ਜਿੱਤ ਹਾਰ ਨੂੰ ਛੱਡ ਕੇ ਸਿਰਫ ਖੇਡਣ ‘ਤੇ
ਧਿਆਨ ਰੱਖਣ ਵਾਲਾ ਹੀ ਸਭ ਤੋਂ ਵੱਡਾ ਖਿਡਾਰੀ ਹੁੰਦਾ ਹੈ।
Jasmeet Kaur
ਡਾ. ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ ‘ਤੇ ਖੜ੍ਹੇ ਸੀ। ਹੱਥ ਵਿਚ ਅਖਬਾਰ, ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ, ਝਟਪਟ ਕਾਰ ਖੜੀ ਕਰਕੇ ਉਸ ਵੱਲ ਵਧੇ।
ਵੇ ਪੁੱਤ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ‘ਚ ਬਹੁਤ ਵੱਡੀ ਖੁਸ਼ੀ ਪਾਈ ਐ, ਵੇ ਜਿਉਂਦਾ ਰਹੁ ਬੱਚਿਆ!
“ਕੁਝ ਦੱਸੋਂ ਵੀ, ਕਿਹੜੀ ਖੁਸ਼ੀ ਨੇ ਮੇਰੀ ਮਾਂ ਨੂੰ”
“ਲੈ ਜਿਵੇਂ ਪਤਾ ਈ ਨੀ ਆਪਣੀ ਕਮਲ” ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, ਆਪਣੀ ਕਮਲ ਆਈ.ਏ.ਐਸ. ਵਿਚ ਸੈਕਿੰਡ ਆਈ ਐ` ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਚਣ ਹੀ ਲੱਗ ਪਈ।
ਬੀ ਜੀ! ਤੁਹਾਨੂੰ ਵੀ ਬਹੁਤ ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ? ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ ਉਤੇ ਝੁਕ ਗਏ।
ਮਾਂ ਨੇ ਫਿਰ ਪੁੱਤਰ ਨੂੰ ਜੱਫੀ ਪਾ ਲਈ, ਪੁੱਤਰ ਨੇ ਹੌਲੀ ਜਿਹੀ ਮਾਂ ਦੇ ਕੰਨ ਵਿਚ ਕਿਹਾ, ਜਿਸ ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ! ਤੁਸੀਂ ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ਯਾਦ ਐ?
ਪਰ ਮਾਂ ਉਸੇ ਲੋਰ ਵਿਚ ਬੋਲੀ, ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦੈ, ਉਸ ਨੂੰ ਘੜਤਰਾਸ਼ ਕੇ ਪੂਜਣਯੋਗ ਬਣਾ ਲਿਆ ਜਾਂਦੈ।
