇਬਸ ਬੰਦੇ ਨੂੰ ਆਉਂਦੇ ਦੇਖ ਕੇ ਤੂੰ ਗੱਡੀ ਹੌਲ਼ੀ ਕਿੰਨੀ ਲੰਘਾਈ…ਬੀ ਕਿਤੇ ਛਿੱਟੇ ਨਾਂ ਪੈ ਜਾਣ ਬਾਈ ਤੇ….!!…ਗੱਲ ਏਹ ਨੀ…ਕਿ ਤੂੰ ਮਾਸ ਜਾਂ ਮੀਟ ਖਾਨਾ ਕਿ ਨਹੀਂ ਖਾਂਦਾ…ਗੱਲ ਏਹ ਆ…ਤੂੰ ਖੂਨ ਕਿੰਨੇ ਲੋਕਾਂ ਦਾ ਪੀਨੈ ਰੋਜ….
ਗੱਲ ਏਹ ਨੀ…ਕਿ ਥੋਡੇ ਪਿੰਡ ਧਾਰਮਕ ਸਥਾਨ ਕਿੰਨੀ ਜਮੀਨ ਚ ਬਣਿਐ..ਜਾਂ ਓਥੇ ਸਵੇਰੇ ਚਿੱਟੇ ਕੁੜਤੇ ਪਜਾਮੇ ਪਾਕੇ ਕਿੰਨੇ ਜਾਣੇ ਆਉਂਦੇ ਨੇ…ਗੱਲ ਏਹ ਆ ਕਿ ਉਨਾਂ ਆਉਣ ਆਲ਼ਿਆਂ ਚੋਂ ਸ਼ਾਮਲਾਤ ਦੀ ਜਮੀਨ ਕਿੰਨਿਆਂ ਨੇ ਦੱਬੀ ਐ…ਉਹ ਕਿੰਨੇ ਨੇ ਜਿਨਾਂ ਸਾਂਝੀ ਪਹੀ ਭੋਰਾ ਭੋਰਾ ਕਰ ਵਾਹ ਕੇ ਆਪਣੇ ਖੇਤ ਚ ਰਲ਼ਾ ਲੀ…ਗੱਲ ਏਹ ਨੀ ਕਿ ਤੇਰੇ ਡੌਲ਼ਿਆਂ ਚ ਜਾਨ ਕਿੰਨੀ ਐ…ਗੱਲ ਏਹ ਆ ਕਿ ਕਦੇ ਕਿਸੇ ਗਰੀਬ ਦੇ ਹੱਕ ਲਈ..ਕਿਸੇ ਤਾਕਤਵਰ ਦੇ ਵਿਰੁੱਧ ਆਪਣਾ ਦਮ ਦਿਖਾਇਐ..???….ਗੱਲ ਏਹ ਨੀ ਕਿ ਤੂੰ ਹਫਤੇ ਬਾਦ ਕੇਹੜੇ ਵੱਡੇ ਹੋਟਲ ਚ ਚੈੱਕ ਇੰਨ ਪਾਕੇ ਲੰਚ ਕਰਦੈਂ….ਗੱਲ ਏਹ ਆ ਬੀ ਪਿੰਡ ਸੈਕਲ ਤੇ ਗਰਮੀ ਚ ਪੰਦਰਾਂ ਰਪਈਏ ਕਿੱਲੋ ਸਬਜੀ ਵੇਚਣ ਆਲ਼ੇ ਨੂੰ ਤੂੰ ਅੱਖਾਂ ਦਖਾ ਕੇ ਵੀਹ ਦੀ ਦੋ ਕਿੱਲੋ ਕਿਮੇ ਪਵੌਨੈਂ…!!!
