ਉਹ ਅੱਗੋਂ ਹੋਰ ਪੜਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ..
ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ..
ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..!
ਅੱਜ ਉਸ ਨੇ ਪਹਿਲੀ ਤਰੀਕ ਨੂੰ ਅਗਲੇ ਮਹੀਨੇ ਲਈ ਦੋ ਹਜਾਰ ਮੰਗ ਲਏ..ਕਲੇਸ਼ ਪੈ ਗਿਆ ਤੇ ਨਾਲਦੇ ਨੇ ਪਿਛਲੇ ਦੋ ਮਹੀਨਿਆਂ ਦਾ ਹਿਸਾਬ ਮੰਗ ਲਿਆ..!
ਉਸਨੇ ਕਾਗਤ ਤੇ ਲਿਖੀ ਇੱਕ ਇੱਕ ਚੀਜ ਵਿਖਾ ਦਿੱਤੀ..ਸਿਰਫ ਤੇਤੀ ਸੌ ਹੀ ਖਰਚ ਹੋਇਆ ਤੇ ਸੱਤ ਸੌ ਬਚ ਗਏ ਸਨ..!
ਨਾਲਦੇ ਨੇ ਓਸੇ ਵੇਲੇ ਬਚੇ ਹੋਏ ਸੱਤ ਸੌ ਵੀ ਪਰਸ ਵਿਚੋਂ ਕਢਵਾ ਲਏ ਤੇ ਆਪਣੇ ਕੋਲੋਂ ਤੇਰਾਂ ਸੌ ਹੋਰ ਪਾ ਇਸ ਮਹੀਨੇ ਦੇ ਦੋ ਹਜਾਰ ਪੂਰੇ ਕਰ ਦਿੱਤੇ ਤੇ ਆਪਣੇ ਰਾਹ ਪਿਆ!
ਉਸਨੂੰ ਆਪਣਾ ਆਪ ਠੱਗਿਆ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਉਹ ਥੱਲੇ ਤੁਰੇ ਜਾਂਦੇ ਨਾਲਦੇ ਨੂੰ ਪਿੱਛਿਓਂ ਦੇਖ ਹੀ ਰਹੀ ਸੀ ਕੇ ਉਸਦਾ ਧਿਆਨ ਸੜਕ ਤੇ ਜਾ ਪਿਆ.. ਸੜਕ ਕੰਢੇ ਬੈਠਾ ਮੰਗਤਾ ਆਪਣੀ ਸਾਰੇ ਦਿਨ ਦੀ ਕਮਾਈ ਵਿਚੋਂ ਥੋੜਾ ਜਿਹਾ ਮੁੱਲ ਖਰੀਦਿਆਂ ਹੋਇਆ ਦੁੱਧ ਕੋਲ ਬੈਠੇ ਨਿੱਕੇ ਜਿਹੇ ਕਤੂਰੇ ਨੂੰ ਪਿਆ ਰਿਹਾ ਸੀ..!
ਅੱਜ ਉਹ ਆਪਣੇ ਆਪ ਨੂੰ ਉਸ ਮੰਗਤੇ ਤੋਂ ਵੀ ਕਾਫੀ ਗਰੀਬ ਜਿਹਾ ਮਹਿਸੂਸ ਕਰ ਰਹੀ ਸੀ! ਸੋ ਦੋਸਤੋ ਧੀਆਂ ਪੁੱਤਾਂ ਨੂੰ ਵੇਹੜੇ ਦੀਆਂ ਧਰੇਕਾਂ ਅਤੇ ਕਮਜ਼ੋਰ ਕਿੱਕਰ ਹੀ ਨਾ ਸਮਝੀ ਜਾਈਏ..ਇਹਨਾਂ ਦੀਆਂ ਜੜਾਂ ਨੂੰ ਪਾਤਾਲ ਵਿਚ ਏਨੀਆਂ ਕੂ ਡੂੰਗੀਆਂ ਹੋ ਜਾਣ ਦਿੱਤਾ ਜਾਵੇ ਕੇ ਇਹ ਆਪਣੇ ਆਪ ਨੂੰ ਕਿਸੇ ਮਜਬੂਤ ਬੋਹੜ ਤੋਂ ਘੱਟ ਨਾ ਸਮਝ ਲੈਣ!
ਖਾਸ ਕਰਕੇ ਧੀਆਂ ਨੂੰ ਡਿਗਰੀਆਂ,ਕਾਬਲੀਅਤ,ਪੈਸੇ ਧੇਲੇ ਅਤੇ ਆਤਮ ਵਿਸ਼ਵਾਸ਼ ਪੱਖੋਂ ਏਨਾ ਕੂ ਆਤਮ ਨਿਰਭਰ ਬਣਾ ਦਿਓ ਕੇ ਕੋਈ ਖੱਬੀ ਖ਼ਾਨ “ਦਾਜ” ਨਾਮ ਦੇ ਸ਼ਬਦ ਨੂੰ ਮੂਹੋਂ ਕੱਢਣ ਤੋਂ ਪਹਿਲਾਂ ਹਜਾਰ ਵਾਰ ਸੋਚੇ!
Unknown