ਇਹ ਨਾ ਤੇਰਾ ਦੇਸ ….

by Sandeep Kaur

ਇਹ ਨਾ ਤੇਰਾ ਦੇਸ ….
ਕੂੰਜਾਂ ਦੀਆਂ ਡਾਰਾਂ ਸਾਇਬੇਰੀਆ ਦੇ ਬਰਫ਼ਾਨੀ ਮਾਰੂਥਲ ਤੋ ਤੁਰਦੀਆਂ ਨੇ ਤੇ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਹਰੀਕੇ ਪੱਤਣ ਪਹੁੰਚਦੀਆਂ ਨੇ , ਜਾਂ ਅਜਿਹੇ ਹੀ ਹੋਰ ਸਥਾਨਾਂ ਤੇ, ਜਿੱਥੇ ਉਹਨਾਂ ਨੂੰ ਜਾਪਦਾ ਏ ਕਿ ਜੀਵਨ ਦੇ ਹਾਲਾਤ ਸਾਜਗਾਰ ਨੇ । ਅਗਰ ਉਹਨਾਂ ਦੇ ਪੂਰੇ ਜੀਵਨ ਦਾ ਲੇਖਾ ਜੋਖਾ ਕਰੀਏ ਤਾਂ ਕਿੰਨਾ ਲੰਮਾ ਸਮਾਂ ਉਹ ਉਡਾਣ ਵਿੱਚ ਈ ਬਤੀਤ ਕਰਦੀਆਂ ਹੋਣਗੀਆਂ , ਫਿਰ ਹਰ ਵਰ੍ਹੇ ਸਾਇਬੇਰੀਆ ਜਾਂ ਉੱਤਰ ਭਾਰਤ ਦਾ ਮੁਕਾਮ ਅਥਵਾ ਪੜਾਵ । ਕਿਵੇ ਤੈਅ ਕਰਦੀਆਂ ਹੋਣਗੀਆਂ ਕਿ ਉਹਨਾਂ ਦਾ ਦੇਸ਼ ਕਿਹੜਾ ਏ? ਇਹ ? ਜਾ ਓਹ ? ਸ਼ਾਇਦ ਖੁਸ਼ਕਿਸਮਤ ਨੇ ਇਹ ਪੰਛੀ , ਜੋ ਸਾਰੀ ਦੁਨੀਆਂ ਦੇ ਈ ਬਸ਼ਿੰਦੇ ਨੇ, ਜਿੱਥੇ ਮਰਜ਼ੀ ਰਹਿਣ , ਪਰ ਟਿਕਾਣਾ ਬਦਲੀ ਕਰਨ ਵੇਲੇ ਦਿਲਗੀਰ ਨਹੀ ਹੁੰਦੇ ।ਇਨਸਾਨ ਤਾਂ ਝੋਰਿਆਂ ਚ ਈ ਜਿੰਦਗੀ ਕੱਢ ਦੇਂਦਾ ਏ । ਕਦੀ ਇਹ ਵਿਗੋਚਾ ਕਿ ਬਾਹਰ ਵਾਲੇ ਮਜੇ ਚ ਜਿੰਦਗੀ ਬਤੀਤ ਕਰਦੇ ਨੇ , ਮੈ ਕਦੋਂ ਬਾਹਰ ਵੱਸਾਂਗਾ ? ਚੇ ਜਦ ਕਦੇ ਉੱਡ ਕੇ ਦੂਰ ਦੁਰਾਡੇ ਜਾ ਵੱਸਦਾ ਏ ਤਾਂ ਜਨਮ ਭੂਮੀ ਦੀ ਤਾਂਘ ਸੀਨੇ ਚੋ ਹੂਕ ਬਣ ਨਿਕਲਦੀ ਏ , ਸਾਰੇ ਸੁਖ ,ਚੈਨ ਹਾਸਿਲ ਕਰਕੇ ਵੀ ਗਿੱਲੀ ਲੱਕੜ ਵਾਂਗ ਧੁਖਦਾ ਏ ਜੀਵਨ ਭਰ । ਫਿਰ ਇੱਕ ਥੱਕੀ ਜਿਹੀ ਆਸ ਪਾਲਦਾ ਏ ਕਿ ਜਦ ਬੱਚੇ