ਗੱਲ ਏਹ ਨੀ ਕਿ ਤੂੰ ਪੈਸੇ ਕਿੰਨੇ ਕਮਾਏ…ਗੱਲ ਏਹ ਆ ਕਿ ਤੂੰ ਰਿਸ਼ਤੇ ਕਿਮੇ ਨਿਭਾਏ…??..ਗੱਲ ਏਹ ਨੀ…ਤੂੰ ਕੇਹੜੇ ਮੁਲਕ ਚ “ਸੈਟਲ” ਹੋਗਿਆ…ਗੱਲ ਏਹ ਆ..ਜੇਹੜੀ ਮਿੱਟੀ ਚ ਤੂੰ ਜੰਮਿਆ ਪਲ਼ਿਆ ਓਹਦੇ ਲਈ ਤੂੰ ਕੀ ਕੀਤਾ…??…ਗੱਲ ਏਹ ਨੀ ਕਿ ਤੇਰੀ ਕੋਠੀ ਦੇ ਹਰੇਕ ਕਮਰੇ ਚ ਅਲੱਗ ਰੰਗ ਨੇ…ਗੱਲ ਏਹ ਆ..ਕਿ ਕੀ ਤੂੰ ਕਦੇ ਕੁਦਰਤ ਦੇ ਰੰਗਾਂ ਨੂੰ ਮਾਣਿਐ…ਮੁਹੱਬਤਾਂ ਕੀਤੀਆਂ…ਫੁੱਲਾਂ ਨਾਲ਼ ਹੱਸਿਐਂ ਕਦੇ…??? ਗੱਲ ਏਹ ਨੀ ਕਿ ਤੇਰੀ ਉਮਰ ਕਿੰਨੀ ਐ…ਸਵਾਲ ਤੇ ਏਹ ਆ…ਬੀ ਤੂੰ ਕਦੇ ਜੀਅ ਕੇ ਦੇਖਿਐ…??????
ਬਾਗੀ ਸੁਖਦੀਪ
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।”
ਉਹ ਆ ਗਈ। ਛੇ ਮਹੀਨੇ ਅਸੀਂ ਇਕੱਠੇ ਰਹੇ। ਇਹ ਸਮਾਂ ਮੇਰਾ ਖੁਸ਼ੀ ਭਰਿਆ ਵੀ ਸੀ, ਤੇ ਕਸ਼-ਮਕਸ਼ ਨਾਲ ਭਰਿਆ ਵੀ ਸੀ। ਆਪਣੇ ਵਰਗੀ ਸਾਦੀ ਕੁੜੀ ਨੂੰ ਕਲਕਤੇ ਵਰਗੇ ਸ਼ਹਿਰ ਵਿਚ ਸੁਤੰਤਰ ਸੈਰਾਂ ਕਰਾਅ ਕੈ ਮੈਨੂੰ ਬੜੀ ਖ਼ੁਸ਼ੀ ਹੁੰਦੀ ਸੀ। ਮੈਂ ਦਫ਼ਤਰ ਜਾਂਦਾ, ਉਹ ਸਾਰਾ ਦਿਨ ਨਿੱਕੇ ਨਿੱਕੇ ਕੰਮਾਂ ਉਤੋਂ ਮੇਰਾ ਰਾਹ ਤਕਦੀ ਰਹਿੰਦੀ। ਤੇ ਜਦੋਂ ਮੈਂ ਆ ਜਾਂਦਾ, ਅਸੀਂ ਇਕੱਠੇ ਹੀ ਰਸੋਈ ਵਿਚ ਰੋਟੀ ਤਿਆਰ ਕਰਦੇ, ਖਾਂਦੇ, ਤੇ ਫੇਰ ਦੋ ਪੰਛੀਆਂ ਵਾਂਗ ਕਲਕਤੇ ਦੀਆਂ ਚੌੜੀਆਂ ਜੂਹਾਂ ਵਿਚ ਉਡਦੇ ਫਿਰਦੇ। ਪੈਦਲ ਹੀ ਅਸਾਂ ਸਾਰਾ ਕਲਕਤਾ ਗਾਹ ਮਾਰਿਆ।
