“ਜੀਤ ਮੈਂ ਤੇਰੇ ਬਿਨਾ ਮਰ ਜਾਵਾਂਗੀ” ਸਿਮਰਨ ਨੇ ਤਰਲਾ ਜਿਹਾ ਕਰਦੀ ਨੇ ਕਿਹਾ।
” ਤੇ ਮੈਂ ਕਿਹੜਾ ਜੀ ਸਕਦਾ ” ਜੀਤ ਨੇ ਭਾਵੁਕ ਹੁੰਦੇ ਕਿਹਾ।
ਤੂੰ ਬਸ ਮੇਰੇ ਤੇ ਛੱਡ ਦੇ, ਮੈਂ ਆਪੇ ਮਨਾ ਲਉਂ ਸਾਰਿਆਂ ਨੂੰ ,ਬਸ ਤੂੰ ਯਕੀਨ ਰਖ ਮੇਰੇ ਤੇ “ਆਖਕੇ ਜੀਤ ਨੇ ਸਿਮਰਨ ਤੋਂ ਵਿਦਾ ਲਈ।
ਘਰ ਆਕੇ ਜੀਤ ਨੇ ਸੋਚਿਆ ਬਈ ਕੋਈ ਸਕੀਮ ਤਾਂ ਲਾਉਣੀ ਹੀ ਪੈਣੀ,ਘਰਦਿਆਂ ਨੇ ਅੈਂਵੇ ਤਾਂ ਨੀ ਮੰਨਣਾ।ਮਨ ਚ ਕੁਝ ਸੋਚ ਉਹ ਬਾਪੂ ਜੀ ਨੂੰ ਕਹਿਣ ਲੱਗਾ ” ਬਾਪੂ ਜੀ ,ਬੀਬੀ ਕਹਿੰਦੀ ਤੁਸੀ ਮੇਰੇ ਲਈ ਕੁੜੀ ਦੇਖ ਰਹੇ ਹੋਂ।ਮੇਰਾ ਵਿਆਹ ਨਾ ਰਾਮੇ ਦੀ ਕੁੜੀ ਸਿਮਰਨ ਨਾਲ ਕਰਾ ਦਿਉ। ”
” ਉ ਤੇਰਾ ਦਿਮਾਗ ਖਰਾਬ ਹੋ ਗਿਆ, ਨੀਵੀਂ ਜਾਤ ਦੇ ਨੇ ਉਹ ” ਬਾਪੂ ਗੜਕਿਆ ।
ਤੁਸੀ ਵਿਚਲੀ ਗੱਲ ਨੀ ਸਮਝੇ।ਦੇਖੋ ਵੋਟਾਂ ਨੇੜੇ ਨੇ ਤੇ ਇਸ ਵਾਰ ਥੋਡੀ ਪਾਰਟੀ ਦੀ ਸਥਿਤੀ ਵੀ ਕਮਜੋਰ ਜਿਹੀ ਲਗਦੀ ਐ।ਜੇ ਤੁਸੀ ਮੇਰਾ ਵਿਆਹ ਨੀਵੀਂ ਜਾਤ ਚ ਕਰਵਾਇਆ ਤਾਂ ਤੁਹਾਡਾ ਮਾਣ ਸਨਮਾਨ ਵੱਧ ਜੂ ।ਤੇ ਕੁੜੀ ਸਾਡੇ ਘਰ ਵਿਆਹ ਕੇ ਆਊ ਤਾਂ ਉਹ ਆਪੇ ਸਾਡੀ ਜਾਤ ਦੀ ਬਣ ਜਾਣੀ।ਜੀਤ ਦੀ ਗੱਲ ਬਾਪੂ ਨੂੰ ਵਧੀਆ ਲੱਗੀ ਤੇ ਉਹਨੇ ਦੋਹਾਂ ਦੇ ਵਿਆਹ ਦੀ ਹਾਮੀ ਭਰ ਦਿੱਤੀ।
ਰਾਜਨੀਤੀਵਾਨ ਪਿਉ ਦਾ ਪੁੱਤਰ ਰਾਜਨੀਤੀ ਖੇਡ ਕੇ ਆਪਣਾ ਪਿਆਰ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਿਆ ਸੀ।
ਮਨਿੰਦਰ ਕੌਰ ਬਸੀ