ਪਿੰਡ ਕੱਚਾ ਕੋਠਾ ਜਿਲਾ ਕਸੂਰ ਦੇ ਮੁਕੰਦ ਸਿੰਘ ਦਾ ਪੁੱਤਰ ਬਲਕਾਰ ਸਿੰਘ ਉਦੋਂ 13 ਕੇ ਸਾਲਾਂ ਦਾ ਸੀ ਜਦੋਂ ਮਕਾਨ ਬਣਾਇਆ ਸੀ ਤੇ ਪਤਲੀਆਂ ਇੱਟਾਂ ਨਾਲ ਹਵੇਲੀ ਵਲੀ ਸੀ। ਹਵੇਲੀ ਨੂੰ ਇੰਨੇ ਸ਼ੌਕ ਨਾਲ ਬਣਾਇਆ ਗਿਆ ਸੀ ਕੇ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਹਵੇਲੀ ਤੇ ਚੁਬਾਰਾ ਬਣਾਇਆ ਸੀ ਜਿਸ ਵਿੱਚ ਬਾਹਰੋ ਆਇਆ ਦੇ ਬਹਿਣ ਪੈਣ ਦਾ ਇੰਤਜਾਮ ਕੀਤਾ ਗਿਆ ਸੀ। ਬਲਕਾਰ ਦਾ ਪਿਉ ਬੜਾ ਖੁਸ਼ ਸੀ ਤੇ ਬਲਕਾਰ ਨੂੰ ਕਿਹਾ ਕਰਦਾ ਸੀ ਕੇ ਪੁੱਤਰਾ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਮਕਾਨ ਬਣਾਉਣ ਦੀ ਤਾਂ ਜਰੂਰਤ ਨਹੀ ਏ। ਖੁਸ਼ੀ ਖੁਸ਼ੀ ਸਾਰਾ ਪਰਿਵਾਰ ਰਹਿ ਰਿਹਾ ਸੀ। ਪਰ ਸਮੇਂ ਦਾ ਕਿਸੇ ਨੂੰ ਕੋਈ ਭੇਤ ਨਹੀ ਕੇ ਕਦੋਂ ਪਲਟੀ ਮਾਰ ਜਾਵੇ। ਸਾਰਾ ਪਰਿਵਾਰ ਰਾਤ ਗੱਲਾਂ ਬਾਤਾਂ ਕਰ ਕੇ ਪਿਆ ਤੇ ਸਵੇਰੇ ਉਠਣ ਤੇ ਹਰ ਪਾਸੇ ਲਾਲਾ ਲਾਲਾ ਹੋ ਰਹੀ ਸੀ ਕੇ ਬਟਵਾਰਾ ਹੋ ਗਿਆ। ਉਦੋਂ ਕੀ ਪਤਾ ਸੀ ਕੇ ਬਟਵਾਰਾ ਕੀਹਨੂੰ ਕਹਿੰਦੇ। ਬਲਕਾਰ ਦਾ ਪਿਤਾ ਪਿੰਡ ਵਿਚ ਪਤਾ ਕਰਨ ਗਿਆ ਤੇ ਨਿੰਮੋਝੂਣਾ ਜਿਹਾ ਹੋ ਕੇ ਵਾਪਿਸ ਆ ਗਿਆ ਤੇ ਘਰ ਆ ਕੇ ਕਹਿੰਦਾ ਕੇ ਆਪਾਂ ਨੂੰ ਇਹ ਪਿੰਡ ਛੱਡਣਾ ਪਵੇਗਾ। ਬਲਕਾਰ ਦੇ ਸਾਰੇ ਪਰਿਵਾਰ ਦੇ ਪੈਰਾਂ ਥੱਲੇਉੰ ਜਮੀਨ ਖਿਸਕ ਗਈ। ਹਾਲੇ ਗੱਲਾਂ ਹੀ ਚੱਲ ਰਹੀਆਂ ਸਨ ਕੇ ਪਿੰਡ ਵਿੱਚ ਹਾਲ ਦੁਹਾਈ ਮਚ ਗਈ ਕੇ ਭੱਜੋ। ਲੋਕ ਗੱਡਿਆ ਉੱਤੇ ਸਮਾਨ ਬੰਨ ਕੇ ਪਿੰਡੋਂ ਨਿੱਕਲ ਰਹੇ ਸਨ।
ਬਲਕਾਰ ਦੇ ਪਿਤਾ ਨੇ ਵੀ ਜਿੰਨਾ ਕੇ ਹੋ ਸਕਿਆ ਸਮਾਨ ਸਮੇਟਣਾ ਸ਼ੁਰੂ ਕੀਤਾ ਤੇ। ਸਮਾਨ ਇੱਕਠਾ ਕਰ ਗੱਡੇ ਤੇ ਰੱਖ ਵਿਹੜੇ ਵਿੱਚ ਖੜ ਬਲਕਾਰ ਤੇ ਉਸਦਾ ਪਰਿਵਾਰ ਹਵੇਲੀ ਦੀਆ ਲੱਗੀਆਂ ਇੱਟਾਂ ਨੂੰ ਦੇਖ ਦੇਖ ਗੱਲਾ ਕਰ ਰਹੇ ਸਨ ਜਿਵੇਂ ਇੱਟਾਂ ਕਹਿ ਰਹੀਆਂ ਹੋਣ ਕੇ ਸਾਨੂੰ ਜੋੜ ਕੇ ਤੁਸੀ ਆਪ ਟੁੱਟ ਚੱਲੇ ਹੋ। ਗੱਡਾ ਵਿਹੜੇ ਵਿੱਚੋਂ ਤੁਰਦਾ ਤਾ ਫੇਰ ਕਿਸੇ ਦੇ ਬੋਲਣ ਦੀ ਆਵਾਜ ਸੁਣਾਈ ਦੇਂਦੀ ਕੇ ਜਲਦੀ ਮੁੜ ਆਵੀਂ। ਕਲੇਜੇ ਤੇ ਪੱਥਰ ਰੱਖ ਗੱਡਾ ਬੂਹੇ ਤੋਂ ਬਾਹਰ ਕੱਢ ਕੇ ਬਲਕਾਰ ਦਾ ਪਿਤਾ ਦਰਵਾਜ਼ੇ ਨੂੰ ਢੋਹ ਕੇ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਮਗਰੋਂ ਇਸ ਹਵੇਲੀ ਦਾ ਰਖਵਾਲਾ ਤੂੰ ਹੀ ਏ। ਗੱਡਾ ਤੋਰ ਕੇ ਦੂਰ ਤੱਕ ਜਿੱਥੋਂ ਤੱਕ ਨਜਰੀ ਆਉਂਦਾ ਰਿਹਾ ਬਲਕਾਰ ਮੁੜ ਮੁੜ ਦਰਵਾਜ਼ੇ ਨੂੰ ਦੇਖਦਾ ਰਿਹਾ ਤੇ ਪਤਾ ਨਹੀ ਦਿਲ ਹੀ ਦਿਲ ਕਿੰਨੀਆਂ ਗੱਲਾ ਕਰਦਾ ਰਿਹਾ। ਦਰਵਾਜਾ ਵੀ ਬਲਕਾਰ ਦੇ ਪਰਿਵਾਰ ਨਾਲੋਂ ਵਿਛੜ ਕੇ ਆਵਦੀ ਕਿਸਮਤ ਤੇ ਕਚੀਚੀਆਂ ਵੱਟ ਰਿਹਾ ਸੀ ਕੇ ਲਾਉਣ ਵਾਲੇ ਮੈਨੂੰ ਸਦਾ ਲਈ ਢੋਹ ਕੇ ਤੁਰ ਗਏ ਨੇ। ਦਰਵਾਜ਼ਾ ਹੋਸਲਾਂ ਕਰਕੇ ਕਹਿ ਰਿਹਾ ਸੀ ਚੱਲੋ ਖੈਰ ਰੱਬ ਇਹਨਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੇ।ਹੁਣ ਬੁਢਾਪੇ ਵਿੱਚੋਂ ਗੁੱਜਰਦਾ ਹੋਇਆ ਬਲਕਾਰ ਸਿੰਘ ਸੋਚਦਾ ਰਹਿੰਦਾ ਹੈ ਕੇ ਮੈਂ ਤਾ ਦਵਾ ਦਾਰੂ ਖਾ ਕੇ ਤੁਰਿਆ ਫਿਰਦਾ। ਹਵੇਲੀ ਵਾਲਾ ਦਰਵਾਜਾ ਖੋਰੇ ਤੰਦਰੁਸਤ ਹੋਵੇਗਾ ਜਾਂ ਮੇਰੇ ਵਾਗੂ ਕਿਸੇ ਗੁੱਠੇ ਪਿਆ ਹੋਣਾ ਜਾਂ ਸੱਜਣਾ ਨੇ ਧੂੰਆਂ ਬਾਲ ਕੇ ਸੇਕ ਲਿਆ ਹੋਣਾ। ਖੌਰੇ ਹੁਣ ਉਹ ਚਿੜੀਆ ਕਾਂ ਉਹਦੇ ਤੇ ਕਦੇ ਬੈਠਦੇ ਹੋਣਗੇ ਕੇ ਨਹੀ। ਸਾਡੇ ਦਿਲਾਂ ਵਾਲੇ ਦਰਦ ਨੂੰ ਤਾਂ ਅਸੀ ਇੱਕ ਦੂਜੇ ਨਾਲ ਸਾਂਝਾ ਕਰ ਲੈਂਦੇ ਹਾਂ ਪਰ ਉਹ ਹਵੇਲੀ ਦੀਆ ਇੱਟਾ ਤੇ ਦਰਵਾਜਾ ਕਿੱਡੇ ਜਿਗਰੇ ਵਾਲੇ ਨੇ।ਵੰਡ ਵੇਲੇ ਇੱਕਲੇ ਅਸੀ ਨਹੀ ਵੰਡੇ ਗਏ ਹਰ ਚੀਜ ਦੇ ਵਿਛੋੜੇ ਪਏ ਨੇ ਆਪਣੇ ਤੋਂ ਵੱਖ ਹੋ ਕੇ ਬਹੁਤ ਕੁਝ ਟੁੱਟ ਗਿਆ ਏ।
ਕੁਲਵਿੰਦਰ ਸੰਧੂ
Kulwinder Sandhu