ਉਡਾਰੂ ਹੋ ਜਾਣਗੇ ਤਾਂ ਮੈ ਆਪਣਾ ਅਖੀਰਲਾ ਵਕਤ ਆਪਣੇ ਪੁਰਖਿਆਂ ਦੀ ਧਰਤੀ ਤੇ ਗੁਜ਼ਾਰਾਂਗਾ , ਸਕੂਨ ਨਾਲ ਰਲ ਜਾਵਾਂਗਾ ਉਸ ਮਿੱਟੀ ਵਿੱਚ , ਜਿਸਦੀ ਉਹ ਪੈਦਾਇਸ਼ ਏ। ਬਹੁਤ ਵਿਰਲੇ ਈ ਹੁੰਦੇ ਹੋਣਗੇ , ਜੋ ਆਪਣੇ ਹਵਾਈ ਕਿਲਿਆਂ ਨੂੰ ਚਾਰ ਇੱਟਾਂ ਵੀ ਲਾ ਸਕਦੇ ਹੋਣਗੇ , ਨਹੀ ਤਾ ਇਹ ਖਾਹਿਸ਼ ਵੀ ਕਲਪਨਾ ਈ ਰਹਿ ਜਾਂਦੀ ਏ, ਮਰੀ ਹੋਈ ਮਾਂ ਦੇ ਚੰਨ ਤੇ ਬਹਿਕੇ ਚਰਖਾ ਕੱਤਦੀ ਹੋਣ ਦੇ ਭਰਮ ਵਾਂਗ ।
ਇਹ ਸਭ ਖੇਡ ਆਖਰ ਸਕੂਨ ਦਾ ਪਿੱਛਾ ਕਰਨ ਦੀ ਖੇਡ ਹੀ ਤਾਂ ਏ ।ਮਿ੍ਰਗ ਤ੍ਰਿਸ਼ਨਾ ਦੀ ਜਿਉਂਦੀ ਜਾਗਦੀ ਉਦਾਹਰਨ। ਪਿਆਸੀ ਰੂਹ ਆਪੇ ਈ ਭਰਮ ਪਾਲਦੀ ਏ ਕਿ ਔਹ ਦੂਰ ਸ਼ਾਇਦ ਪਾਣੀ ਦਾ ਤਲਾਬ ਏ, ਠੰਢਾ ਠਾਰ, ਬਸ ਏਨੀ ਕੁ ਤਪਸ਼ ਝੱਲ ਕੇ ਪਹੁੰਚ ਜਾਵਾਂ ਕਿਸੇ ਤਰਾਂ ਉਹਦੇ ਤੱਕ। ਜਦ ਸਾਹਾਂ ਦੀ ਪੂੰਜੀ ਖਰਚ ਕਰਕੇ ਓਥੇ ਤੱਕ ਪੁੱਜਦੀ ਏ ਤਾਂ ਓਹ ਜੋ ਛਲਾਵਾ ਏ , ਪਾਣੀ ਦਾ ਤਲਾਬ ਹੋਣ ਦਾ ਭੁਲੇਖਾ , ਅੱਗੇ ਤੋ ਅੱਗੇ ਤੁਰਿਆ ਜਾਂਦਾ ਵਿਖਾਈ ਦੇਂਦਾ ਏ । ਏਸੇ ਦੌੜ ਵਿੱਚ ਈ ਇਨਸਾਨ ਜਿੰਦਗੀ ਦਾ ਵਕਤ ਪੂਰਾ ਕਰ ਬਹਿੰਦਾ ਏ , ਕਲਪਨਾਵਾਂ ਮਗਰ ਦੌੜਦਾ, ਖਵਾਹਿਸ਼ਾਂ ਮਗਰ ਲਹੂ ਲੁਹਾਨ ਹੁੰਦਾ,ਖ਼ੁਦ ਨੂੰ ਦਿਲਬਰੀਆਂ ਦਿੰਦਾ ।