ਮੁਸ਼ਕਿਲਾਂ ਉਹ ਚੀਜ਼ਾਂ ਹੁੰਦੀਆਂ ਹਨ
ਜਿਹੜੀਆਂ ਆਪਾਂ ਨੂੰ ਉਦੋਂ ਦਿਖਾਈ ਦਿੰਦੀਆਂ
ਨੇ ਜਦੋਂ ਆਪਣਾ ਧਿਆਨ ਟੀਚੇ ‘ਤੇ ਨਹੀਂ ਹੁੰਦਾ।
ਹੈਨਰੀ ਫੋਰਡ
ਕਦਰ ਉਥੇ ਹੀ ਹੁੰਦੀ ਹੈ
ਜਿੱਥੇ ਤੁਹਾਡੀ ਲੋੜ ਹੋਵੇ
ਫਾਲਤੂ ਦੀਆ ਕੀਤੀਆਂ ਫਿਕਰਾਂ
ਅਕਸਰ ਡਰਾਮੇ ਬਣ ਜਾਂਦੀਆਂ ਨੇ
ਇਨਸਾਨ ਨੂੰ ਰੁੱਖਾਂ ਵਰਗਾ ਬਣਨਾ ਚਾਹੀਦਾ ਹੈ
ਜੋ ਆਪਣੇ ਕੋਲ ਆਏ ਹਰੇਕ ਇਨਸਾਨ ਨੂੰ ਜਾਤ,
ਧਰਮ ਤੇ ਨਸਲ ਪੁੱਛੇ ਬਗੈਰ ਬਰਾਬਰ ਦੀ ਛਾਂ ਦਿੰਦੇ ਹਨ।
ਮਨਪਸੰਦ ਦਾ ਘਰ ਸ਼ਰਨਜੀਤ ਦਾ ਬਚਪਨ ਤੋਂ ਹੀ ਸੁਪਨਾ ਸੀ। ਬਚਪਨ ਤੋਂ ਜਵਾਨੀ, ਤੇ ਜਵਾਨੀ ਚ ਸ਼ਾਦੀ ਹੋ ਜਾਣ ਪਿੱਛੋਂ ਉਸਦਾ ਸੁਪਨਾ ਵਾਰ-ਵਾਰ ਉਸਦੇ ਮਸਤਕ `ਚ ਦਸਤਕ ਦਿੰਦਾ ਰਿਹਾ। ਉਹ ਤੇ ਉਸਦਾ ਪਤੀ ਘਰ ਦੀ ਪ੍ਰਾਪਤੀ ਲਈ ਪੈਸਾ ਜੋੜਨ ਦੀ ਕੋਸ਼ਿਸ਼ ਕਰਦੇ ਪਰ ਬੈਂਕ ਬੈਲੈਂਸ ਉੱਥੇ ਦਾ ਉੱਥੇ ਹੀ ਰਹਿੰਦਾ। ਬੱਚਿਆਂ ਦੀ ਪਾਲਣਾ, ਪੜ੍ਹਾਈ, ਵਿਆਹ ਆਦਿ ਦੇ ਖ਼ਰਚਿਆਂ ਨੇ ਉਨ੍ਹਾਂ ਦੇ ਹੱਥ ਬੰਨੀ ਰੱਖੇ। ਉਹ ਮਕਾਨ ਤਾਂ ਬਦਲਦੇ ਰਹੇ ਪਰ ਘਰ ਨਸੀਬ ਨਾ ਹੋਇਆ। ਕਿਰਾਏ ਦੇ ਘਰਾਂ ਵਿਚ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਇਹ ਮਕਾਨ ਉਸ ਨੂੰ ਕਦੀ ਵੀ ਘਰ ਨਾ ਲੱਗਦੇ।
‘ਆਪਣੇ ਘਰ ਮੈਂ ਮਨ ਪਸੰਦ ਦਾ ਰੰਗ ਕਰਵਾ ਸਕਾਂਗੀ। ਜਿਸ ਦੀਵਾਰ ਤੇ ਚਾਹਾਂ ਮੇਖਾਂ ਲਗਾ ਕੇ ਫ਼ੋਟੋਆਂ ਟੰਗ ਸਕਾਂਗੀ। ਲੋੜ ਮੁਤਾਬਕ ਅਲਮਾਰੀਆਂ, ਖੁਲੀ ਰਸੋਈ ਤੇ ਬਾਥਰੂਮ ਬਣਵਾ ਸਕਾਂਗੀ। ਹੋਰ ਤਾਂ ਹੋਰ ਆਪਣੇ ਘਰ ਵਿਚ ਜਿਵੇਂ ਮਰਜ਼ੀ ਰਹਿ ਸਕਾਂਗੀ, ਜੋ ਚਾਹਾਂ ਕਰ ਸਕਾਂਗੀ। ਉੱਚੀ ਉੱਚੀ ਬੋਲਾਂਗੀ, ਨੱਚਾਂਗੀ, ਗਾਵਾਂਗੀ ਸ਼ੋਰ ਮਚਾਵਾਂਗੀ ਤੇ ਜਿਵੇਂ ਜੀ ਕਰੂ ਖਰੂਦ ਪਾਵਾਂਗੀ। ਕੋਈ ਮੈਨੂੰ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ। ਮਕਾਨ ਮਾਲਕਾਂ ਦੀਆਂ ਬੰਦਸ਼ਾਂ ਤੇ ਰੋਕਾਂ ਤੋਂ ਮੁਕਤ ਮੈਂ ਆਪਣੀ ਮਰਜੀ ਦੇ ਮਾਲਕ ਹੋਵਾਂਗੀ।
ਸ਼ਰਨਜੀਤ ਆਪਣੇ ਨਵੇਂ ਬਣਾਏ ਵਧੀਆ ਘਰ ਦੇ ਲਾਅਨ ਵਿਚ ਚਹਿਲ ਕਦਮੀ ਕਰਦੀ, ਬਚਪਨ ਦੇ ਸੁਪਨੇ ਨੂੰ ਯਾਦ ਕਰ ਰਹੀ ਸੀ। ਇਹ ਘਰ ਉਨ੍ਹਾਂ ਨੂੰ ਸੇਵਾ ਮੁਕਤੀ ਦੇ ਮਿਲੇ ਪੈਸਿਆਂ ਕਰਕੇ ਹੀ ਸੰਭਵ ਹੋ ਸਕਿਆ ਸੀ।
ਹੁਣ ਉਹ ਖ਼ੁਸ਼ ਹੈ ਕਿ ਇਹ ਨਵਾਂ ਮਕਾਨ ਉਸ ਦਾ ਆਪਣਾ ਘਰ ਹੈ। ਨਰਮ ਨਰਮ ਘਹ ਤੇ ਚਹਿਲ ਕਦਮੀ ਕਰਨਾ ਉਸਨੂੰ ਚੰਗਾ ਚੰਗਾ ਲੱਗਦਾ ਹੈ। ਉਹ ਅੰਤਰੀਵ ਖ਼ੁਸ਼ੀ ਵਿਚ ਮਸਤ ਹੈ। ਇਸੇ ਮਸਤੀ ਦੇ ਆਲਮ ਵਿਚ, ਉਸਨੇ ਕਿਸੇ ਗੀਤ ਦਾ ਮੁੱਖੜਾ, ਉੱਚੀ ਸੁਰ ਵਿਚ ਛੋਹ ਲਿਆ ਹੈ।
“ਮੰਮੀ ਪਲੀਜ਼! ਚੁੱਪ ਕਰੋ, ਉਸਦੇ ਪੁੱਤਰ ਨੇ ਅੰਦਰੋਂ ਚੀਕਦਿਆਂ ਕਿਹਾ”
“ਰੌਲਾ ਸੁਣਕੇ ਮੁੰਨੀ ਜਾਗ ਪਵੇਗੀ।”
ਉਹ ਚੁੱਪ ਕਰ ਗਈ। ਉਸਦੇ ਅੰਦਰੋਂ ਇਕ ਚੀਸ ਜਿਹੀ ਉੱਠੀ, ਮੇਰਾ ਗੁਣਗਣਾਉਣਾ ਵੀ ਬੱਚਿਆਂ ਨੂੰ ਰੌਲਾ ਲਗਦਾ ਹੈ।
ਦਰਦ ਭਰੇ ਮਨ ਨਾਲ ਉਹ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਵਿਡੰਬਣਾ ਹੈ ਕਿ ਮੈਂ ਆਪਣੇ ਘਰ ਵਿਚ ਉੱਚੀ ਵਾਜ ਵੀ ਨਹੀਂ ਕੱਢ ਸਕਦੀ। ਪੈਰਾਂ ਹੇਠਲਾ ਨਰਮ ਨਰਮ ਘਾਹ ਉਸਨੂੰ ਸੂਲਾਂ ਵਾਂਗ ਚੁੱਭਣ ਲੱਗਾ। ਟੁੱਟਦੇ ਸੁਪਨੇ ਦਾ ਹੌਕਾ ਭਰਦਿਆਂ ਉਸਨੇ ਆਪਣੇ ਆਪ ਨੂੰ ਕਿਹਾ, ‘‘ਮੈਂ ਤਾਂ ਅੱਜ ਵੀ ਆਪਣੇ ਘਰ ਨਹੀਂ, ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ!”
