ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ..
ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..!
ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ..ਮੁੱਕਦੀ ਏ ਤਾਂ ਆਵਾਂਗਾ..ਪਰ ਉਹ ਕਦੀ ਨਹੀਂ ਆਇਆ!
ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ ਦਾ ਹਸਪਤਾਲੋਂ ਫੋਨ ਆਇਆ..
ਆਖਣ ਲੱਗਾ ਘੜੀ ਦੀ ਘੜੀ ਆਵਾਂਗਾ..ਮੈਂ ਉਸਦੀ ਮਨਪਸੰਦ ਖੀਰ ਬਣਾਈ..
ਨਿੱਕਾ ਪੋਤਰਾ ਸਵਖਤੇ ਦਾ ਉੱਠ ਬਾਰੀ ਨਾਲ ਲੱਗ ਪਿਓ ਦਾ ਇੰਤਜਾਰ ਕਰ ਰਿਹਾ ਸੀ..
ਨੂੰਹ ਅਜੀਬ ਜਿਹੀ ਕਸ਼ਮਕਸ਼ ਵਿਚ ਸੀ..ਕਦੀ ਖੁਸ਼ ਹੁੰਦੀ ਤੇ ਕਦੀ ਉਦਾਸ..ਕਦੀ ਆਪਣੇ ਆਪ ਨਾਲ ਗੱਲਾਂ..! ਪਰ ਉਹ ਅੱਜ ਵੀ ਮਿੱਥੇ ਸਮੇਂ ਤੇ ਨਾ ਆਇਆ.. ਫੋਨ ਵੀ ਬੰਦ..ਅਸੀ ਆਸ ਲਾਹ ਦਿੱਤੀ..ਫੇਰ ਅਚਾਨਕ ਬਿੜਕ ਹੋਈ..ਬਾਹਰਲਾ ਗੇਟ ਖੜਕਿਆ..ਉਹ ਭੱਜ ਕੇ ਬਾਹਰ ਨੂੰ ਗਈ..ਗੇਟੋਂ ਬਾਹਰ ਬੇਂਚ ਤੇ ਬੈਠੇ ਨੇ ਉਸਨੂੰ ਓਥੇ ਹੀ ਰੋਕ ਦਿੱਤਾ..ਫੇਰ ਹੱਸਦਾ ਹੋਇਆ ਦੂਰੋਂ ਹੀ ਕਿੰਨਾ ਚਿਰ ਗੱਲੀ ਲੱਗਾ ਰਿਹਾ..
ਪੁੱਛਿਆ ਅੰਦਰ ਨਹੀਂ ਆਉਣਾ..!
ਕਹਿੰਦਾ ਨਹੀਂ ਬੱਸ ਇਥੋਂ ਹੀ ਮੁੜ ਜਾਣਾ..ਨਾਲਦੀ ਔੜ ਦੇ ਫੁਲ ਵਾਂਙ ਮੁਰਝਾ ਗਈ..!
ਫੇਰ ਬਾਹਰ ਬੈਠੇ ਨੇ ਹੀ ਦੋ ਕੂ ਚਮਚੇ ਖੀਰ ਦੇ ਖਾਦੇ..ਰਾਜਮਾਂਹ ਚੌਲਾਂ ਦਾ ਸਵਾਦ ਚੱਖਿਆ..!
ਪੁੱਤ ਨੂੰ ਫਲਾਇੰਗ ਕਿੱਸ ਕੀਤੀ..ਨਾਲਦੀ ਵੱਲ ਨਜਰ ਭਰ ਵੇਖਿਆ ਤੇ ਫੇਰ ਚਿੱਟਾ ਕੋਟ ਪਾਈ ਹਸਪਤਾਲ ਵੱਲ ਇਸ਼ਾਰਾ ਕਰਦਾ ਹੋਇਆ ਇੰਨੀ ਗੱਲ ਆਖ ਤੁਰਦਾ ਬਣਿਆ ਕੇ ਜੰਗ ਜੇ ਜਾਰੀ ਹੈ..ਮੁੱਕੀ ਤਾਂ ਫੇਰ ਆਵਾਂਗਾ..” ਦੋਸਤੋ ਕੌਣ ਆਖਦਾ ਕੇ ਜੰਗ ਸਿਰਫ ਬਾਡਰਾਂ ਤੇ ਹੀ ਲੜੀ ਜਾਂਦੀ ਏ..
ਕੁਝ ਜੰਗਾਂ ਆਪਣੇ ਆਪ ਨਾਲ ਵੀ ਹੁੰਦੀਆਂ..ਆਪਣੇ ਜਜਬਾਤਾਂ ਨਾਲ..ਪਰ ਇਹਨਾਂ ਜੰਗਾਂ ਵਿਚ ਹੁੰਦੇ ਧਮਾਕੇ ਸਿਰਫ ਆਪਣੇ ਆਪ ਨੂੰ ਹੀ ਸੁਣਾਈ ਦਿੰਦੇ ਨੇ..!