ਇਕ ਅੰਗਰੇਜ਼ ਥੀਏਟਰ ਕੰਪਨੀ ਕਲਕਤੇ ਵਿਚ “ਏਸ਼ੀਆ ਦਾ ਚਾਨਣ” ਨਾਟਕ ਖੇਡ ਰਹੀ ਸੀ। ਬੜੇ ਇਸ਼ਤਿਹਾਰ ਉਹਦੇ ਛਪੇ ਸਨ। ਬੜੀ ਸਿਫ਼ਤ ਉਹਨਾਂ ਦੇ ਨਾਟਕ ਦੀ ਸੁਣੀ ਸੀ : ਸਾੜ੍ਹੀਆਂ ਵਿਚ ਮੇਮਾਂ, ਨੰਗੇ ਪੈਰਾਂ ਵਿਚ ਮਹਿੰਦੀ ਲਗੀ ਹੋਈ, ਅੱਪਛਰਾਂ ਦੱਸੀਆਂ ਜਾਂਦੀਆਂ ਸਨ। ਸਿਧਾਰਥ ਦਾ ਪਾਰਟ ਕਰਨ ਵਾਲਾ ਅੰਗਰੇਜ਼, ਕਹਿੰਦੇ ਸਨ, ਕੋਈ ਦੇਵਤਾ ਦਿਸਦਾ ਸੀ।
ਅਸਾਂ ਵੀ ਟਿਕਟਾਂ ਲੈ ਲਈਆਂ। ਉਹ ਰਾਤ ਮੇਰੀ ਜ਼ਿੰਦਗੀ ਦਾ ਉਹ ਸਮਾਂ ਹੈ, ਜਿਦ੍ਹੀ ਘੜੀ ਘੜੀ ਦਾ ਖ਼ਿਆਲ ਮੇਰੀ ਯਾਦ ਵਿਚ ਉਕਰਿਆ ਪਿਆ ਹੈ। ਉਸ ਰਾਤ ਦੇ ਸਾਰੇ ਆਪਣੇ ਜਜ਼ਬੇ, ਸਹਿਮ ਤੇ ਤਸੱਲੀਆਂ ਮੈਂ ਅਜ ਵੀ ਦੁਹਰਾਅ ਸਕਦਾ ਹਾਂ। ਇਹ ਵੀ ਮੈਨੂੰ ਯਾਦ ਹੈ ਕਿ ਇਹ ਨਾਟਕ ਮੇਰੀ ਪਤਨੀ ਨੂੰ ਉੱਕਾ ਚੰਗਾ ਨਹੀਂ ਸੀ ਲੱਗਾ, ਤੇ ਮੈਨੂੰ ਏਸ ਗੱਲ ਦੀ ਬੜੀ ਉਦਾਸੀ ਹੋਈ ਸੀ। ਮੈਂ ਝਾਤੀ ਝਾਤੀ ਉਤੇ ਝੂੰਮ ਰਿਹਾ ਸਾਂ। ਪਰ ਉਹ ਮੇਰੇ ਤਰਜਮੇ ਨੂੰ ਠੰਡੀ ਤਰ੍ਹਾਂ ਸੁਣਦੀ ਸੀ। ਸਿਰਫ਼ ਉਸ ਝਾਤੀ ਨੂੰ ਚੰਗੀ ਤਰ੍ਹਾਂ ਵੇਖਣ ਲਈ ਉਹ ਅਗਾਂਹ ਉਲਰੀ ਸੀ, ਜਿਸ ਵਿਚ ਸਿਧਾਰਥ ਆਪਣੀ ਸੁੱਤੀ ਪਈ ਪਤਨੀ ਦੇ ਪੈਰਾਂ ਨੂੰ ਚੁੰਮਣ ਦੇ ਕੇ ਓੜਕ ਉਹਨੂੰ ਛੱਡ ਜਾਂਦਾ ਹੈ।
