ਸ਼ਤਾਬਦੀ

by Manpreet Singh

ਲਿਸਟ ਵਿਚ ਮੇਰਾ ਨਾਮ ਨਹੀਂ ਸੀ…ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ
ਦਿੱਲ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ….ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ…ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀ!
ਪਰ ਬਾਬੇ ਦੀਪ ਸਿੰਘ ਵਾਲੇ ਸ਼ਹੀਦਾਂ ਸਾਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਕੇ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ ਤੁਸਾਂ!

ਸੋਚਾਂ ਦੀ ਘੁੰਮਣ-ਘੇਰੀ ਵਿਚ ਪਿਆ ਮੈਂ ਟੇਸ਼ਨ ਤੇ ਪਠਾਨਕੋਟ ਵੱਲ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਪਈ ਪੱਥਰ ਦੀ ਸਿਲ ਤੇ ਆਣ ਬੈਠਾ
ਹੁਣ ਤੱਕ ਮੈਂ ਆਪਣਾ ਮਨ ਲਗਪਗ ਬਣਾ ਚੁਕਿਆ ਸਾਂ..ਪੰਜ ਵਜੇ ਵਾਲੀ ਸ਼ਤਾਬਦੀ ਦਾ ਟਾਈਮ ਹੋ ਚੁੱਕਿਆ ਸੀ..
ਮੈਂ ਸੋਚਣ ਲੱਗਾ ਕੇ ਬੱਸ ਟੀਕੇ ਦੀ ਸੂਈ ਜਿੰਨੀ ਪੀੜ ਹੋਵੇਗੀ ਤੇ ਜਮਾਨੇ ਦੀਆਂ ਮੁਸ਼ਕਿਲ ਗੁੰਝਲਾਂ ਤੋਂ ਸਦਾ ਲਈ ਨਿਜਾਤ ਪੈ ਜਾਵੇਗੀ !
ਏਨੇ ਨੂੰ ਵਿਸਲ ਦੇ ਕੇ ਗੱਡੀ ਪਲੇਟਫਾਰਮ ਤੋਂ ਚੱਲ ਪਈ..ਤੇ ਮੈਂ ਵੀ ਹੌਲੇ ਕਦਮੀਂ ਪਟੜੀ ਵੱਲ ਵਧਿਆ…ਪਹਿਲੇ ਪਲੈਨ ਬਣਾ ਲਿਆ ਸੀ…ਇੰਜਣ ਤੋਂ ਬਾਅਦ ਦੂਜੇ ਡੱਬੇ ਅੱਗੇ ਸ਼ਾਲ ਮਾਰ ਦੇਣੀ ਸੀ ਤੇ ਬੱਸ

ਗੱਡੀ ਨੇੜੇ ਆ ਰਹੀ ਸੀ… ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਸੀ
ਉਸਨੇ ਬਥੇਰੀਆਂ ਵਿਸਲਾਂ ਮਾਰੀਆਂ..ਬ੍ਰੇਕ ਵੀ ਲਾਈ…ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤੀਆਂ ਕਿਥੇ ਰੁਕਦਾ..
ਬਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ…

ਮੁੜ ਕੇ ਦੇਖਿਆ ਤਾਂ ਇੱਕ ਧੋਲੀ ਦਾਹੜੀ ਉਚੇ ਲੰਮੇ ਬਾਬਾ ਜੀ ਸਨ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ ਆਖਣ ਲੱਗੇ “ਇੰਜ ਨੀ ਕਰੀਦਾ ਪੁੱਤ”..
ਮੈਂ ਬਾਬੇ ਜੀ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਫੇਰ ਪਤਾ ਹੀ ਨਾ ਲੱਗਾ ਕਦੋਂ ਗੱਡੀ ਲੰਘ ਗਈ ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਓਹਨਾ ਦਾ ..
ਉਹ ਮੈਂਨੂੰ ਮੋਢਿਆਂ ਤੋਂ ਫੜ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ…ਤੈਨੂੰ ਕੋਈ ਓਥੇ ਬੈਠਾ ਉਡੀਕੀ ਜਾਂਦਾ

ਮੈਨੂੰ ਨੀ ਪਤਾ ਕੇ ਉਹ ਬਾਬਾ ਜੀ ਕੌਣ ਸਨ ਕਿਥੋਂ ਆਏ ਸਨ ਤੇ ਮੁੜ ਕਿੱਧਰ ਨੂੰ ਚਲੇ ਗਏ
ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਜਦੋਂ ਲੰਗਰ ਹਾਲ ਵਿਚ ਪ੍ਰਸ਼ਾਦਾ ਸ਼ਕਣ ਬੈਠਾ ਹੀ ਸਾਂ ਕੇ ਸਾਮਣੇ ਬੈਠੀ ਮਾਂ ਦਿਸ ਪਈ…ਮੈਂ ਧੂਹ ਕੇ ਜਾ ਜੱਫੀ ਪਾਈ..ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗੱਲ ਲੱਗ ਰੋਂਦੇ ਰਹੇ..
ਫੇਰ ਕਠਿਆਂ ਬੈਠ ਲੰਗਰ ਛਕਿਆ..ਇੰਜ ਲੱਗਾ ਜਿਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ!

ਅੱਜ ਤਕਰੀਬਨ ਵੀਹ ਸਾਲ ਹੋ ਗਏ ਨੇ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਹੋਇਆਂ..ਜਦੋਂ ਵੀ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਸ਼ਤਾਬਦੀ ਹੀ ਫੜਦਾ ਹਾਂ ਤਾਂ ਕੇ ਅੰਬਰਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਓਸੇ ਪੱਥਰ ਦੀ ਸਿਲ ਨੂੰ ਦੇਖ ਸਕਾਂ..ਤੇ ਨਿਆਣਿਆਂ ਨੂੰ ਉਹ ਥਾਂ ਦਿਖਾ ਸਕਾਂ ਜਿਥੇ ਓਹਨਾ ਦੇ ਬਾਪ ਦਾ ਦੂਜਾ ਜਨਮ ਹੋਇਆ ਸੀ!
ਫੇਰ ਓਹੀ ਬਾਬਾ ਜੀ ਮੈਨੂੰ ਅਕਸਰ ਹੀ ਪਟੜੀ ਤੇ ਖਲੋਤੇ ਦਰਬਾਰ ਸਾਬ ਦਰਸ਼ਨਾਂ ਲਈ ਪ੍ਰੇਰਦੇ ਹੋਏ ਮਿਲਦੇ ਨੇ !
ਫੇਰ ਦਰਬਾਰ ਸਾਹਿਬ ਵਿਚ ਲੰਗਰ ਪਾਣੀ ਛੱਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਲਾਗੇ ਦੋ ਘੜੀਆਂ ਬੈਠਣ ਜਰੂਰ ਚਲਿਆ ਜਾਂਦਾ ਹਾਂ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ

ਦੋਸਤੋ ਸ਼ਰਧਾ ਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਲੋਕ ਅਕਸਰ ਹੀ ਝੂਠ ਆਖਦੇ ਨੇ ਕੇ ਗੁਰੂ ਦੀ ਨਗਰੀ ਵਿਚ ਕਰਾਮਾਤ ਨਹੀਂ ਹੁੰਦੀ ਹੁੰਦੀ..ਜਰੂਰ ਹੁੰਦੀ ਹੈ ਤੇ ਇਸਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ!

You may also like