ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ…
ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ…
ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ ਨਹੀਂ ਆਉਣਾ..ਸਫਾਈ ਰੱਖਣੀ ਪੈਣੀ…ਜੇ ਮਿਊਜ਼ਿਕ ਉਚੀ ਲੱਗਾ ਤਾਂ ਤੁਹਾਡੀ ਖੈਰ ਨਹੀਂ…ਬਾਹਰੋਂ ਘਾਹ ਕੱਟਣਾ ਤੁਹਾਡੀ ਜੁੰਮੇਵਾਰੀ ਹੋਵੇਗੀ..ਫੋਨ ਤੇ ਹੌਲੀ ਗੱਲ ਕਰਨੀ ਏ”…ਉਹ ਸਾਰੇ ਚੁੱਪ ਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ…
ਹੁਣ ਆਂਟੀ ਦਾ ਗੱਲ ਗੱਲ ਤੇ ਗੁੱਸੇ ਹੋ ਕੇ ਉਚੀ-ਉਚੀ ਬੋਲਣਾ ਲਗਪਗ ਰੋਜ ਦੀ ਰੁਟੀਨ ਜਿਹਾ ਬਣ ਗਿਆ ਸੀ..
ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕੇ ਪਤਾ ਨਹੀਂ ਅੰਕਲ ਏਨਾ ਕੁਝ ਕਿੱਦਾਂ ਸਹਿ ਲੈਂਦੇ ਨੇ…
ਮੁੜ ਪਤਾ ਲੱਗਾ ਕੇ ਤਿੰਨ ਪੁੱਤਰ ਸਨ ਵਿਆਹੇ ਵਰੇੇ..ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ..ਸ਼ਾਇਦ ਏਹੀ ਕਾਰਨ ਸੀ ਘਰ ਵਿਚ ਪਏ ਰਹਿੰਦੇ ਹਰ ਵੇਲੇ ਦੀ ਕਲਾ ਕਲੇਸ਼ ਦਾ…!
ਉਸ ਦਿਨ ਸੁਵੇਰੇ-ਸੁਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ..
“ਲੱਗਦਾ ਆਂਟੀ ਅੱਜ ਘਰੇ ਨਹੀਂ”..ਇੱਕ ਹੌਲੀ ਜਿਹੀ ਬੋਲਿਆ
ਪਰ ਬਾਹਰ ਦਾ ਬੂਹਾ ਖੁੱਲ੍ਹਾ ਦੇਖ ਜਦੋਂ ਸਾਰੇ ਉੱਪਰ ਨੂੰ ਗਏ ਤਾਂ ਆਂਟੀ ਰਸੋਈ ਵਿਚ ਭੁੰਜੇ ਡਿੱਗੀ ਹੋਈ ਬੇਹੋਸ਼ ਪਈ ਸੀ..
ਇੱਕ ਨੇ ਓਸੇ ਵੇਲੇ ਐਂਬੂਲੈਂਸ ਕਾਲ ਕਰ ਦਿੱਤੀ…ਦੂਜੇ ਨੇ ਸੈਰ ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਦੌੜ ਗਿਆ…!
ਮਿੰਟਾ ਸਕਿੰਟਾਂ ਵਿਚ ਹੀ ਡਾਕਟਰੀ ਸਹਾਇਤਾ ਅੱਪੜ ਗਈ ਤੇ ਦੋ ਕੂ ਘੰਟਿਆਂ ਬਾਅਦ ਹਸਪਤਾਲ ਦੇ ਆਈ.ਸੀ.ਯੂ ਵਿਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਕੇ ਮੇਜਰ ਹਾਰਟ-ਅਟੈਕ ਸੀ ਤੇ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ….”
ਮਗਰੋਂ ਉਹ ਤਿੰਨੇ ਨਿਯਮਤ ਤਰੀਕੇ ਨਾਲ ਹਸਪਤਾਲ ਵਿਚ ਹਾਜਰੀ ਭਰਦੇ ਰਹੇ ਤੇ ਚੋਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ…
ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਪੁੱਛਣ ਲੱਗੀ ਕੇ ਤੁਸੀਂ ਸਾਰੇ ਏਨਾ ਸ਼ਾਂਤ ਕਿਓਂ ਰਹਿੰਦੇ ਓ ਤੇ ਪਹਿਲਾਂ ਵਾਂਗ ਹੱਲਾ ਗੁੱਲਾ ਵੀ ਕਿਓਂ ਨਹੀਂ ਕਰਦੇ…ਕੀ ਗੱਲ ਹੋ ਗਈ?
“ਕਿਓੰਕੇ ਤੁਸੀਂ ਗੁੱਸਾ ਕਰਦੇ ਹੋ..ਤੇ ਝਿੜਕਾਂ ਵੀ ਮਾਰਦੇ ਓ”…ਇੱਕ ਝਕਦਾ ਹੋਇਆ ਬੋਲਿਆ..
“ਹਾਂ ਝਿੜਕਾਂ ਤੇ ਹੁਣ ਵੀ ਪੈਣਗੀਆਂ…ਪਰ ਅੱਗੇ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ “ਮਾਂ” ਮਾਰਿਆ ਕਰੇਗੀ…
ਤਿੰਨਾਂ ਨੂੰ ਕਲਾਵੇ ਵਿਚ ਲੈਂਦੀ ਹੋਈ ਆਂਟੀ ਨੂੰ ਲੱਗ ਰਿਹਾ ਸੀ ਸ਼ਾਇਦ ਉਸਦੇ ਤਿੰਨੋਂ ਪੁੱਤਰ ਅੱਜ ਘਰ ਵਾਪਿਸ ਮੁੜ ਆਏ ਸਨ..!