ਨਾਟਕ ਮੁਕਣ ਉਤੇ ਚਵ੍ਹਾਂ ਪਾਸਿਆਂ ਤੋਂ ਤਾੜੀਆਂ ਵਜੀਆਂ। ਮੈਂ ਵੀ ਬੜੇ ਜੋਸ਼ ਵਿਚ ਹਥ ਮਾਰ ਰਿਹਾ ਸਾਂ, ਪਰ ਮੇਰੀ ਪਤਨੀ ਅਹਿਲ ਮੇਰੇ ਪਾਸੇ ਨਾਲ ਬੈਠੀ ਰਹੀ।
ਰਾਹ ਵਿਚ ਬੁੱਧ ਨੂੰ ਮੈਂ ਉਹ ਵੱਡਾ ਮਹਾਂਪੁਰਖ ਦਰਸਾਣਾ ਚਾਹਿਆ, ਜਿਸ ਨੇ ਕਿਸੇ ਵੇਲੇ ਅੱਧੀ ਦੁਨੀਆ ਦਾ ਦਿਲ ਮੋਹ ਲਿਆ, ਤੇ ਉਹਨੂੰ ਭਰਮਾਂ ਦੀ ਦਲਦਲ ਵਿਚੋਂ ਕਢ ਕੇ ਆਪਣੇ ਅੰਦਰੋਂ ਸ਼ਾਂਤੀ ਲੱਭਣ ਦਾ ਮਾਰਗ ਦਸਿਆ ਸੀ।
“ਪਰ ਮੇਰਾ ਦਿਲ ਉਹ ਮੋਹ ਨਹੀਂ ਸਕਿਆ,” ਮੇਰੀ ਸਾਥਣ ਨੇ ਦਰਿੜ੍ਹ ਹੋ ਕੇ ਆਖਿਆ।
“ਕਿਉਂ? ਤੈਨੂੰ ਚੰਗਾ ਨਹੀਂ ਲੱਗਾ?” ਮੈਂ ਹੈਰਾਨ ਹੋ ਕੇ ਪੁੱਛਿਆ।
“ਤੁਸੀਂ ਉਸ ਸੁੱਤੀ ਪਈ ਯਸ਼ੋਧਰਾ ਦੀ ਥਾਂ ਹੋ ਕੇ ਵੇਖੋ, ਤਾਂ ਤੁਹਾਡੇ ਅੰਦਰ ਵੀ ਉਹੋ ਕੁਝ ਹੋਵੇ ਜੋ ਮੇਰੇ ਅੰਦਰ ਹੋ ਰਿਹਾ ਹੈ। ਸਵੇਰੇ ਉਠਦਿਆਂ ਉਹਦਾ ਦਿਲ ਜਿਸ ਤਰ੍ਹਾਂ ਖੁਸਿਆ ਹੋਵੇਗਾ, ਉਹ ਖੋਹ ਮੇਰੇ ਅੰਦਰ ਪੈ ਰਹੀ ਸੀ, ਜਦੋਂ ਲੋਕ ਤਾੜੀਆਂ ਵਜਾਅ ਰਹੇ ਸਨ — ਯਸ਼ੋਧਰਾ ਤਾਂ ਏਸ ਬੇਵਫ਼ਾਈ ਦੇ ਬਾਅਦ ਜਿਉਂਦੀ ਰਹਿ ਸਕੀ ਸੀ, ਮੈਂ ਖੌਰੇ ਨਾ ਹੀ ਰਹਿ ਸਕਾਂ…”
ਉਹ ਸਿਧਾਰਥ ਦੀ ਪਿਆਰ ਨਾਲ ਬੇਵਫ਼ਾਈ ਦੀਆਂ ਤੇ ਮੈਂ ਬੁੱਧ ਦੇ ਸੱਚ ਭਾਲਣ ਦੇ ਇਸ਼ਕ ਦੀਆਂ ਗੱਲਾਂ ਕਰਦੇ ਅਸੀਂ ਘਰ ਪਹੁੰਚੇ। ਬਹੁਤੀਆਂ ਗੱਲਾਂ ਲਈ ਉਹਦਾ ਰੌਂ ਨਾ ਵੇਖ ਕੇ ਮੈਂ ਸੌਂ ਗਿਆ। ਉਹ ਵੀ ਕਲ੍ਹ ਰਾਤ ਪੂਰੀ ਨਹੀਂ ਸੀ ਸੁਤੀ, ਗੁਆਂਢੀਆਂ ਦੇ ਬੀਮਾਰ ਬੱਚੇ ਸੰਬੰਧੀ ਸਹਾਇਤਾ ਦੇਣ ਗਈ ਰਹੀ ਸੀ। ਉਹ ਬੜੀ ਡੂੰਘੀ ਨੀਂਦ ਵਿਚ ਸੀ, ਜਦੋਂ ਸਾਡਾ ਬਾਹਰਲਾ ਬੂਹਾ ਖੜਕਿਆ। ਮੈਂ ਦੱਬੇ ਪੈਰੀਂ ਬੂਹਾ ਖੋਲ੍ਹ ਕੇ ਪੁੱਛਿਆ। ਗੁਆਂਢੀ ਬੱਚਾ ਬਹੁਤ ਔਖਾ ਸੀ, ਉਹਨੂੰ ਮਦਦ ਚਾਹੀਦੀ ਸੀ।
“ਇਕ ਮਿੰਟ — ਮੈਂ ਆਉਂਦਾ ਹਾਂ — ਮੇਰੀ ਪਤਨੀ ਕਲ੍ਹ ਸੁੱਤੀ ਨਹੀਂ ਸੀ, ਤੇ ਅਜ ਵੀ ਅਸੀਂ ਦੇਰ ਨਾਲ ਆਏ ਹਾਂ।”
ਮੈਂ ਕੱਪੜੇ ਪਾ ਲਏ ਤੇ ਅੰਦਰੋਂ ਜੰਦਰਾ ਲੈ ਕੇ ਬਾਹਰ ਲਾ ਦਿੱਤਾ, ਤੇ ਗੁਆਂਢੀਆਂ ਦੇ ਘਰ ਚਲਾ ਗਿਆ। ਓਥੇ ਬੱਚਾ ਬੜਾ ਔਖਾ ਸੀ, ਮੈਂ ਗੋਦੀ ਵਿਚ ਲੈ ਲਿਆ, ਤੇ ਜਿੰਨਾ ਚਿਰ ਕਿਸੇ ਨੇ ਮੈਨੂੰ ਵਿਹਲਿਆਂ ਨਾ ਕੀਤਾ, ਮੈਂ ਘਰ ਨਾ ਮੁੜ ਸਕਿਆ।
ਡੇਢ ਘੰਟੇ ਬਾਅਦ ਕਿਸੇ ਆਖਿਆ ਕਿ ਮੈਂ ਘਰ ਜਾਵਾਂ। ਬਹੂ ਇਕੱਲੀ ਹੋਵੇਗੀ। ਬੂਹੇ ਕੋਲ ਪਹੁੰਚਾ, ਜੰਦਰਾ ਖੋਲ੍ਹ ਕੇ ਜਦੋਂ ਭਿਤ ਧੱਕੇ ਤਾਂ, ਅੰਦਰੋਂ ਬੰਦ ਸਨ, ਤੇ ਅੰਦਰ ਰੌਸ਼ਨੀ ਕਮਰਿਓ ਕਮਰੇ ਫਿਰ ਰਹੀ ਸੀ। ਉਹ ਦਿਨ ਰਾਜਸੀ ਡਾਕਿਆਂ ਦੇ ਸਨ। ਵੱਡੇ ਤੇ ਬਦਮਿਜ਼ਾਜ ਸਰਕਾਰੀ ਨੌਕਰਾਂ ਦੇ ਘਰੀਂ ਡਾਕੇ ਪੈਂਦੇ ਸਨ, ਪਰ ਮੈਂ ਤਾਂ ਨਾ ਕੋਈ ਵੱਡਾ ਨੌਕਰ, ਤੇ ਨਾ ਬਦਮਿਜ਼ਾਜ ਸਾਂ। ਇਹ ਹਨੇਰ ਮੇਰੇ ਘਰ ਕਿਉਂ?
ਮੈਂ ਬੂਹਾ ਖੜਕਾਇਆ। ਰੌਸ਼ਨੀ ਬੂਹੇ ਅੱਗੇ ਆ ਗਈ, ਤੇ ਰੁੰਨੀ ਆਵਾਜ਼ ਨੇ ਪੁੱਛਿਆ,
“ਕੌਣ?”