ਪਰ ਇਹ ਦੌੜ ਵੀ ਸ਼ਾਇਦ ਜ਼ਰੂਰੀ ਏ, ਇਹ ਜਾਣਨ ਲਈ ਕਿ ਇਹ ਵਿਅਰਥ ਸੀ।ਇਹ ਤ੍ਰਿਸ਼ਨਾ ਜ਼ਰੂਰੀ ਏ, ਇਹ ਜਾਨਣ ਲਈ ਕਿ ਉਹ ਨਿਰਮਲ ਜਲ ਦਾ ਸਰੋਤ ਕਿਤੇ ਬਾਹਰ ਨਹੀ , ਅੰਦਰ ਈ ਏ। ਕਸਤੂਰੀ ਦੀ ਸੁਗੰਧ ਜੋ ਬਾਹਰੋਂ ਆਉਦੀ ਜਾਪਦੀ ਏ, ਉਹਦਾ ਸਰੋਤ ਉਸਦੇ ਅੰਦਰ ਈ ਏ ਜੋ ਐਨਾ ਪੈਂਡਾ ਤੈਅ ਕਰਨ ਤੋ ਪਹਿਲਾਂ ਵੀ ਓਨਾ ਈ ਦੂਰ ਜਾਂ ਨੇੜੇ ਸੀ , ਜਿੰਨਾਂ ਪਹਿਲੇ ਕਦਮ ਵੇਲੇ ਸੀ ।
ਛੋਟੀ ਜਿਹੀ ਕਹਾਣੀ ਇੱਕ ਕਾਹਲੇ ਸੁਭਾਅ ਦੇ ਕਿਸਾਨ ਦੀ, ਜੀਹਨੇ ਤਾਰਿਆਂ ਦੀ ਲੋਏ ਹੱਲ ਜੋੜ ਲਿਆ ਬਲਦਾਂ ਨਾਲ। ਸਰੋਂ ਦਾ ਬੀਜ ਹੱਲ ਦੇ ਮੁੰਨੇ ਕੋਲ ਬੰਨ੍ਹ ਲਿਆ ਕਿ ਵਹਾਈ ਕਰਦੇ ਵਕਤ ਬੀਜ ਵੀ ਕੇਰ ਦਿਆਂਗਾ । ਪਰ ਯਾਦ ਭੁੱਲ ਗਈ ਕਾਹਲ ਵਿੱਚ । ਉਦੋਂ ਪਤਾ ਲੱਗਾ ਜਦ ਵਹਾਈ ਖਤਮ ਕਰਕੇ ਹਲ ਖੋਹਲ ਕੇ ਪੰਜਾਲ਼ੀ ਤੇ ਟੰਗਣ ਦਾ ਵਕਤ ਆ ਗਿਆ, ਵਾਪਸੀ ਦਾ, ਘਰ ਜਾਣ ਦਾ , ਜਦ ਖ਼ੁਦ ਚ ਵੀ ਸਾਹ ਸੱਤ ਬਾਕੀ ਨਾ ਰਿਹਾ ਤੇ ਬਲਦ ਵੀ ਥੱਕ ਚੁੱਕੇ ਸਨ । ਕਿੰਨਾ ਨਿਰਾਸ਼ ਹੋਇਆ ਹੋਵੇਗਾ ਉਹ ਕਿਸਾਨ , ਅਗਲੇ ਦਿਨ ਤਾਂ ਸ਼ਾਇਦ ਵੱਤਰ ਵੀ ਖੁਸ਼ਕ ਹੋ ਗਿਆ ਹੋਵੇਗਾ , ਪਛਤਾਵੇ ਤੋ ਸਿਵਾ ਕੁਝ ਵੀ ਪੱਲੇ ਨਹੀ ਪਿਆ ਹੋਣਾ ।
