ਤਾਇਆ ਪ੍ਰੀਤਮ ਸਿੰਘ ਬਹੁਤ ਤੇਜ਼ ਤਰਾਰ ਬੰਦੇ ਹਨ।ਘਰਾਂ ਵਿੱਚੋਂ ਲੱਗਦਾ ਇਹ ਤਾਇਆ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਹਰ ਗੱਲ ਨੂੰ ਤਰਕ ਨਾਲ ਕਰਨ ਵਾਲਾ ਬੰਦਾ ਹੈ। ਉਸ ਦੀ ਹਰ ਗੱਲ ਵਿੱਚ ਸਿਆਣਪ ਅਤੇ ਰਾਜ਼ ਛੁਪਿਆ ਹੁੰਦਾ ਹੈ। ਪਿੰਡ ਦੇ ਬਹੁਤ ਸਾਰੇ ਲੋਕ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੇ ਹਨ। ਘਰੇ ਮੇਲਾ ਲੱਗਿਆ ਰਹਿੰਦਾ ਹੈ ਤਾਈ ਵੀ ਤਾਏ ਵਰਗੀ ਹੀ ਹੈ ।ਉਹ ਘਰ ਆਏ ਸਾਰਿਆਂ ਨੂੰ ਜਲ ਪਾਣੀ ਛਕਾਉਦੀ ਤੇ ਮੱਥੇ ਵੱਟ ਨਹੀਂ ਪਾਉਂਦੀ। ਸਗੋਂ ਉਸ ਨੇ ਤਾਂ ਆਪਣੀ ਨੂੰਹੁਆ ਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ ਹੈ ।
ਤਾਏ ਕੋਲ ਚੰਗੀ ਜ਼ਮੀਨ ਹੈ ਤੇ ਉਹ ਸਾਰੀ ਖੇਤੀ ਖ਼ੁਦ ਹੀ ਕਰਵਾਉਂਦਾ ਹੈ ।ਤਾਏ ਦਾ ਇੱਕ ਮੁੰਡਾ ਤਾਂ ਨੌਕਰੀ ਕਰਦਾ ਹੈ। ਤਾਏ ਨੇ ਆਪਣੇ ਛੋਟੇ ਮੁੰਡੇ ਨੂੰ ਆਪਣੇ ਨਾਲ ਹੀ ਲਾਇਆ ਹੋਇਆ ਹੈ ।ਜ਼ਮੀਨ ਖੁੱਲ੍ਹੀ ਹੋਣ ਕਰਕੇ ਤਿੰਨ ਚਾਰ ਸੀਰੀ ਨਾਲ ਕੰਮ ਕਰਦੇ ਹਨ।ਪਹਿਲਾਂ ਤਾਏ ਕੇ ਸੀਰੀ ਹਰ ਸਾਲ ਬਦਲ ਜਾਂਦੇ ਸਨ। ਤਾਇਆ ਨਵੇਂ ਬੰਦਿਆਂ ਨੂੰ ਲੱਭ ਕੇ ਕੰਮ ਕਰਵਾਉਂਦਾ ਹੈ ਪਰ ਅਗਲੇ ਸਾਲ ਉਹ ਕਿਸੇ ਹੋਰ ਨਾਲ ਜਾ ਕੰਮ ਲੱਗਦੇ।
ਤਾਇਆ ਵੀ ਇਸ ਗੱਲ ਦੀ ਬੜੀ ਚਿੰਤਾ ਕਰਦਾ ਕਿ ਹਰ ਵਾਰੀ ਨਵੇਂ ਬੰਦਿਆਂ ਨਾਲ ਵਾਹ ਪੈ ਜਾਂਦਾ ਹੈ ।ਫਿਰ ਅਚਾਨਕ ਤਾਏ ਕੇ ਸੀਰੀ ਸਾਰੇ ਕੰਮ ਕਰਨ ਵਾਲੇ ਬੰਦੇ ਲਗਾਤਾਰ ਹੀ ਕਈ ਕਈ ਸਾਲ ਤਾਏ ਕਿਆਂ ਨਾਲ ਰਲੇ ਰਹਿ ਜਾਦੇ। ਜਿਹੜੀ ਕਿ ਸਾਰਿਆਂ ਲਈ ਹੈਰਾਨੀ ਭਰੀ ਗੱਲ ਸੀ ।ਅਸੀਂ ਵੀ ਤਾਏ ਤੋਂ ਇਸ ਦਾ ਰਾਜ਼ ਪੁੱਛਦੇ ਤਾਂ ਉਹ ਹੱਸ ਕੇ ਟਾਲ ਜਾਂਦਾ। ਕਈ ਸਾਲਾਂ ਤੱਕ ਇਸ ਗੱਲ ਦਾ ਭੇਦ ਬਣਿਆ ਰਿਹਾ।