“ਮੈਂ ਹਾਂ।”
“ਮੈਂ ਕੌਣ? ਮੈਂ ਨਹੀਂ ਬੂਹਾ ਖੋਲ੍ਹਣਾ।”
ਮੈਂ ਆਪਣਾ ਨਾਂ ਦੱਸਿਆ, ਕਿ ਮੈਂ ਉਹਨੂੰ ਜਗਾਇਆ ਨਹੀਂ ਸੀ — ਮੈਂ ਆਪ ਹੀ ਗੁਆਂਢੀ ਦੇ ਘਰ ਚਲਿਆ ਗਿਆ ਸਾਂ।
ਬੂਹਾ ਖੁਲ੍ਹਿਆ। ਉਸ ਜ਼ਮਾਨੇ ਵਿਚ ਸਿਆਲਕੋਟੋਂ ਕਲਕੱਤੇ ਇਕੱਲੀ ਦੋ ਹਜ਼ਾਰ ਮੀਲ ਦਾ ਸਫ਼ਰ ਕਰ ਸਕਣ ਵਾਲੀ ਦਲੇਰ ਕੁੜੀ ਦਾ ਮੂੰਹ ਅੱਥਰੂਆਂ ਨਾਲ ਭਿੱਜਾ ਪਿਆ ਸੀ। ਤੇ ਉਹਦਾ ਸਰੀਰ ਮੋਹਲਾਧਾਰ ਮੀਂਹ ਹੇਠਾਂ ਭਿੱਜੇ ਪੰਛੀ ਵਾਂਗ ਸੁੰਗੜਿਆ ਹੋਇਆ ਸੀ।
ਮੈਂ ਗਲ ਨਾਲ ਲਾ ਲਿਆ।
“ਪਰ ਕਿਉਂ — ਕਿਉਂ? ਤੂੰ ਤਾਂ ਰੋਣ ਵਾਲੀ ਕੁੜੀ ਨਹੀਂ ਸੈਂ!”
ਤਾਂ ਵੀ ਉਹ ਰੋਈ ਗਈ। ਸਾਹ ਨਾਲ ਜਦੋਂ ਸਾਹ ਮਿਲਿਆ ਤਾਂ ਮੈਂ ਉਹਨੂੰ ਚੁੱਕ ਕੇ ਮੰਜੇ ਉਤੇ ਲਿਟਾਅ ਦਿੱਤਾ, ਤੇ ਆਪਣੇ ਬੰਧੇਜ ਦੀ ਹੱਦ ਵਿਚ ਜੋ ਕੁਝ ਮੈਂ ਕਰ ਸਕਦਾ ਸਾਂ, ਉਹਦੇ ਨਾਲ ਕੀਤਾ। ਤੇ ਜਦੋਂ ਉਹਦੀਆਂ ਅੱਖਾਂ ਵਿਚ ਅਖ਼ੀਰਲਾ ਅੱਥਰੂ ਸੁਕ ਗਿਆ ਤਾਂ ਉਹਦੇ ਬੁੱਲ੍ਹਾਂ ਉਤੇ ਨਿਮ੍ਹੀ ਜਿਹੀ ਮੁਸਕਰਾਹਟ ਮੈਂ ਲੰਪ ਦੇ ਚਾਨਣ ਵਿਚ ਵੇਖੀ।
“ਮੈਨੂੰ ਨਾਟਕ ਦਾ ਸੁਪਨਾ ਆ ਰਿਹਾ ਸੀ। ਜਦੋਂ ਸਿਧਾਰਥ ਨੇ ਸੁੱਤੀ ਯਸ਼ੋਧਰਾ ਵਲੋਂ ਮੂੰਹ ਮੋੜ ਲਿਆ, ਮੈਨੂੰ ਹੌਲ ਪਿਆ ਤੇ ਮੇਰੀ ਜਾਗ ਖੁਲ੍ਹ ਗਈ। ਮੈਂ ਤੁਹਾਡੇ ਮੰਜੇ ਉਤੇ ਹੱਥ ਫੇਰਿਆ। ਮੇਰਾ ਕਲੇਜਾ ਕੁੜਕ ਗਿਆ। ਮੈਂ ਉਠੀ — ਤੁਹਾਡੇ ਕਪੜੇ ਵੇਖੇ — ਹੈ ਨਹੀਂ ਸਨ — ਬੂਹਾ ਵੇਖਿਆ, ਅੰਦਰੋਂ ਖੁਲ੍ਹਾ ਤੇ ਬਾਹਰੋਂ ਬੰਦ ਸੀ। ਮੇਰੇ ਅੰਦਰੋਂ ਚੀਕ ਉੱਠੀ : ਉਹ, ਮੇਰਾ ਸਿਧਾਰਥ ਮੈਨੂੰ ਧੋਖਾ ਦੇ ਗਿਆ।”
(ਹੱਡਬੀਤੀ) ਗੁਰਬਖ਼ਸ਼ ਸਿੰਘ ਪ੍ਰੀਤਲੜੀ