ਤੇ ਇਹ ਕਹਾਣੀ ਕਿਸਾਨ ਦੀ ਈ ਨਹੀ , ਹਰ ਉਸ ਇਨਸਾਨ ਦੀ ਏ , ਜੋ ਚੰਗੇ ਕਰਮਾਂ ਦੇ ਬੀਜ ਬੀਜਣੇ ਭੁੱਲ ਗਿਆ , ਜਾਂ ਵੱਤਰ ਸੁੱਕਾ ਬੈਠਾ ਹੋਵੇ ।
ਇਨਸਾਨ ਹਮੇਸ਼ਾਂ ਕਿਸੇ ਘਰ ਦਾ ਉਦਰੇਵਾਂ ਮਹਿਸੂਸ ਕਰਦਾ ਏ, ਕਦੀ ਇਸਦਾ ਤੇ ਕਦੀ ਓਸਦਾ, ਜਦ ਕਿ ਘਰ ਕਦੀ ਘਰ ਹੁੰਦਾ ਈ ਨਹੀਂ, ਸਿਰਫ ਘਾਟ ਹੁੰਦਾ ਏ, ਜਿੱਥੇ ਅਸੀਂ ਪੜਾਉ ਕਰਦੇ ਆਂ, ਜਿੰਦਗੀ ਦੇ ਸਫਰ ਦੌਰਾਨ । ਪਰ ਆਖਰ ਰਵਾਨਾ ਹੋਣਾ ਹੁੰਦਾ ਏ ਫਿਰ ਤੋ , ਅਗਲੇ ਮੁਕਾਮ ਵੱਲ , ਸਭ ਕੁਝ ਛੱਡ ਛੁਡਾ ਕੇ, ਭੁੱਲ ਭੁਲਾ ਕੇ ।

ਮੁਸਾਫਿਰ ਹੂੰ ਯਾਰੋ
ਨਾ ਘਰ ਹੈ ਨਾ ਠਿਕਾਨਾ,
ਮੁਝੇ ਚਲਤੇ ਜਾਨਾ ਹੈ
ਬਸ
ਚਲਤੇ ਜਾਨਾ ।
ਤੇ ਸੱਚ ਇਹੀ ਏ ਕਿ ਅਸੀਂ ਹਮੇਸ਼ਾਂ ਸਫਰ ਵਿੱਚ ਈ ਹੁੰਦੇ ਆਂ, ਹਰ ਦਿਸਦੀ ਚੀਜ ਸਫਰ ਵਿੱਚ ਏ , ਹਰ ਵਕਤ , ਲਗਾਤਾਰ । ਇਹ ਧਰਤੀ, ਸੂਰਜ ,ਚੰਦ ,ਤਾਰੇ ਸਭ ਮੁਸਾਫਿਰ ਈ ਤਾਂ ਨੇ ।
ਤੇ ਜੇ ਇਹ ਗੱਲ ਸਮਝ ਆ ਜਾਵੇ ਤਾਂ ਸ਼ਾਇਦ ਇਨਸਾਨ ਏਨੇ ਬਾਂਨ੍ਹਣੂ ਨਾ ਈ ਬੰਨ੍ਹੇ , ਨਾ ਜਾਲ ਵਿਛਾਵੇ।ਸਫਰ ਦਾ ਆਨੰਦ ਲਵੇ, ਖ਼ੁਦ ਵੀ , ਤੇ ਦੂਜਿਆਂ ਦਾ ਸਫਰ ਵੀ ਸੁਖਾਲਾ ਕਰੇ ।

ਦਵਿੰਦਰ ਸਿੰਘ ਜੌਹਲ

You may also like