ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ..
ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ! ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ..
ਉਸ ਨਾਲ ਕਿੰਨੀਆਂ ਗੱਲਾਂ ਕਰਦੀ ਰਹਿੰਦੀ..ਰਾਤੀ ਛੇਤੀ ਸੌਂਦੀ ਨਾ..ਉਸਨੂੰ ਆਪਣੇ ਨਾਲ ਖੇਡਣ ਲਈ ਮਜਬੂਰ ਕਰਦੀ..ਉਸ ਨੇ ਅਗਲੀ ਸੁਵੇਰੇ ਕੰਮ ਤੇ ਜਾਣਾ ਹੁੰਦਾ..ਮੈਂ ਓਦਾ ਖਹਿੜਾ ਨਾ ਛੱਡਦੀ..ਉਹ ਕਿੰਨੀ ਦੇਰ ਤੱਕ ਮੈਨੂੰ ਨਾਲ ਪਈ ਨੂੰ ਥਾਪੜਦਾ ਰਹਿੰਦਾ..! ਫੇਰ ਅਗਲੇ ਦਿਨ ਸੁਵੇਰੇ ਉੱਠ ਓਹੀ ਮੈਨੂੰ ਖਵਾਉਦਾ..ਨਹਾਉਂਦਾ..ਤੇ ਫੇਰ ਸਕੂਲ ਘੱਲਦਾ!
ਮੇਰੀ ਦਾਦੀ ਮੇਰੇ ਬਾਪ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ..ਇਸ ਵਿਸ਼ੇ ਤੇ ਓਹਨਾ ਦੀ ਆਪਸ ਵਿਚ ਹੁੰਦੀ ਬਹਿਸ ਮੈਂ ਕਈ ਵਾਰ ਆਪਣੇ ਅੱਖੀਂ ਵੇਖੀ! ਫੇਰ ਥੋੜੀ ਵੱਡੀ ਹੋਈ ਤਾਂ ਮੈਂ ਮਾਂ ਬਾਰੇ ਕੁਝ ਸੰਜੀਦਾ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..ਮੇਰਾ ਬਾਪ ਉਸ ਬਾਰੇ ਕੁਝ ਵੀ ਗਲਤ ਨਾ ਬੋਲਦਾ..ਬਸ ਏਨਾ ਆਖਦਾ ਕੇ “ਮੇਰੀ ਮਾਂ ਦੇ ਸੁਫ਼ਨੇ ਬੜੇ ਉੱਚੇ ਸਨ..ਉਸਦੀ ਹੈਸੀਅਤ ਤੋਂ ਵੀ ਉੱਚੇ..ਇੱਕ ਦਿਨ ਆਪਣੇ ਸੁਫਨਿਆਂ ਦੀ ਹੈਸੀਅਤ ਦੇ ਬਰੋਬਰ ਦਾ ਇਨਸਾਨ ਮਿਲਿਆ ਤਾਂ ਝੱਟ ਬਾਹਰ ਜਾ ਆਪਣੀ ਦੁਨੀਆ ਵਸਾ ਲਈ”
ਮੈਂ ਪੁੱਛਦੀ “ਕੀ ਮੈਂ ਏਡੀ ਬਦਸੂਰਤ ਹਾਂ ਕੇ ਉਸ ਨੇ ਮੈਂਨੂੰ ਇੱਕ ਵਾਰ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ”?
ਮੇਰਾ ਬਾਪ ਅੱਗੋਂ ਚੁੱਪ ਕਰ ਜਾਇਆ ਕਰਦਾ..ਸ਼ਾਇਦ ਉਸ ਕੋਲ ਇਸ ਸਵਾਲ ਦਾ ਕੋਈ ਜੁਆਬ ਨਹੀਂ ਸੀ..! ਦਸਵੀਂ ਦੇ ਇਮਤਿਹਾਨਾਂ ਵੇਲੇ ਇੱਕ ਦਿਨ ਪੇਪਰ ਦੇ ਕੇ ਆਈ ਤਾਂ ਇੱਕ ਓਪਰੀ ਔਰਤ ਨੂੰ ਰਸੋਈ ਵਿਚ ਕੰਮ ਕਰਦੀ ਨੂੰ ਦੇਖ ਹੈਰਾਨ ਜਿਹੀ ਹੋਈਂ..ਡੈਡ ਦੱਸਣ ਲੱਗਾ ਕੇ ਇਹ ਤੇਰੀ ਨਵੀਂ ਮਾਂ ਹੈ..ਤੇ ਇਹ ਇਥੇ ਹੀ ਰਹੂ.. ਪਹਿਲੀ ਵਾਰ ਡੈਡੀ ਨਾਲ ਬਹੁਤ ਲੜੀ..ਹੁਣ ਜਦੋਂ ਮੈਨੂੰ ਕੱਲੀ ਰਹਿਣ ਦੀ ਆਦਤ ਪੈ ਗਈ ਤੇ ਤੁਸੀਂ ਬੇਗਾਨੀ ਔਰਤ ਘਰ ਵਾੜ ਲਈ..! ਆਖਣ ਲੱਗਾ ਕੇ ਮਾਂ ਨਹੀਂ ਤੇ ਇੱਕ ਸਹੇਲੀ ਦੇ ਤੌਰ ਤੇ ਹੀ ਆਪਣਾ ਲੈ..ਫੇਰ ਦਾਦੀ ਦਾ ਹਵਾਲਾ ਦਿੰਦਾ ਆਖਦਾ ਕੇ ਜੇ ਉਹ ਅੱਜ ਜਿਉਂਦੀ ਹੁੰਦੀ ਤਾਂ ਇਹ ਕੰਮ ਕਦੀ ਨਾ ਕਰਦਾ..!