ਕਦੇ ਵੀ ਆਪਣਾ ਵਧੀਆ ਕੰਮ ਕਰਨਾ
ਸਿਰਫ਼ ਇਸ ਲਈ ਬੰਦ ਨਾ ਕਰੋ ।
ਕਿ ਕੋਈ ਤੁਹਾਨੂੰ ਕ੍ਰੈਡਿਟ ਨਹੀਂ ਦਿੰਦਾ।
ਕੁਮਾਰੀ ਲਿਰੀਕਲ
ਕਿਸੇ ਨੂੰ ਏਨਾ ਹੱਕ ਵੀ ਨਾ ਦਿਓ ਕਿ ਉਹ ਹੀ ਫੈਸਲਾ ਕਰੇ
ਕਿ ਤੁਸੀਂ ਕਦੋ ਹੱਸਣਾ ਹੈ ਅਤੇ ਕਦੋ ਰੋਣਾ ਹੈ
ਹਰ ਕੋਈ ਡਿੱਗਦਾ ਹੈ
ਪਰ ਵਾਪਸ ਉੱਠ ਕੇ ਹੀ
ਤੁਸੀਂ ਸਿੱਖਦੇ ਹੋ ਕਿਵੇਂ ਚੱਲਣਾ ਹੈ
ਵਾਲਟ ਡਿਜ਼ਨੀ
ਸੜਕ ਕਿਨਾਰੇ ਖੜੀ ਫਰੂਟ ਦੀ ਰੇਹੜੀ ਕੋਲ ਜਦੋਂ ਮੈਂ ਮੋਟਰ ਸਾਈਕਲ ਰੋਕੀ ਤਾਂ ਉਥੇ ਇੱਕ ਅਧੇੜ ਉਮਰ ਦੀ ਔਰਤ ਅਤੇ ਇੱਕ ਸੁਨੱਖੀ ਮੁਟਿਆਰ ਵੀ ਫਲ ਖੀਦ ਰਹੀਆਂ ਸਨ। ਮੈਂ ਵੀ ਕੁਝ ਸੇਬ ਚੁਨਣ ਲੱਗਾ। ਇੰਨੇ ਵਿਚ ਔਰਤ ਨੇ ਇਕ ਰਿਕਸ਼ੇ ਵਾਲੇ ਨੂੰ ਅਵਾਜ਼ ਦਿੱਤੀ ਅਤੇ ਕਹਿਣ ਲੱਗੀ, ਸੁਲਤਾਨਵਿੰਡ ਰੋਡ ਟਾਹਲੀ ਵਾਲੇ ਚੌਕ ਦੇ ਕਿੰਨੇ ਪੈਸੇ। ਅੱਠ ਰੁਪਏ ਬੀਬੀ ਜੀ ਰਿਕਸ਼ੇ ਵਾਲੇ ਦਾ ਉੱਤਰ ਸੀ। ਕੋਈ ਅੱਠ ਉਠ ਨਹੀਂ ਮਿਲਣੇ, ਪੰਜ ਰੁਪਏ ਦੇ ਵਾਂਗੀ। ਔਰਤ ਨੇ ਕਿਹਾ। ਮੈਂ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸਾਂ। ਮੈਂ ਔਰਤ ਨੂੰ ਕਿਹਾ ‘‘ਭੈਣ ਜੀ ਮੈਂ ਉਧਰ ਹੀ ਜਾਣਾ ਹੈ, ਤੁਸੀਂ ਮੇਰੇ ਨਾਲ ਬੈਠ ਸਕਦੇ ਹੋ।’’ ਜਾਹ ਭਰਾ ਜਾਹ ਕੰਮ ਕਰ। ਔਰਤ ਦਾ ਖਵਾ ਉੱਤਰ ਸੁਣ ਕੇ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸਾਂ। ਮੈਂ ਮੋਟਰ ਸਾਈਕਲ ਸਟਾਰਟ ਕਰ ਚੱਲਣ ਹੀ ਲੱਗਾ ਸੀ ਕਿ ਕੋਲ ਖੜੀ ਮੁਟਿਆਰ ਮੋਟਰ ਸਾਈਕਲ ਪਿੱਛੇ ਬੈਠਦੀ ਕਹਿਣ ਲੱਗੀ “ਅੰਕਲ ਜੀ ਚਲੋ ਮੈਂ ਵੀ ਉਧਰ ਹੀ ਜਾਣਾ ਹੈ। ਮੇਰੀ ਸ਼ਰਮਿੰਦਗੀ ਖਤਮ ਹੋ ਚੁੱਕੀ ਸੀ।
ਮਹੱਤਵ ਇਨਸਾਨ ਦਾ ਨਹੀਂ ਉਸਦੇ ਚੰਗੇ ਸੁਭਾਅ ਦਾ ਹੁੰਦਾ ਹੈ।
ਕੋਈ ਇੱਕ ਪਲ ਵਿਚ ਦਿਲ ਜਿੱਤ ਲੈਂਦਾ ਹੈ
ਅਤੇ ਕੋਈ ਨਾਲ ਰਹਿ ਕੇ ਵੀ ਜਿੱਤ ਨਹੀਂ ਪਾਉਂਦਾ