ਵਿਸਾਖ ਦਾ ਦਿਨ ਸੀ ਕਣਕਾਂ ਵੱਡੀਆਂ ਜਾ ਚੁੱਕੀਆਂ ਸਨ। ਬਾਪੂ ਨਾਲ ਤਾਏ ਨੇ ਜਾਣਾ ਸੀ।ਮੈਂ ਤਾਏ ਨੂੰ ਬੁਲਾਉਣ ਉਨ੍ਹਾਂ ਦੇ ਘਰ ਚਲਾ ਗਿਆ ਮੈਂ ਦੇਖਿਆ ਦਰਵਾਜ਼ੇ ਵਿੱਚ ਚਾਰੇ ਨੌਕਰ ਬੈਠੇ ਸਨ। ਇਸ ਵਾਰੀ ਵੀ ਦੋ ਨਵੇਂ ਬੰਦੇ ਤਾਏ ਨਾਲ ਬਤੌਰ ਸੀਰੀ ਕੰਮ ਕਰਨ ਲਈ ਆਏ ਸਨ ।ਦੋ ਬੰਦੇ ਪੁਰਾਣੇ ਸਨ। ਜਦੋਂ ਮੈਂ ਗਿਆ ਤਾਂ ਦੇਖਿਆ ਕਿ ਤਾਇਆ ਤਵੀਤਾਂ ਵਿੱਚ ਕਾਗਜ਼ ਤੇ ਕੁਝ ਲਿਖ ਕੇ ਉਨ੍ਹਾਂ ਨੂੰ ਭਰ ਰਿਹਾ ਸੀ ।ਮੈਂ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕੇ ਵਹਿਮਾਂ ਭਰਮਾਂ ਦੇ ਖਿਲਾਫ ਬੋਲਣ ਵਾਲਾ ਬੰਦਾ ਕੀ ਕਰ ਰਿਹਾ ਹੈ। ਮੈਨੂੰ ਉਸ ਦੇ ਇਸ ਦੋਹਰੇ ਵਰਤਾਵ ਤੇ ਗੁੱਸਾ ਵੀ ਆਇਆ।ਮੈਂ ਤਾਏ ਨੂੰ ਪੁੱਛਿਆ ,”ਤੁਸੀਂ ਤਾਂ ਇਨ੍ਹਾਂ ਸਭ ਚੀਜ਼ਾਂ ਦੇ ਖਿਲਾਫ ਹੋ ਤੋਂ ,ਫਿਰ ਵੀ ਅੱਜ ਖੁਦ ਹੀ ਤਵੀਤ ਲੈ ਕੇ ਉਸ ਵਿੱਚ ਕੁਝ ਲਿਖ ਕੇ ਪਾ ਰਹੇ ਹੋ।”
ਤਾਇਆ ਮੁਸਕਰਾ ਪਿਆ ਤੇ ਬੋਲਿਆ,” ਤੂੰ ਬੈਠ ,ਮੈਂ ਤੈਨੂੰ ਦਿਖਾਉਣਾ ਕੋਤਕ।”
ਮੈਂ ਉਸ ਨੂੰ ਬਾਪੂ ਦੇ ਨਾਲ ਜਾਣ ਦਾ ਸੁਨੇਹਾ ਦਿੱਤਾ। ਉਹ ਬੋਲਿਆ,ਦਸ ਕੁ ਮਿੰਟ ਰੁਕ ਜਾ ਆਪਾਂ ਚੱਲਦੇ ਹਾ, ਤਾਈਂ ਮੇਰੇ ਲਈ ਚਾਹ ਲੈ ਆਈ। ਮੇਰੇ ਚਾਹ ਪੀਂਦੇ ਸਮੇਂ ਤਾਏ ਨੇ ਨਵੇਂ ਸੀਰੀ ਨੂੰ ਬੁਲਾ ਲਿਆ ਤੇ ਬੋਲਿਆ,” ਲੈ ਵੀ ਜਵਾਨਾਂ ਤੇਰੇ ਲਈ ਮੈਂ ਇਹ ਖਾਸ ਤੌਰ ਤੇ ਵੱਡੇ ਡੇਰੇ ਚੋਂ ਤਵੀਤ ਲਿਆਂਦਾ ਹੈ ,ਇਹ ਤਵੀਤ ਪਾਉਣ ਤੋਂ ਬਾਅਦ ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਆਵੇਗਾ, ਭੂਤ ਪ੍ਰੇਤ ਤਾਂ ਕੀ ਵੱਡੀ ਤੋਂ ਵੱਡੀ ਸ਼ੈਅ ਵੀ ਤੈਥੋਂ ਦੋ ਮੀਲ ਦੀ ਦੂਰੀ ਤੇ ਲੰਘੂ, ਬੱਸ ਤੂੰ ਇਸ ਤਰ੍ਹਾਂ ਕਰੀਂ ਇਸਨੂੰ ਆਪਣੇ ਡੌਲੇ ਨਾਲ ਬੰਨ੍ਹਣਾ ਹੈ ,ਮੇਰੇ ਸਾਹਮਣੇ ਹੀ ਬੰਨ੍ਹ ਲੈ ਤੇ ਇਸ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਕਰਨਾ, ਕਿਸੇ ਨੂੰ ਇਸ ਦਾ ਭੇਦ ਨਹੀਂ ਪਤਾ ਲੱਗ ਗਿਆ ਨਹੀਂ ਤਾਂ ਇਸ ਦਾ ਅਸਰ ਖ਼ਤਮ ਹੋ ਜਾਵੇਗਾ।”
ਸੀਰੀ ਖੁਸ਼ ਹੋ ਕੇ ਕੇ ਚਲਾ ਗਿਆ ।ਮੈਂ ਸਾਰਾ ਕੌਤਕ ਅਚੰਭੇ ਨਾਲ ਦੇਖ ਰਿਹਾ ਸੀ ਮੈਂ ਤਾਏ ਤੋਂ ਦੁਬਾਰਾ ਉਹੀ ਸਵਾਲ ਪੁੱਛਿਆ ਤਾਂ ਤਾਇਆ ਬੋਲਿਆ ,”ਪੁੱਤ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਉਸੇ ਤਰ੍ਹਾਂ ਡਰ ,ਅੰਧ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਨਾਲ ਹੀ ਕੱਟਿਆ ਜਾ ਸਕਦਾ ਹੈ, ਤੈਨੂੰ ਪਤਾ ਹੀ ਹੈ, ਕੁਝ ਸਾਲ ਪਹਿਲਾਂ ਆਪਣੇ ਕੋਈ ਸੀਰੀ ਟਿਕਦਾ ਨਹੀਂ ਸੀ , ਮੈਂ ਇਸ ਗੱਲ ਦਾ ਪਤਾ ਕੀਤਾ, ਪਤਾ ਲੱਗਿਆ ਕਿ ਸ਼ਰਾਰਤੀ ਬੰਦਿਆਂ ਨੇ ਭੂਤਾਂ ਪ੍ਰੇਤਾਂ ਅਤੇ ਬਾਬੇ ਸ਼ਹੀਦ ਦੀਆਂ ਅਫ਼ਵਾਹਾਂ ਫੈਲਾਅ ਰੱਖੀਆਂ ਹਨ। ਤੈਨੂੰ ਪਤਾ ਹੀ ਹੈ ਕਿ ਆਪਣੇ ਪਿੰਡ ਵਿੱਚ ਦੂਜੇ ਦੀ ਤਰੱਕੀ ਘੱਟ ਹੀ ਜਰੀ ਜਾਂਦੀ ਹੈ , ਜਿਸ ਕਰਕੇ ਸੀਰੀ ਰਾਤ ਪਾਣੀ ਲਾਉਣ ਤੋਂ ਡਰਦੇ ਸਨ, ਇੱਕ ਸਾਲ ਤੋਂ ਉਹ ਔਖੇ ਸੌਖੇ ਲੰਘਾ ਲੈਂਦੇ , ਪਰ ਅਗਲੇ ਸਾਲ ਨਹੀਂ ਖੜ੍ਹਦੇ ਸ਼ੀ,ਮੈਂ ਸਮੱਸਿਆ ਨੂੰ ਜੜੋਂ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਇਸ ਲਈ ਅਗਲੇ ਸਾਲ ਮੈਂ ਨਵੇਂ ਸੀਰੀਆਂ ਨੂੰ ਤਰਕ ਤੇ ਤਰਕਸ਼ੀਲਤਾ ਦੀਆਂ ਗੱਲਾਂ ਦੱਸਦੇ ਹੋਏ ਭੂਤ ਪ੍ਰੇਤਾਂ ਦੀ ਹੋਂਦ ਨਾ ਹੋਣ ਸਬੰਧੀ ਪ੍ਰੇਰਿਆ, ਪਰ ਸਾਲ ਖਤਮ ਹੁੰਦੇ ਹੀ ਉਹ ਪੱਤਰਾ ਵਾਚ ਗਏ ,ਫਿਰ ਇਸ ਦਾ ਹੱਲ ਮੈਂ ਇਹੀ ਕੱਢਿਆ ਕਿ ਬਾਜ਼ਾਰੋਂ ਖਾਲੀ ਤਵੀਤ ਲੈ ਆਉਂਦਾ , ਅਤੇ ਉਸ ਉੱਪਰ ਟੇਡੀਆਂ ਵਿੰਗੀਆਂ ਲਾਈਨਾਂ ਮਾਰ ਕੇ ਉਨ੍ਹਾਂ ਨੂੰ ਦਿਖਾ ਦਿੰਦਾ ਹਾਂ ਕਿ ਇਹੀ ਮੰਤਰ ਹਨ । ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨੂੰ ਦਿਖਾ ਕੇ ਕਾਗ਼ਜ਼ ਤਵੀਤ ਵਿੱਚ ਪਾ ਕੇ ਮਕਿਸੇ ਦੇ ਡੌਲੇ ਓਪਰ ਕਿਸੇ ਦੇ ਗਿੱਟੇ ਉੱਪਰ ਬੰਨ੍ਹ ਦਿੰਦਾ ਹਾਂ। ਉਹ ਮਾਨਸਿਕ ਤੌਰ ਤੇ ਤਕੜੇ ਹੋ ਜਾਂਦੇ ਹਨ ।ਜਿਸ ਕਰਕੇ ਉਹਨਾ ਨੂੰ ਡਰ ਲੱਗਣਾ ਬੰਦ ਹੋ ਜਾਂਦਾ ।ਹੁਣ ਤਾ ਕਈ ਬੰਦੇ ਤਾਂ ਕਈ ਕਈ ਸਾਲ ਨਾਲ ਕੱਢ ਜਾਂਦੇ ਹਨ।
ਦੂਜੇ ਤਵੀਤਾਂ ਨੂੰ ਅਲਮਾਰੀ ਵਿੱਚ ਸੰਭਾਲਦਾ ਤਾਇਆ ਬੋਲਿਆ ,”ਸਾਰਿਆਂ ਨੂੰ ਵੱਖ ਵੱਖ ਤੌਰ ਤੇ ਤੇਰੀ ਵੰਡਾਂਗਾ,ਤਾਂ ਜੋ ਭਾਂਡਾ ਵੀ ਨਾ ਭੱਜੇ ਅਤੇ ਬੰਦੇ ਵੀ ਤਕੜੇ ਰਹਿਣ ।”
ਮੈਂ ਸੋਚ ਰਿਹਾ ਸੀ ਕੀ ਅੰਧ ਵਿਸ਼ਵਾਸ ਨੂੰ ਅੰਧਵਿਸ਼ਵਾਸ ਨਾਲ ਕੱਟਣਾ ਠੀਕ ਹੈ ।ਪਰ ਤਾਏ ਦੀ ਜੁਗਤ ਨੇ ਕਾਇਲ ਕਰ ਦਿੱਤਾ ਸੀ
ਭੁਪਿੰਦਰ ਸਿੰਘ ਮਾਨ
Bhupinder Singh Maan