ਫੇਰ ਇੱਕ ਦਿਨ ਅਚਾਨਕ ਡੈਡੀ ਆਪ ਵੀ ਹਸਪਤਾਲ ਦਾਖਿਲ ਹੋ ਗਿਆ..ਤੇ ਫੇਰ ਕਦੀ ਵਾਪਿਸ ਮੁੜ ਕੇ ਨਾ ਆਇਆ!
ਇੱਕ ਦਿਨ ਪੂਰਾਣੇ ਕਾਗਜ ਫਰੋਲਦਿਆਂ ਇਹਸਾਸ ਹੋਇਆ ਕੇ ਉਸਨੂੰ ਆਪਣੇ ਆਖਰੀ ਸਟੇਜ ਵਾਲਾ ਕੈਂਸਰ ਦਾ ਬਹੁਤ ਪਹਿਲੇ ਤੋਂ ਹੀ ਪਤਾ ਲੱਗ ਗਿਆ ਸੀ..
ਕੱਲੀ ਬੈਠੀ ਕਿੰਨੀ ਕਿੰਨੀ ਦੇਰ ਏਹੀ ਸੋਚੀ ਜਾਨੀ ਹਾਂ ਕੇ ਕਈ ਬਾਪ ਕਿੰਨੇ ਵੱਖਰੇ ਹੁੰਦੇ ਨੇ..ਮਾਵਾਂ ਤੋਂ ਵੀ ਵੱਧ ਧਿਆਨ ਰੱਖਣ ਵਾਲੇ..ਮਰਨ ਤੋਂ ਬਾਅਦ ਦਾ ਵੀ ਫਿਕਰ ਕਰਨ ਵਾਲੇ..ਹਰ ਵੇਲੇ ਆਸ ਪਾਸ ਰਹਿਣ ਵਾਲੇ! ਜਾਣ ਤੋਂ ਪਹਿਲਾਂ ਉਸ ਵੱਲੋਂ ਸਹੇੜ ਕੇ ਦੇ ਦਿੱਤੀ ਗਈ “ਨਿੱਕੇ ਸੁਫਨਿਆਂ” ਵਾਲੀ ਓਹੀ ਮਾਂ ਸਹੇਲੀ ਬਣ ਅੱਜ ਵੀ ਮੇਰੇ ਨਾਲ ਹੀ ਰਹਿੰਦੀ ਏ..! ਦੋਸਤੋ ਏਹੀ ਜਿੰਦਗੀ ਹੈ..”ਨਾਨਕ ਦੁਖੀਆ ਸਭ ਸੰਸਾਰ”..ਹਰੇਕ ਨੂੰ ਕੋਈ ਨਾ ਕੋਈ ਦੁੱਖ,ਫਿਕਰ ਅਤੇ ਪਛਤਾਵਾ..ਫੇਰ ਵੀ ਜੇ ਕਿਧਰੇ ਕੋਈ ਬਹੁਤ ਜਿਆਦਾ ਹੱਸਦਾ ਹੋਇਆ ਤੇ ਜਾਂ ਫੇਰ ਬਹੁਤ ਖ਼ੁਸ਼ ਹੱਸਦਾ ਹੋਇਆ ਤੇ ਜਾਂ ਫੇਰ ਬਹੁਤ ਖ਼ੁਸ਼ ਦਿਸਦਾ ਇਨਸਾਨ ਮਿਲ ਪਵੇ ਤਾ ਉਸਦੇ ਖੀਸੇ ਜਰੂਰ ਫਰੋਲ ਵੇਖਿਓ..ਹੰਜੂਆਂ ਨਾਲ ਸਿੱਲੇ ਹੋਏ ਕਿੰਨੇ ਸਾਰੇ ਰੁਮਾਲ ਜਰੂਰ ਮਿਲਣਗੇ!