ਮੈਂ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ਗੁੱਡੀਆਂ ਪਲਾਸਟਿਕ ਦੀਆਂ ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ, ਮੈਂ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕੱਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ ਮੈਨੂੰ ਕਹਿੰਦੀ ਹੁੰਦੀ ਸੀ, ਕਿਉਂ, ਗੁੱਡੀਆਂ ਦਾ ਦਿਲ ਨੀ ਹੁੰਦਾ?
ਇੰਝ ਉਹਨਾਂ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਉਂਦੇ ਕਦੋਂ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀਂ ਲੱਗਾ ਮੇਰਾ ਵਿਆਹ ਪਹਿਲਾਂ ਹੋ ਗਿਆ ਤੇ ਰਾਜੀ ਦਾ ਕੁਝ ਚਿਰ ਬਾਅਦ ਤੇ ਮੈਂ ਕੁਝ ਕੁ ਮਹੀਨਿਆਂ ਬਾਅਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ਕੇ ਰਾਜੀ ਵੀ ਘਰ ਆਈ ਹੋਈ ਹੈ ਮੈਂ ਭੱਜ ਕੇ ਉਸਨੂੰ ਮਿਲਣ ਗਈ ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਮਸਾਂ ਹੀ ਟੱਪ ਹੋਈ!
ਉਸਨੇ ਮੈਨੂੰ ਦੱਸਿਆ ਕਿ ਇੱਕ ਐਕਸੀਡੈਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਸਹੁਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ ਮੈਂ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ ਤੇ ਝਿਜਕਦੇ ਝਿਜਕਦੇ ਮੈਂ ਕਹਿ ਹੀ ਬੈਠੀ ਰਾਜੀ ਜਿੰਦਗੀ ਐਥੇ ਰੁਕ ਤਾਂ ਨਹੀਂ ਜਾਂਦੀ ਮੈਂ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਂਦੀ ਹਾਂ ਕੇ ਉਹ ਤੈਨੂੰ ਤੇ ਰੀ ਖੁਸ਼ੀਆਂ ਮੋੜਨ ਦਾ ਯਤਨ ਕਰਨ!
ਪਰ ਉਸਨੇ ਮੇਰੀ ਬਾਂਹ ਫੜ ਮੈਨੂੰ ਰੋਕ ਲਿਆ ਕਿ ਨਹੀਂ ਇਹ ਮੈਥੋਂ ਨਹੀਂ ਹੋਣਾ ਮੈਂ ਉਸਨੂੰ ਸਿਰਫ ਇੱਕੋ ਸਵਾਲ ਪੁੱਛਿਆ, “ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਲਹੂ ਮਾਸ ਵਾਲੀਆਂ ਦਾ ਨਹੀਂ?”
ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸ਼ੋਖ ਰੰਗ ਉਸਦੇ ਚਿਹਰੇ ਤੇ ਸਾਫ ਦਿਖਾਈ ਦੇਣ ਲੱਗਾ।