ਅੱਜ ਮੈਂ ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਸਿਲਯੇਵਨਾ ਦਾ ਹਿਸਾਬ ਕਰਨਾ ਚਾਹੁੰਦਾ ਸੀ |
“ਬੈਠੋ, ਯੂਲੀਆ ਵਾਸਿਲਯੇਵਨਾ” ਮੈਂ ਉਸਨੂੰ ਕਿਹਾ, “ਤੇਰਾ ਹਿਸਾਬ ਕਿਤਾਬ ਕਰ ਦਿੰਨੇ ਹਾਂ | ਹਾਂ ਤੇ ਆਪਣੇ ਦਰਮਿਆਨ ਇਕ ਮਹੀਨੇ ਦੇ ਤੀਹ ਰੂਬਲ ਦੇਣ ਦੀ ਗੱਲ ਤੈਅ ਹੋਈ ਸੀ ਨਾ?”
“ਨਹੀਂ, ਚਾਲੀ।”
“ਨਹੀਂ , ਤੀਹ | ਤੂੰ ਸਾਡੇ ਕੋਲ ਦੋ ਮਹੀਨੇਂ ਰਹੀਂ ਐਨਾ।”
“ਦੋ ਮਹੀਨੇ ਪੰਜ ਦਿਨ |”
“ਪੂਰੇ ਦੋ ਮਹੀਨੇ ਹੀ ਹੋਏ। ਇਹਨਾ ਦੋ ਮਹੀਨਿਆਂ ਦੇ ਨੌਂ ਐਤਵਾਰ ਕੱਢ ਦਿਓ। ਐਤਵਾਰ ਦੇ ਦਿਨ ਤਾਂ ਤੂੰ ਕੋਲਿਆ ਨੂੰ ਸਿਰਫ਼ ਸੈਰ ਕਰਾਉਣ ਹੀ ਲਿਜਾਂਦੀ ਰਹੀ ਹੈਂ । ਅਤੇ ਫੇਰ ਤਿੰਨ ਛੁੱਟੀਆਂ ਨੌ ‘ਤੇ ਤਿੰਨ ਬਾਰਾਂ, ਤੇ ਫਿਰ ਬਾਰਾਂ ਰੂਬਲ ਘੱਟ ਹੋਏ। ਕੋਲਿਆਂ ਚਾਰ ਦਿਨ ਬਿਮਾਰ ਰਿਹਾ, ਓਨੇ ਦਿਨ ਤੂੰ ਉਹਨੂੰ ਪੜ੍ਹਾਇਆ ਨਹੀਂ । ਸਿਰਫ਼ ਵਾਨਿਆ ਨੂੰ ਹੀ ਪੜ੍ਹਾਇਆ ਅਤੇ ਫਿਰ ਤਿੰਨ ਦਿਨ ਤੇਰੇ ਦੰਦ ਵਿੱਚ ਦਰਦ ਰਿਹਾ। ਉਦੋਂ ਮੇਰੀ ਪਤਨੀ ਨੇ ਤੈਨੂੰ ਛੁੱਟੀ ਦੇ ਦਿੱਤੀ ਸੀ। ਬਾਰਾਂ ‘ਤੇ ਸੱਤ ਹੋਏ ਉੱਨੀਂ। ਇਹ ਉੱਨੀਂ ਕੱਢੇ ਜਾਣ ਤਾਂ ਬਾਕੀ ਰਹਿ ਗਏ ਇਕਤਾਲੀ, ਠੀਕ ਐ?”
ਯੂਲੀਆਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਸੀ |
“ਤੂੰ ਜਿਹੜੇ ਕੱਪ ਪਲੇਟ ਤੋੜ ਦਿੱਤੇ ਸਨ । ਦੋ ਰੂਬਲ ਇਹਨਾਂ ਦੇ ਕੱਟੋ । ਤੇਰੀ ਲਾਪਰਵਾਹੀ ਨਾਲ ਕੋਲਿਆ ਨੇ ਰੁੱਖ ‘ਤੇ ਚੜ੍ਹ ਕੇ ਆਪਣਾ ਕੋਟ ਪੜਵਾ ਲਿਆ ਸੀ | ਦਸ ਰੂਬਲ ਉਹਦੇ ਅਤੇ ਫਿਰ ਤੇਰੀ ਹੀ ਲਾਪਰਵਾਹੀ ਦੇ ਕਾਰਨ ਨੌਕਰਾਣੀ ਵਾਨਿਆ ਦੇ ਬੂਟ ਲੈ ਕੇ ਭੱਜ ਗਈ ਪੰਜ ਰੂਬਲ ਉਹਦੇ ਘੱਟ ਹੋਏ…ਦਸ ਜਨਵਰੀ ਨੂੰ ਦਸ ਰੂਬਲ ਤੂੰ ਉਧਾਰ ਲਏ ਸੀ।
ਇਕਤਾਲੀ ਵਿੱਚੋਂ ਸਤਾਈ ਕੱਢੇ ਬਾਕੀ ਰਹਿ ਗਏ ਚੌਦਾਂ
ਯੂਲੀਆ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, “ਮੈਂ ਸਿਰਫ਼ ਇੱਕ ਵਾਰ ਹੀ ਤੁਹਾਡੀ ਪਤਨੀ ਤੋਂ ਤਿੰਨ ਰੂਬਲ ਲਏ ਸਨ ।”
“ਅੱਛਾ, ਇਹ ਤਾਂ ਮੈਂ ਲਿਖਿਆ ਹੀ ਨਹੀਂ, ਹੁਣ ਚੌਦਾਂ ਵਿੱਚੋਂ ਤਿੰਨ ਕੱਟੇ | ਬਚੇ ਗਿਆਰਾਂ, ਇਹ ਬਣੀ ਤੇਰੀ ਤਨਖ਼ਾਹ |
“ਆਹ ਲੈ – ਤਿੰਨ..ਤਿੰਨ …ਇੱਕ ਅਤੇ ਆ ਇੱਕ ।”
“ਧੰਨਵਾਦ!” ਉਸਨੇ ਬੜੇ ਹਲਕੇ ਢੰਗ ਨਾਲ ਆਖਿਆ।
“ਤੂੰ ਧੰਨਵਾਦ ਕਿਉਂ ਕਿਹਾ?”
“ਪੈਸਿਆਂ ਲਈ।”
“ਲਾਹਣਤ ਹੈ! ਤੇਨੂੰ ਦਿਖਦਾ ਨਹੀਂ ਕਿ ਮੈਂ ਤੈਨੂੰ ਧੋਖਾ ਦਿੱਤਾ ਹੈ? ਮੈਂ ਤੇਰੇ ਪੈਸੇ ਮਾਰ ਲਏ ਹਨ ਤੇ ਤੂੰ ਧੰਨਵਾਦ ਕਹੀ ਜਾ ਰਹੀ ਐ ਮੈਂ ਤਾਂ ਤੈਨੂੰ ਪਰਖ ਰਿਹਾ ਸੀ… ਮੈਂ ਤੈਨੂੰ ਅੱਸੀ ਰੂਬਲ ਹੀ ਦੇਵਾਂਗਾ। ਆਹ ਲੈ ਪੂਰੀ ਰਕਮ।”
ਉਹ ਧੰਨਵਾਦ ਕਹਿ ਕੇ ਚਲੀ ਗਈ । ਮੈਂ ਉਸਨੂੰ ਦੇਖਦਿਆਂ ਸੋਚਣ ਲੱਗਾ ਕਿ ਦੁਨੀਆਂ ਵਿੱਚ ਤਾਕਤਵਰ ਬਣਨਾ ਕਿੰਨਾ ਸੌਖਾ ਹੈ |
Anton Chekhov
ਅਨੁਵਾਦ – ਚਮਕੌਰ ਸਿੰਘ
Anton Chekhov