ਜਦੋਂ ਵੀ ਹੌਲ ਜਿਹਾ ਉੱਠਦਾ ਤਾਂ ਆਖ ਦੀਆ ਕਰਦੀ..ਸਾਡੇ ਔਲਾਦ ਨਹੀਂ ਏ..ਕਿੱਦਾਂ ਚੱਲੂ ਅੱਗੇ ਚੱਲ ਕੇ..?
ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..”ਤੂੰ ਤੇ ਠਾਣੇਦਾਰਨੀ ਏ ਠਾਣੇਦਾਰਨੀ..ਤੇ ਜਿਹਨਾਂ ਦੇ ਮੈਂ ਕੰਮ ਕੀਤੇ ਤੇ ਕਰਦਾ ਹਾਂ ਉਹ ਨੇ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ..”
ਕਈ ਵਾਰ ਗਿਲਾ ਕਰਦੀ ਕੇ ਸਾਰੇ ਸਿਲਸਿਲੇ ਤੁਸਾਂ ਆਪ ਹੀ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ ਬਹੁਤ..ਫਲਾਣਾ ਕੰਮ ਕਿੱਦਾਂ ਕਰਨਾ..ਕਿਹੜਾ ਕੁਰਾ ਕਿਥੇ ਏ..ਕਿਸਦੇ ਨਾਲ ਲੈਣ ਦੇਣ ਏ ਆਪਣਾ..? ਹਰ ਵਾਰ ਅੱਗੋਂ ਏਨੀ ਗੱਲ ਆਖ ਚੁੱਪ ਕਰਵਾ ਛੱਡਦੇ..”ਲੈ ਦੱਸ ਥਾਣੇਦਾਰ ਆਪ ਥੋੜੀ ਕਰਦਾ ਕੁਝ..ਬਾਕੀਆਂ ਤੋਂ ਕਰਵਾਉਂਦਾ ਹੁੰਦਾ ਏ..ਮੈਂ ਹਾਂ ਨਾ ਤੇਰਾ ਲਾਣੇਦਾਰ..ਤੂੰ ਮੈਨੂੰ ਦਸਿਆ ਕਰ..ਕੋਈ ਕੰਮ ਹੋਵੇ ਤਾਂ..” ਗਿਆਂ ਨੂੰ ਅੱਜ ਪੂਰੇ ਦੋ ਮਹੀਨੇ ਹੋ ਗਏ ਨੇ..ਆਪੇ ਸਿਰਜਿਆ ਥਾਣਾ ਸੁੰਝਾਂ ਜਿਹਾ ਹੋ ਗਿਆ..ਕਿਸੇ ਵੇਲੇ ਅੱਧੀ ਅਵਾਜ ਤੇ ਵਾਹੋ-ਦਾਹੀ ਨੱਸੇ ਆਉਂਦੇ ਵਰਦੀ ਵਾਲੇ ਸਾਰੇ ਮੁਨਸ਼ੀ ਗਾਇਬ ਨੇ ਤੇ ਭਰ ਗਰਮੀਂ ਵਿਚ ਅਧਾਰ ਕਾਰਡ ਦੀ ਕਾਪੀ ਕਢਾਉਣ ਲਾਈਨ ਵਿਚ ਲੱਗੀ ਹੋਈ ਕੱਲੀ ਕਾਰੀ ਠਾਣੇਦਾਰਨੀ ਆਪਣੇ ਦੂਰ ਤੁਰ ਗਏ ਲਾਣੇਦਾਰ ਨੂੰ ਚੇਤੇ ਕਰੀ ਜਾਂਦੀ ਏ..! ਸੋ ਦੋਸਤੋ ਦੁਨੀਆ ਦਾ ਦਸਤੂਰ ਬੜਾ ਨਿਰਾਲਾ ਏ..ਚੜ੍ਹਦੇ ਸੂਰਜ ਨੂੰ ਸਲਾਮ ਠੋਕਦੀ ਏ..
ਆਪਣੀਆਂ ਨਾਲਦੀਆਂ ਅਤੇ ਆਪਣੇ ਜੁਆਕਾਂ ਨੂੰ ਹਰ ਕੰਮ ਸਿਖਾਓ ਤੇ ਹਰ ਔਖੀ ਭਾਰੀ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਓ..ਕਿਓੰਕੇ ਲੋਕ ਅਕਸਰ ਸਮਸ਼ਾਨ ਘਾਟ ਵਿਚ ਖਲੋਤੇ ਵੀ ਏਹੀ ਸੋਚੀ ਜਾਂਦੇ ਕਦੋਂ ਕੰਮ ਮੁੱਕੇ ਤੇ ਕਦੋਂ ਆਪਣੇ-ਆਪਣੇ ਧੰਦੇ ਲੱਗੀਏ!
ਅਗਿਆਤ
Unknown